ਕੀ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਜਾ ਸਕਣਗੀਆਂ ਔਰਤਾਂ?

    • ਲੇਖਕ, ਭੂਮਿਕਾ ਰਾਏ
    • ਰੋਲ, ਬੀਬੀਸੀ ਪੱਤਰਕਾਰ

"ਪੈਗੰਬਰ ਅਬ੍ਰਾਹਮ ਉਦੋਂ ਖਾਣਾ ਨਹੀਂ ਖਾਂਦੇ ਸਨ ਜਦੋਂ ਤੱਕ ਉਨ੍ਹਾਂ ਦੇ ਨਾਲ ਖਾਣ ਲਈ ਕੋਈ ਹੋਰ ਨਾ ਬੈਠ ਜਾਵੇ। ਕਈ ਵਾਰ ਤਾਂ ਨਾਲ ਖਾਣ ਵਾਲੇ ਸਖ਼ਸ਼ ਦੀ ਭਾਲ 'ਚ ਉਹ ਮੀਲਾਂ ਤੱਕ ਦੂਰ ਚਲੇ ਜਾਂਦੇ ਸਨ।''

ਇੱਕ ਵਾਰ ਉਨ੍ਹਾਂ ਦੇ ਨਾਲ ਅਜਿਹਾ ਸਖ਼ਸ਼ ਸੀ ਕਿ ਜੋ ਕਈ ਧਰਮਾਂ ਨੂੰ ਮੰਨਦਾ ਸੀ, ਪੈਗੰਬਰ ਨੂੰ ਉਨ੍ਹਾਂ ਨੂੰ ਖਾਣ ਲਈ ਪੁੱਛਣ 'ਚ ਝਿਜਕ ਮਹਿਸੂਸ ਹੋ ਰਹੀ ਸੀ ਤਾਂ ਇੱਕ ਪਵਿੱਤਰ ਆਵਾਜ਼ ਨੇ ਉਨ੍ਹਾਂ ਨੂੰ ਕਿਹਾ - ''ਹੇ ਅਬ੍ਰਾਹਮ! ਅਸੀਂ ਇਸ ਸ਼ਖ਼ਸ ਨੂੰ ਜ਼ਿੰਦਗੀ ਦੇ ਸਕਦੇ ਹਾਂ ਪਰ ਤੁਸੀਂ ਇਸ ਸ਼ਖ਼ਸ ਨੂੰ ਖਾਣਾ ਨਹੀਂ ਦੇ ਸਕਦੇ।"

"ਹੁਣ ਤੁਸੀਂ ਹੀ ਦੱਸੋ, ਜਦੋਂ ਖ਼ੁਦਾ ਬੰਦੇ 'ਚ ਫਰਕ ਕਰਨ ਤੋਂ ਮਨ੍ਹਾਂ ਨਹੀਂ ਕਰਦਾ ਤਾਂ ਕੀ ਮਰਦ ਅਤੇ ਔਰਤ 'ਚ ਫਰਕ ਕਰਨਾ ਠੀਕ ਹੈ..? ਇਹ ਠੀਕ ਨਹੀਂ ਹੈ ਅਤੇ ਇਸ ਲਈ ਅਸੀਂ ਜਨਹਿਤ ਪਟੀਸ਼ਨ ਪਾਈ ਹੈ।"

ਪੁਣੇ ਤੋਂ ਦਿੱਲੀ ਆਈਆਂ ਤਿੰਨ ਸਹੇਲੀਆਂ ਨੇ ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਕਬਰ 'ਤੇ ਔਰਤਾਂ ਨੂੰ ਪ੍ਰਵੇਸ਼ ਨਾ ਕਰਨ ਦੇ ਨਿਯਮਾਂ ਨੂੰ ਚੁਣੌਤੀ ਦਿੰਦਿਆਂ ਹੋਇਆ ਜਨਹਿਤ ਪਟੀਸ਼ਨ ਪਾਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮਰਦ ਅੰਦਰ ਜਾ ਸਕਦੇ ਹਨ ਤਾਂ ਔਰਤਾਂ ਕਿਉਂ ਨਹੀਂ।

ਇਹ ਵੀ ਪੜ੍ਹੋ-

ਇੱਕ ਪਾਸੇ ਇਨ੍ਹਾਂ ਕੁੜੀਆਂ ਦੀਆਂ ਦਲੀਲਾਂ ਹਨ, ਉੱਥੇ ਹੀ ਦਰਗਾਹ ਆਪਣੀਆਂ ਕਈ ਸੌ ਸਾਲ ਪੁਰਾਣੀਆਂ ਰਵਾਇਤਾਂ ਦਾ ਹਵਾਲਾ ਦਿੰਦੀ ਹੈ ਅਤੇ ਇਸ ਨੂੰ ਜਾਇਜ਼ ਠਹਿਰਾਉਂਦੀ ਹੈ।

ਕੌਣ ਹਨ ਇਹ ਤਿੰਨ ਕੁੜੀਆਂ?

ਸ਼ਿਵਾਂਗੀ ਕੁਮਾਰੀ, ਦੀਬਾ ਫਰਿਆਲ ਅਤੇ ਅਨੁਕ੍ਰਿਤੀ ਸੁਗਮ ਪੁਣੇ ਦੇ ਬਾਲਾਜੀ ਲਾਅ ਕਾਲਜ 'ਚ ਬੀਏ (ਐਲਐਲਬੀ) ਦੇ ਚੌਥੇ ਸਾਲ ਦੀਆਂ ਵਿਦਿਆਰਥਣਾਂ ਹਨ।

ਹਾਲਾਂਕਿ ਤਿੰਨੇ ਹੀ ਝਾਰਖੰਡ ਦੀਆਂ ਰਹਿਣ ਵਾਲੀਆਂ ਹਨ ਅਤੇ ਪੁਣੇ 'ਚ ਰਹਿ ਕੇ ਵਕਾਲਤ ਦੀ ਪੜ੍ਹਾਈ ਕਰ ਰਹੀਆਂ ਹਨ।

ਤਿੰਨੇ ਇੰਟਰਨਸ਼ਇਪ ਕਰਨ ਲਈ ਦਿੱਲੀ ਆਈਆਂ ਹੋਈਆਂ ਸਨ। ਹਾਈ ਕੋਰਟ ਦੇ ਵਕੀਲ ਕਮਲੇਸ਼ ਕੁਮਾਰ ਮਿਸ਼ਰਾ ਦੇ ਨਾਲ ਤਿੰਨੇ ਸਹੇਲੀਆਂ ਇੰਟਰਨਸ਼ਿਪ ਕਰ ਰਹੀਆਂ ਹਨ।

ਦੀਬਾ ਅਤੇ ਅਨੁਕ੍ਰਿਤੀ ਪੁਣੇ ਵਾਪਸ ਚਲੀਆਂ ਗਈਆਂ ਹਨ ਅਤੇ ਸ਼ਿਵਾਂਗੀ ਅਜੇ ਦਿੱਲੀ 'ਚ ਹੀ ਹੈ।

ਉਸ ਦਾ ਕਹਿਣਾ ਹੈ, "ਅਸੀਂ ਤਾਂ ਐਂਵੇ ਹੀ ਘੁੰਮਣ ਚਲੇ ਗਏ ਸੀ। ਸਾਨੂੰ ਖ਼ੁਦ ਵੀ ਪਤਾ ਨਹੀਂ ਸੀ ਕਿ ਅਜਿਹਾ ਕੁਝ ਹੋ ਜਾਵੇਗਾ।"

ਦਰਗਾਹ 'ਚ ਅਜਿਹਾ ਕੀ ਹੋਇਆ?

ਇਹ ਮਾਮਲਾ 27 ਨਵੰਬਰ ਦਾ ਹੈ।

ਸ਼ਿਵਾਂਗੀ ਦੱਸਦੀ ਹੈ, "ਦੁਪਹਿਰ ਦਾ ਵੇਲਾ ਸੀ। ਅਸੀਂ ਤਿੰਨੇ ਆਪਣੇ ਦੋ ਹੋਰ ਦੋਸਤਾਂ ਨਾਲ ਦਰਗਾਹ 'ਤੇ ਗਏ ਸੀ। ਅਸੀਂ ਦਰਗਾਹ 'ਤੇ ਚੜ੍ਹਾਉਣ ਲਈ ਚਾਦਰ ਖਰੀਦੀ ਅਤੇ ਫੁੱਲਾਂ ਵਾਲੀ ਥਾਲੀ ਲਈ... ਪਰ ਚੜ੍ਹਾ ਨਹੀਂ ਸਕੇ।"

"ਅਸੀਂ ਜਿਵੇਂ ਹੀ ਦਰਗਾਹ ਦੇ ਅੰਦਰ ਜਾਣ ਲੱਗੇ ਤਾਂ ਸਾਹਮਣੇ ਇੱਕ ਤਖ਼ਤੀ 'ਤੇ ਲਿਖਿਆ ਹੋਇਆ ਸੀ ਕਿ ਔਰਤਾਂ ਦਾ ਅੰਦਰ ਜਾਣਾ ਮਨ੍ਹਾਂ ਹੈ।"

ਦੀਬਾ ਨਾਲ ਅਸੀਂ ਫੋਨ 'ਤੇ ਗੱਲ ਕੀਤੀ।

ਉਹ ਕਹਿੰਦੀ ਹੈ, "ਸਾਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਰੋਕਣਾ ਬਹੁਤ ਬੁਰਾ ਲੱਗਾ ਸੀ। ਮੈਂ ਹਾਜੀ ਅਲੀ ਦਰਗਾਹ ਗਈ ਹਾਂ, ਅਜਮੇਰ ਸ਼ਰੀਫ਼ ਦਰਗਾਹ ਗਈ ਹਾਂ ਪਰ ਉੱਥੇ ਤਾਂ ਕਦੇ ਨਹੀਂ ਰੋਕਿਆ ਗਿਆ ਫਿਰ ਇੱਥੇ ਕਿਉਂ ਰੋਕਿਆ ਜਾ ਰਿਹਾ ਹੈ।"

ਉਸ ਦਾ ਕਹਿਣਾ ਹੈ, "ਸੋਚ ਕੇ ਦੇਖੋ ਕਿੰਨਾ ਖ਼ਰਾਬ ਲਗਦਾ ਹੈ ਕਿ ਚੜ੍ਹਾਉਣ ਲਈ ਫੁੱਲਾਂ ਦੀ ਥਾਲੀ-ਚਾਦਰ ਤੁਸੀਂ ਖਰੀਦੀ ਹੋਵੇ ਤੇ ਉਸ ਨੂੰ ਚੜ੍ਹਾਵੇ ਕੋਈ ਹੋਰ...।"

ਪਰ ਦਰਗਾਹ ਦੀਆਂ ਆਪਣੀਆਂ ਦਲੀਲਾਂ ਹਨ

ਦਰਗਾਹ ਦੀ ਦੇਖ-ਭਾਲ ਕਰਨ ਵਾਲੇ ਕਹਿੰਦੇ ਹਨ ਕਿ ਪਹਿਲੀ ਗੱਲ ਤਾਂ ਇਹ ਉਹ ਥਾਂ ਨਹੀਂ ਹੈ, ਜਿੱਥੇ ਕਿਸੇ ਨਾਲ ਵਿਤਕਰਾ ਕੀਤਾ ਜਾਵੇ।

ਇਹ ਉਹ ਥਾਂ ਹੈ ਜਿੱਥੇ ਜਿੰਨੇ ਮੁਸਲਮਾਨ ਆਉਂਦੇ ਹਨ, ਓਨੇ ਹੀ ਹਿੰਦੂ, ਸਿੱਖ, ਈਸਾਈ ਅਤੇ ਦੂਜੇ ਧਰਮਾਂ ਨੂੰ ਮੰਨਣ ਵਾਲੇ ਲੋਕ ਵੀ ਆਉਂਦੇ ਹਨ।

ਦਰਗਾਹ ਨਾਲ ਸੰਬੰਧ ਰੱਖਣ ਵਾਲੇ ਅਲਤਮਸ਼ ਨਿਜ਼ਾਮੀ ਦੱਸਦੇ ਹਨ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਔਰਤਾਂ ਨੂੰ ਲੈ ਕੇ ਕੋਈ ਵਿਤਕਰਾ ਨਹੀਂ ਹੁੰਦਾ।

ਬਲਕਿ ਔਰਤਾਂ ਬੈਠ ਕੇ ਫਾਤਿਹਾ ਪੜ੍ਹ ਸਕਣ ਇਸ ਲਈ ਇਸ ਦਾ ਖ਼ਿਆਲ ਰਖਦਿਆਂ ਦਰਗਾਹ 'ਚ 20 ਦਰੀਆਂ ਅਤੇ ਇੱਕ ਵੱਡੇ ਹਿੱਸੇ ਨੂੰ ਸਿਰਫ਼ ਔਰਤਾਂ ਲਈ ਰੱਖਿਆ ਗਿਆ ਹੈ।

ਉਹ ਕਹਿੰਦੇ ਹਨ, "ਇੱਥੇ ਇਬਾਦਤ ਦਾ ਜੋ ਤਰੀਕਾ ਹੈ ਉਹ ਨਵਾਂ ਨਹੀਂ ਹੈ ਬਲਕਿ 700 ਸਾਲ ਤੋਂ ਵੀ ਪੁਰਾਣਾ ਹੈ। ਭਾਵੇਂ ਕੋਈ ਵੀ ਦਰਗਾਹ ਹੋਵੇ, ਉੱਥੇ ਅਜਿਹੀ ਵਿਵਸਥਾ ਹੁੰਦੀ ਹੀ ਹੈ ਕਿ ਵਲੀ ਦੀ ਕਬਰ ਤੋਂ ਸਵਾ ਮੀਟਰ ਜਾਂ ਦੋ ਮੀਟਰ ਦੀ ਦੂਰੀ ਤੋਂ ਹੀ ਲੋਕ ਦਰਸ਼ਨ ਕਰਨ।"

"ਤੁਸੀਂ ਅਜਮੇਰ ਸ਼ਰੀਫ਼ ਦਰਗਾਹ ਦੀ ਗੱਲ ਕਰਦੇ ਹੋ ਪਰ ਉੱਥੇ ਵੀ ਤਾਂ ਲੋਕ ਕਰੀਬ ਦੋ ਮੀਟਰ ਦੀ ਦੂਰੀ ਤੋਂ ਹੀ ਦਰਸ਼ਨ ਕਰਦੇ ਹਨ।"

ਅਲਤਮਸ਼ ਦੇ ਨਾਲ ਹੀ ਬੈਠੇ ਇੱਕ ਸ਼ਖ਼ਸ ਨੇ ਗੱਲਬਾਤ ਨੂੰ ਅੱਗੇ ਵਧਾਉਂਦਿਆਂ ਕਿਹਾ, "ਦੇਖੋ, ਹਰ ਥਾਂ ਦੀਆਂ ਆਪਣੀਆਂ ਰਵਾਇਤਾਂ ਹੁੰਦੀਆਂ ਹਨ, ਆਪਣੇ ਤਰੀਕੇ ਹੁੰਦੇ ਹਨ ਅਤੇ ਆਪਣੇ ਪ੍ਰੋਟੋਕੋਲ ਹੁੰਦੇ ਹਨ।''

ਬਹੁਤ ਸਾਰੀਆਂ ਦਰਗਾਹਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਔਰਤ ਹੋਣ ਜਾਂ ਮਰਦ ਕੋਈ ਨਹੀਂ ਜਾ ਸਕਦਾ। ਬਹੁਤ ਸਾਰੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿੱਥੇ ਦੋਵੇਂ ਜਾ ਸਕਦੇ ਅਤੇ ਕੁਝ ਅਜਿਹੀਆਂ, ਜਿੱਥੇ ਮਰਦ ਨਹੀਂ ਜਾ ਸਕਦੇ।"

ਇਹ ਵੀ ਪੜ੍ਹੋ-

ਉਹ ਦੱਸਦੇ ਹਨ ਕਿ ਬਖ਼ਤਿਆਰ ਕਾਕੀ ਦੀ ਦਰਗਾਹ ਦੇ ਪਿੱਛੇ ਬੀਬੀ ਸਾਹਿਬ ਦੀ ਮਜ਼ਾਰ ਹੈ, ਜਿੱਥੇ ਮਰਦ ਕੀ ਮੁੰਡੇ ਵੀ ਨਹੀਂ ਜਾ ਸਕਦੇ।

ਅਲਤਮਸ਼ ਦੱਸਦੇ ਹਨ, "ਹਜ਼ਰਤ ਨਿਜ਼ਾਮੁਦੀਨ ਔਲੀਆ ਔਰਤਾਂ ਨਾਲ ਪਰਦੇ ਦੇ ਇੱਕ ਪਾਸਿਓਂ ਮਿਲਦੇ ਸਨ।"

ਅਜਿਹੇ 'ਚ ਦਲੀਲ ਹੈ ਕਿ ਦਰਗਾਹ 'ਤੇ ਇਬਾਦਤ ਦੀਆਂ ਜਾਂ ਦਰਸ਼ਨ ਦੀਆਂ ਜੋ ਰਵਾਇਤਾਂ ਹਨ ਉਹ ਕਿਸੇ ਨੇ ਐਵੇਂ ਨਹੀਂ ਬਣਾ ਦਿੱਤੀਆਂ, ਇਹ ਸਾਲਾਂ ਤੋਂ ਹਨ ਅਤੇ ਇਨ੍ਹਾਂ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਨੂੰ ਗ਼ਲਤ ਨਹੀਂ ਠਹਿਰਾਇਆ ਜਾਣਾ ਚਾਹੀਦਾ।

ਇਤਿਹਾਸਕਾਰ ਰਾਣਾ ਸਫ਼ਵੀ ਵੀ ਇਸ ਗੱਲ ਦਾ ਸਮਰਥਨ ਕਰਦੀ ਹੈ ਕਿ ਨਿਜ਼ਾਮੁਦੀਨ ਔਲੀਆ ਦਰਗਾਹ 'ਚ ਅਜਿਹਾ ਕਦੇ ਨਹੀਂ ਹੋਇਆ ਕਿ ਔਰਤਾਂ ਅੰਦਰ ਜਾਣ।

ਹਾਲਾਂਕਿ ਇਹ ਸਹੀ ਹੈ ਜਾਂ ਗ਼ਲਤ... ਇਸ 'ਤੇ ਉਹ ਕੁਝ ਵੀ ਨਹੀਂ ਕਹਿੰਦੀ। ਉਨ੍ਹਾਂ ਦਾ ਮੰਨਣਾ ਹੈ ਕਿ ਮਾਮਲਾ ਅਦਾਲਤ ਵਿੱਚ ਹੈ ਤਾਂ ਉਸ ਨੂੰ ਫ਼ੈਸਲਾ ਸੁਣਾਉਣ ਦਾ ਹੱਕ ਹੈ।

ਪਰ ਸ਼ਿਵਾਂਗੀ, ਦੀਬਾ ਅਤੇ ਅਨੁਕ੍ਰਿਤੀ ਦੀ ਪਟੀਸ਼ਨ ਔਰਤਾਂ ਨੂੰ ਪ੍ਰਵੇਸ਼ ਨਾ ਕਰਨ ਦੇ ਅਧਿਕਾਰਾਂ ਦੀ ਦੁਰਵਰਤੋਂ ਅਤੇ ਕਾਨੂੰਨ ਦੀ ਉਲੰਘਣਾ ਮੰਨਦੀ ਹੈ।

ਉਨ੍ਹਾਂ ਨੇ ਆਪਣੀ ਪਟੀਸ਼ਨ 'ਚ ਹਾਜੀ ਅਲੀ ਅਤੇ ਸਬਰੀਮਲਾ ਮੰਦਿਰ ਨੂੰ ਦਲੀਲ ਵਜੋਂ ਰੱਖਿਆ ਹੈ।

ਹਾਜੀ ਅਲੀ 'ਚ ਵੀ ਔਰਤਾਂ ਦੇ ਪ੍ਰਵੇਸ਼ 'ਚ ਪਾਬੰਦੀ ਸੀ ਜਿਸ ਨੂੰ ਦੋ ਔਰਤਾਂ ਨੇ ਮੁੰਬਈ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ।

ਇਸ 'ਤੇ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਸੀ, "ਹਾਜੀ ਅਲੀ ਦਰਗਾਹ 'ਚ ਔਰਤਾਂ ਦੇ ਪ੍ਰਵੇਸ਼ 'ਤੇ ਲਗਾਈ ਗਈ ਪਾਬੰਦੀ ਭਾਰਤ ਦੇ ਸੰਵਿਧਾਨ ਦੀ ਧਾਰਾ 14, 15, 19 ਅਤੇ 25 ਦੀ ਉਲੰਘਣਾ ਹੈ।"

ਇਸ ਤੋਂ ਬਾਅਦ ਦਰਗਾਹ 'ਚ ਔਰਤਾਂ ਦੇ ਪ੍ਰਵੇਸ਼ 'ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਗਿਆ।

ਨਿਜ਼ਾਮੁਦੀਨ ਔਲੀਆ 'ਚ ਔਰਤਾਂ ਦੇ ਪ੍ਰਵੇਸ਼ ਦੀ ਪਾਬੰਦੀ ਦੇ ਵਿਰੋਧ 'ਚ ਪਾਈ ਗਈ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਦਰਗਾਹ 'ਤੇ ਜਿਨ੍ਹਾਂ ਨਿਯਮਾਂ ਦਾ ਪਾਲਣ ਕੀਤੀ ਜਾ ਰਹੀ ਹੈ ਉਹ ਦਰਗਾਹ ਟਰੱਸਟ ਦੇ ਬਣਾਏ ਹੋਏ ਹਨ ਅਤੇ ਲਿਖਤੀ ਰੂਪ 'ਚ ਕਿਤੇ ਵੀ ਮੌਜੂਦ ਨਹੀਂ ਹਨ।

ਜਦਕਿ ਅਲਤਮਸ਼ ਦਾ ਕਹਿਣਾ ਹੈ ਕਿ ਦਰਗਾਹ ਦਾ ਕੋਈ ਟਰੱਸਟ ਹੈ ਹੀ ਨਹੀਂ।

ਉਹ ਕਹਿੰਦੇ ਹਨ, "ਦਰਗਾਹ ਨੂੰ ਕੋਈ ਟਰੱਸਟ ਨਹੀਂ ਚਲਾਉਂਦਾ। ਹਾਲਾਂਕਿ ਇੰਟਰਨੈਟ 'ਤੇ ਬਹੁਤ ਸਾਰੀਆਂ ਅਜਿਹੀਆਂ ਵੈਬਸਾਈਟਜਸ ਹਨ ਜੋ ਟਰੱਸਟ ਦਾ ਦਾਅਵਾ ਕਰਦੀਆਂ ਹਨ ਪਰ ਉਹ ਫਰਜ਼ੀ ਹਨ। ਦਰਗਾਹ ਨੂੰ ਅੰਜੂਮਨ ਪੀਰਜ਼ਾਦਗਾਨ ਨਿਜ਼ਾਮੀਆ ਖ਼ੁਸਰਵੀ ਦੇਖਦੇ ਹਨ।"

ਇਸ ਮਾਮਲੇ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਕਮਲੇਸ਼ ਮਿਸ਼ਰਾ ਨੇ ਦਿੱਲੀ ਸਰਕਾਰ, ਦਿੱਲੀ ਪੁਲਿਸ ਕਮਿਸ਼ਨਰ, ਹਜ਼ਰਤ ਨਿਜ਼ਾਮੁਦੀਨ ਥਾਣੇ ਦੇ ਐਸਐਚਓ ਅਤੇ ਦਰਗਾਹ ਟਰੱਸਟ ਨੂੰ ਪਾਰਟੀ ਬਣਾਇਆ ਹੈ।

"ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਡਰ ਸੀ"

ਸ਼ਿਵਾਂਗੀ ਕਹਿੰਦੀ ਹੈ, "ਜਦੋਂ ਅਸੀਂ ਉੱਥੋਂ ਵਾਪਸ ਆਏ ਤਾਂ ਬੇਹੱਦ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਅਸੀਂ ਬਹੁਤ ਦੇਰ ਤੱਕ ਇਸ 'ਤੇ ਚਰਚਾ ਕੀਤੀ। ਇਸ ਬਾਰੇ ਪੜ੍ਹਾਈ ਕੀਤੀ ਤਾਂ ਦੇਖਿਆ ਕਿ ਇਹ ਕੋਈ ਧਾਰਮਿਕ ਕਾਨੂੰਨ ਨਹੀਂ ਹੈ, ਕਿਉਂਕਿ ਅਜਿਹਾ ਕਿਸੇ ਵੀ ਧਾਰਮਿਕ ਕਿਤਾਬ 'ਚ ਨਹੀਂ ਲਿਖਿਆ ਹੋਇਆ।"

ਉਹ ਕਹਿੰਦੀ ਹੈ, "ਅਸੀਂ ਪੀਆਈਐਲ ਪਾਉਣ ਬਾਰੇ ਸੋਚਿਆ ਪਰ ਡਰ ਲੱਗ ਰਿਹਾ ਸੀ ਕਿ ਕਿਤੇ ਸਾਡੇ ਨਾਲ ਕੁਝ ਗ਼ਲਤ ਨਾ ਹੋ ਜਾਵੇ। ਲੋਕ ਧਮਕੀਆਂ ਨਾ ਦੇਣੀਆਂ ਸ਼ੁਰੂ ਕਰ ਦੇਣ। ਸਾਡੇ ਕਰੀਅਰ 'ਤੇ ਅਸਰ ਨਾ ਪਵੇ ਪਰ ਫਿਰ ਲੱਗਿਆ ਕਿ ਅਸੀਂ ਗ਼ਲਤ ਤਾਂ ਕੁਝ ਵੀ ਨਹੀਂ ਕਰ ਫਿਰ ਡਰ ਕਿਉਂ..."

ਕਮਲੇਸ਼ ਦੀ ਦਲੀਲ ਹੈ ਕਿ ਕਿਸੇ ਵੀ ਧਾਰਮਿਕ ਥਾਂ 'ਤੇ ਲਿੰਗ ਭੇਦ ਕਰਨਾ ਸੰਵਿਧਾਨ ਦੇ ਵਿਰੁੱਧ ਹੈ।

ਉਹ ਕਹਿੰਦੇ ਹਨ ਕਿ ਨਿਜ਼ਾਮੁਦੀਨ ਦਰਗਾਹ ਇੱਕ ਜਨਤਕ ਥਾਂ ਹੈ, ਜਿੱਥੇ ਕੋਈ ਵੀ ਆਪਣੀ ਮਰਜ਼ੀ ਨਾਲ ਜਾ ਸਕਦਾ ਹੈ। ਅਜਿਹੇ ਵਿੱਚ ਔਰਤਾਂ ਨੂੰ ਰੋਕਣਾ ਗ਼ਲਤ ਹੈ।

ਹਾਲਾਂਕਿ ਜਦੋਂ ਅਸੀਂ ਦਰਗਾਹ ਦੇ ਬਾਹਰ ਫੁੱਲ ਖਰੀਦ ਰਹੀ ਰੌਸ਼ ਜਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਵੀ ਅਜੀਬ ਲਗਦਾ ਹੈ ਕਿ ਮਜ਼ਾਰ 'ਤੇ ਔਰਤਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਤਾਂ ਉਨ੍ਹਾਂ ਨੇ ਕਿਹਾ, "ਇਸ ਵਿੱਚ ਅਜੀਬ ਲੱਗਣ ਵਾਲੀ ਤਾਂ ਕੋਈ ਗੱਲ ਨਹੀਂ ਹੈ। ਉਹ ਮਜ਼ਾਰ ਹੈ...ਮੰਨੋ ਕਬਰਿਸਤਾਨ। ਕੀ ਕਦੇ ਦੇਖਿਆ ਹੈ ਕਿ ਕੋਈ ਔਰਤ ਕਬਰਿਸਤਾਨ ਜਾਂਦੀ ਹੋਵੇ, ਫਿਰ ਇੱਥੇ ਕਿਉਂ ਜਾਵੇਗੀ।"

ਦਰਗਾਹ 'ਚ ਹੀ ਮੌਜੂਦ ਸਿਮਰਨ ਨੇ ਕਿਹਾ ਕਿ ਉਨ੍ਹਾਂ ਲਈ ਇਹ ਕੋਈ ਮਸਲਾ ਨਹੀਂ ਹੈ। ਉਹ ਕਹਿੰਦੀ ਹੈ, "ਮੈਂ ਇੱਥੇ ਫਾਤਿਹਾ ਪੜ੍ਹਣ ਆਈ ਹਾਂ, ਕਾਨੂੰਨ ਪੜ੍ਹਣ ਨਹੀਂ।"

ਫਿਲਹਾਲ ਇਸ ਮਾਮਲੇ 'ਤੇ ਹਾਈ ਕੋਰਟ ਨੇ ਦਿੱਲੀ ਸਰਕਾਰ ਸਣੇ ਸਾਰੀਆਂ ਪਾਰਟੀਆਂ ਕੋਲੋਂ ਜਵਾਬ ਮੰਗਿਆ ਹੈ, ਇਸ ਮਾਮਲੇ ਦੀ ਅਗਲੀ ਸੁਣਵਾਈ 11 ਅਪ੍ਰੈਲ 2019 ਨੂੰ ਹੋਵੇਗੀ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)