ਖਾਲਿਸਤਾਨੀ ਸੰਗਠਨ ਕੈਨੇਡਾ ਦੀ ਅੱਤਵਾਦੀ ਖਤਰੇ ਦੀ ਸੂਚੀ 'ਚ ਸ਼ਾਮਲ - 5 ਅਹਿਮ ਖਬਰਾਂ

ਹਿੰਦੁਸਤਾਨ ਟਾਈਮਜ਼ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਵਿਚ ਪਹਿਲੀ ਵਾਰ ਕੈਨੇਡਾ ਨੇ ਦੇਸ ਲਈ ਅੱਤਵਾਦੀ ਖਤਰੇ ਵਜੋਂ ਖਾਲਿਸਤਾਨੀ ਸੰਗਠਨਾਂ ਨੂੰ ਸੂਚੀਬੱਧ ਕਰ ਦਿੱਤਾ ਹੈ।

ਪਬਲਿਕ ਸੇਫਟੀ ਮੰਤਰੀ ਰਾਲਫ ਗੂਡੇਲ ਦੁਆਰਾ ਅੱਤਵਾਦ ਖ਼ਤਰੇ ਬਾਰੇ 2018 ਦੀ ਜਨਤਕ ਕੀਤੀ ਗਈ ਰਿਪੋਰਟ ਵਿਚ "ਚਿੰਤਾ" ਦਾ ਪ੍ਰਗਟਾਵਾ ਕੀਤਾ ਗਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੂੰ ਚੁਣੌਤੀ ਵਿਅਕਤੀਗਤ ਅਤੇ ਹਿੰਸਕ ਵਿਚਾਰਧਾਰਾ ਤੋਂ ਪ੍ਰੇਰਿਤ ਸਮੂਹਾਂ ਤੋਂ ਹੈ। ਇਸ ਵਿੱਚ ਸੁੰਨੀ ਕੱਟੜਵਾਦੀ ਜਥੇਬੰਦੀਆਂ ਜਿਵੇਂ ਕਿ ਇਸਲਾਮਿਕ ਸਟੇਟ ਅਤੇ ਅਲ-ਕਾਇਦਾ ਸ਼ਾਮਿਲ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ, "ਸ਼ੀਆ ਅਤੇ ਸਿੱਖ (ਖਾਲਿਸਤਾਨੀ) ਕੱਟੜਪੰਥੀ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਜਦੋਂ ਕਿ ਕੈਨੇਡਾ ਵਿਚ ਉਨ੍ਹਾਂ ਦੇ ਹਮਲੇ ਬਹੁਤ ਸੀਮਤ ਹੋ ਗਏ ਹਨ। ਕੁਝ ਕੈਨੇਡਾ ਵਾਸੀਆਂ ਨੇ ਇਨ੍ਹਾਂ ਅੱਤਵਾਦੀ ਸਮੂਹਾਂ ਦਾ ਸਮਰਥਨ ਜਾਰੀ ਰੱਖਿਆ ਹੈ, ਜਿਨ੍ਹਾਂ ਵਿੱਚ ਵਿੱਤੀ ਸਹਾਇਤਾ ਸ਼ਾਮਲ ਹੈ।"

ਰਿਪੋਰਟ ਵਿਚ ਏਅਰ ਇੰਡੀਆ ਬੰਬ ਧਮਾਕੇ ਦਾ ਵੀ ਜ਼ਿਕਰ ਖਾਲਿਸਤਾਨੀ ਸੰਗਠਨਾਂ ਦੇ ਹਵਾਲੇ ਲਈ ਕੀਤਾ ਗਿਆ ਹੈ।

ਸਤੰਬਰ ਤੋਂ ਅਧਿਆਪਕਾਂ ਨੂੰ ਨਹੀਂ ਮਿਲੀ ਤਨਖ਼ਾਹ

ਦਿ ਟ੍ਰਿਬਿਊਨ ਮੁਤਾਬਕ ਤਕਰੀਬਨ 100 ਪੰਜਾਬ-ਏਡਿਡ ਕਾਲਜਾਂ ਵਿੱਚ ਲਗਪਗ ਪੰਜ ਹਜ਼ਾਰ ਅਧਿਆਪਕਾਂ ਨੂੰ ਸਤੰਬਰ ਤੋਂ ਤਨਖਾਹ ਨਹੀਂ ਮਿਲੀ ਹੈ। ਬੁੱਧਵਾਰ ਨੂੰ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਪੰਜਾਬ ਅਤੇ ਚੰਡੀਗੜ੍ਹ ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਪ੍ਰੋਫੈੱਸਰ ਸੁਖਦੇਵ ਸਿੰਘ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ:

ਉਨ੍ਹਾਂ ਦੱਸਿਆ ਕਿ ਇਹ ਮੁਸ਼ਕਿਲ ਨਿੱਜੀ ਕਾਲਜਾਂ ਲਈ 95 ਫੀਸਦੀ ਗਰਾਂਟ-ਇਨ-ਏਡ ਯੋਜਨਾ ਦੇ ਤਹਿਤ ਦਿੱਤੀ ਜਾ ਰਹੀ ਅਨਿਯਮਿਤ ਤਨਖ਼ਾਹ ਕਾਰਨ ਖੜ੍ਹੀ ਹੋਈ ਹੈ।

'ਕਮਲਨਾਥ ਹਾਲੇ 1984 ਮਾਮਲੇ ਵਿੱਚੋਂ ਨਿਰਦੋਸ਼ ਸਾਬਿਤ ਨਹੀਂ ਹੋਏ'

ਕਮਲਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਪੇਸ਼ ਕੀਤੇ ਜਾਣ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਅਤੇ ਐਚਐਸ ਫੂਲਕਾ ਨੇ ਕਾਂਗਰਸ ਦੀ ਅਲੋਚਨਾ ਕੀਤੀ ਹੈ। 1984 ਸਿੱਖ ਕਤਲੇਆਮ ਵਿੱਚ ਕਮਲਨਾਥ ਦੀ ਕਥਿਤ ਭੂਮਿਕਾ ਕਾਰਨ ਉਨ੍ਹਾਂ ਨੇ ਨਿੰਦਾ ਕੀਤੀ।

ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਕੰਵਰ ਸੰਧੂ ਨੇ ਕਿਹਾ, "ਕਮਲਨਾਥ ਨੇ ਹਾਲੇ ਤੱਕ ਆਪਣੇ 'ਤੇ ਲੱਗੇ ਇਲਜ਼ਾਮਾਂ ਜਾਂ ਛਬੀ ਨੂੰ ਸੁਧਾਰਨ ਲਈ ਕੁਝ ਨਹੀਂ ਕੀਤਾ ਹੈ। ਇੱਕ ਪਾਰਟੀ ਜੋ ਕਿ ਖੁਦ ਨੂੰ ਧਰਮ-ਨਿਰਪੱਖ ਪਾਰਟੀ ਕਹਿੰਦੀ ਹੈ, ਉਸ ਨੂੰ ਸਮਝਣਾ ਚਾਹੀਦਾ ਹੈ ਕਿ ਕਮਲਨਾਥ ਹਾਲੇ ਤੱਕ 1984 ਸਿੱਖ ਕਤਲੇਆਮ ਸਬੰਧੀ ਲੱਗੇ ਇਲਜ਼ਾਮਾਂ ਚੋਂ ਸਾਫ਼ ਬਾਹਰ ਨਹੀਂ ਆਏ ਹਨ ਹਾਲਾਂਕਿ ਉਨ੍ਹਾਂ 'ਤੇ ਕੋਈ ਮੁਕੱਦਮਾ ਨਹੀਂ ਚੱਲ ਰਿਹਾ ਹੈ।"

ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਪਾਬੰਦੀ

ਟਾਈਮਜ਼ ਆਫ਼ ਇੰਡੀਆ ਮੁਤਾਬਕ ਦਿੱਲੀ ਹਾਈ ਕੋਰਟ ਨੇ ਆਨਲਾਈਨ ਦਵਾਈਆਂ ਦੀ ਵਿਕਰੀ ਉੱਤੇ ਪਾਬੰਦੀ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਕੇਂਦਰ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਦਿੱਲੀ ਆਧਾਰਿਤ ਇੱਕ ਚਮੜੀਰੋਗ ਦੇ ਮਾਹਿਰ ਡਾਕਟਰ ਜ਼ਹੀਰ ਅਹਿਮਦ ਦੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤੇ ਗਏ ਹਨ।

ਟਰੰਪ ਦੇ ਕਰੀਬੀ ਵਕੀਲ ਨੂੰ ਤਿੰਨ ਸਾਲ ਦੀ ਸਜ਼ਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਬੇਹੱਦ ਕਰੀਬੀ ਵਕੀਲ ਮਾਈਕਲ ਕੋਹਨ ਨੂੰ ਤਿੰਨ ਸਾਲ ਦੀ ਸਜ਼ਾ ਦਾ ਐਲਾਨ ਹੋਇਆ ਹੈ। ਉਸ ਨੇ ਅਦਾਲਤ ਨੂੰ ਬੁੱਧਵਾਰ ਨੂੰ ਦੱਸਿਆ, "ਮੇਰੀ ਕਮਜ਼ੋਰੀ ਸੀ ਕਿ ਮੈਂ ਡੋਨਲਡ ਟਰੰਪ ਪ੍ਰਤੀ ਅੰਨ੍ਹੇਵਾਹ ਇਮਾਨਦਾਰੀ ਦਿਖਾਈ। ਮੈਨੂੰ ਲੱਗਿਆ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਨ੍ਹਾਂ ਦੇ ਗੰਦੇ ਕਾਰਨਾਮਿਆਂ ਉੱਤੇ ਪਰਦਾ ਪਾਵਾਂ।"

ਦੋ ਵੱਖ-ਵੱਖ ਮਾਮਲਿਆਂ ਵਿੱਚ ਕੋਹਨ ਨੂੰ ਸਜ਼ਾ ਹੋਈ ਹੈ। ਟਰੰਪ ਨਾਲ ਕਥਿਤ ਤੌਰ 'ਤੇ ਸਬੰਧਾਂ ਦੀ ਸ਼ਿਕਾਇਤ ਕਰਨ ਵਾਲੀਆਂ ਦੋ ਔਰਤਾਂ ਨੂੰ ਪੈਸੇ ਦੇਣ ਵਿੱਚ ਭੂਮਿਕਾ ਲਈ ਕੀਤੀ ਗਈ ਵਿੱਤੀ ਲੈਣ-ਦੇਣ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)