ਸਿੱਧੂ ਨੇ ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਕੀ ਕਿਹਾ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਸਿੱਧੂ ਨੇ ਕਿਹਾ 'ਕੈਪਟਨ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ ਜੋ ਮੀਡੀਆ ਨਾਲ ਸ਼ੇਅਰ ਨਹੀਂ ਕਰ ਸਕਦਾ ਨਹੀਂ ਤਾਂ ਤੁਸੀਂ ਕੁਝ ਦਾ ਕੁਝ ਹੀ ਕਰ ਦੇਵੋਗੇ'।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਜਿੰਨਾ ਮੈਨੂੰ ਪਿਆਰ ਮਿਲਿਆ ਉਸ ਤੋਂ ਮੈਨੂੰ ਨਹੀਂ ਲੱਗਿਆ ਕਿ ਸਾਡੇ ਵਿਚਾਲੇ ਕੋਈ ਗਿਲਾ-ਸ਼ਿਕਵਾ ਹੈ।

ਸਿੱਧੂ ਨੇ ਕਿਹਾ, 'ਕੈਪਟਨ ਮੇਰੇ ਵੱਡੇ ਨੇ ਅਤੇ ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ, ਐਵੇਂ 'ਬਾਤ ਦਾ ਬਤੰਗੜ' ਬਣਾ ਦਿੱਤਾ ਗਿਆ ਸੀ ਅਤੇ ਜਦੋਂ ਪਹਾੜ ਖੋਦਿਆਂ ਤਾਂ ਨਿਕਲਿਆ ਚੂਹਾ'। ਕਈ ਵਾਰ ਗ਼ਲਤਫਹਿਮੀਆ ਹੋ ਜਾਂਦੀਆਂ ਹਨ।

ਸਿੱਧੂ ਨੇ ਪਾਕਿਸਤਾਨ ਤੋਂ ਲਿਆਂਦਾ ਤਿੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤਾ ਗਿਫ਼ਟ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਨੂੰ ਪਾਕਿਸਾਤਨੀ ਫੌਜ ਤੇ ਆਈਐਸਆਈ ਦੇ ਵੱਡੇ ਪਲਾਨ ਦਾ ਹਿੱਸਾ ਦੱਸੇ ਜਾਣ ਉੱਤੇ ਸਿੱਧੂ ਨੇ ਕਿਹਾ, 'ਪਾਕਿਸਤਾਨ ਦੌਰੇ ਬਾਰੇ ਕੈਪਟਨ ਨਾਲ ਕੋਈ ਗੱਲ ਨਹੀਂ ਹੋਈ, ਲਾਂਘਾ ਬਾਬਾ ਨਾਨਕ ਦੀ ਮਿਹਰ ਨਾਲ ਖੁੱਲ੍ਹਿਆ ਹੈ, ਉਸ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ'।

ਕਿੱਥੋਂ ਛਿੜਿਆ ਸੀ ਵਿਵਾਦ

ਪਾਕਿਸਤਾਨ ਸਥਿਤ ਕਰਤਾਰਪੁਰ ਲਾਂਘੇ ਦੀ ਉਸਾਰੀ ਦੇ ਨੀਂਹ ਪੱਥਰ ਸਮਾਗਮ 'ਚ ਜਾਣ ਦੇ ਸਵਾਲਾਂ ਉੱਤੇ ਹੈਦਰਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਸਿੱਧੂ ਦੇ ਰਹੇ ਸਨ।

ਉਨ੍ਹਾਂ ਕਿਹਾ ਸੀ, ''ਮੇਰੇ ਕੈਪਟਨ ਰਾਹੁਲ ਗਾਂਧੀ ਹਨ, ਉਨ੍ਹਾਂ ਨੇ ਹੀ ਤਾਂ ਭੇਜਿਆ ਹੈ ਹਰ ਥਾਂ। ਕੀ ਗੱਲ ਕਰ ਰਹੇ ਹੋ ਯਾਰ ਕਿਹੜੇ ਕੈਪਟਨ ਦੀ ਗੱਲ ਕਰ ਰਹੇ ਹੋ, ਅੱਛਾ-ਅੱਛਾ ਕੈਪਟਨ ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਸਾਹਿਬ ਹਨ। ਕੈਪਟਨ ਅਮਰਿੰਦਰ ਮੇਰੇ ਬੌਸ ਨੇ ਅਤੇ ਰਾਹੁਲ ਗਾਂਧੀ ਕੈਪਟਨ।”

ਇਹ ਵੀ ਪੜ੍ਹੋ:

ਉਨ੍ਹਾਂ ਦੇ “ਕਿਹੜੇ ਕੈਪਟਨ” ਵਾਲੇ ਬਿਆਨ ਤੋਂ ਨਰਾਜ਼ ਦੂਜੇ ਕਈ ਕਾਂਗਰਸੀ ਆਗੂਆਂ ਨੇ ਆਪਣੀ ਨਾਰਜ਼ਗੀ ਦਿਖਾਈ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ 'ਤੇ ਸਫ਼ਾਈ ਵੀ ਦਿੱਤੀ ਸੀ।

"ਉਹ (ਕੈਪਟਨ ਅਮਰਿੰਦਰ ਸਿੰਘ) ਮੇਰੇ ਪਿਤਾ ਸਮਾਨ ਹਨ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ, ਮੈਂ ਆਪੇ ਸਾਰੇ ਮਸਲੇ ਨੂੰ ਸੁਲਝਾ ਲਵਾਂਗਾ।"

ਕੈਪਟਨ ਅਮਰਿੰਦਰ ਸਿੰਘ ਬਾਰੇ ਦਿੱਤੇ ਇੱਕ ਬਿਆਨ ਦੀ ਕਲਿੱਪ ਮੀਡੀਆ ਵਿੱਚ ਵਾਇਰਲ ਹੋ ਜਾਣ ਮਗਰੋਂ ਪੰਜਾਬ ਕਾਂਗਰਸ ਦੇ ਕਈ ਆਗੂਆਂ ਵੱਲੋਂ ਸਿੱਧੂ ਦੀ ਨਿੰਦਾ ਹੋ ਰਹੀ ਸੀ। ਇਸ ਆਲੋਚਨਾ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਫਾਈ ਵਿੱਚ ਇਹ ਸ਼ਬਦ ਕਹੇ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)