You’re viewing a text-only version of this website that uses less data. View the main version of the website including all images and videos.
ਨਵਜੋਤ ਸਿੰਘ ਸਿੱਧੂ ਨੇ ਕਿਹਾ ਕੈਪਟਨ ਅਮਰਿੰਦਰ ਨਾਲ ਸਾਰੇ ਮਸਲੇ ਮੈਂ ਆਪੇ ਸੁਲਝਾ ਲਵਾਂਗਾ
"ਉਹ (ਕੈਪਟਨ ਅਮਰਿੰਦਰ ਸਿੰਘ) ਮੇਰੇ ਪਿਤਾ ਸਮਾਨ ਹਨ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ, ਮੈਂ ਆਪੇ ਸਾਰੇ ਮਸਲੇ ਨੂੰ ਸੁਲਝਾ ਲਵਾਂਗਾ।"
ਕੈਪਟਨ ਅਮਰਿੰਦਰ ਸਿੰਘ ਬਾਰੇ ਦਿੱਤੇ ਇੱਕ ਬਿਆਨ ਦੀ ਕਲਿੱਪ ਮੀਡੀਆ ਵਿੱਚ ਵਾਇਰਲ ਹੋ ਜਾਣ ਮਗਰੋਂ ਪੰਜਾਬ ਕਾਂਗਰਸ ਦੇ ਕਈ ਆਗੂਆਂ ਵੱਲੋਂ ਸਿੱਧੂ ਦੀ ਨਿੰਦਾ ਹੋ ਰਹੀ ਸੀ। ਇਸ ਆਲੋਚਨਾ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਫਾਈ ਵਿੱਚ ਇਹ ਸ਼ਬਦ ਕਹੇ।
ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਦੇ ਸਪਸ਼ਟੀਕਰਨ ਬਾਰੇ ਕਿਹਾ,''ਬੇਟਾ ਜੇਕਰ ਪਿਤਾ ਤੋਂ ਮਾਫ਼ੀ ਮੰਗੇ ਤਾਂ ਪਰੇਸ਼ਨੀ ਕੀ ਹੈ।"
ਅਮਰਿੰਦਰ ਸਿੰਘ ਨੂੰ ਨਹੀਂ ਸਗੋਂ ਰਾਹੁਲ ਨੂੰ ਕੈਪਟਨ ਮੰਨਣ ਵਾਲੇ ਬਿਆਨ ਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਤਿੱਖਾ ਵਿਰੋਧ ਕੀਤਾ।
ਦੂਸਰੇ ਪਾਸੇ ਕਾਂਗਰਸ ਦੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਧੂ ਨੇ ਜੇ ਪਾਰਟੀ ਵਿੱਚ ਰਹਿਣਾ ਹੈ ਤਾਂ 100 ਫੀਸਦੀ ਮਾਫ਼ੀ ਮੰਗਣੀ ਪਵੇਗੀ।
ਸਿੱਧੂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਦੇ ਹਲਕੇ ਲੁਧਿਆਣਾ ਵਿੱਚ ਫਲੈਕਸ ਲੱਗੇ ਦੇਖੇ ਗਏ ਸਨ ਜਿਨ੍ਹਾਂ ਉੱਪਰ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲਾ ਕੇ ਲਿਖਿਆ ਹੋਇਆ ਹੈ, "ਪੰਜਾਬ ਦਾ ਕੈਪਟਨ ਸਾਡਾ ਕੈਪਟਨ।"
ਅਜਿਹੇ ਇੱਕ ਫਲੈਕਸ ਦੀ ਤਸਵੀਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਫੇਸਬੁੱਕ ਸਫ਼ੇ ਤੋਂ ਵੀ ਸਾਂਝੀ ਕੀਤੀ।
ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਪੋਸਟਰਾਂ ਬਾਰੇ ਕਿਹਾ, "ਮੇਰੇ ਇਲਾਕੇ ਵਿੱਚ ਪੋਸਟਰ ਨਹੀਂ ਲੱਗੇ, ਪਰ ਜੇਕਰ ਸਾਨੂੰ ਦੱਸਣਾ ਪਵੇਗਾ ਕਿ ਕੈਪਟਨ ਕੌਣ ਹੈ ਤਾਂ ਇਹ ਚੰਗੀ ਗੱਲ ਨਹੀਂ ਹੈ।"
ਇਹ ਵੀ ਪੜ੍ਹੋ:
ਕਿੱਥੋਂ ਛਿੜਿਆ ਵਿਵਾਦ
ਪਾਕਿਸਤਾਨ ਸਥਿਤ ਕਰਤਾਰਪੁਰ ਲਾਂਘੇ ਦੀ ਉਸਾਰੀ ਦੇ ਨੀਂਹ ਪੱਥਰ ਸਮਾਗਮ 'ਚ ਜਾਣ ਦੇ ਸਵਾਲਾਂ ਉੱਤੇ ਹੈਦਰਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਸਿੱਧੂ ਦੇ ਰਹੇ ਸਨ।
ਉਨ੍ਹਾਂ ਕਿਹਾ ਸੀ, ''ਮੇਰੇ ਕੈਪਟਨ ਰਾਹੁਲ ਗਾਂਧੀ ਹਨ, ਉਨ੍ਹਾਂ ਨੇ ਹੀ ਤਾਂ ਭੇਜਿਆ ਹੈ ਹਰ ਥਾਂ। ਕੀ ਗੱਲ ਕਰ ਰਹੇ ਹੋ ਯਾਰ ਕਿਹੜੇ ਕੈਪਟਨ ਦੀ ਗੱਲ ਕਰ ਰਹੇ ਹੋ, ਅੱਛਾ-ਅੱਛਾ ਕੈਪਟਨ ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਸਾਹਬ ਹਨ। ਕੈਪਟਨ ਅਮਰਿੰਦਰ ਮੇਰੇ ਬੌਸ ਨੇ ਅਤੇ ਰਾਹੁਲ ਗਾਂਧੀ ਕੈਪਟਨ”
ਆਪਣੇ ਇਸ ਬਿਆਨ ਤੋਂ ਕੁਝ ਦੇਰ ਬਾਅਦ ਦੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀ ਯੂ-ਟਰਨ ਮਾਰਿਆ। ਕੁਝ ਹੀ ਸਮੇਂ ਬਾਅਦ ਉਨ੍ਹਾਂ ਆਪਣੀ ਇਸ ਗਲਤੀ ਨੂੰ ਸੁਧਾਰ ਕੇ ਟਵੀਟ ਰਾਹੀ ਸਪੱਸ਼ਟੀਕਰਨ ਦਿੱਤਾ।
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ''ਰਾਹੁਲ ਗਾਂਧੀ ਨੇ ਕਦੇ ਵੀ ਮੈਨੂੰ ਪਾਕਿਸਤਾਨ ਜਾਣ ਲਈ ਨਹੀਂ ਕਿਹਾ, ਪੂਰੀ ਦੁਨੀਆਂ ਜਾਣਦੀ ਹੈ ਕਿ ਮੈਂ ਉੱਥੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿੱਜੀ ਸੱਦੇ ਉੱਤੇ ਗਿਆ ਸੀ।''
ਤੇ ਫੇਰ ਬਣ ਗਈ ਖੰਭਾਂ ਦੀ ਡਾਰ...
ਉਨ੍ਹਾਂ ਦੇ “ਕਿਹੜੇ ਕੈਪਟਨ” ਵਾਲੇ ਬਿਆਨ ਤੋਂ ਦੂਸਰੇ ਕਈ ਕਾਂਗਰਸੀ ਆਗੂਆਂ ਨੇ ਆਪਣੀ ਨਾਰਜ਼ਗੀ ਦਿਖਾਈ ਅਤੇ ਉਨ੍ਹਾਂ ਦੇ ਪੰਜਾਬ ਦੇ ਮੰਤਰੀ ਮੰਡਲ ਤੋਂ ਅਸਤੀਫ਼ੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਬਾਜਵਾ ਨੇ ਕਿਹਾ, ''ਇਹ ਸਿਆਸੀ ਬਿਆਨ ਨਹੀਂ ਬਲਕਿ ਮੈਂ ਉਨ੍ਹਾਂ ਨੂੰ ਸਲ੍ਹਾ ਦੇ ਰਿਹਾ ਹਾਂ ਕਿ ਹੌਲੀ ਚੱਲੋ, ਜੇ ਉਹ ਕੈਪਟਨ ਸਾਹਬ ਨੂੰ ਲੀਡਰ ਹੀ ਨਹੀਂ ਮੰਨਦੇ ਤਾਂ ਲੋੜ ਕੀ ਹੈ ਪਾਰਟੀ 'ਚ ਰਹਿਣ ਦੀ।''
ਤ੍ਰਿਪਤ ਰਾਜਿੰਦਰ ਬਾਜਵਾ ਨੇ ਅੱਗੇ ਕਿਹਾ, ''ਉਸ ਦੇ ਸ਼ਬਦਾ ਵਿਚ ਬੇਇੱਜ਼ਤੀ ਹੈ, ਕੌਣ ਕੈਪਟਨ, ਕਿਹੜਾ ਕੈਪਟਨ , ਮੈਂ ਤਾਂ ਉਸ ਨੂੰ ਇਹੀ ਕਿਹਾ ਹੈ ਕਿ ਵੀਰ ਜਾਂ ਤਾਂ ਪੰਜਾਬ ਵਿਚ ਕੈਪਟਨ ਨੂੰ ਆਪਣਾ ਆਗੂ ਮੰਨ ਜਾਂ ਫਿਰ ਅਹੁਦਾ ਛੱਡ ਕੇ ਲਾਂਭੇ ਹੋ ਜਾ।''
ਇਸ ਸਾਰੇ ਮਸਲੇ ਵਿੱਚ ਦਿਲਚਸਪ ਗੱਲ ਇਹ ਵੀ ਹੈ ਕਿ ਸਿੱਧੂ ਦੇ “ਕਿਹੜੇ ਕੈਪਟਨ” ਵਾਲੇ ਬਿਆਨ ਜਾਂ ਇਸ ਨਾਲ ਉੱਠੇ ਬਵਾਲ ਬਾਰੇ ਹਾਲੇ ਕੈਪਟਨ ਅਮਰਿੰਦਰ ਸਿੰਘ ਨੇ ਆਪ ਕੋਈ ਜਨਤਕ ਬਿਆਨ ਨਹੀਂ ਦਿੱਤਾ ਹੈ।
ਲਾਂਘੇ ਜੁੜੀਆਂ ਹੋਰ ਖ਼ਬਰਾਂ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: