ਬਲਾਤਕਾਰ ਦੇ 'ਸੱਭਿਆਚਾਰ' ਨੂੰ ਕੀ ਅਸੀਂ ਮਿਲ ਕੇ ਹੱਲਾਸ਼ੇਰੀ ਦੇ ਰਹੇ ਹਾਂ? - ਬਲਾਗ

    • ਲੇਖਕ, ਸਿੰਧੂਵਾਸਿਨੀ
    • ਰੋਲ, ਬੀਬੀਸੀ ਪੱਤਰਕਾਰ

"ਤੁਸੀਂ ਸਾਡੇ ਪਿੱਛੇ ਹੱਥ ਲਾਓ, ਬ੍ਰੈਸਟ 'ਤੇ ਜਾਂ ਫਿਰ ਪੱਟਾਂ 'ਤੇ…ਅਸੀਂ ਬੁਰਾ ਨਹੀਂ ਮੰਨਾਗੇ। ਤੁਹਾਨੂੰ ਭਾਵੇਂ ਜੋ ਪਸੰਦ ਹੋਵੇ ਕਰੋ, ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਨੈਂਡੋਜ਼ ਦੇ ਹਰ ਖਾਣੇ ਦਾ ਸੁਆਦ ਆਪਣੇ ਹੱਥਾਂ ਨਾਲ ਲਵੋ।"

ਇਹ ਨੈਂਡੋਜ਼ ਚਿਕਨ ਦਾ ਇੱਕ ਇਸ਼ਤਿਹਾਰ ਹੈ, ਜਿਹੜਾ ਦੋ ਸਾਲ ਪਹਿਲਾਂ ਭਾਰਤ ਦੇ ਕਈ ਅਖ਼ਬਾਰਾਂ ਵਿੱਚ ਛਪਿਆ ਸੀ।

ਇੱਕ ਐਸ਼ ਟ੍ਰੇਅ ਯਾਨਿ ਸਿਗਰੇਟ ਦੀ ਰਾਖ ਝਾੜਨ ਵਾਲੀ ਟ੍ਰੇਅ ਹੈ, ਜਿਹੜੀ ਦੇਖਣ ਵਿੱਚ ਕੁਝ ਅਜਿਹੀ ਹੈ ਜਿਵੇਂ ਇੱਕ ਨੰਗੀ ਮਹਿਲਾ ਟੱਬ ਵਿੱਚ ਲੱਤਾਂ ਫੈਲਾ ਕੇ ਲੰਮੀ ਪਈ ਹੋਵੇ।

ਇਹ ਅਮੇਜ਼ਨ ਇੰਡੀਆ ਦੀ ਵੈੱਬਸਾਈਟ 'ਤੇ ਛਪੇ ਐਸ਼ ਟ੍ਰੇਅ ਦਾ ਇੱਕ ਇਸ਼ਤਿਹਾਰ ਸੀ ਜਿਹੜਾ ਪਿਛਲੇ ਸਾਲ ਜੂਨ ਵਿੱਚ ਉਸਦੀ ਵੈੱਬਸਾਈਟ 'ਤੇ ਆਇਆ ਸੀ।

ਸ਼ੁਰੂਆਤ 'ਚ ਇਨ੍ਹਾਂ ਦੋ ਇਸ਼ਤਿਹਾਰਾਂ ਦਾ ਜ਼ਿਕਰ ਕਿਉਂ ਕੀਤਾ ਗਿਆ, ਇਹ ਅੱਗੇ ਪੁੱਛੇ ਗਏ ਸਵਾਲਾਂ ਤੋਂ ਸਾਫ਼ ਹੋ ਜਾਵੇਗਾ।

ਹੁਣ ਸਵਾਲ ਇਹ ਹੈ ਕਿ

  • ਕੀ ਅਸੀਂ ਇੱਕ ਸਮਾਜ ਦੇ ਤੌਰ 'ਤੇ ਰੇਪ ਕਰਨ ਵਾਲਿਆਂ ਨਾਲ ਖੜ੍ਹੇ ਹਾਂ?
  • ਕੀ ਅਸੀਂ ਵਿਅਕਤੀਗਤ ਤੌਰ 'ਤੇ ਕਿਤੇ ਨਾ ਕਿਤੇ ਬਲਾਤਕਾਰੀਆਂ ਨਾਲ ਹਮਦਰਦੀ ਰੱਖਦੇ ਹਾਂ?
  • ਕੀ ਅਸੀਂ ਬਲਾਤਕਾਰ ਦਾ ਦੋਸ਼ ਕਿਸੇ ਨਾ ਕਿਸੇ ਤਰ੍ਹਾਂ ਰੇਪ ਪੀੜਤਾ 'ਤੇ ਪਾਉਣ ਦੀ ਕੋਸ਼ਿਸ਼ ਕਰਦੇ ਹਾਂ?

ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਹੈ- ਹਾਂ।

'ਰੇਪ ਕਲਚਰ' ਯਾਨਿ 'ਬਲਾਤਕਾਰ ਦੇ ਸੱਭਿਆਚਾਰ' ਦੁਨੀਆਂ ਦੇ ਤਕਰੀਬਨ ਹਰ ਹਿੱਸੇ ਅਤੇ ਹਰ ਸਮਾਜ ਵਿੱਚ ਕਿਸੇ ਨਾ ਕਿਸੇ ਰੂਪ 'ਚ ਮੌਜੂਦ ਹਨ।

'ਬਲਾਤਕਾਰ ਦੇ ਸੱਭਿਆਚਾਰ' ਦੇ ਰੇਪ ਕਲਚਰ

ਉਹ ਸ਼ਬਦ ਸੁਣਨ ਵਿੱਚ ਅਜੀਬ ਲੱਗਣਗੇ ਕਿਉਂਕਿ ਸੱਭਿਆਚਾਰ ਜਾਂ ਕਲਚਰ ਨੂੰ ਆਮ ਤੌਰ 'ਤੇ ਪਵਿੱਤਰ ਅਤੇ ਸਕਾਰਾਤਮਕ ਸੰਦਰਭ ਵਿੱਚ ਦੇਖਿਆ ਜਾਂਦਾ ਹੈ। ਪਰ ਸੱਭਿਆਚਾਰ ਜਾਂ ਕਲਚਰ ਸਿਰਫ਼ ਖ਼ੂਬਸੂਰਤ, ਰੰਗ-ਬਿਰੰਗੀਆਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜ਼ਾਂ ਦਾ ਕੰਮ ਨਹੀਂ ਹੈ।

ਸੱਭਿਆਚਾਰ ਵਿੱਚ ਉਹ ਮਾਨਸਿਕਤਾ ਅਤੇ ਚਲਨ ਵੀ ਸ਼ਾਮਲ ਹੈ ਜਿਹੜਾ ਸਮਾਜ ਦੇ ਇੱਕ ਤਬਕੇ ਨੂੰ ਦਬਾਉਣ ਅਤੇ ਦੂਜੇ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰਦੇ ਹਨ।

ਸੱਭਿਆਚਾਰ 'ਚ ਬਲਾਤਕਾਰ ਦਾ ਸੱਭਿਆਚਾਰ ਵੀ ਲੁਕਿਆ ਹੁੰਦਾ ਹੈ ਜਿਸਦਾ ਸੂਖਮ ਰੂਪ ਕਈ ਵਾਰ ਸਾਡੀਆਂ ਨਜ਼ਰਾਂ ਤੋਂ ਬਚ ਕੇ ਨਿਕਲ ਜਾਂਦਾ ਹੈ ਅਤੇ ਕਈ ਵਾਰ ਇਸਦਾ ਭੱਦਾ ਰੂਪ ਖੁੱਲ੍ਹ ਕੇ ਸਾਡੇ ਸਾਹਮਣੇ ਆਉਂਦਾ ਹੈ।

ਇਹ ਵੀ ਪੜ੍ਹੋ:

ਕੀ ਹੈ ਰੇਪ ਕਲਚਰ?

  • 'ਰੇਪ ਕਲਚਰ' ਸ਼ਬਦ ਸਭ ਤੋਂ ਪਹਿਲਾਂ ਸਾਲ 1975 ਵਿੱਚ ਵਰਤਿਆ ਗਿਆ ਜਦੋਂ ਅਮਰੀਕਾ ਵਿੱਚ ਇਸੇ ਨਾਮ ਦੀ ਇੱਕ ਫ਼ਿਲਮ ਬਣਾਈ ਗਈ। 70 ਦੇ ਦਹਾਕੇ ਵਿੱਚ ਅਮਰੀਕਾ 'ਚ ਨਾਰੀਵਾਦੀ ਅੰਦੋਲਨ (ਸੈਕਿੰਡ ਵੇਵ ਫੈਮੀਨਿਜ਼ਮ) ਜ਼ੋਰ ਫੜ ਰਿਹਾ ਸੀ ਅਤੇ ਇਸੇ ਦੌਰਾਨ 'ਰੇਪ ਕਲਚਰ' ਸ਼ਬਦ ਵਰਤੋਂ ਵਿੱਚ ਆਇਆ।
  • 'ਰੇਪ ਕਲਚਰ' ਦਾ ਮਤਲਬ ਉਸ ਸਮਾਜਿਕ ਪ੍ਰਬੰਧ ਤੋਂ ਹੈ ਜਿਸ ਵਿੱਚ ਲੋਕ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀ ਔਰਤ ਦਾ ਸਾਥ ਦੇਣ ਦੀ ਥਾਂ ਕਿਸੇ ਨਾ ਕਿਸੇ ਤਰੀਕੇ ਨਾਲ ਬਲਾਤਕਾਰੀ ਦੇ ਸਮਰਥਨ ਵਿੱਚ ਖੜ੍ਹੇ ਹੋ ਜਾਂਦੇ ਹਨ।
  • 'ਰੇਪ ਕਲਚਰ' ਦਾ ਮਤਲਬ ਉਸ ਪਰੰਪਰਾ ਤੋਂ ਹੈ ਜਿਸ ਵਿੱਚ ਔਰਤ ਨੂੰ ਹੀ ਬਲਾਤਕਾਰ ਲਈ ਜ਼ਿੰਮੇਵਾਰੀ ਠਹਿਰਾਇਆ ਜਾਂਦਾ ਹੈ।
  • 'ਰੇਪ ਕਲਚਰ' ਉਸ ਸੱਭਿਆਚਾਰ ਦਾ ਸੰਕੇਤ ਹੈ ਜਿਸ ਵਿੱਚ ਬਲਾਤਕਾਰ ਅਤੇ ਔਰਤਾਂ ਦੇ ਨਾਲ ਹੋਣ ਵਾਲੀ ਹਿੰਸਾ ਨੂੰ ਗੰਭੀਰ ਜੁਰਮ ਦੀ ਥਾਂ ਛੋਟੀ-ਮੋਟੀ ਅਤੇ ਰੋਜ਼ਮਰਾ ਦੀਆਂ ਘਟਨਾਵਾਂ ਦੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਕਿਸੇ ਸਮਾਜ 'ਚ ਜਾਂ ਦੇਸ ਵਿੱਚ 'ਰੇਪ ਕਲਚਰ' ਮੌਜੂਦ ਹੈ, ਇਹ ਸਾਬਿਤ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਹੈ।

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸਰਸਰੀ ਤੌਰ 'ਤੇ ਲੱਗ ਸਕਦਾ ਹੈ ਕਿ ਅਸੀਂ ਸਭ ਬਲਾਤਕਾਰ ਦੇ ਖ਼ਿਲਾਫ਼ ਲੜ ਰਹੇ ਹਾਂ, ਬਲਾਤਕਾਰੀਆਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਲਈ ਲੜ ਰਹੇ ਹਾਂ... ਵਗੈਰਾ-ਵਗੈਰਾ।

ਇਨ੍ਹਾਂ ਗੱਲਾਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਨਹੀਂ ਦਿੱਤਾ ਜਾ ਸਕਦਾ ਪਰ ਇਨ੍ਹਾਂ ਦਾ ਦੂਜਾ ਪੱਖ ਵੀ ਹੈ ਜਿਹੜਾ ਇਨ੍ਹਾਂ ਤੋਂ ਕਿਤੇ ਵੱਧ ਮਜ਼ਬੂਤ ਹੈ।

ਇਹ ਉਹ ਪੱਖ ਹੈ ਜਿਹੜਾ ਸਾਬਿਤ ਕਰਨਾ ਚਾਹੁੰਦਾ ਹੈ ਕਿ ਅਸੀਂ ਵੀ ਕਿਤੇ ਨਾ ਕਿਤੇ ਬਲਾਤਕਾਰੀਆਂ ਦੇ ਸਮਰਥਨ ਵਿੱਚ ਖੜ੍ਹੇ ਹਾਂ ਅਤੇ 'ਬਲਾਤਕਾਰ ਦੇ ਸੱਭਿਆਚਾਰ' ਨੂੰ ਹੱਲਾਸ਼ੇਰੀ ਦੇ ਕੇ ਉਸ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।

ਇਸਦੀ ਤਾਜ਼ਾ ਉਦਾਹਰਣ ਹੈ ਕਠੂਆ ਗੈਂਗਰੇਪ ਮਾਮਲਾ, ਜਦੋਂ ਮੁਲਜ਼ਮ ਦੇ ਸਮਰਥਨ 'ਚ ਖੁੱਲ੍ਹੇਆਮ ਤਿਰੰਗਾ ਲਹਿਰਾਇਆ ਗਿਆ ਹੈ ਅਤੇ ਨਾਅਰੇ ਲਾਏ ਗਏ।

ਰੇਪ ਕਲਚਰ ਨੂੰ ਕੁਝ ਹੋਰ ਵੱਖ-ਵੱਖ ਉਦਾਹਰਣਾਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

1.ਬਲਾਤਕਾਰ ਨੂੰ ਆ ਵਾਂਗ ਬਣਾਉਣ (ਨੌਰਮੇਲਾਈਜ਼ੇਸ਼ਨ)

  • ਹੁਣ ਮੁੰਡਿਆਂ ਦੀ ਸੋਚ ਤਾਂ ਨਹੀਂ ਬਦਲ ਸਕਦੇ ਨਾ? (ਮੈਨ ਵਿਲ ਬੀ ਮੈਨ)
  • ਭਰਾ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਣੀ ਸੁਰੱਖਿਆ ਲਈ ਹੀ ਸਹੀ, ਅੱਠ ਵਜੇ ਤੱਕ ਘਰ ਵਾਪਿਸ ਆ ਜਾਓ। (ਕੁੜੀਆਂ ਅਤੇ ਮੁੰਡਿਆਂ ਲਈ ਵੱਖੋ-ਵੱਖਰੇ ਨਿਯਮ)
  • ਤੂੰ ਇਕੱਲੀ ਕੁੜੀ ਨਹੀਂ ਹੈ ਜਿਸਦੇ ਨਾਲ ਇਹ ਸਭ ਹੋਇਆ, ਛੋਟੀ ਜਿਹੀ ਗੱਲ ਨੂੰ ਐਨਾ ਨਾ ਵਧਾਓ।
  • ਮੀਡੀਆ 'ਚ ਬਲਾਤਕਾਰ ਦੀ ਥਾਂ 'ਛੇੜਛਾੜ' ਅਤੇ 'ਸਰੀਰ ਨਾਲ ਮਾੜਾ ਵਿਹਾਰ' ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਜੁਰਮ ਦੀ ਗੰਭੀਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਾ।
  • ਰੇਪ 'ਤੇ ਚੁਟਕਲੇ ਅਤੇ ਮੀਮਸ ਬਣਾਉਣਾ। ਇਨ੍ਹਾਂ ਮੁੱਦਿਆਂ 'ਤੇ ਹੱਸਣਾ ਅਤੇ ਇਨ੍ਹਾਂ ਦਾ ਮਜ਼ਾਕ ਉਡਾਉਣਾ।
  • ਫ਼ਿਲਮਾ, ਗਾਣਿਆਂ ਅਤੇ ਪੌਪ ਕਲਚਰ ਵਿੱਚ ਪਿੱਛਾ ਕਰਨਾ, ਛੇੜਛਾੜ ਅਤੇ ਕੁੜੀ ਦੇ ਨਾਲ ਜ਼ਬਰਦਸਤੀ ਨੂੰ ਰੋਮਾਂਟਿਕ (ਆਮ ਗੱਲ) ਦੱਸਣਾ ਅਤੇ ਔਰਤਾਂ ਦੇ ਸਰੀਰ ਨੂੰ 'ਸੈਕਸ ਦੀ ਵਸਤੂ' ਦੀ ਤਰ੍ਹਾਂ ਪੇਸ਼ ਕਰਨਾ।

2. ਪੀੜਤਾ ਨੂੰ ਹੀ ਦੋਸ਼ੀ ਬਣਾ ਦੇਣਾ

  • ਉਸ ਨੇ ਛੋਟੇ/ਵੈਸਟਨ ਕੱਪੜੇ ਪਹਿਨੇ ਹੋਏ ਸੀ
  • ਉਹ ਦੇਰ ਰਾਤ ਤੱਕ ਬਾਹਰ ਘੁੰਮ ਰਹੀ ਸੀ
  • ਉਹ ਸ਼ਰਾਬ ਪੀ ਕੇ ਮੁੰਡੇ ਨਾਲ ਸੀ
  • ਉਹ ਸੈਕਸ਼ੁਅਲੀ ਐਕਟਿਵ ਹੈ, ਉਸਦੇ ਕਈ ਬੁਆਏ ਫਰੈਂਡ ਰਹੇ ਹਨ
  • ਉਹ ਮੁੰਡਿਆਂ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਹੈ,ਜ਼ਿਆਦਾ ਫਰੈਂਡਲੀ ਹੁੰਦੀ ਹੈ
  • ਉਹ ਮੁੰਡਿਆਂ ਨਾਲ ਪੱਬ ਗਈ ਸੀ। ਉਸ ਨੇ ਜ਼ਰੂਰ ਕੋਈ 'ਸਿਗਨਲ' ਦਿੱਤਾ ਹੋਵੇਗਾ

3. ਪੀੜਤਾ 'ਤੇ ਸ਼ੱਕ ਕਰਨਾ

  • ਉਹ ਦੋਵੇਂ ਤਾਂ ਰਿਲੇਸ਼ਨਸ਼ਿਪ ਵਿੱਚ ਸੀ, ਫਿਰ ਰੇਪ ਕਿਹੋ ਜਿਹਾ (ਸਹਿਮਤੀ/ਕੰਸੈਂਟ ਨੂੰ ਨਾ ਸਮਝਣਾ)
  • ਪਤੀ ਕਿਵੇਂ ਪਤਨੀ ਦਾ ਰੇਪ ਕਰ ਸਕਦਾ ਹੈ? ਵਿਆਹ ਹੋਇਆ ਹੈ ਤਾਂ ਸੈਕਸ ਕਰੇਗਾ ਹੀ ਨਾ! (ਮੈਰੀਟਲ ਰੇਪ/ਵਿਆਹੁਤਾ ਬਲਾਤਕਾਰ ਨੂੰ ਨਕਾਰਨਾ, ਔਰਤ ਦੀ ਮਰਜ਼ੀ ਨੂੰ ਅਹਿਮੀਅਤ ਨਾ ਦੇਣਾ)
  • ਉਹ ਐਨੀ ਬਦਸੂਰਤ/ਬੁੱਢੀ/ਮੋਟੀ ਹੈ। ਉਸਦੇ ਨਾਲ ਕੌਣ ਰੇਪ ਕਰੇਗਾ? (ਬਲਾਤਕਾਰ ਨੂੰ ਔਰਤ ਦੇ ਸਰੀਰ, ਚਿਹਰੇ ਅਤੇ ਉਮਰ ਨਾਲ ਜੋੜ ਕੇ ਦੇਖਣਾ)
  • ਉਸਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਨਹੀਂ ਹਨ, ਉਸ ਨਾਲ ਮੁਕਾਬਲਾ ਕਿਉਂ ਨਹੀਂ ਕੀਤਾ?
  • ਉਸ ਨੇ ਉਸ ਸਮੇਂ ਸ਼ਿਕਾਇਤ ਕਿਉਂ ਨਹੀਂ ਕੀਤੀ? ਹੁਣ ਕਿਉਂ ਬੋਲ ਰਹੀ ਹੈ?
  • ਜ਼ਰੂਰ ਮਸ਼ਹੂਰੀ ਲਈ ਕਰ ਰਹੀ ਹੋਵੇਗੀ। ਹਮਦਰਦੀ ਹਾਸਲ ਕਰਨਾ ਚਾਹੁੰਦੀ ਹੈ।
  • ਉਹ ਪਹਿਲਾਂ ਵੀ ਇੱਕ ਸ਼ਖਸ ਖ਼ਿਲਾਫ਼ ਸ਼ਿਕਾਇਤ ਕਰ ਚੁੱਕੀ ਹੈ। ਉਸਦੇ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ?

4. ਬ੍ਰੋ ਕਲਚਰ

'ਬ੍ਰੋ ਕਲਚਰ' ਉਹ ਤਰੀਕਾ ਹੈ ਜਿਸਦੇ ਜ਼ਰੀਏ ਮਰਦ ਇੱਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇੱਕ-ਦੂਜੇ ਦੇ ਜੁਲਮਾਂ ਨੂੰ ਢਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇੱਕ-ਦੂਜੇ ਨੂੰ ਮਾਸੂਮ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।

ਜਿਵੇਂ ਕਿ- ਅਤੇ, ਉਹ ਤਾਂ ਸਿੱਧਾ ਜਿਹਾ ਮੁੰਡਾ ਹੈ! ਉਹ ਕਦੇ ਅਜਿਹਾ ਨਹੀਂ ਕਰ ਸਕਦਾ, ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ...

ਬ੍ਰੋ ਕਲਚਰ ਦਾ ਬਹਿਤਰੀਨ ਉਦਾਹਰਣ ਹੈ- ਹੈਸ਼ਟੈਗ #NotAllMen.

ਜਦੋਂ ਵੀ ਔਰਤਾਂ ਆਪਣੇ ਨਾਲ ਹੋਣ ਵਾਲੇ ਬਲਾਤਕਾਰ, ਹਿੰਸਾ ਅਤੇ ਤਸ਼ੱਦਦ ਦੀ ਗੱਲ ਕਰਦੀ ਹੈ, ਮਰਦਾਂ ਦਾ ਇੱਕ ਤਬਕਾ #NotAllMen ਦੇ ਹਵਾਲੇ ਨਾਲ ਮੁੱਦੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਲਗਦਾ ਹੈ।

ਇਹ ਵੀ ਪੜ੍ਹੋ:

ਸਵਾਲ ਇਹ ਹੈ ਕਿ ਔਰਤਾਂ ਦੀ ਸ਼ਿਕਾਇਤ ਨੂੰ ਪੁਰਸ਼ ਆਪਣੇ ’ਤੇ ਕਿਉਂ ਲੈ ਲੈਂਦੇ ਹਨ? ਸ਼ਾਇਦ ਇਸ ਲਈ ਕਿਉਂਕਿ ਪੁਰਸ਼ਾਂ ਦਾ ਇੱਕ ਵੱਡਾ ਵਰਗ ਕਦੇ-ਕਦੇ ਅਜਿਹੇ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ, ਇਸ ਲਈ ਉਹ ਇੱਕ-ਜੁੱਟ ਹੋ ਕੇ ਇੱਕ-ਦੂਜੇ ਲਈ ਢਾਲ ਬਣ ਜਾਂਦੇ ਹਨ।

ਐਨਾ ਹੀ ਨਹੀਂ, ਪੁਰਸ਼ਾਂ ਦਾ ਇੱਕ ਵਰਗ ਅਜਿਹਾ ਵੀ ਹੈ ਜਿਹੜਾ ਪਤਾ ਨਹੀਂ ਕਿੱਥੋਂ ਅਜਿਹੇ ਅੰਕੜੇ ਜੁਟਾ ਲੈਂਦਾ ਹੈ ਕਿ ਬਲਾਤਕਾਰ ਦੇ 90 ਫ਼ੀਸਦ ਮਾਮਲੇ ਅਤੇ ਛੇੜਛਾੜ ਦੇ 99% ਮਾਮਲੇ ਝੂਠੇ ਹੁੰਦੇ ਹਨ !

ਇਹੀ ਵਰਗ ਹੈ ਜਿਸ ਨੂੰ ਪੁਰਸ਼ਾਂ ਦੇ ਨਾਲ ਹੋਣ ਵਾਲੇ ਤਸ਼ਦੱਦ ਦੀ ਯਾਦ ਉਦੋਂ ਹੀ ਆਉਂਦੀ ਹੈ ਜਦੋਂ ਔਰਤ ਆਪਣੇ ਤਸ਼ੱਦਦ ਦੀ ਗੱਲ ਕਰਦੀ ਹੈ।

5. ਬੰਦ ਕਮਰੇ ਵਿੱਚ ਹੋਣ ਵਾਲੀਆਂ ਗੱਲਾਂ

"ਭਰਾ...ਉਸ ਕੁੜੀ ਨੂੰ ਦੇਖਿਆ, ਮੈਂ ਤਾਂ ਇੱਕ ਰਾਤ ਲਈ ਵੀ ਉਸਦੇ ਨਾਲ ਚਲਾ ਜਾਵਾਂ।"

"ਯਾਰ, ਉਸਦਾ ਫਿਗਰ ਦੇਖਿਆ? ਮੌਕਾ ਮਿਲੇ ਤਾਂ ਮੈਂ**** (ਅੱਗੇ ਦੀ ਗੱਲਬਾਤ ਇਤਰਾਜ਼ਯੋਗ ਭਾਸ਼ਾ ਕਾਰਨ ਇੱਥੇ ਨਹੀਂ ਲਿਖੀ ਜਾ ਸਕਦੀ।)

ਕੁਝ ਅਜਿਹਾ ਹੀ ਤਾਂ ਹੁੰਦਾ ਹੈ ਪੁਰਸ਼ਾਂ ਦੀਆਂ ਬੰਦ ਕਮਰੇ ਦੀਆਂ ਗੱਲਾਂ ਵਿੱਚ।

ਜੈਂਡਰ ਸਟਡੀ 'ਚ ਬੰਦ ਕਮਰੇ ਦੀਆਂ ਗੱਲਾਂ (ਲੌਕਰ ਰੂਮ ਟੌਕ) ਦਾ ਭਾਵ ਪੁਰਸ਼ਾਂ ਦੀ ਉਸ ਇਤਰਾਜ਼ਯੋਗ ਗੱਲਬਾਤ ਤੋਂ ਹੈ ਜਿਹੜੀ ਉਹ ਆਮ ਤੌਰ 'ਤੇ ਔਰਤਾਂ ਦੇ ਸਾਹਮਣੇ ਨਹੀਂ ਕਰਦੇ।

ਇਹ ਉਹ ਗੱਲਬਾਤ ਹੈ ਜਿਸ ਵਿੱਚ ਮਰਦ ਖੁੱਲ੍ਹ ਕੇ ਔਰਤਾਂ ਨੂੰ ਨੀਵਾਂ ਦਿਖਾਉਂਦੇ ਹਨ, ਉਨ੍ਹਾਂ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਹਨ ਅਤੇ ਉਹ ਸਾਰੀਆਂ ਗੱਲਾਂ ਕਹਿੰਦੇ ਹਨ ਜਿਹੜੀਆਂ ਉਹ ਜਨਤਕ ਤੌਰ 'ਤੇ ਕਹਿਣ ਤੋਂ ਬਚਦੇ ਹਨ।

6. ਔਰਤਾਂ ਦੀ ਆਜ਼ਾਦੀ ਤੋਂ ਡਰਨਾ

  • ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਰੂਪ ਤੋਂ ਆਤਮ-ਨਿਰਭਰ ਨਾ ਹੋਣ ਦੇਣਾ।
  • ਜਿੰਨਾ ਜ਼ਿਆਦਾ ਹੋ ਸਕੇ, ਔਰਤਾਂ ਨੂੰ ਘਰ ਰਹਿਣ ਲਈ ਮਜਬੂਰ ਕਰਨਾ। ਉਨ੍ਹਾਂ ਨੂੰ ਬਾਹਰੀ ਦੁਨੀਆਂ ਤੋਂ ਵਾਕਿਫ਼ ਹੋਣ ਦਾ ਮੌਕਾ ਨਾ ਦੇਣਾ।
  • ਕੁਆਰੇਪਣ ਨੂੰ ਚਰਿੱਤਰ ਦੀ ਮਹਾਨਤਾ ਨਾਲ ਜੋੜਨਾ ਅਤੇ ਔਰਤਾਂ ਦੀ ਸੈਕਸ਼ੁਐਲਟੀ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰਨਾ।
  • ਰੋਮਾਂਟਿਕ ਅਤੇ ਸੈਕਸ਼ੁਅਲ ਰਿਸ਼ਤਿਆਂ ਵਿੱਚ ਪਹਿਲ ਕਰਨ ਵਾਲੀਆਂ ਔਰਤਾਂ ਨੂੰ ਬੇਇੱਜ਼ਤ ਕਰਨਾ।
  • ਧਰਮ ਅਤੇ ਰੀਤੀ-ਰਿਵਾਜ਼ਾਂ ਦਾ ਹਵਾਲਾ ਦੇ ਕੇ ਔਰਤਾਂ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰਨਾ।

7. ਤਾਕਤਵਰ ਲੋਕਾਂ ਦੀ ਅਸੰਵੇਦਨਸ਼ੀਲਤਾ

  • ਨਿਰਭਿਆ ਗੈਂਗਰੇਪ ਮਾਮਲੇ ਵਿੱਚ ਮੁਲਜ਼ਮਾਂ ਦੇ ਵਕੀਲ ਏਪੀ ਸਿੰਘ ਨੇ ਕਿਹਾ ਸੀ, "ਜੇਕਰ ਮੇਰੀ ਕੁੜੀ ਜਾਂ ਭੈਣ ਵਿਆਹ ਤੋਂ ਪਹਿਲਾਂ ਕਿਸੇ ਨਾਲ ਸਬੰਧ ਰੱਖਦੀ ਹੈ ਜਾਂ ਅਜਿਹਾ ਕੋਈ ਕੰਮ ਕਰਦੀ ਹੈ ਜਿਸ ਨਾਲ ਉਸਦੇ ਚਰਿੱਤਰ 'ਤੇ ਦਾਗ ਲੱਗਦਾ ਹੈ ਤਾਂ ਮੈਂ ਉਸ ਨੂੰ ਫਾਰਮ ਹਾਊਸ ਲਿਜਾ ਕੇ ਉਸ 'ਤੇ ਪੈਟਰੋਲ ਛਿੜਕ ਕੇ ਪੂਰੇ ਪਰਿਵਾਰ ਸਾਹਮਣੇ ਅੱਗ ਲਗਾ ਦਿਆਂਗਾ।"
  • ਨਿਰਭਿਆ ਮਾਮਲੇ ਵਿੱਚ ਹੀ ਦੂਜੇ ਮੁਲਜ਼ਮ ਦੇ ਵਕੀਲ ਐਮਐਲ ਸ਼ਰਮਾ ਨੇ ਕਿਹਾ ਸੀ, "ਸਾਡੇ ਸਮਾਜ ਵਿੱਚ ਅਸੀਂ ਕੁੜੀਆਂ ਕਿਸੇ ਅਣਜਾਣ ਸ਼ਖ਼ਸ ਨਾਲ ਸ਼ਾਮ 7.30 ਜਾਂ 8.30 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦੀਆਂ ਹਨ, ਅਤੇ ਤੁਸੀਂ ਮੁੰਡੇ ਜਾਂ ਕੁੜੀ ਦੀ ਦੋਸਤੀ ਦੀ ਗੱਲ ਕਰਦੇ ਹੋ? ਸੌਰੀ, ਸਾਡੇ ਸਮਾਜ ਵਿੱਚ ਅਜਿਹਾ ਨਹੀਂ ਹੁੰਦਾ ਹੈ। ਸਾਡਾ ਸਭਿਆਚਾਰ ਸਭ ਤੋਂ ਮਹਾਨ ਬੈਸਟ ਹੈ। ਸਾਡੇ ਕਲਚਰ ਵਿੱਚ ਮਹਿਲਾ ਦੀ ਕੋਈ ਥਾਂ ਨਹੀਂ ਹੈ।''
  • ਹਾਲ ਹੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਪਹਿਲਾਂ ਮੁੰਡੇ-ਕੁੜੀਆਂ ਇਕੱਠੇ ਘੁੰਮਦੇ ਹਨ ਅਤੇ ਫਿਰ ਲੜਾਈ ਹੋ ਜਾਵੇ ਤਾਂ ਬਲਾਤਕਾਰ ਦਾ ਇਲਜ਼ਾਮ ਲਗਾ ਦਿੱਤਾ ਜਾਂਦਾ ਹੈ।
  • ਭਾਰਤ ਦੀ ਸੰਸਦ ਵਿੱਚ ਸਟੌਕਿੰਗ 'ਤੇ ਚਰਚਾ ਦੌਰਾਨ ਕੁਝ ਸਾਂਸਦ ਹੱਸਦੇ ਹੋਏ ਅਤੇ ਇਸ 'ਤੇ ਠਹਾਕੇ ਲਗਾਉਂਦੇ ਦੇਖੇ ਗਏ।
  • ਬਲਾਤਕਾਰ ਦੇ ਇੱਕ ਮਾਮਲੇ 'ਚ ਆਇਰਲੈਂਡ ਦੀ ਅਦਾਲਤ 'ਚ ਸੁਣਵਾਈ ਦੌਰਾਨ ਵਕੀਲ ਨੇ ਕੁੜੀ ਦਾ ਅੰਡਰਵੇਅਰ ਦਿਖਾਇਆ ਅਤੇ ਕਿਹਾ ਕਿ ਉਸ ਨੇ 'ਲੈਸ ਵਾਲੀ ਥੌਂਗ' ਪਹਿਨ ਰੱਖੀ ਸੀ ਇਸ ਲਈ ਸ਼ਾਇਦ ਉਹ ਮੁੰਡੇ ਦੇ ਨਾਲ ਸਹਿਮਤੀ ਨਾਲ ਸੈਕਸ ਕਰਨਾ ਚਾਹੁੰਦੀ ਸੀ।
  • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਂ ਔਰਤਾਂ ਦੇ ਬਾਰੇ ਅਜਿਹੀਆਂ-ਅਜਿਹੀਆਂ ਇਤਰਾਜ਼ਯੋਗ ਗੱਲਾਂ ਕਹੀਆਂ ਹਨ ਜਿਨ੍ਹਾਂ ਨੂੰ ਇੱਥੇ ਲਿਖਿਆ ਵੀ ਨਹੀਂ ਜਾ ਸਕਦਾ।
  • ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਡੁਟਾਰਟੋ ਵੀ ਔਰਤਾਂ ਦੇ ਬਾਰੇ ਇੱਕ ਤੋਂ ਇੱਕ ਵੱਧ ਕੇ ਇਤਰਾਜ਼ਯੋਗ ਬਿਆਨ ਦਿੰਦੇ ਰਹਿੰਦੇ ਹਨ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਕਿਹਾ ਸੀ ਕਿ ਦੁਨੀਆਂ ਵਿੱਚ ਜਦੋਂ ਤੱਕ ਖ਼ੂਬਸੂਰਤ ਔਰਤਾਂ ਰਹਿਣਗੀਆਂ, ਬਲਾਤਕਾਰ ਹੁੰਦੇ ਰਹਿਣਗੇ।

ਬਦਲੇ ਲਈ ਬਲਾਤਕਾਰ

ਇਸ ਸਭ ਕੁਝ ਤੋਂ ਇਲਾਵਾ ਵੀ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਰੇਪ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਜਿਵੇਂ ਬਲਾਤਕਾਰ ਨੂੰ ਸ਼ਰਮਿੰਦਗੀ ਨਾਲ ਜੋੜਨਾ, ਰੇਪ ਪੀੜਤਾ ਅਤੇ ਉਸਦੇ ਪਰਿਵਾਰ ਦਾ ਸਮਾਜਿਕ ਬਾਈਕਾਟ, ਅਪਰਾਧੀਆਂ ਨੂੰ ਸਜ਼ਾ ਦਿਵਾਉਣ ਤੋਂ ਲੈ ਕੇ ਉਦਾਸੀਨ ਰਵੱਈਆ, ਬਲਾਤਕਾਰ ਨੂੰ ਸਿਆਸੀ-ਸਮਾਜਿਕ ਕਾਰਨਾਂ ਕਰਕੇ ਅਤੇ ਯੁੱਧ ਦੌਰਾਨ ਬਦਲੇ ਦੇ ਹਥਿਆਰ ਦੇ ਤੌਰ 'ਤੇ ਵਰਤਣਾ।

ਦੇਸ ਦੀ ਸੰਸਦ ਵਿੱਚ ਬਲਾਤਕਾਰ ਦੇ ਇਲਜ਼ਾਮਾਂ ਨਾਲ ਘਿਰੇ ਲੋਕਾਂ ਦਾ ਪਹੁੰਚਣਾ ਅਤੇ ਰੇਪ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਧਰਮ ਗੁਰੂਆਂ ਪਿੱਛੇ ਲੋਕਾਂ ਦੀ ਅੰਨ੍ਹੀ ਭਗਤੀ ਵੀ ਰੇਪ ਕਲਚਰ ਦੀਆਂ ਕੁਝ ਉਦਾਹਰਣਾਂ ਹਨ।

ਇਨ੍ਹਾਂ ਵਿੱਚੋਂ ਕੁਝ ਗੱਲਾਂ ਤੁਹਾਨੂੰ ਵੱਡੀਆਂ ਲੱਗ ਸਕਦੀਆਂ ਹਨ ਅਤੇ ਕੁਝ ਛੋਟੀਆਂ ਪਰ ਸੱਚ ਤਾਂ ਇਹ ਹੈ ਕਿ ਇਨ੍ਹਾਂ ਸਭ ਦੀ 'ਰੇਪ ਕਲਚਰ' ਨੂੰ ਬਣਾਈ ਰੱਖਣ ਦੀ ਕੋਈ ਨਾ ਕੋਈ ਭੂਮਿਕਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)