You’re viewing a text-only version of this website that uses less data. View the main version of the website including all images and videos.
ਅੰਡੇਮਾਨ ਦੇ ਸੈਂਟੀਨੈਲੀਜ਼ ਕਬੀਲੇ ਦੇ ਲੋਕਾਂ ਨੂੰ ਕਈ ਵਾਰ ਮਿਲਣ ਵਾਲੇ ਭਾਰਤੀ ਦਾ ਤਜਰਬਾ
- ਲੇਖਕ, ਸਵਾਮੀਨਾਥਨ ਨਟਰਾਜਨ
- ਰੋਲ, ਬੀਬੀਸੀ ਵਰਲਡ ਸਰਵਿਸ
ਅੰਡੇਮਾਨ ਦੀਪ ਸਮੂਹ ਦੇ ਇੱਕ ਦੀਪ ਉੱਪਰ ਇਨਸਾਨੀ ਸਭਿਅਤਾ ਤੋਂ ਦੂਰ ਵਸਦੇ ਸੈਂਟੀਨੈਲੀਜ਼ ਕਬੀਲੇ ਬਾਰੇ ਮਾਨਵ-ਵਿਗਿਆਨੀ ਟੀ. ਐਨ. ਪੰਡਿਤ ਜਿੰਨਾ ਸ਼ਾਇਦ ਹੀ ਕੋਈ ਜਾਣਦਾ ਹੋਵੇ।
ਸੈਂਟੀਨੈਲੀਜ਼ ਕਬੀਲਾ 27 ਸਾਲਾ ਅਮਰੀਕੀ ਨਾਗਰਿਕ ਅਤੇ ਮਿਸ਼ਨਰੀ ਦੇ ਕਤਲ ਕਰਨ ਮਗਰੋਂ ਚਰਚਾ ਵਿੱਚ ਆਇਆ ਹੈ। ਇਸਦੇ ਨਾਲ ਹੀ ਚਰਚਾ ਵਿੱਚ ਆਇਆ ਉਨ੍ਹਾਂ ਦੇ ਜਾਣਕਾਰ ਟੀ. ਐਨ. ਪੰਡਿਤ ਦਾ ਨਾਮ।
ਟੀ. ਐਨ. ਪੰਡਿਤ ਭਾਰਤ ਸਰਕਾਰ ਦੇ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਖੇਤਰੀ ਮੁਖੀ ਸਨ। ਜਦੋਂ ਉਨ੍ਹਾਂ ਨੇ ਇਨਸਾਨੀ ਆਬਾਦੀ ਅਤੇ ਸਭਿਅਤਾ ਤੋਂ ਦੂਰ ਵਸਦੇ ਇਸ ਕਬੀਲੇ ਨਾਲ ਰਾਬਤੇ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ।
ਉਹ ਕਈ ਦਹਾਕਿਆਂ ਤੱਕ ਇਸੇ ਮੰਤਵ ਨੂੰ ਮੁੱਖ ਰੱਖਦਿਆਂ ਸੈਂਟੀਨੈਲੀਜ਼ ਕਬੀਲੇ ਦੇ ਇਸ ਟਾਪੂ ਦੇ ਦੌਰੇ ਕਰਦੇ ਰਹੇ।
ਇਹ ਵੀ ਪੜ੍ਹੋ:
ਸੈਂਟੀਨੈਲੀਜ਼ ਕਬੀਲਾ ਕਈ ਹਜ਼ਾਰ ਸਾਲਾਂ ਤੋਂ ਪੂਰੀ ਦੁਨੀਆਂ ਤੋਂ ਅਲੱਗ ਹਿੰਦ ਮਹਾਂਸਾਗਰ ਵਿੱਚ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਇੱਕ ਟਾਪੂ 'ਤੇ ਵਸ ਰਿਹਾ ਹੈ।
ਪਿਛਲੇ ਹਫ਼ਤੇ, ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਅਮਰੀਕੀ ਵਿਅਕਤੀ ਨੂੰ ਸੈਂਟੀਨੈਲੀਜ਼ ਲੋਕਾਂ ਵੱਲੋਂ ਕਤਲ ਕਰ ਦੇਣ ਦੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਪੂਰੀ ਦੁਨੀਆ ਦਾ ਧਿਆਨ ਇਨ੍ਹਾਂ ਲੋਕਾਂ ਵੱਲ ਅਚਾਨਕ ਖਿੱਚਿਆ ਗਿਆ।
ਟੀ. ਐਨ. ਪੰਡਿਤ ਇਸ ਸਮੇਂ 84 ਸਾਲਾਂ ਦੇ ਹਨ ਅਤੇ ਉਨ੍ਹਾਂ ਕੋਲ ਇਸ ਤੋਂ ਬਿਲਕੁਲ ਵੱਖਰੀ ਕਹਾਣੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਕਬੀਲੇ ਨਾਲ ਅਨੁਭਵ ਇਸ ਤੋਂ ਵੱਖਰਾ ਸੀ। ਉਨ੍ਹਾਂ ਮੁਤਾਬਕ ਇਹ ਕਾਫ਼ੀ ਸ਼ਾਂਤਮਈ ਸਮੂਹ ਹੈ ਅਤੇ ਉਨ੍ਹਾਂ ਨੂੰ ਭਿਆਨਕ ਕਹਿਣਾ ਠੀਕ ਨਹੀਂ ਹੋਵੇਗਾ।
ਬੀਬੀਸੀ ਵਰਲਡ ਸਰਵਿਸ ਨਾਲ ਗੱਲ ਕਰਦਿਆਂ ਪੰਡਿਤ ਨੇ ਦੱਸਿਆ ਕਿ, "ਸੈਂਟੀਨੈਲੀਜ਼ ਦੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸਾਨੂੰ ਕਈ ਵਾਰੀ ਡਰਾਇਆ ਜ਼ਰੂਰ ਹੈ, ਪਰ ਇਹ ਨੌਬਤ ਕਦੇ ਨਹੀਂ ਆਈ ਕਿ ਉਹ ਸਾਨੂੰ ਮਾਰਨ ਜਾਂ ਫਿਰ ਜ਼ਖਮੀ ਕਰਨ। ਜਦੋਂ ਵੀ ਉਨ੍ਹਾਂ ਨੂੰ ਗੁੱਸਾ ਆਉਂਦਾ, ਅਸੀਂ ਪਿੱਛੇ ਹੋ ਜਾਂਦੇ।"
"ਮੈਨੂੰ ਐਡੀ ਦੂਰੋਂ ਅਮਰੀਕਾ ਤੋਂ ਆਏ ਇਸ ਵਿਅਕਤੀ ਦੀ ਮੌਤ 'ਤੇ ਦੁੱਖ ਹੈ ਪਰ ਉਸ ਨੇ ਗਲਤੀ ਕੀਤੀ ਸੀ। ਖੁਦ ਨੂੰ ਬਚਾਉਣ ਦੇ ਉਸ ਕੋਲ ਭਰਪੂਰ ਮੌਕੇ ਸਨ, ਪਰ ਉਹ ਨਹੀਂ ਰੁਕਿਆ ਅਤੇ ਜਿਸ ਦੀ ਕੀਮਤ ਉਸ ਨੂੰ ਆਪਣੀ ਜਾਨ ਨਾਲ ਚੁਕਾਉਣੀ ਪਈ।"
ਸੈਂਟੀਨੈਲੀਜ਼ ਟਾਪੂ 'ਤੇ ਸਿਰਫ਼ ਸੈਂਟੀਨੈਲੀਜ਼ ਕਬੀਲਾ ਹੀ ਵੱਸਦਾ ਹੈ। ਟੀ. ਐਨ. ਪੰਡਿਤ ਇੱਕ ਖੋਜੀ ਸਮੂਹ ਦਾ ਹਿੱਸਾ ਬਣ ਕੇ ਸਾਲ 1967 ਵਿੱਚ ਪਹਿਲੀ ਵਾਰ ਉੱਤਰੀ ਸੈਂਟੀਨੈਲੀਜ਼ ਟਾਪੂ ਪਹੁੰਚੇ ਸਨ।
ਸ਼ੁਰੂ ਵਿੱਚ ਤਾਂ ਸੈਂਟੀਨੈਲੀਜ਼ ਉਨ੍ਹਾਂ ਨੂੰ ਦੇਖ ਕੇ ਜੰਗਲਾਂ ਵਿੱਚ ਲੁਕ ਜਾਂਦੇ ਸਨ ਪਰ ਬਾਅਦ ਦੇ ਕੁਝ ਦੌਰਿਆਂ ਦੌਰਾਨ ਉਨ੍ਹਾਂ ਨੇ ਪੰਡਿਤ ਹੁਰਾਂ 'ਤੇ ਤੀਰਾਂ ਨਾਲ ਹਮਲਾ ਕਰ ਦਿਆ ਕਰਦੇ ਸਨ।
ਪੰਡਿਤ ਨੇ ਦੱਸਿਆ ਕਿ ਕਬੀਲੇ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਵਿਗਿਆਨੀ ਆਪਣੇ ਨਾਲ ਕਈ ਤਰ੍ਹਾਂ ਦੇ ਤੁਹਫੇ ਲੈ ਕੇ ਜਾਇਆ ਕਰਦੇ ਸਨ।
ਟਾਪੂ 'ਤੇ ਆਪਣੀਆਂ ਯਾਤਰਾਵਾਂ ਬਾਰੇ ਲਿਖੇ ਇੱਕ ਲੇਖ ਬਾਰੇ ਯਾਦ ਕਰਦਿਆਂ ਪੰਡਿਤ ਦੱਸਦੇ ਹਨ, "ਤੌਹਫ਼ੇ ਵਜੋਂ ਅਸੀਂ ਉਨ੍ਹਾਂ ਲਈ ਭਾਂਡੇ, ਬਹੁਤ ਸਾਰੇ ਨਾਰੀਅਲ, ਲੋਹੇ ਦੇ ਔਜ਼ਾਰ ਜਿਵੇਂ ਹਥੌੜੇ ਅਤੇ ਆਦਿ ਕਈ ਕੁਝ ਲੈ ਕੇ ਜਾਂਦੇ ਸਨ। ਸੈਂਟੀਨੈਲੀਜ਼ ਲੋਕਾਂ ਦੀ ਭਾਸ਼ਾ ਅਤੇ ਇਸ਼ਾਰਿਆਂ ਨੂੰ ਸਮਝਣ ਲਈ ਅਸੀਂ ਆਪਣੇ ਨਾਲ ਇੱਕ ਹੋਰ ਸਥਾਨਿਕ ਕਬੀਲੇ ਔਂਜ ਦੇ ਕੁਝ ਲੋਕਾਂ ਨੂੰ ਵੀ ਨਾਲ ਲੈ ਕੇ ਜਾਂਦੇ ਸੀ।"
ਉਨ੍ਹਾਂ ਮੁਤਾਬਿਕ, "ਜਦੋਂ ਸੈਂਟੀਨੈਲੀਜ਼ ਨਾਲ ਸਾਡਾ ਸਾਹਮਣਾ ਹੋਇਆ ਤਾਂ ਉਹ ਬਹੁਤ ਗੁੱਸੇ ਵਿੱਚ ਸਨ। ਉਹ ਲੰਬੇ-ਲੰਬੇ ਤੀਰ ਕਮਾਨਾਂ ਨਾਲ ਲੈਸ ਹੋ ਕੇ ਆਪਣੀ ਧਰਤੀ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ।"
ਹਾਲਾਂਕਿ ਇਸ ਦਿਸ਼ਾ ਵਿੱਚ ਕੁਝ ਸਫ਼ਲਤਾ ਮਿਲੀ ਅਤੇ ਇਸ ਰਹੱਸਮਈ ਕਬੀਲੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਵਿੱਚ ਪੰਡਿਤ ਹੁਰੀਂ ਕੁਝ ਚੀਜ਼ਾਂ ਦੀਪ ਦੇ ਕੰਢੇ 'ਤੇ ਛੱਡ ਆਉਂਦੇ ਸਨ।
ਪੰਡਿਤ ਦੱਸਦੇ ਹਨ ਕਿ ਇੱਕ ਵਾਰ ਉਨ੍ਹਾਂ ਨੇ ਕਬੀਲੇ ਨੂੰ ਤੋਹਫ਼ੇ ਵਜੋਂ ਜ਼ਿੰਦਾ ਸੂਰ ਦਿੱਤਾ, ਜੋ ਉਨ੍ਹਾਂ ਨੂੰ ਪਸੰਦ ਨਹੀਂ ਆਇਆ। ਕਬੀਲੇ ਵਾਲਿਆਂ ਨੇ ਉਸ ਨੂੰ ਤੁਰੰਤ ਹੀ ਭਾਲੇ ਨਾਲ ਮਾਰ ਕੇ ਰੇਤ ਵਿੱਚ ਦੱਬ ਦਿੱਤਾ।
ਕਬੀਲੇ ਨਾਲ ਸੰਪਰਕ ਦੀ ਕੋਸ਼ਿਸ਼
ਕਬੀਲੇ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਪਰ ਆਖਰ ਸਾਲ 1991 ਵਿੱਚ ਉਹ ਲੋਕ ਪਹਿਲੀ ਵਾਰ ਸ਼ਾਂਤਮਈ ਢੰਗ ਨਾਲ ਪੰਡਿਤ ਹੁਰਾਂ ਨੂੰ ਸਮੁੰਦਰ ਵਿੱਚ ਮੂਹਰੇ ਹੋ ਕੇ ਮਿਲੇ।
ਟੀ. ਐਨ. ਪੰਡਿਤ ਦਸਦੇ ਹਨ, "ਅਸੀਂ ਹੈਰਾਨ ਸੀ ਕਿ ਉਨ੍ਹਾਂ ਨੇ ਸਾਨੂੰ ਇਜਾਜ਼ਤ ਕਿਉਂ ਦੇ ਦਿੱਤੀ। ਸਾਨੂੰ ਮਿਲਣਾ ਉਨ੍ਹਾਂ ਦਾ ਫ਼ੈਸਲਾ ਸੀ ਅਤੇ ਇਹ ਮੁਲਾਕਾਤ ਵੀ ਉਨ੍ਹਾਂ ਦੀਆਂ ਸ਼ਰਤਾਂ 'ਤੇ ਹੀ ਹੋਈ।"
"ਅਸੀਂ ਆਪਣੀ ਕਿਸ਼ਤੀ ਤੋਂ ਉਤਰ ਕੇ, ਗਰਦਨ ਤੱਕ ਡੂੰਘੇ ਪਾਣੀ ਵਿਚ ਖੜ੍ਹੇ ਹੋ ਕੇ ਉਨ੍ਹਾਂ ਨੂੰ ਨਾਰੀਅਲ ਅਤੇ ਹੋਰ ਤੋਹਫ਼ੇ ਉਨ੍ਹਾਂ ਨੂੰ ਦਿੱਤੇ। ਪਰ ਸਾਨੂੰ ਉਨ੍ਹਾਂ ਦੇ ਟਾਪੂ 'ਤੇ ਪੈਰ ਰੱਖਣ ਦੀ ਇਜਾਜ਼ਤ ਨਹੀਂ ਮਿਲੀ।"
ਪੰਡਿਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ 'ਤੇ ਹਮਲਾ ਹੋਣ ਦੀ ਚਿੰਤਾ ਨਹੀਂ ਸੀ, ਪਰ ਉਹ ਕਬੀਲੇ ਵਾਲਿਆਂ ਦੇ ਨੇੜੇ ਬਹੁਤ ਹੀ ਸਾਵਧਾਨ ਰਹਿੰਦੇ ਸਨ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਟੀਮ ਮੈਂਬਰਾਂ ਨੇ ਇਸ਼ਾਰਿਆਂ ਨਾਲ ਸੈਂਟੀਨੈਲੀਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫ਼ਲਤਾ ਨਹੀਂ ਮਿਲ ਸਕੀ ਕਿਉਂਕਿ ਕਬੀਲੇ ਦੇ ਲੋਕੀਂ ਆਪਣੇ ਤੋਹਫ਼ਿਆਂ ਵਿੱਚ ਮਸਤ ਸਨ।
ਪੰਡਿਤ ਨੇ ਦੱਸਆ ਕਿ, "ਉਹ ਆਪਸ ਵਿੱਚ ਹੀ ਗੱਲ ਕਰਦੇ ਰਹੇ, ਪਰ ਅਸੀਂ ਕੁਝ ਸਮਝ ਨਹੀਂ ਸਕੇ। ਇਹ ਭਾਸ਼ਾ ਖੇਤਰ ਵਿੱਚ ਬਾਕੀ ਕਬਾਲਿਆਂ ਦੀਆਂ ਭਾਸ਼ਾਵਾਂ ਵਰਗੀ ਹੀ ਲੱਗ ਰਹੀ ਰਹੀ ਸੀ।
ਗੈਰ-ਸੁਆਗਤੀ ਵਾਕਿਆ
ਟੀ. ਐਨ. ਪੰਡਿਤ ਮੁਤਾਬਕ ਇੱਕ ਯਾਦਗਾਰੀ ਫੇਰੀ ਸਮੇਂ ਉਨ੍ਹਾਂ ਨੂੰ ਕਬੀਲੇ ਦੇ ਇੱਕ ਨੌਜਵਾਨ ਮੈਂਬਰ ਨੇ ਡਰਾਇਆ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਂ ਸੈਂਟੀਨੈਲੀਜ਼ ਨੂੰ ਨਾਰੀਅਲ ਦੇ ਰਿਹਾ ਸੀ। ਮੈਂ ਆਪਣੇ ਸਮੂਹ ਤੋਂ ਵੱਖ ਹੋ ਕੇ ਤੱਟ ਦੇ ਨੇੜੇ ਪਹੁੰਚ ਗਿਆ। ਇੱਕ ਨੌਜਵਾਨ ਸੈਂਟੀਨੈਲੀਜ਼ ਨੇ ਮੈਨੂੰ ਦੇਖ ਕੇ ਅਜੀਬ ਜਿਹਾ ਮੂੰਹ ਬਣਾਇਆ। ਉਸਨੇ ਆਪਣਾ ਚਾਕੂ ਮੈਨੂੰ ਦਿਖਾਉਂਦਿਆਂ ਇੰਝ ਇਸ਼ਾਰਾ ਕੀਤਾ ਜਿਵੇਂ ਉਹ ਮੇਰਾ ਗਲਾ ਵੱਢ ਦੇਵੇਗਾ। ਮੈਂ ਤੁਰੰਤ ਹੀ ਆਪਣੀ ਬੇੜੀ ਬੁਲਾਈ ਅਤੇ ਫ਼ਟਾ-ਫ਼ਟ ਉੱਥੋਂ ਨਿਕਲਿਆ।"
ਉਸ ਲੜਕੇ ਦਾ ਇਸ਼ਾਰਾ ਮਹੱਤਵਪੂਰਨ ਸੀ ਕਿਉਂਕਿ ਇਸ ਰਾਹੀਂ ਉਸ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਹ ਮੇਰੀ ਮੌਜੂਦਗੀ ਤੋਂ ਖ਼ੁਸ਼ ਨਹੀਂ ਸੀ।
ਇਸ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਤਰ੍ਹਾਂ ਦੀਆਂ ਤੋਹਫ਼ੇ ਵੰਡਣ ਵਾਲੀਆਂ ਖੋਜੀ ਯਾਤਰਾਵਾਂ ਛੱਡ ਦਿੱਤੀਆਂ ਹਨ। ਬਾਹਰੀ ਲੋਕਾਂ ਦੇ ਇਸ ਟਾਪੂ ਤੱਕ ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਸੈਂਟੀਨੈਲੀਜ਼ ਲੋਕਾਂ ਨੂੰ ਆਪਣੇ ਟਾਪੂ 'ਤੇ ਇਕਾਂਤ ਵਿੱਚ ਛੱਡਣ ਪਿੱਛੇ ਤਰਕ ਇਹ ਹੈ ਕਿ ਉਨ੍ਹਾਂ ਨੂੰ ਬਾਹਰੀ ਦੁਨੀਆ ਦੀਆਂ ਘਾਤਕ ਬਿਮਾਰੀਆਂ ਤੋਂ ਦੂਰ ਰੱਖਿਆ ਜਾਵੇ। ਸੰਭਵ ਹੈ ਕਿ ਉਨ੍ਹਾਂ ਦਾ ਸਰੀਰ ਫਲੂ ਵਰਗੀਆਂ ਆਮ ਬਿਮਾਰੀਆਂ ਖਿਲਾਫ਼ ਵੀ ਨਾ ਲੜ ਸਕਦਾ ਹੋਵੇ।
ਪੰਡਿਤ ਨੇ ਦੱਸਿਆ ਕਿ ਉਨ੍ਹਾਂ ਦੇ ਟੀਮ ਦੇ ਮੈਂਬਰਾਂ ਦੀ ਯਾਤਰਾ ਤੇ ਭੇਜਣ ਤੋਂ ਪਹਿਲਾਂ ਲਾਗ ਦੀਆਂ ਬਿਮਾਰੀਆਂ ਲਈ ਜਾਂਚ ਕੀਤੀ ਜਾਂਦੀ ਸੀ। ਅਤੇ ਸਿਰਫ਼ ਸਿਹਤਮੰਦ ਲੋਕਾਂ ਨੂੰ ਹੀ ਉੱਤਰੀ ਸੈਂਟੀਨੈਲੀਜ਼ ਭੇਜਿਆ ਜਾਂਦਾ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਕਤਲ ਕੀਤੇ ਗਏ ਚਾਓ ਨੇ ਆਪਣੀ ਇਸ ਯਾਤਰਾ ਲਈ ਅਧਿਕਾਰਤ ਆਗਿਆ ਨਹੀਂ ਲਈ ਸੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਨੇ ਸਥਾਨਕ ਮਛੇਰਿਆਂ ਨੂੰ 25 ਹਜ਼ਾਰ ਰੁਪਏ ($354; £275) ਦਿੱਤੇ ਤਾਂ ਜੋ ਉਹ ਗੈਰ-ਕਾਨੂੰਨੀ ਤਰੀਕੇ ਨਾਲ ਟਾਪੂ 'ਤੇ ਪਹੁੰਚ ਸਕੇ ਅਤੇ ਕਬੀਲੇ ਦੇ ਲੋਕਾਂ ਨੂੰ ਇਸਾਈ ਧਰਮ ਵਿੱਚ ਸ਼ਮਲ ਕਰ ਸਕੇ।
ਇਸ ਵੇਲੇ ਯਤਨ ਕੀਤੇ ਜਾ ਰਹੇ ਹਨ ਕਿ ਕਿਸੇ ਤਰੀਕੇ ਉਸ ਅਮਰੀਕੀ ਲੜਕੇ ਦੀ ਲਾਸ਼ ਲੱਭੀ ਜਾ ਸਕੇ - ਪੰਡਿਤ ਦੇ ਸੁਝਾਅ ਮੁਤਾਬਿਕ ਇਹ ਅਧਿਆਰੀਆਂ ਦੀ ਪਹੁੰਚ ਨਾਲ ਹੀ ਸੰਭਵ ਹੋ ਸਕਦਾ ਹੈ।
ਟੀ. ਐਨ. ਪੰਡਿਤ ਉਸ ਕਬੀਲੇ ਨੂੰ ਬਾਕੀ ਲੋਕਾਂ ਦਾ ਵਿਰੋਧੀ ਕਰਾਰ ਦੇਣਾ ਠੀਕ ਨਹੀਂ ਸਮਝਦੇ।
ਇੰਡੀਅਨ ਐਕਸਪ੍ਰੈਸ ਅਖ਼ਬਾਰ ਨੂੰ ਉਨ੍ਹਾਂ ਦੱਸਿਆ, "ਇਹ ਗਲਤ ਨਜ਼ਰੀਆ ਹੈ। ਇਸ ਸਥਿਤੀ ਵਿਚ ਹਮਲਾਵਰ ਅਸੀਂ ਹਾਂ। ਅਸੀਂ ਉਨ੍ਹਾਂ ਦੇ ਇਲਾਕੇ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਾਂ।"
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਸੈਂਟੀਨੈਲੀਜ਼ ਸ਼ਾਂਤੀ-ਪਸੰਦ ਲੋਕ ਹਨ। ਉਹ ਲੋਕਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਨੇੜੇ ਦੇ ਇਲਾਕਿਆਂ 'ਚ ਨਹੀਂ ਜਾਂਦੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮੁਸ਼ਕਲਾਂ ਖੜ੍ਹੀਆਂ ਕਰਦੇ ਹਨ। ਇਸ ਤਰ੍ਹਾਂ ਦੀ ਘਟਨਾ ਆਮ ਨਹੀਂ ਹੈ।"
ਪੰਡਿਤ ਨੇ ਕਿਹਾ ਕਿ ਉਹ ਕਬੀਲੇ ਨਾਲ ਦੋਸਤਾਨਾ ਰਿਸ਼ਤਿਆਂ ਲਈ ਤੋਹਫ਼ੇ ਵੰਡਣ ਵਾਲੀ ਮੁਹਿੰਮ ਮੁੜ ਸ਼ੁਰੂ ਕਰਨ ਦੇ ਵਕਾਲਤੀ ਹਨ ਅਤੇ ਕਬੀਲੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਆਖਿਆ, "ਸਾਨੂੰ ਉਨ੍ਹਾਂ ਦੀ ਇਕੱਲੇ ਰਹਿਣ ਦੀ ਇੱਛਾ ਦਾ ਸਤਿਕਾਰ ਕਰਨਾ ਚਾਹੀਦਾ ਹੈ।"
ਸਰਵਾਈਵਲ ਇੰਟਰਨੈਸ਼ਨਲ ਵਰਗੇ ਸਮੂਹਾਂ ਦਾ ਵੀ ਇਹੀ ਦ੍ਰਿਸ਼ਟੀਕੋਣ ਹੈ, ਉਨ੍ਹਾਂ ਨੇ ਚਾਓ ਦੀ ਲਾਸ਼ ਨੂੰ ਲੱਭਣ ਦੇ ਯਤਨ ਛੱਡਣ ਲਈ ਸਥਾਨਕ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ: