You’re viewing a text-only version of this website that uses less data. View the main version of the website including all images and videos.
ਸਬਰੀਮਲਾ : ਤਸਵੀਰ 'ਅਸ਼ਲੀਲ' ਹੋਣ ਦੀ ਸ਼ਿਕਾਇਤ 'ਤੇ ਮਾਡਲ ਰੇਹਾਨਾ ਫਾਤਿਮਾ ਦੀ ਗ੍ਰਿਫ਼ਤਾਰੀ
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼, ਦਿੱਲੀ
ਪਿਛਲੇ ਮਹੀਨੇ ਕੇਰਲ ਦੇ ਸਬਰੀਮਲਾ ਮੰਦਿਰ ਵਿੱਚ ਦਾਖਲ ਹੋਣ ਦੀ ਅਸਫ਼ਲ ਕੋਸ਼ਿਸ਼ ਕਰਨ ਵਾਲੀ ਰੇਹਾਨਾ ਫਾਤਿਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਫਾਤਿਮਾ ਦੇ ਖ਼ਿਲਾਫ਼ ਲੱਗੇ ਇਲਜ਼ਾਮਾਂ ਵਿੱਚ ਇੱਕ ਮੰਦਿਰ ਵਿੱਚ ਜਾਣ ਵੇਲੇ ਉਨ੍ਹਾਂ ਵੱਲੋਂ ਫੇਸਬੁੱਕ 'ਤੇ "ਆਪਣੇ ਪੱਟਾਂ ਨੂੰ ਦਿਖਾਉਣ ਵਾਲੀ" ਪਾਈ ਗਈ ਇੱਕ ਤਸਵੀਰ ਵੀ ਸ਼ਾਮਿਲ ਹੈ।
32 ਸਾਲਾ ਟੈਲੀਕੌਮ ਟੈਕਨੀਸ਼ੀਅਨ, ਕਾਰਕੁਨ ਅਤੇ ਮਾਡਲ ਰਿਹਾਨਾ ਨੂੰ ਸਬਰੀਮਲਾ ਮੰਦਿਰ ਵਿੱਚ ਜਾਣ ਤੋਂ ਪ੍ਰਦਰਸ਼ਨਕਾਰੀਆਂ ਵੱਲੋਂ ਰੋਕਿਆ ਗਿਆ ਸੀ।
ਸਬਰੀਮਲਾ 'ਚ "ਮਾਹਵਾਰੀ" ਕਰਕੇ 10 ਤੋਂ 50 ਸਾਲ ਦੀਆਂ ਔਰਤਾਂ ਦੇ ਜਾਣ 'ਤੇ ਪਾਬੰਦੀ ਹੈ।
ਦਲੀਲ ਹੈ ਕਿ ਔਰਤਾਂ ਇਸ ਦੌਰਾਨ ਅਪਵਿੱਤਰ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਧਾਰਮਿਕ ਰੀਤੀਆਂ ਤੋਂ ਦੂਰ ਰੱਖਿਆ ਜਾਂਦਾ ਹੈ।
ਮੰਦਰ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਭਗਵਾਨ ਅਯੱਪਾ ਕੁਆਰੇ ਸਨ , ਇਸ ਲਈ ਵੀ ਔਰਤਾਂ ਦੇ ਪ੍ਰਵੇਸ਼ 'ਤੇ ਪਾਬੰਦੀ ਹੈ।
ਇਹ ਵੀ ਪੜ੍ਹੋ-
ਸਤੰਬਰ ਵਿੱਚ ਸੁਪਰੀਮ ਕੋਰਟ ਨੇ ਕੇਰਲ ਦੇ ਮਸ਼ਹੂਰ ਹਿੰਦੂ ਮੰਦਿਰ ਸਬਰੀਮਲਾ 'ਚ 10 ਤੋਂ 50 ਸਾਲ ਦੀਆਂ ਔਰਤਾਂ ਨੂੰ ਮੰਦਰ ਵਿੱਚ ਜਾਣ ਦੀ ਆਗਿਆ ਦੇ ਦਿੱਤੀ ਸੀ।
ਅਕਤੂਬਰ ਵਿੱਚ 100 ਪੁਲਿਸ ਵਾਲਿਆਂ ਦੀ ਸੁਰੱਖਿਆ 'ਚ ਫਾਤਿਮਾ ਅਤੇ ਇੱਕ ਮਹਿਲਾ ਪੱਤਰਕਾਰ ਨਾਲ ਪਹਾੜੀ ਦੀ ਚੋਟੀ 'ਤੇ ਮੰਦਿਰ ਤੱਕ ਪਹੁੰਚਣ 'ਚ ਸਫਲ ਰਹੀਆਂ ਸਨ।
ਪਰ ਉਨ੍ਹਾਂ ਨੂੰ ਮੰਦਰ ਤੋਂ ਕੁਝ ਮੀਟਰ ਦੂਰ ਖੜੇ ਸ਼ਰਧਾਲੂਆਂ ਦੇ ਵਿਰੋਧ ਕਾਰਨ ਵਾਪਸ ਜਾਣਾ ਪਿਆ।
ਅਦਾਲਤ ਦੇ ਆਦੇਸ਼ ਦੇ ਦੋ ਮਹੀਨਿਆਂ ਬਾਅਦ ਵੀ ਅਜੇ ਤੱਕ ਇੱਕ ਵੀ ਔਰਤ ਮੰਦਿਰ ਵਿੱਚ ਪ੍ਰਵੇਸ਼ ਨਹੀਂ ਕਰ ਸਕੀ।
14 ਦਿਨਾਂ ਰਿਮਾਂਡ
ਫਾਤਿਮਾ ਦੀ ਸਹੇਲੀ ਨਾਰੀਵਾਦੀ ਕਾਰਕੁਨ ਆਰਤੀ ਨੇ ਬੀਬੀਸੀ ਨੂੰ ਦੱਸਿਆ ਕਿ ਫਾਤਿਮਾ ਨੂੰ ਪੁਲਿਸ ਨੇ ਕੋਚੀਨ ਵਿੱਚ ਉਸ ਦੇ ਦਫ਼ਤਰ ਵਿਚੋਂ ਗ੍ਰਿਫ਼ਤਾਰ ਕੀਤਾ।
ਆਰਤੀ ਨੇ ਦੱਸਿਆ ਕਿ ਪੁਲਿਸ ਨੂੰ ਉਸ ਦੇ ਇਲਜ਼ਾਮਾਂ ਦੀ ਜਾਂਚ ਕਰਨ ਲਈ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਫਾਤਿਮਾ 'ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੀ ਇਲਜ਼ਾਮ ਹੈ।
ਸਰਕਾਰ ਵੱਲੋਂ ਸੰਚਾਲਿਤ ਕੰਪਨੀ ਬੀਐਸਐਨਐਲ ਨੇ ਉਸ ਨੂੰ ਜਾਂਚ ਪੂਰੀ ਹੋਣ ਤੱਕ ਸਸਪੈਂਡ ਕਰ ਦਿੱਤਾ ਹੈ।
ਅਕਤੂਬਰ ਵਿੱਚ ਮੰਦਿਰ 'ਤੇ ਜਾਣ ਵੇਲੇ ਫਾਤਿਮਾ ਨੇ ਇੱਕ ਸੈਲਫੀ ਫੇਸਬੁੱਕ 'ਤੇ ਪੋਸਟ ਕੀਤੀ ਸੀ।
ਇਸ ਵਿੱਚ ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ, (ਜੋ ਰੰਗ ਵਧੇਰੇ ਭਗਵਾਨ ਅਯੱਪਾ ਪਾਉਂਦੇ ਸਨ), ਹਿੰਦੂ ਰੀਤਾਂ ਮੁਤਾਬਕ ਉਨ੍ਹਾਂ ਨੇ ਮੱਥੇ 'ਤੇ ਚੰਦਨ ਅਤੇ ਭਗਵਾਨ ਅਯੱਪਾ ਦੇ ਪ੍ਰਸਿੱਧ ਪੋਜ਼ ਵਾਂਗ ਗੋਡੇ ਟੇਢੇ ਕਰਕੇ ਬੈਠੀ ਸੀ।
ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਕਿ ਤਸਵੀਰ ਵਿੱਚ "ਅਸ਼ਲੀਲਤਾ" ਅਤੇ "ਭਗਵਾਨ ਅਯੱਪਾ ਦੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਈ ਹੈ।"
ਇਹ ਵੀ ਪੜ੍ਹੋ-
ਇਸ ਮਹੀਨੇ ਦੀ ਸ਼ੁਰੂ ਵਿੱਚ ਫਾਤਿਮਾ ਨੇ ਹੇਠਲੀ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਉਸ ਨੇ ਮੈਜਿਸਟ੍ਰੇਟ ਨੂੰ ਬੇਨਤੀ ਕੀਤੀ ਸੀ ਕਿ ਪੁਲਿਸ ਨੂੰ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕਿਆ ਜਾਵੇ ਪਰ ਅਦਾਲਤ ਨੇ ਅਪੀਲ ਰੱਦ ਕਰ ਦਿੱਤੀ।
ਵੀਰਵਾਰ ਨੂੰ ਫਾਤਿਮਾ ਨੇ ਕਿਹਾ ਕਿ ਉਨ੍ਹਾਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਅਤੇ ਇਸ 'ਤੇ ਸ਼ੁੱਕਰਵਾਰ ਨੂੰ ਵਿਚਾਰ ਹੋਵੇਗੀ।
ਉਨ੍ਹਾਂ ਦੀ ਸਹੇਲੀ ਆਰਤੀ ਨੇ ਬੀਬੀਸੀ ਨੂੰ ਦੱਸਿਆ ਕਿ ਫਾਤਿਮਾ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਅਸ਼ਲੀਲਤਾ ਫੈਲਾਉਣ ਜਾਂ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਇਹ ਵੀ ਪੜ੍ਹੋ
ਹਿੰਦੂ ਰੂੜੀਵਾਦੀ ਗਰੁੱਪਾਂ ਨੂੰ ਵੀ ਕੀਤਾ ਨਾਰਾਜ਼
ਫਾਤਿਮਾ ਦੀ ਦੋਸਤ ਨੇ ਪੁੱਛਿਆ, "ਉਨ੍ਹਾਂ ਆਦਮੀਆਂ ਬਾਰੇ ਕੀ ਕਹੋਗੇ, ਜੋ ਨੰਗੀ ਛਾਤੀ ਜਾਂ ਲੱਤਾਂ ਲੈ ਕੇ ਸਬਰੀਮਾਲਾ ਮੰਦਿਰ ਅੰਦਰ ਜਾਂਦੇ ਹਨ, ਉਹ ਅਪਮਾਨਜਨਕ ਨਹੀਂ ਹੈ?"
ਫਾਤਿਮਾ ਨੇ ਹਿੰਦੂ ਰੂੜੀਵਾਦੀ ਗਰੁੱਪਾਂ ਨੂੰ ਵੀ ਨਾਰਾਜ਼ ਕਰ ਦਿੱਤਾ ਹੈ ਕਿਉਂਕਿ ਉਹ ਇੱਕ ਮੁਸਲਮਾਨ ਹੈ, ਬੇਸ਼ੱਕ ਉਹ ਕਹਿੰਦੀ ਹੈ ਕਿ ਉਹ ਭਗਵਾਨ ਅਯੱਪਾ ਦੀ ਭਗਤ ਹੈ।
ਆਰਤੀ ਦਾ ਕਹਿਣਾ ਹੈ ਫਾਤਿਮਾ ਨੂੰ ਫੇਸਬੁੱਕ 'ਤੇ ਪਾਈ ਤਸਵੀਰ ਉੱਪਰ ਉਸ ਨੂੰ ਕਈ ਅਪਮਾਨਜਨਕ ਅਤੇ ਬਲਾਤਕਾਰ ਦੀਆਂ ਧਮਕੀਆਂ ਵਾਲੇ ਕਮੈਂਟ ਆਏ ਹਨ।
ਉਸ ਨੇ ਕਿਹਾ, "ਇਹ ਉਹ ਲੋਕ ਹਨ ਜੋ ਧਰਮ ਦੇ ਨਾਮ 'ਤੇ ਨਫ਼ਤਰ ਫੈਲਾਉਂਦੇ ਹਨ। ਸਬਰੀਮਲਾ ਸਾਰੇ ਮਰਦਾਂ ਲਈ ਖੁੱਲ੍ਹਾ ਹੈ ਸਿਰਫ਼ ਔਰਤਾਂ ਹੀ ਹਨ ਜਿਨ੍ਹਾਂ ਨੂੰ ਮੰਦਿਰ ਵਿੱਚ ਜਾਣ ਦੀ ਆਗਿਆ ਨਹੀਂ ਹੈ।"
ਔਰਤਾਂ ਲਈ ਮੰਦਿਰ ਨੂੰ ਖੋਲ੍ਹੇ ਜਾਣ ਬਾਰੇ ਕੇਰਲਾ ਸਣੇ ਪੂਰੇ ਭਾਰਤ ਵਿੱਚ ਵਿਚਾਰ ਵੱਖ-ਵੱਖ ਹਨ।
ਨਾਰੀਵਾਦੀ ਕਾਰਕੁਨ ਦਾ ਕਹਿਣਾ ਹੈ ਕਿ ਔਰਤਾਂ 'ਤੇ ਪਾਬੰਦੀ ਜਿੱਥੇ ਪਿਤਾਪੁਰਖੀ ਸੱਤਾ 'ਤੇ ਆਧਾਰਿਤ ਹੈ, ਉੱਥੇ ਹੀ ਔਰਤਾਂ 'ਤੇ ਪਾਬੰਦੀ ਦੇ ਹਮਾਇਤੀਆਂ ਦੀ ਕਹਿਣਾ ਹੈ ਕਿ ਹਿੰਦੂ ਰਵਾਇਤ ਮੁਤਾਬਕ ਮਾਂਹਵਾਰੀ ਦੌਰਾਨ ਔਰਤਾਂ ਬ੍ਰਹਮਚਾਰੀ ਲਈ ਖਤਰਾ ਹੁੰਦੀਆਂ ਹਨ।
ਹਾਲਾਂਕਿ, ਜਦੋਂ ਤੋਂ ਪਾਬੰਦੀ ਹਟਾਈ ਗਈ ਹੈ, ਹਜ਼ਾਰਾਂ ਔਰਤਾਂ ਪ੍ਰਦਰਸ਼ਨਕਾਰੀਆਂ ਵਜੋਂ ਸੜਕਾਂ 'ਤੇ ਆਈਆਂ, ਔਰਤ ਸ਼ਰਧਾਲੂਆਂ 'ਤੇ ਹਮਲਾ ਕੀਤਾ ਅਤੇ ਔਰਤਾਂ ਨੂੰ ਮੰਦਿਰ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਉਨ੍ਹਾਂ ਦੀ ਭੰਨ-ਤੋੜ ਕੀਤੀ।
ਹਾਜ਼ਾਰਾਂ ਲੋਕ ਗ੍ਰਿਫ਼ਤਾਰ ਹੋਏ ਅਤੇ ਜਿਨ੍ਹਾਂ ਵਿਚੋਂ ਕਈ ਰਿਹਾਅ ਕਰ ਦਿੱਤੇ ਅਤੇ ਕਈ ਜੇਲ੍ਹਾਂ 'ਚ ਬੰਦ ਹਨ।