ਸਬਰੀਮਲਾ ਦੇ ਸ਼ਰਧਾਲੂਆਂ ਵੱਲੋਂ ਦੋ ਔਰਤ ਪੱਤਰਕਾਰਾਂ ਉੱਤੇ ਹਮਲਾ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਕੇਰਲ ਦੇ ਚਰਚਿਤ ਸਬਰੀਮਲਾ ਮੰਦਰ ਦੇ ਦਰਵਾਜੇ ਖੁੱਲ੍ਹਣ ਦਾ ਵਕਤ ਜਿਵੇਂ-ਜਿਵੇਂ ਨਜ਼ਦੀਕ ਆ ਰਿਹਾ ਹੈ, ਸਵਾਮੀ ਅਯੱਪਾ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਮਹਿਲਾਵਾਂ 'ਤੇ ਦਬਾਅ ਵਧਦਾ ਜਾ ਰਿਹਾ ਹੈ।

ਦੂਜੇ ਪਾਸੇ ਔਰਤਾਂ ਦੇ ਦਾਖਲੇ ਦਾ ਵਿਰੋਧ ਕਰਨ ਵਾਲੇ ਸ਼ਰਧਾਲੂ ਹਿੰਸਕ ਹੁੰਦੇ ਜਾ ਰਹੇ ਹਨ। 'ਦਾ ਨਿਊਜ਼ ਮਿੰਟ' ਮੀਡੀਆ ਅਦਾਰੇ ਦੇ ਅਧਿਕਾਰਤ ਫੇਸਬੁੱਕ ਪੇਜ਼ ਉੱਤੇ ਪਾਈ ਗਈ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਕੇਰਲਾ ਰਿਪੋਰਟ ਸਰਿਤਾ ਐਸ ਬਾਲਨ ਅਤੇ ਇੱਕ ਟੀਵੀ ਚੈਨਲ ਦੀ ਪੱਤਰਕਾਰ ਪੂਜਾ ਪ੍ਰਸੰਨਾ ਉੱਤੇ ਹਮਲਾ ਕੀਤਾ ਗਿਆ ਹੈ।

ਸਰਿਤਾ ਜਦੋਂ ਬੱਸ ਵਿਚ ਸਫ਼ਰ ਕਰ ਰਹੀ ਸੀ ਤਾਂ ਸ਼ਰਧਾਲੂਆਂ ਨੇ ਉਸ ਦੀ ਕੁੱਟਮਾਰ ਕੀਤੀ। ਉਸ ਦੇ ਢਿੱਡ ਅਤੇ ਪਿੱਠ ਵਿੱਚ ਠੁੱਡਾਂ ਮਾਰੀਆਂ ਗਈਆਂ । ਅਦਾਰੇ ਵੱਲੋਂ ਦਾਅਵਾ ਕੀਤਾ ਗਿਆ ਕਿ ਔਰਤ ਵਿਰੋਧੀ ਸ਼ਰਧਾਲੂ ਪੱਤਰਕਾਰਾਂ ਨੂੰ ਉਨ੍ਹਾਂ ਦਾ ਕੰਮ ਕਰਨ ਤੋਂ ਰੋਕ ਰਹੇ ਹਨ।

ਸਬਰੀਮਲਾ ਮੰਦਰ ਦੇ ਦਰਵਾਜੇ 17 ਅਕਤੂਬਰ ਨੂੰ ਖੋਲ੍ਹੇ ਜਾਣਗੇ। ਇੱਥੇ ਔਰਤਾਂ ਨੂੰ ਦਾਖਲ ਨਾ ਹੋਣ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਬੀਬੀਸੀ ਪੱਤਰਕਾਰ ਪ੍ਰਮਿਲਾ ਕ੍ਰਿਸ਼ਨਨ ਨੇ ਦੱਸਿਆ ਕਿ ਹਿੰਦੂ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਔਰਤਾਂ ਜੋ ਨਿਲੱਕਲ ਪਿੰਡ 'ਚ ਧਰਨਾ ਲਗਾ ਕੇ ਬੈਠੀਆਂ ਸਨ, ਨੂੰ ਉੱਥੋਂ ਹਟਾ ਦਿੱਤਾ ਗਿਆ ਹੈ ਅਤੇ

ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਇੱਕ ਸੰਗਠਨ ਅਯੱਪਾ ਧਰਮ ਸੈਨਾ ਦਾ ਕਹਿਣਾ ਹੈ ਕਿ 17 ਅਕਤੂਬਰ ਨੂੰ ਮੰਦਰ ਦਾ ਦਰਵਾਜ਼ਾ ਖੁੱਲ੍ਹਣ 'ਤੇ ਅੰਦਰ ਜਾਣ ਵਾਲੀਆਂ ਔਰਤਾਂ ਨੂੰ ਮਰਦਾਂ ਤੇ ਔਰਤ ਕਾਰਕੁਨਾਂ ਦੇ ਉੱਤੋਂ ਲੰਘ ਕੇ ਮੰਦਰ ਵਿੱਚ ਦਾਖਿਲ ਹੋਣਾ ਪਵੇਗਾ।

ਧਰਮ ਸੈਨਾ ਦਾ ਕਹਿਣਾ ਹੈ ਕਿ ਔਰਤਾਂ ਨੂੰ ਰੋਕਣ ਲਈ ਮਰਦ ਤੇ ਔਰਤ ਕਾਰਕੁਨ ਮੰਦਰ ਦੇ ਸਾਹਮਣੇ ਜ਼ਮੀਨ 'ਤੇ ਲੇਟ ਜਾਣਗੇ।

ਅਯੱਪਾ ਧਰਮ ਸੈਨਾ ਦੇ ਰਾਹੁਲ ਈਸ਼ਵਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਅਸੀਂ ਗਾਂਧੀਵਾਦੀ ਤਰੀਕਾ ਅਪਣਾਵਾਂਗੇ ਅਤੇ ਰਸਤੇ ਵਿਚਾਲੇ ਜ਼ਮੀਨ 'ਤੇ ਲੇਟ ਜਾਵਾਂਗੇ। ਜੇ ਤੁਸੀਂ ਮੰਦਰ ਵਿੱਚ ਦਾਖਿਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਲਈ ਸਾਡੇ ਸੀਨੇ 'ਤੇ ਪੈਰ ਰੱਖ ਕੇ ਅੱਗੇ ਵਧਣਾ ਪਵੇਗਾ।''

ਨਾਰੀਵਾਦੀ ਭੈਣਾਂ ਨੂੰ ਅਪੀਲ

ਈਸ਼ਵਰ ਕਹਿੰਦੇ ਹਨ, "ਅਸੀਂ ਕਿਸੇ ਤਰੀਕੇ ਦੀ ਹਿੰਸਾ ਵਿੱਚ ਸ਼ਾਮਿਲ ਨਹੀਂ ਹੋ ਰਹੇ ਹਾਂ। ਅਸੀਂ ਕਿਸੇ ਨੂੰ ਆਉਣ ਤੋਂ ਵੀ ਨਹੀਂ ਰੋਕ ਰਹੇ ਹਾਂ, ਜਾਂ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰ ਰਹੇ ਹਾਂ।

"ਅਸੀਂ ਗਾਂਧੀਵਾਦੀ ਤਰੀਕੇ ਨਾਲ ਪੀੜਤ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਨਾਰੀਵਾਦੀ ਭੈਣਾਂ ਸਾਡੀਆਂ ਭਾਵਨਾਵਾਂ ਦਾ ਸਨਮਾਨ ਕਰਨ।''

ਸਬਰੀਮਲਾ ਮੰਦਰ ਪੂਜਾ ਲਈ ਪੰਜ ਦਿਨਾਂ ਤੱਕ ਖੋਲ੍ਹਿਆ ਜਾਂਦਾ ਹੈ। ਈਸ਼ਵਰ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਦੀ ਸੈਨਾ ਦਾ ਕਦਮ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰੇਗਾ।

ਅਦਾਲਤ ਨੇ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਵਾਮੀ ਅਯੱਪਾ ਦੇ ਮੰਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਸੀ।

ਅਸੀਂ ਔਰਤਾਂ ਦੇ ਦਾਖਲੇ ਨੂੰ ਰੋਕਣ ਦੇ ਪੱਖ ਵਿੱਚ ਨਹੀਂ - ਭਾਜਪਾ

ਈਸ਼ਵਰ ਦਾ ਬਿਆਨ ਉਸ ਦਿਨ ਆਇਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਅਗਵਾਈ ਵਾਲੇ ਐਨਡੀਏ ਗਠਜੋੜ ਦੀ ਅਗਵਾਈ ਵਿੱਚ ਪਾਂਡਲਮ ਤੋਂ ਸ਼ੁਰੂ ਹੋਇਆ ਮਾਰਚ ਰਾਜਧਾਨੀ ਤਿਰੂਵਨੰਤਪੁਰਮ ਪਹੁੰਚਿਆ।

ਪਾਂਡਲਮ ਦਾ ਸ਼ਾਹੀ ਪਰਿਵਾਰ ਸਬਰੀਮਲਾ ਮੰਦਰ ਦੀ ਦੇਖਭਾਲ ਕਰਦਾ ਹੈ।

ਹਾਲਾਂਕਿ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀਧਰਨ ਪਿਲੱਈ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਕਾਨੂੰਨ ਤੋੜਨ ਅਤੇ ਮੰਦਰ ਵਿੱਚ ਔਰਤਾਂ ਦੇ ਦਾਖਲੇ ਨੂੰ ਰੋਕਣ ਦੇ ਪੱਖ ਵਿੱਚ ਬਿਲਕੁੱਲ ਨਹੀਂ ਹੈ।

ਪਿਲੱਈ ਕਹਿੰਦੇ ਹਨ ਕਿ ਇਸ ਮਾਰਚ ਦਾ ਆਯੋਜਨ ਇਸ ਲਈ ਕੀਤਾ ਗਿਆ ਸੀ ਤਾਂ ਜੋ ਸਵਾਮੀ ਅਯੱਪਾ ਦੇ ਭਗਤਾਂ ਨੂੰ ਦੱਸ ਸਕੀਏ ਕਿ ਉਨ੍ਹਾਂ ਦੀ ਪਾਰਟੀ ਸਬਰੀਮਲਾ ਨੂੰ ਬਚਾਉਣਾ ਚਾਹੁੰਦੀ ਹੈ।

ਪਿਲੱਈ ਨੇ ਸੀਪੀਐੱਮ ਦੀ ਅਗਵਾਈ ਵਾਲੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਸਬਰੀਮਲਾ ਦੀ ਰਵਾਇਤ ਨੂੰ ਖ਼ਤਮ ਕਰਨ ਲਈ ਉਹ ਲੋਕ ਸੁਪਰੀਮ ਕੋਰਟ ਦੇ ਫੈਸਲੇ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਹ ਕਹਿੰਦੇ ਹਨ ਕਿ ਲੱਖਾਂ ਲੋਕਾਂ ਨੇ ਇਸ ਮਾਰਚ ਦੀ ਹਮਾਇਤ ਕੀਤੀ ਹੈ।

"ਸਰਕਾਰ ਨੂੰ ਇਸ ਵਿਰੋਧ ਦੇ ਮਾਅਨੇ ਸਮਝਣੇ ਚਾਹੀਦੇ ਹਨ ਅਤੇ ਆਪਣਾ ਰੁਖ ਬਦਲਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ ਕਿ ਇਸ ਮਾਰਚ ਦਾ ਮਕਸਦ ਇਹ ਤੈਅ ਕਰਨਾ ਸੀ ਕਿ ਸਰਕਾਰ ਇਸ ਮਾਮਲੇ ਵਿੱਚ ਇੱਕ ਰਿਵਿਊ ਪਟੀਸ਼ਨ ਦਾਇਰ ਕਰੇ ਅਤੇ ਇਹ ਤੈਅ ਕਰੇ ਕਿ ਕਿਵੇਂ ਰਵਾਇਤ ਫਿਰ ਤੋਂ ਬਹਾਲ ਹੋ ਸਕੇ।

ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਜਿਹਾ ਨਹੀਂ ਲੱਗ ਰਿਹਾ ਹੈ ਕਿ ਸਵਾਮੀ ਅਯੱਪਾ ਮੰਦਰ ਵਿੱਚ ਔਰਤ ਭਗਤਾਂ ਲਈ ਆਉਣ ਵਾਲਾ ਵਕਤ ਆਸਾਨ ਹੋਣ ਜਾ ਰਿਹਾ ਹੈ।

ਔਰਤ ਨੂੰ ਮਿਲੀ ਧਮਕੀ

ਕੰਨੂਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਤੇ ਕਾਲਜ ਵਿੱਚ ਪੜ੍ਹਾਉਣ ਵਾਲੀ ਰੇਸ਼ਮਾ ਨਿਸ਼ਾਂਤ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਹੈ ਕਿ ਉਹ ਇਸ ਵਾਰ ਮੰਦਰ ਜਾ ਰਹੀ ਹੈ।

ਉਸ ਨੇ ਕਿਹਾ ਕਿ ਅਦਾਲਤ ਉਸ ਦੇ ਸੁਪਨੇ ਨੂੰ ਪੂਰਾ ਕਰ ਰਹੀ ਹੈ, ਜੋ ਉਸ ਨੇ ਲੰਬੇ ਵਕਤ ਤੋਂ ਦੇਖਿਆ ਸੀ।

ਸੋਸ਼ਲ ਮੀਡੀਆ 'ਤੇ ਉਸ ਦੀ ਪੋਸਟ ਦੀ ਕਈ ਲੋਕਾਂ ਨੇ ਆਲੋਚਨਾ ਕੀਤੀ ਹੈ। ਕਈ ਲੋਕਾਂ ਨੇ ਤਾਂ ਉਸ ਦੇ ਘਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ, ਨਾਅਰੇ ਲਾਏ, ਉਸ ਨੂੰ ਗਾਲਾਂ ਕੱਢੀਆਂ।

ਉਸ ਨੂੰ ਇਹ ਧਮਕੀ ਵੀ ਦਿੱਤੀ ਕਿ ਜੇ ਉਸ ਨੇ ਮੰਦਰ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਰੇਸ਼ਮਾ ਨਿਸ਼ਾਂਤ ਨੇ ਕਿਹਾ, "ਮੈਂ ਉਨ੍ਹਾਂ ਨੂੰ ਕੁਝ ਨਹੀਂ ਕਿਹਾ। ਮੈਨੂੰ ਲੱਗਦਾ ਹੈ ਕਿ ਉਹ ਕਿਸੇ ਜਵਾਬ ਦੇ ਹੱਕਦਾਰ ਵੀ ਨਹੀਂ ਹਨ। ਮੈਂ ਇਸ ਮਾਮਲੇ ਵਿੱਚ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।''

ਰੇਸ਼ਮਾ ਲੰਬੇ ਵਕਤ ਤੋਂ ਵਰਤ ਰੱਖ ਰਹੀ ਹੈ। ਹਰ ਸਾਲ ਵਾਂਗ ਇਸ ਸਾਲ ਵੀ ਉਨ੍ਹਾਂ ਨੇ 41 ਦਿਨਾਂ ਤੱਕ ਵਰਤ ਰੱਖਣ ਦੀ ਸਹੁੰ ਚੁੱਕੀ ਹੈ।

ਉਹ ਕਹਿੰਦੀ ਹੈ, "ਇਸ ਵਾਰ ਮੇਰੇ ਵਰਤ ਦਾ 41ਵਾਂ ਦਿਨ 17 ਅਕਤੂਬਰ ਨੂੰ ਪਵੇਗਾ। ਇਸ ਲਈ ਮੈਂ 18 ਅਕਤੂਬਰ ਨੂੰ ਮੰਦਰ ਜਾ ਸਕਦੀ ਹਾਂ।''

ਇਸ ਵਿਚਾਲੇ ਤ੍ਰਾਵਨਕੋਰ ਦੇਵਸਮ ਬੋਰਡ ਨੇ ਮੰਗਲਵਾਰ ਨੂੰ ਪੁਜਾਰੀਆਂ ਦੇ ਪਰਿਵਾਰ, ਪਾਂਡਲਮ ਦੇ ਸ਼ਾਹੀ ਪਰਿਵਾਰ ਅਤੇ ਅਯੱਪਾ ਸੇਵਾ ਸੰਘ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ।

ਮੀਟਿੰਗ ਦੌਰਾਨ ਮੰਦਰ ਵਿੱਚ ਦਾਖਿਲ ਹੋਣ ਸਬੰਧੀ ਵਿਵਾਦ ਨੂੰ ਖ਼ਤਮ ਕਰਨ ਦੀ ਚਰਚਾ ਹੋਵੇਗੀ ਤਾਂ ਜੋ ਪੂਜਾ ਕੀਤੀ ਜਾ ਸਕੇ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨੇ ਮੀਟਿੰਗ ਸੱਦੀ ਸੀ, ਜਿਸ ਵਿੱਚ ਹਿੱਸਾ ਲੈਣ ਤੋਂ ਇਨ੍ਹਾਂ ਤਿੰਨਾਂ ਪੱਖਾਂ ਨੇ ਇਨਕਾਰ ਕਰ ਦਿੱਤਾ ਸੀ।

ਹੁਣ ਇਹ ਦੇਖਿਆ ਜਾਣਾ ਬਾਕੀ ਹੈ ਕਿ ਕੀ ਇਹ ਪੱਖ ਬੋਰਡ ਪ੍ਰਧਾਨ ਏ ਪਦਮਾਕੁਮਾਰ ਦੀ ਗੱਲ 'ਤੇ ਬਿਨਾਂ ਕਿਸੇ ਸ਼ਰਤ ਤੋਂ ਗੱਲਬਾਤ ਲਈ ਰਾਜ਼ੀ ਹੋਣਗੇ ਅਤੇ ਮੀਟਿੰਗ ਵਿੱਚ ਹਿੱਸਾ ਲੈਣਗੇ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)