ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਇੱਕ ਹੋਰ ਕਾਸ 'ਚ ਉਮਰ ਕੈਦ, ਜਾਣਗੇ ਹਾਈ ਕੋਰਟ

ਹਿਸਾਰ ਦੀ ਅਦਾਲਤ ਨੇ ਕਤਲ ਦੇ ਇੱਕ ਹੋਰ ਕੇਸ ਵਿੱਚ ਸਤਲੋਕ ਆਸ਼ਰਮ ਦੇ ਮੁੱਖੀ ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਬੀਬੀਸੀ ਨੂੰ ਹਿਸਾਰ ਤੋਂ ਸ਼ਸ਼ੀ ਕਾਂਤਾ ਨੇ ਦੱਸਿਆ ਕਿ ਹਿਸਾਰ ਦੇ ਵਧੀਕ ਸੈਸ਼ਨ ਜੱਜ ਡੀ ਆਰ ਚਾਲੀਆ ਦੀ ਅਦਾਲਤ ਵਿੱਚ ਸਜ਼ਾ ਸੁਣਾਈ ਗਈ ਹੈ।

ਰਾਮਪਾਲ ਅਤੇ ਹੋਰ 13 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰਿਆ ਨੂੰ 2.05 ਲੱਖ ਰੁਪਏ ਦਾ ਜੁਰਮਾਨਾ ਵੀ ਹੋਇਆ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਰਮਪਾਲ ਦੇ ਵਕੀਲ ਏਪੀ ਸਿੰਘ ਨੇ ਕਿਹਾ, "ਅਸੀਂ ਇਸ ਫੈਸਲੇ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਵਾਂਗੇ। ਇਸ ਫੈਸਲੇ ਵਿੱਚ ਕਾਫੀ ਕਮਜ਼ੋਰੀਆਂ ਹਨ। ਕੇਸ ਦੇ ਫੈਸਲੇ ਜਜ਼ਬਾਤਾਂ ਨਾਲ ਨਹੀਂ ਕੀਤੇ ਜਾ ਸਕਦੇ।"

ਅਕਤੂਬਰ 16 ਨੂੰ 5 ਵਿਅਕਤੀਆਂ ਦੇ ਕਤਲ ਦੇ ਮਾਮਲੇ ਵਿਚ ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹਸੀ।

14 ਨਵੰਬਰ, 2014 ਨੂੰ ਬਰਵਾਲਾ ਦੇ ਸਤਲੋਕ ਆਸ਼ਰਮ 'ਚ 4 ਔਰਤਾਂ ਅਤੇ 1 ਬੱਚੇ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ꞉

ਰਾਮਪਾਲ ਖਿਲਾਫ ਕਿਹੜੇ-ਕਿਹੜੇ ਕੇਸ

ਰੋਹਤਕ 'ਚ ਸਥਾਨਕ ਪੱਤਰਕਾਰ ਸੱਤ ਸਿੰਘ ਮੁਤਾਬਕ ਬਰਵਾਲਾ ਪੁਲਿਸ ਸਟੇਸ਼ਨ ਵਿੱਚ 19 ਨਵੰਬਰ, 2014 ਨੂੰ ਦਰਜ ਹੋਈ ਐਫਆਈਐਰ (429) ਮੁਤਾਬਕ ਸੱਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਅਤੇ ਉਸਦੇ ਤਿੰਨ ਨਜ਼ਦੀਕੀ ਸਾਥੀਆਂ (ਰਜਿੰਦਰ, ਮਹਿੰਦਰ ਸਿੰਘ, ਰਾਜ ਕਪੂਰ ਅਤੇ ਕਈ ਹੋਰਾਂ) ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302 (ਕਤਲ) 343 (ਬੰਦੀ ਬਣਾ ਕੇ ਰੱਖਣ)/ 120-ਬੀ (ਅਪਰਾਧਿਕ ਸਾਜਿਸ਼) ਦੇ ਕੇਸ ਦਰਜ ਕੀਤੇ ਗਏ ਸਨ।

ਇਹ ਕੇਸ 19 ਨਵੰਬਰ, 2014 ਨੂੰ ਰਾਮਪਾਲ ਦੇ ਬਰਵਾਲਾ ਆਸ਼ਰਮ ਵਿੱਚ ਚਾਰ ਔਰਤਾਂ ਅਤੇ ਇੱਕ 18 ਮਹੀਨੇ ਦੇ ਬੱਚੇ ਦੇ ਕਤਲ ਮਗਰੋਂ ਦਰਜ ਹੋਏ ਸਨ।

ਪੁਲਿਸ ਨੇ ਰਾਮ ਪਾਲ ਨੂੰ ਸ਼ਰਧਾਲੂਆਂ ਨਾਲ ਇੱਕ ਹਫਤੇ ਦੇ ਤਣਾਅ ਤੋਂ ਬਾਅਦ ਡੇਰੇ ਤੋਂ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਸ਼ਰਧਾਲੂਆਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਗਿਆ ਸੀ।

19 ਨਵੰਬਰ, 2014 ਨੂੰ ਦੂਸਰਾ ਕੇਸ (ਐਫਆਈਆਰ-430) ਰਜਨੀ ਨਾਮ ਦੀ ਔਰਤ ਦੀ ਲਾਸ਼ 18 ਨਵੰਬਰ 2014 ਨੂੰ ਮਿਲਣ ਮਗਰੋਂ ਰਾਮਪਾਲ ਅਤੇ ਉਪਰੋਕਤਾਂ ਖਿਲਾਫ ਦਰਜ ਕੀਤਾ ਗਿਆ ਸੀ।

ਫੈਸਲੇ ਦੀਆਂ ਤਰੀਕਾਂ

ਹਿਸਾਰ ਦੀ ਅਦਾਲਤ ਵਿੱਚ ਦੋਹਾਂ ਕੇਸਾਂ ਦੀ ਜਿਰ੍ਹਾ 8 ਅਕਤੂਬਰ ਨੂੰ ਮੁੱਕ ਗਈ ਸੀ ਇਸ ਮਗਰੋਂ 11 ਅਕਤੂਬਰ ਨੂੰ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਡੀ ਆਰ ਚਾਲੀਆ ਨੇ ਰਾਮਪਾਲ ਅਤੇ 28 ਹੋਰਾਂ (ਚਾਰਾਂ ਸਮੇਤ) ਨੂੰ ਦੋਸ਼ੀ ਠਹਿਰਾਇਆ ਸੀ ਜਦਕਿ ਬਾਕੀਆਂ ਨੂੰ ਹਿਸਾਰ ਕੇਂਦਰੀ ਜੇਲ੍ਹ-1 ਵਿੱਚ ਕਾਇਮ ਕੀਤੀ ਗਈ ਮੇਕਸ਼ਿਫਟ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਵਧੀਕ ਜਿਲ੍ਹਾ ਜੱਜ ਚਾਲੀਆ ਨੇ ਐਫਆਈਆਰ 429 ਤਹਿਤ ਸਜ਼ਾ ਸੁਣਾਉਣ ਲਈ 16 ਅਕਤੂਬਰ ਦੀ ਤਰੀਕ ਮਿਥੀ ਸੀ। ਜਦਕਿ 17 ਅਕਤੂਬਰ ਨੂੰ 430 ਨੰਬਰ ਐਫਆਈਆਰ ਦੇ ਕੇਸ ਵਿੱਚ ਸਜ਼ਾ ਸੁਣਾਈ ਜਾਣੀ ਹੈ।

ਪਹਿਲੀ ਐਫਆਈਆਰ-429 ਵਿੱਚ ਰਾਮਪਾਲ ਸਮੇਤ 15 ਮੁਲਜ਼ਮ ਹਨ ਜਦਕਿ ਦੂਸਰੀ ਐਫਆਈਆਰ 430 ਵਿੱਚ ਰਾਮਪਾਲ ਸਮੇਤ 24 ਮੁਲਜ਼ਮ ਹਨ, ਜਿਨ੍ਹਾਂ ਨੂੰ ਸਜ਼ਾ ਸੁਣਾਈ ਜਾਣੀ ਹੈ। ਇਨ੍ਹਾਂ ਕੇਸਾਂ ਵਿੱਚ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਸਮੇਤ ਹੁਣ ਤੱਕ 80 ਗਵਾਹੀਆਂ ਭੁਗਤੀਆਂ ਹਨ।

ਪ੍ਰਸਾਸ਼ਨ ਦੇ ਇੰਤਜ਼ਾਮ

ਡੇਰਾ ਸਿਰਸਾ ਮੁਖੀ ਬਾਬਾ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਸਮੇਂ ਪੰਚਕੁਲਾ ਵਿੱਚ ਵਾਪਰੀ ਹਿੰਸਾ ਨੂੰ ਧਿਆਨ ਵਿੱਚ ਰੱਖਦਿਆਂ ਹਿਸਾਰ ਪ੍ਰਸਾਸ਼ਨ ਨੇ ਅਮਨ ਕਾਨੂੰਨ ਕਾਇਮ ਰੱਖਣ ਲਈ 10 ਅਕਤੂਬਰ ਤੋਂ ਹੀ ਸਖ਼ਤ ਇੰਤਜ਼ਾਮ ਕੀਤੇ ਹੋਏ ਹਨ।

ਪੁਲਿਸ ਮੁਤਾਬਕ ਹਿਸਾਰ ਰੇਂਜ ਦੇ ਆਈਜੀ ਸੰਜੇ ਕੁਮਾਰ, ਡੀਆਈਜੀ ਸਤੀਸ਼ ਬਲਾਂ, 6 ਐਸਪੀ, 10 ਡੀਐਸਪੀ ਅਤੇ 1500 ਜਵਾਨ ਹਰਿਆਣਾ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਤਾਇਨਾਤ ਕੀਤੇ ਗਏ ਹਨ।

ਸ਼ਹਿਰ ਦੇ 37 ਦਾਖਲਿਆਂ ਉੱਪਰ ਨਾਕੇ ਲਾਏ ਗਏ ਹਨ। ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਮੀਨਾ ਨੇ ਕਿਹਾ ਕਿ ਹਾਲਾਤ ਕਾਬੂ ਅੰਦਰ ਹਨ ਪਰ ਸਖ਼ਤ ਹਿਫਾਜ਼ਤੀ ਬੰਦੋਬਸਤ ਕੀਤੇ ਗਏ ਹਨ। ਬਾਬਾ ਰਾਮਪਾਲ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਿਲ੍ਹਾ ਪ੍ਰਸਾਸ਼ਨ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਟਾਲਣ ਲਈ ਹਰ ਸੰਭਵ ਕਦਮ ਚੁੱਕੇ ਹਨ।

ਕੌਣ ਹੈ ਰਾਮਪਾਲ?

ਡੇਰੇ ਦੇ ਅਧਿਕਾਰੀਆਂ ਮੁਤਾਬਕ ਰਾਮਪਾਲ ਦਾਸ ਦਾ ਜਨਮ ਸੋਨੀਪਤ ਦੀ ਗੋਹਾਨਾ ਤਹਿਸੀਲ 'ਚ ਪੈਂਦੇ ਧਨਾਨਾ ਪਿੰਡ 'ਚ 1970 ਦੇ ਦਹਾਕੇ 'ਚ ਹੋਇਆ।

ਪੜ੍ਹਾਈ ਪੂਰੀ ਕਰਕੇ ਉਹ ਹਰਿਆਣਾ ਦੇ ਸਿੰਚਾਈ ਵਿਭਾਗ 'ਚ ਜੂਨੀਅਰ ਇੰਜੀਨਿਅਰ ਵਜੋਂ ਨੌਕਰੀ ਕਰਨ ਲੱਗਾ।

ਇਸੇ ਦੌਰਾਨ ਉਸ ਦੀ ਮੁਲਾਕਾਤ ਕਬੀਰਪੰਥੀ ਧਾਰਮਿਕ ਪ੍ਰਚਾਰਕ ਰਾਮਦੇਵਾਨੰਦ ਨਾਲ ਹੋਈ ਜਿਸ ਦਾ ਉਹ ਚੇਲਾ ਬਣ ਗਿਆ।

21 ਮਈ 1995 ਨੂੰ ਰਾਮਪਾਲ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਪੂਰੀ ਤਰ੍ਹਾਂ ਸਤਸੰਗ 'ਚ ਲੱਗ ਗਿਆ।

ਉਸ ਦੇ ਸ਼ਰਧਾਲੂ ਵੱਧਦੇ ਗਏ ਤੇ ਕਮਲਾ ਦੇਵੀ ਨਾਂ ਦੀ ਔਰਤ ਨੇ ਉਸ ਨੂੰ ਕਰੌਂਥਾ ਪਿੰਡ 'ਚ ਆਸ਼ਰਮ ਬਣਾਉਣ ਲਈ ਜ਼ਮੀਨ ਦੇ ਦਿੱਤੀ।

ਸਾਲ 1999 'ਚ ਬੰਦੀ ਛੋੜ ਟਰੱਸਟ ਨਾਂ ਦੇ ਸਮਾਜਿਕ ਸੰਗਠਨ ਦੀ ਮਦਦ ਨਾਲ ਰਾਮਪਾਲ ਨੇ ਸਤਲੋਕ ਆਸ਼ਰਮ ਦੀ ਨੀਂਹ ਰੱਖੀ।

ਇਹ ਵੀ ਪੜ੍ਹੋ꞉

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)