ਕੁੜੀਆਂ 'ਪਿੰਜਰੇ' ਵਿੱਚ ਨਹੀਂ ਆਪਣੇ ਦਮ 'ਤੇ ਮਹਿਫੂਜ਼ ਹੋਣਗੀਆਂ - ਨਜ਼ਰੀਆ

    • ਲੇਖਕ, ਅਮਨਦੀਪ ਕੌਰ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੁੜੀਆਂ ਨੇ ਲੰਬੇ ਸੰਘਰਸ਼ ਤੋਂ ਬਾਅਦ ਆਖ਼ਰਕਾਰ 'ਪਿੰਜਰਾ ਤੋੜ' ਹੀ ਦਿੱਤਾ।

ਯੂਨੀਵਰਸਿਟੀ ਤੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਵਿਚਾਲੇ ਹੋਏ ਲਿਖਤੀ ਸਮਝੌਤੇ ਮੁਤਾਬਕ ਹੁਣ ਕੁੜੀਆਂ 8 ਦੀ ਥਾਂ 9 ਵਜੇ ਤੱਕ ਹੋਸਟਲ ਆ ਸਕਣਗੀਆਂ।

ਇਸ ਤੋਂ ਇਲਾਵਾ 9 ਤੋਂ 10 ਵਜੇ ਵਿਚਾਲੇ ਆਉਣ ਵਾਲੀਆਂ ਕੁੜੀਆਂ ਹੋਸਟਲ ਵਿਚ ਆ ਕੇ ਰਜਿਸਟਰ ਵਿਚ ਆਪਣੀ ਹਾਜ਼ਰੀ ਦਰਜ ਕਰਨਗੀਆਂ।

ਅਰਜ਼ੀ ਦੇਣ ਦੀ ਬਜਾਇ ਕੁੜੀਆਂ ਰਜਿਸਟਰ ਵਿਚ ਖੁਦ ਹੀ ਆਪਣਾ ਸਹੀ ਟਾਈਮ ਤੇ ਕਾਰਨ ਦਰਜ ਕਰਨਗੀਆਂ। ਉਨ੍ਹਾਂ ਤੋਂ ਕੋਈ ਵੀ ਲੇਟ ਐਂਟਰੀ ਫੀਸ ਚਾਰਜ ਨਹੀਂ ਕੀਤੀ ਜਾਵੇਗੀ।

ਲਾਇਬ੍ਰੇਰੀ ਜਾਣ ਲਈ ਕੁੜੀਆਂ ਨੂੰ ਬੱਸ ਲਾਈ ਜਾਵੇਗੀ ਜੋਂ ਉਨ੍ਹਾਂ ਨੂੰ 11 ਵਜੇ ਹੋਸਟਲ ਵੀ ਛੱਡੇਗੀ।

ਇੱਕ ਪਾਸੇ ਲਿੰਗ ਨਾਬਰਾਬਰੀ ਨੂੰ ਨਾਬਰਦਾਸ਼ਤ ਯੋਗ ਕਿਹਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਸ ਦਾ ਵਿਰੋਧ ਲੜਕੀਆਂ ਦੀ ਸੁਰੱਖਿਆ ਦਾ ਹਵਾਲਾ ਦੇ ਕੇ ਕੀਤਾ ਜਾ ਰਿਹਾ ਹੈ।

ਲਗਾਤਾਰ ਉੱਠਦਾ ਸੁਆਲ

ਇਸ ਦੌਰਾਨ ਲੜਕੀਆਂ ਨੇ ਰਾਤ ਨੂੰ ਅੱਠ ਵਜੇ ਤੋਂ ਬਾਅਦ ਬਾਹਰ ਕੀ ਕਰਨਾ ਹੈ? ਇਹ ਸੁਆਲ ਲਗਾਤਾਰ ਪੁੱਛਿਆ ਜਾ ਰਿਹਾ ਸੀ।

ਜਦੋਂ ਵੀ ਸਮਾਜ ਦੇ ਬਣਾਏ ਹੋਏ ਨੇਮਾਂ ਨੂੰ ਬਦਲਣ ਦੀ ਗੱਲ ਆਈ ਹੈ ਤਾਂ ਇਹੋ ਸੁਆਲ ਆਉਂਦਾ ਰਿਹਾ ਹੈ।

ਜਦੋਂ 1840 ਵਿੱਚ ਜੋਤਿਬਾ ਫੂਲੇ ਨੇ ਦਲਿਤ ਜਾਤੀਆਂ ਅਤੇ ਲੜਕੀਆਂ ਲਈ ਸਕੂਲ ਖੋਲ੍ਹਿਆ ਅਤੇ ਆਪਣੀ ਪਤਨੀ ਸਵਿੱਤਰੀ ਬਾਈ ਫੂਲੇ ਨੂੰ ਪੜ੍ਹਾ ਕੇ ਅਧਿਆਪਕ ਵਜੋਂ ਤਿਆਰ ਕੀਤਾ ਅਤੇ ਲੜਕੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਵੀ ਔਰਤਾਂ ਦੀ ਪੜ੍ਹਾਈ ਦਾ ਵਿਰੋਧ ਕਰਨ ਵਾਲਿਆਂ ਨੇ ਸਭ ਤੋਂ ਪਹਿਲਾਂ ਇਹ ਅਫ਼ਵਾਹ ਫੈਲਾਈ ਸੀ ਕਿ ਜੋ ਵੀ ਸਕੂਲ ਪੜ੍ਹਨ ਜਾਏਗਾ ਉਸ ਦੀਆਂ ਸੱਤ ਪੀੜ੍ਹੀਆਂ ਤਬਾਹ ਹੋ ਜਾਣਗੀਆਂ।

ਇਹ ਵੀ ਪੜ੍ਹੋ:

ਸਵਿੱਤਰੀਬਾਈ ਫੂਲੇ ਜਦ ਸਕੂਲ ਪੜ੍ਹਾਉਣ ਜਾਂਦੀ ਤਾਂ ਉੱਚ ਜਾਤਾਂ ਦੇ ਮਰਦਾਂ ਵੱਲੋਂ ਉਨ੍ਹਾਂ ਨਾਲ ਛੇੜਖ਼ਾਨੀ ਤੋਂ (ਮੌਜੂਦਾ ਦੌਰ ਵਿੱਚ ਇਸ ਨੂੰ ਕਾਮੁਕ ਵਧੀਕੀ ਕਿਹਾ ਜਾਵੇਗਾ) ਤੋਂ ਲੈ ਕੇ ਪੱਥਰ ਤੱਕ ਸੁੱਟੇ ਗਏ ਪਰ ਆਪਣੇ ਕਰਮ ਪ੍ਰਤੀ ਦ੍ਰਿੜ੍ਹ ਸਵਿੱਤਰੀਬਾਈ ਫੂਲੇ ਦੇ ਵਿਚਾਰ ਦੀ ਜਿੱਤ ਹੋਈ।

ਉਨ੍ਹਾਂ ਨੇ ਵਿਧਵਾਵਾਂ ਦੇ ਪੁਨਰ-ਵਿਆਹ ਦੀ ਮੰਗ ਉਠਾਈ। ਉੱਚ ਵਰਗ ਵਿੱਚ ਵਿਧਵਾ ਔਰਤਾਂ ਦੇ ਵਾਲ ਕੱਟ ਦਿੱਤੇ ਜਾਂਦੇ ਸਨ ਤਾਂ ਉਨ੍ਹਾਂ ਨੇ ਇਸ ਦੇ ਖ਼ਿਲਾਫ਼ ਲੰਬਾ ਸੰਘਰਸ਼ ਕੀਤਾ।

ਔਰਤਾਂ ਨੂੰ ਕੀਤਾ ਬਦਨਾਮ

ਉਨ੍ਹਾਂ ਨੇ ਵਾਲ ਮੁੰਨਣ ਵਾਲੇ ਤਬਕੇ ਨੂੰ ਜਥੇਬੰਦ ਕੀਤਾ, ਨਤੀਜੇ ਵਜੋਂ ਉਨ੍ਹਾਂ ਨੇ ਵਿਧਵਾ ਔਰਤਾਂ ਦੇ ਵਾਲ ਕੱਟਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਿਨ੍ਹਾਂ ਸਤੀ ਪ੍ਰਥਾ ਦੇ ਖ਼ਿਲਾਫ਼ ਔਰਤਾਂ ਨੇ ਲੰਬਾਂ ਸੰਘਰਸ਼ ਕੀਤਾ।

ਅੰਗਰੇਜ਼ਾਂ ਵੱਲੋਂ ਗ਼ੈਰ-ਕਾਨੂੰਨੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਸਤੀ ਪ੍ਰਥਾ ਸਮਾਜ ਵਿੱਚੋਂ ਖ਼ਤਮ ਨਹੀਂ ਹੋਈ। 1987 ਵਿੱਚ ਰੂਪਕੰਵਰ ਕੇਸ ਦੇ ਸਬੰਧ ਵਿੱਚ ਇਸ ਪ੍ਰਥਾ ਦੇ ਖ਼ਿਲਾਫ਼ ਔਰਤਾਂ ਦੀ ਵੱਡੇ ਪੱਧਰ 'ਤੇ ਲਾਮਬੰਦੀ ਹੋਈ। ਉਸ ਸਮੇਂ ਰਾਜਸਥਾਨ ਵਿੱਚ ਇਸ ਪ੍ਰਥਾ ਦੀ ਮਹਿਮਾ ਗਾਈ ਜਾਂਦੀ ਸੀ।

ਸੰਘਰਸ਼ ਦੌਰਾਨ ਸਰਗਰਮ ਔਰਤਾਂ ਨੂੰ ਬਾਜ਼ਾਰੂ, ਚਰਿੱਤਰਹੀਣ ਅਤੇ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਕਹਿ ਕੇ ਬਦਨਾਮ ਕੀਤਾ ਗਿਆ ਪਰ ਅੰਤ ਵਿੱਚ ਔਰਤਾਂ ਦੇ ਸਤੀ ਪ੍ਰਥਾ ਦੇ ਖ਼ਿਲਾਫ਼ ਲੰਬੇ ਸੰਘਰਸ਼ ਸਾਹਮਣੇ ਗੋਡੇ ਟੇਕਦੇ ਹੋਏ ਸਰਕਾਰ ਨੇ 1988 ਵਿੱਚ ਸਤੀ ਪ੍ਰਥਾ ਦੇ ਖ਼ਿਲਾਫ਼ ਕਾਨੂੰਨ ਬਣਾ ਕੇ ਇਸ ਉੱਤੇ ਰੋਕ ਲਗਾਈ।

ਇਸੇ ਤਰ੍ਹਾਂ ਹਿੰਦੂ ਕੋਡ ਬਿੱਲ ਦੇ ਆਉਣ ਤੋਂ ਬਹੁਤ ਪਹਿਲਾਂ 1943 ਵਿੱਚ ਤਿਭਾਗਾ ਦੇ ਅੰਦੋਲਨ ਤੋਂ ਬਾਅਦ ਔਰਤਾਂ ਨੇ ਮੰਗ ਰੱਖੀ ਕਿ ਜੋ ਫ਼ਸਲ ਹੁੰਦੀ ਹੈ ਉਸ ਵਿੱਚੋਂ ਅੱਧਾ ਹਿੱਸਾ ਸਾਨੂੰ ਦਿੱਤਾ ਜਾਵੇ ਯਾਨਿ ਕਿ ਪੈਦਾਵਾਰ ਵਿੱਚੋਂ ਅੱਧ ਦੀ ਮਾਲਕੀ।

ਉਸ ਸਮੇਂ ਵੀ ਵਿਰੋਧ ਹੋਇਆ ਪਰ ਔਰਤਾਂ ਦੀ ਜਿੱਤ ਹੋਈ। ਇਸੇ ਤਰ੍ਹਾਂ ਜਥੇਬੰਦੀਆਂ ਵਿੱਚ ਵੀ ਪਿੰਡਾਂ ਵਿੱਚ ਮਰਦ ਰਾਤ ਨੂੰ ਔਰਤਾਂ ਦੇ ਮੀਟਿੰਗਾਂ ਵਿੱਚ ਆਉਣ ਦਾ ਵਿਰੋਧ ਕਰਦੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਜੋ ਮੀਟਿੰਗ ਵਿੱਚ ਤੈਅ ਹੋਵੇਗਾ ਅਸੀਂ ਆ ਕੇ ਖੁਦ ਔਰਤਾਂ ਨੂੰ ਦੱਸ ਦੇਵਾਂਗੇ।

ਇਹ ਵੀ ਪੜ੍ਹੋ:

ਪਰ ਔਰਤਾਂ ਨੇ ਇਸ ਦਾ ਵਿਰੋਧ ਕੀਤਾ ਕਿ ਜਦੋਂ ਅਸੀਂ ਸੰਘਰਸ਼ ਵਿੱਚ ਬਰਾਬਰ ਖੜ੍ਹੀਆਂ ਹਾਂ, ਬਰਾਬਰ ਪੁਲਿਸ ਤਸ਼ੱਦਦ ਵੀ ਸਹਾਰਦੀਆਂ ਹਾਂ ਫਿਰ ਮੀਟਿੰਗਾਂ ਵਿੱਚ ਅਸੀਂ ਕਿਉਂ ਨਹੀਂ ਜਾ ਸਕਦੀਆਂ? ਇਸ ਤਰ੍ਹਾਂ ਸੰਘਰਸ਼ ਦੁਆਰਾ ਹੀ ਔਰਤਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ।

ਕੁੜੀਆਂ ਤਾਂ ਦਿਨ-ਦਿਹਾੜੇ ਸੁਰੱਖਿਅਤ ਨਹੀਂ

ਅੱਜ ਜੇ ਲੜਕੀਆਂ ਦੀ ਇਹ ਮੰਗ ਹੈ ਤਾਂ ਜ਼ਾਹਿਰ ਹੈ ਕਿ ਪਿਛਾਂਹ-ਖਿੱਚੂ ਤਾਕਤਾਂ ਲਈ ਇਹ ਅਚੰਭੇ ਵਾਲੀ ਗੱਲ ਹੈ। ਅੱਜ ਜੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ 21ਵੀਂ ਸਦੀ ਦੀ ਨਾਰੀ ਆਈ ਹੈ ਉਸ ਦੀ ਮਹਿਮਾ ਗਾਈ ਜਾ ਰਹੀ ਹੈ ਤਾਂ ਜ਼ਾਹਿਰ ਹੈ 21ਵੀਂ ਸਦੀ ਦੀ ਨਾਰੀ ਇਹ ਮੰਗ ਵੀ ਉਠਾਏਗੀ।

ਜਿੱਥੋਂ ਤੱਕ ਸੁਰੱਖਿਆ ਦਾ ਸਵਾਲ ਹੈ, ਲੜਕੀਆਂ ਤਾਂ ਦਿਨ-ਦਿਹਾੜੇ ਹੀ ਸੁਰੱਖਿਅਤ ਨਹੀਂ, ਘਰਾਂ ਅੰਦਰ, ਕੁੱਖਾਂ ਅੰਦਰ, ਅਦਾਰਿਆਂ ਅੰਦਰ ਕਿਤੇ ਵੀ ਨਹੀਂ, ਫੇਰ ਇਹ ਕਿਹੋ ਜਿਹੀ ਸੁਰੱਖਿਆ ਹੈ ਜੋ ਤਾਲੇ ਲਾ ਕੇ ਕੀਤੀ ਜਾ ਰਹੀ ਹੈ।

ਇਸ ਲਈ ਇਹ ਉਸੇ ਤਰ੍ਹਾਂ ਹੈ ਜਿਵੇਂ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਇਕਤਰਫ਼ਾ ਦਲੀਲ ਦਿੰਦੇ ਹਨ ਕਿ ਕੁੜੀਆਂ ਛੋਟੇ ਅਤੇ ਭੜਕੀਲੇ ਕੱਪੜੇ ਪਾਉਂਦੀਆਂ ਹਨ ਤਾਂ ਬਲਾਤਕਾਰ ਹੁੰਦੇ ਹਨ। ਪਰ ਛੋਟੀਆਂ ਬੱਚੀਆਂ ਨਾਲ ਹੋ ਰਹੇ ਬਲਾਤਕਾਰ ਇਸ ਵਿਚਾਰ ਦਾ ਮੂੰਹ ਚਿੜ੍ਹਾ ਰਹੇ ਹਨ।

ਰਾਤ ਨੂੰ ਵਿਚਰਨ ਵੇਲੇ ਇਕੱਲੀ ਔਰਤ ਅਸੁਰੱਖਿਅਤ ਮਹਿਸੂਸ ਕਰਦੀ ਹੈ ਪਰ ਜੇ ਬਹੁਗਿਣਤੀ ਔਰਤਾਂ ਰਾਤ ਨੂੰ ਜਨਤਕ ਥਾਵਾਂ ਉੱਪਰ ਵਿਚਰਨਗੀਆਂ ਤਾਂ ਵੱਧ ਮਹਿਫ਼ੂਜ ਮਹਿਸੂਸ ਰਹਿਣਗੀਆਂ।

ਇਹ ਵੀ ਪੜ੍ਹੋ:

ਇਸ ਲਈ ਯੂਨੀਵਰਸਿਟੀ ਪ੍ਰਸ਼ਾਸ਼ਨ ਯੂਨੀਵਰਸਿਟੀ ਵਿੱਚ ਲੜਕੀਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਜਾਂ ਇਹ ਮੰਨ ਲਿਆ ਜਾਵੇ ਕਿ ਯੂਨੀਵਰਸਿਟੀ ਨੂੰ ਯਕੀਨ ਹੈ ਕਿ ਉਹ ਬਿਹਤਰ ਨਾਗਰਿਕ ਪੈਦਾ ਨਹੀਂ ਕਰ ਰਹੀ।

ਜੋ ਕਿ ਆਪਣੇ ਨਾਲ ਵਾਲੇ ਨਰ-ਮਾਦਾ ਵਿਚਲੇ ਵਖਰੇਵੇਂ/ਬਰਾਬਰੀ/ਸਹਿਮਤੀ/ਅਸਹਿਮਤੀ ਨੂੰ ਨਹੀਂ ਸਮਝ ਸਕਦੇ। ਜੇ ਯੂਨੀਵਰਸਿਟੀ ਉਸੇ ਤਰ੍ਹਾਂ ਦੀ ਸੋਚ ਵਾਲੇ ਮਨੁੱਖ ਪੈਦਾ ਕਰ ਰਹੀ ਹੈ ਜਿਸ ਤਰ੍ਹਾਂ ਦੇ ਲੁਟੇਰੀ ਜਮਾਤ ਪੈਦਾ ਕਰਨੇ ਚਾਹੁੰਦੀ ਹੈ ਤਾਂ ਯੂਨੀਵਰਸਿਟੀ ਲੁਟੇਰੀ ਜਮਾਤ ਦੇ ਇੱਕ ਸੰਦ ਵਜੋਂ ਹੀ ਕੰਮ ਕਰਦੀ ਜਾਪਦੀ ਹੈ।

ਮੁੱਢਲੇ ਦੌਰ ਵਿੱਚ ਨਿੱਜੀ ਜਾਇਦਾਦ ਅਤੇ ਕੰਮ ਦੀ ਵੰਡ ਨੇ ਔਰਤਾਂ ਨੂੰ ਪੈਦਾਵਾਰ ਨਾਲ ਜੁੜੇ ਸਾਰੇ ਖੇਤਰਾਂ ਵਿੱਚੋਂ ਉਸ ਦੀ ਸਿੱਧੀ ਸ਼ਮੂਲੀਅਤ ਨੂੰ ਖ਼ਤਮ ਕਰ ਦਿੱਤਾ।

ਇਸ ਕਰਕੇ ਔਰਤ ਪੈਦਾਵਾਰੀ ਸਾਧਨਾਂ ਦੀ ਕਿਤੇ ਵੀ ਮਾਲਕ ਨਹੀਂ ਰਹੀ ਤਾਂ ਹੀ ਔਰਤ ਨੂੰ ਜਾਇਦਾਦ ਸਮਝਿਆ ਜਾਂਦਾ ਹੈ।

ਮਾਂ-ਪਿਊ ਦੀ ਜਾਇਦਾਦ

ਯੂਨੀਵਰਸਿਟੀ ਦੁਆਰਾ ਲੜਕੀਆਂ ਦੇ ਲਿੰਗ ਵਿਤਕਰੇ ਸੰਬੰਧੀ ਹੋਸਟਲ ਦੀ ਸਮਾਂਬੰਦੀ ਖ਼ਤਮ ਕਰਨ ਦੀ ਮੰਗ ਵਿੱਚ ਮਾਪਿਆਂ ਦੀ ਰਾਇ ਇਸ ਕਰਕੇ ਲਈ ਜਾ ਰਹੀ ਸੀ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਵੀ ਲੜਕੀਆਂ ਨੂੰ ਇੱਕ ਮਨੁੱਖ ਸਮਝਣ ਦੀ ਬਜਾਇ ਮਾਂ ਪਿਉ ਦੀ ਨਿੱਜੀ ਜਾਇਦਾਦ ਹੀ ਸਮਝਦਾ ਹੈ।

ਕੁੜੀਆਂ ਨੇ ਰਾਤ ਨੂੰ ਅੱਠ ਵਜੇ ਤੋਂ ਬਾਅਦ ਕੀ ਕਰਨਾ ਹੈ? ਇਸ ਮਸਲੇ ਨੂੰ ਦੂਜੇ ਕਿਵੇਂ ਤੈਅ ਕਰ ਸਕਦੇ ਹਨ। ਲੜਕੀਆਂ ਬਿਹਤਰ ਤਰੀਕੇ ਨਾਲ ਜਾਣਦੀਆਂ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ।

ਜੇ ਇੱਥੋਂ ਦੇ ਹਾਕਮ, ਸੰਸਥਾਵਾਂ ਸਭ ਇਹ ਦਾਅਵਾ ਕਰਦੇ ਹਨ ਕਿ ਸਭ ਨਾਗਰਿਕ ਬਰਾਬਰ ਹਨ ਤਾਂ ਬਰਾਬਰ ਦੀ ਨਾਗਰਿਕਤਾ ਵਿੱਚ ਇਹ ਫ਼ਰਕ ਕਿਉਂ? ਮਸਲਾ ਬਰਾਬਰੀ ਦੇ ਹੱਕ ਨੂੰ ਲਾਗੂ ਕਰਨ ਦਾ ਹੈ।

ਯੂਨੀਵਰਸਿਟੀ ਉਨ੍ਹਾਂ ਦੇ ਇਸ ਹੱਕ ਨੂੰ ਪਿਤਰੀ ਸੋਚ ਦੀ ਐਨਕ ਵਿੱਚੋਂ ਦੇਖ ਰਹੀ ਹੈ ਜੋ ਕਿ ਸਰਾਸਰ ਧੱਕਾ ਹੈ।

ਜਿਨ੍ਹਾਂ ਲੜਕੀਆਂ ਨੇ ਸਮਾਜ ਨਾਲ ਸੰਘਰਸ਼ ਕਰਕੇ ਅਗਾਂਹ ਕਦਮ ਪੁੱਟੇ ਹਨ ਉਨ੍ਹਾਂ ਨੇ ਆਪਣੇ ਖੇਤਰ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਇਹ ਮੌਕੇ ਵਿਅਕਤੀਗਤ ਨਾ ਹੋ ਕੇ ਸਮੂਹਿਕ ਪੱਧਰ ਤੇ ਦਿੱਤੇ ਜਾਣੇ ਚਾਹੀਦੇ ਹਨ।

ਰਾਤ ਨੂੰ ਬਾਹਰ ਜਾਣ ਵਾਲੀਆਂ ਲੜਕੀਆਂ ਪ੍ਰਤੀ ਜੋ ਵਿਚਾਰ ਉਨ੍ਹਾਂ ਨੂੰ ਗੁਨਾਹਗਾਰ ਵਾਗੂੰ ਦੇਖ ਰਿਹਾ ਹੈ ਉਹ ਵਿਚਾਰ ਸਾਡੀ ਲਿਸ਼ਕਦੀ ਅਤੇ ਚਮਕਾਂ ਮਾਰਦੀ ਸੱਭਿਅਤਾ ਦੀ ਚਾਦਰ ਹੇਠ ਸੜ੍ਹਾਂਦ ਮਾਰਦੇ ਜਗੀਰੂ ਅਤੇ ਪਿੱਤਰਸੱਤੀ ਸਮਾਜ ਦੇ ਦਰਸ਼ਨ ਕਰਵਾਉਂਦਾ ਹੈ।

ਸਾਮਰਾਜੀ ਤਾਕਤਾਂ ਅੱਜ ਔਰਤਾਂ ਦੀ ਆਜ਼ਾਦੀ ਨੂੰ ਬਹੁਤ ਛੋਟੇ ਤੇ ਸੀਮਤ ਅਰਥਾਂ ਤੱਕ ਪ੍ਰਭਾਸ਼ਿਤ ਕਰ ਰਹੀ ਹੈ ਉਸ ਨੂੰ ਸਿਰਫ਼ ਇਕ ਦੇਹੀ ਤੱਕ ਸੀਮਤ ਕਰ ਰਹੀ ਹੈ। ਆਜ਼ਾਦੀ ਸਿਰਫ਼ ਮਰਦਾਂ ਵਾਂਗ ਪੱਬਾਂ-ਕਲੱਬਾਂ ਵਿੱਚ ਜਾਣਾ, ਸ਼ਰਾਬ ਪੀਣੀ ਅਤੇ ਸਿਗਰਟਨੋਸ਼ੀ ਤੱਕ ਸੀਮਤ ਕਰਕੇ ਨਹੀਂ ਦੇਖੀ ਜਾ ਸਕਦੀ।

ਬਰਾਬਰੀ ਦਾ ਮਤਲਬ ਸਮੁੱਚੀ ਬਰਾਬਰੀ ਹੈ। ਲੜਕੀਆਂ ਨੇ ਅਜੇ ਸਮਾਜ ਦੇ ਬਹੁਤ ਸਾਰੇ ਖੇਤਰ ਹਨ ਜਿੱਥੇ ਉਨ੍ਹਾਂ ਨੇ ਆਪਣੇ ਜੌਹਰ ਦਿਖਾਉਣੇ ਹਨ। ਇਹ ਤਾਂ ਹੀ ਹੋ ਸਕਦਾ ਜੇ ਉਨ੍ਹਾਂ ਨੂੰ ਇਹ ਮੌਕੇ ਮਿਲਦੇ ਰਹਿਣ।

ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉੱਚ ਅਦਾਰਾ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਿੱਚ ਆਪਣਾ ਰੋਲ ਨਿਭਾਏ।

ਜੇ ਕੋਈ ਚੀਜ਼ ਸਮਾਜ ਵਿੱਚ ਨਵੀਂ ਹੁੰਦੀ ਹੈ ਤਾਂ ਉਸਦੇ ਜੋਖ਼ਮ ਅਤੇ ਫਾਇਦੇ ਨਾਲ-ਨਾਲ ਚੱਲਦੇ ਹਨ। ਜੋਖਮਾਂ ਨਾਲ ਲੜਦੀਆਂ ਲੜਕੀਆਂ ਹੋਰ ਬਹਾਦਰੀ ਨਾਲ ਆਪਣੀ ਹੋਣੀ ਨੂੰ ਤੈਅ ਕਰ ਸਕਦੀਆਂ ਹਨ।

ਅਸਲ ਵਿੱਚ ਸਮਾਜ ਦੇ ਅਸਾਵੇਂ ਵਿਕਾਸ ਵਿੱਚ ਦਿੱਖ ਦੇ ਪੱਧਰ ਉੱਪਰ ਔਰਤਾਂ ਆਜ਼ਾਦ ਹਨ ਪਰ ਇਹ ਆਜ਼ਾਦੀ ਦਿਮਾਗਾਂ ਦਾ ਹਿੱਸਾ ਨਹੀਂ ਬਣੀ। ਦਿਮਾਗਾਂ ਵਿੱਚ ਉਹੀ ਜਗੀਰੂ ਅਤੇ ਪਿੱਤਰੀ ਵਿਚਾਰ ਸੜ੍ਹਾਂਦ ਮਾਰਦੇ ਹਨ।

ਇਹ ਵੀ ਪੜ੍ਹੋ:

ਇਸ ਲਈ ਇੱਥੇ ਔਰਤਾਂ ਪ੍ਰਤੀ ਇਹ ਸੋਚ ਖ਼ਤਮ ਕਰਨ ਲਈ ਅਜਿਹੇ ਸੰਘਰਸ਼ਾਂ ਦੇ ਨਾਲ-ਨਾਲ ਸਮਾਜ ਦੀ ਢਾਂਚਾਗਤ ਤਬਦੀਲੀ ਦੀ ਲੋੜ ਮਹਿਸੂਸ ਕੀਤਾ ਜਾ ਰਹੀ ਹੈ।

ਇਸ ਢਾਂਚਾਗਤ ਤਬਦੀਲੀ ਦੀ ਲੜਾਈ ਵਿੱਚ ਔਰਤਾਂ ਦੀ ਘਾਟ ਰੜਕਦੀ ਹੈ ਅਤੇ ਅਜਿਹੇ ਕੀਤੀ ਸੰਘਰਸ਼ ਦਾ ਰਾਹ ਸਮਾਜ ਦੀ ਢਾਂਚਾਗਤ ਤਬਦੀਲੀ ਵੱਧ ਸੇਧਿਤ ਹੋਣਾ ਬਹੁਤ ਜ਼ਰੂਰੀ ਹੈ।

(ਲੇਖਕ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਜਨਰਲ ਸਕੱਤਰ ਹੈ।)

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)