ਲਾਦੇਨ ਦਾ ਇੰਟਰਵਿਊ ਲੈਣ ਵਾਲਾ ਪੱਤਰਕਾਰ ਖਾਸ਼ੋਗੀ ਇਨ੍ਹਾਂ ਹਾਲਾਤ 'ਚ ਹੋਇਆ ਲਾਪਤਾ

ਸਾਊਦੀ ਅਰਬ ਪੱਤਰਕਾਰ ਜਮਾਲ ਖਾਸ਼ੋਗੀ ਆਪਣੇ ਹੀ ਮੁਲਕ ਦੇ ਇਸਤੰਬੁਲ ਸਥਿਤ ਸਫਾਰਤਖਾਨੇ ਵਿੱਚ 2 ਅਕਤੂਬਰ ਨੂੰ ਵਿਆਹ ਸਬੰਧੀ ਦਸਤਾਵੇਜ਼ ਲੈਣ ਗਏ ਸਨ। ਤੁਰਕੀ ਪੁਲਿਸ ਦਾ ਕਹਿਣਾ ਹੈ ਕਿ ਉਹ ਕਦੇ ਵਾਪਸ ਨਹੀਂ ਆਏ।

ਤੁਰਕੀ ਦੇ ਅਧਿਕਾਰੀਆਂ ਮੁਤਾਬਕ ਸਫਾਰਤਖਾਨੇ ਦੇ ਅੰਦਰ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਪਰ ਸਾਊਦੀ ਅਰਬ ਦੀ ਸਰਕਾਰ ਮੁਤਾਬਕ ਉਹ ਉੱਥੋਂ ਚਲੇ ਗਏ ਸਨ।

ਕਦੇ ਸ਼ਾਹੀ ਪਰਿਵਾਰ ਦੇ ਸਲਾਹਕਾਰ ਰਹੇ ਜਮਾਲ ਸਾਊਦੀ ਸਰਕਾਰ ਤੋਂ ਦੂਰ ਹੋ ਗਏ ਅਤੇ ਦੇਸ ਤੋਂ ਬਾਹਰ ਚਲੇ ਗਏ।

ਆਓ ਇੱਕ ਨਜ਼ਰ ਮਾਰਦੇ ਹਾਂ ਖਾਸ਼ੋਗੀ, ਉਨ੍ਹਾਂ ਦੇ ਕਰੀਅਰ ਅਤੇ ਉਨ੍ਹਾਂ ਘਟਨਾਵਾਂ 'ਤੇ, ਜਿਨ੍ਹਾਂ ਤੋਂ ਬਾਅਦ ਉਹ ਲਾਪਤਾ ਹੋ ਗਏ।

ਮਦੀਨਾ 'ਚ 1958 ਵਿੱਚ ਪੈਦਾ ਹੋਏ ਜਮਾਲ ਖਾਸ਼ੋਗੀ ਨੇ ਅਮਰੀਕਾ ਦੀ ਇੰਡੀਆਨਾ ਸਟੇਟ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨੀਸਟ੍ਰੇਸ਼ਨ ਦੀ ਪੜ੍ਹਾਈ ਕੀਤੀ।

ਇਹ ਵੀ ਪੜ੍ਹੋ꞉

ਉਸ ਤੋਂ ਬਾਅਦ ਉਹ ਮੁੜ ਸਾਊਦੀ ਅਰਬ ਆ ਗਏ ਅਤੇ 1980ਵਿਆਂ ਵਿੱਚ ਖੇਤਰੀ ਅਖ਼ਬਾਰਾਂ ਲਈ ਅਫ਼ਗਾਨਿਸਤਾਨ ਉੱਪਰ ਸੋਵੀਅਤ ਹਮਲਿਆਂ ਦੀ ਰਿਪੋਰਟਿੰਗ ਕਰਕੇ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ।

ਉੱਥੇ ਉਨ੍ਹਾਂ ਓਸਾਮਾ ਬਿਨ ਲਾਦੇਨ ਦੇ ਉਭਾਰ ਨੂੰ ਨੇੜਿਓਂ ਦੇਖਿਆ ਅਤੇ 1980-1990 ਦੇ ਦਹਾਕਿਆਂ ਦੌਰਾਨ ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦਾ ਇੰਟਰਵਿਊ ਲਿਆ।

ਇੱਕ ਪ੍ਰਮੁੱਖ ਪੱਤਰਕਾਰ

ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਤੋਂ ਬਾਅਦ ਉਨ੍ਹਾਂ ਆਪਣੇ ਖੇਤਰ ਦੀਆਂ ਕਈ ਮੁੱਖ ਘਟਨਾਵਾਂ ਦੀ ਰਿਪੋਰਟਿੰਗ ਕੀਤੀ ਜਿਨ੍ਹਾਂ ਵਿੱਚ ਕੁਵੈਤ ਦੀ ਖਾੜੀ ਜੰਗ ਵੀ ਸ਼ਾਮਿਲ ਸੀ।

1990ਵਿਆਂ ਵਿੱਚ ਖ਼ਾਗੋਸ਼ੀ ਸਾਊਦੀ ਅਰਬ ਪਰਤ ਆਏ ਅਤੇ 1999 ਵਿੱਚ ਇੱਕ ਅੰਗਰੇਜ਼ੀ ਅਖ਼ਬਾਰ ਅਰਬ ਨਿਊਜ਼ ਦੇ ਡਿਪਟੀ ਐਡੀਟਰ ਬਣੇ।

2003 ਵਿੱਚ ਜਮਾਲ ਅਲ ਵਤਨ ਅਖ਼ਬਾਰ ਦੇ ਸੰਪਾਦਕ ਬਣੇ ਪਰ ਆਪਣੇ ਕਾਰਜਕਾਲ ਦੇ ਦੋ ਮਹੀਨਿਆਂ ਵਿੱਚ ਹੀ ਸਾਊਦੀ ਸਰਕਾਰ ਖ਼ਿਲਾਫ਼ ਆਲੋਚਨਾਤਮਕ ਖ਼ਬਰਾਂ ਛਾਪਣ ਕਾਰਨ ਬਰਖ਼ਾਸਤ ਕਰ ਦਿੱਤੇ ਗਏ।

ਬਰਖ਼ਾਸਤਗੀ ਤੋਂ ਬਾਅਦ ਉਹ ਲੰਡਨ ਅਤੇ ਫੇਰ ਵਾਸ਼ਿੰਗਟਨ ਚਲੇ ਗਏ, ਜਿੱਥੇ ਉਨ੍ਹਾਂ ਸਾਊਦੀ ਅਰਬ ਦੇ ਸਾਬਕਾ ਇੰਟੈਲੀਜੈਂਸ ਮੁਖੀ ਅਤੇ ਅੰਬੈਸਡਰ ਪ੍ਰਿੰਸ ਤੁਰਕੀ ਬਿਨ-ਫੈਸਲ ਦੇ ਮੀਡੀਆ ਸਲਾਹਕਾਰ ਦੇ ਰੂਪ ਵਿਚ ਸੇਵਾ ਨਿਭਾਈ।

ਇਸ ਤੋਂ ਬਾਅਦ ਸਾਲ 2007 ਵਿੱਚ ਉਹ ਅਲ ਵਤਨ ਅਖ਼ਬਾਰ ਵਿੱਚ ਮੁੜ ਆ ਗਏ ਪਰ ਹੋਰ ਵਿਵਾਦਾਂ ਦੇ ਚਲਦਿਆਂ ਤਿੰਨ ਸਾਲਾਂ ਬਾਅਦ ਨੌਕਰੀ ਛੱਡ ਦਿੱਤੀ।

2011 ਵਿੱਚ ਅਰਬ ਸਪਰਿੰਗ ਅਪਰਾਇਜ਼ਿੰਗ ਤੋਂ ਬਾਅਦ, ਉਨ੍ਹਾਂ ਕਈ ਦੇਸਾਂ ਵਿੱਚ ਇਸਲਾਮਿਕ ਸਮੂਹਾਂ ਦਾ ਸਮਰਥਨ ਕੀਤਾ ਜਿਨ੍ਹਾਂ ਨੇ ਕਈ ਮੁਲਕਾਂ ਵਿੱਚ ਸ਼ਕਤੀ ਹਾਸਿਲ ਕੀਤੀ ਸੀ।

2012 ਵਿੱਚ ਜਮਾਲ ਨੂੰ ਸਾਊਦੀ ਅਰਬ ਵੱਲੋਂ ਸਮਰਥਨ ਹਾਸਿਲ ਨਿਊਜ਼ ਚੈਨਲ 'ਅਲ ਅਰਬ' ਚਲਾਉਣ ਲਈ ਚੁਣਿਆ ਗਿਆ - ਇਸ ਚੈਨਲ ਨੂੰ ਕਤਰ ਵੱਲੋਂ 'ਦਿ ਅਲ ਜਜ਼ੀਰਾ ਚੈਨਲ' ਦੇ ਮੁਕਾਬਲੇ ਖੜ੍ਹਾ ਕੀਤਾ ਗਿਆ ਸੀ।

ਪਰ ਬਹਿਰੀਨ ਅਧਾਰਤ ਇਸ ਨਿਊਜ਼ ਚੈਨਲ ਵੱਲੋਂ 2015 ਵਿੱਚ ਇੱਕ ਪ੍ਰਮੁੱਖ ਬਹਿਰੀਨ ਵਿਰੋਧੀ ਧਿਰ ਦੇ ਆਗੂ ਨੂੰ ਸੰਬੋਧਨ ਲਈ ਸੱਦਣ ਕਰਕੇ 24 ਘੰਟੇ ਦੇ ਅੰਦਰ ਹੀ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ

ਖਾਸ਼ੋਗੀ ਨੂੰ ਸਾਊਦੀ ਮਾਮਲਿਆਂ ਦੇ ਮਾਹਿਰ ਮੰਨਿਆ ਜਾਂਦਾ ਸੀ ਅਤੇ ਉਹ ਕੌਮਾਂਤਰੀ ਮੀਡੀਆ ਅਦਾਰਿਆਂ ਵਿੱਚ ਨਿਯਮਿਤ ਯੋਗਦਾਨ ਪਾ ਰਹੇ ਸਨ।

'ਅਸੀਂ ਸਾਊਦੀ ਹੋਰ ਬਿਹਤਰ ਦੇ ਹੱਕਦਾਰ ਹਾਂ'

ਪੱਤਰਕਾਰ ਜਮਾਲ ਖਾਸ਼ੋਗੀ ਨੇ 2017 ਦੀਆਂ ਗਰਮੀਆਂ ਵਿੱਚ ਸਾਊਦੀ ਅਰਬ ਨੂੰ ਛੱਡ ਕੇ ਅਮਰੀਕਾ ਵੱਲ ਕੂਚ ਕੀਤਾ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਰਥਿਕ ਅਤੇ ਸਮਾਜਿਕ ਸੁਧਾਰ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਕੁੰਵਰ ਮੁਹੰਮਦ ਬਿਨ ਸਲਮਾਨ ਦੀ ਅਗਵਾਈ ਹੇਠ ਦਰਜਨ ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਾਊਦੀ ਸਰਕਾਰ ਨੇ ਅਰਬੀ ਅਖ਼ਬਾਰ ਅਲ-ਹਯਾਤ ਦੇ ਪ੍ਰਕਾਸ਼ਕ ਉੱਪਰ ਉਨ੍ਹਾਂ ਦਾ ਕਾਲਮ ਰੱਦ ਕਰਨ ਲਈ ਦਬਾਅ ਬਣਾਇਆ।

ਉਨ੍ਹਾਂ ਲਿਖਿਆ, ''ਮੈਂ ਆਪਣਾ ਘਰ, ਪਰਿਵਾਰ ਅਤੇ ਨੌਕਰੀ ਛੱਡ ਦਿੱਤੀ ਹੈ ਅਤੇ ਮੈਂ ਆਪਣੀ ਆਵਾਜ਼ ਚੁੱਕ ਰਿਹਾ ਹਾਂ। ਜੇ ਮੈਂ ਅਜਿਹਾ ਨਾ ਕਰਾਂ ਤਾਂ ਇਹ ਉਨ੍ਹਾਂ ਲੋਕਾਂ ਨਾਲ ਧੋਖਾ ਹੋਵੇਗਾ ਜੋ ਜੇਹਾਂ ਵਿੱਚ ਸੜ ਰਹੇ ਹਨ।

"ਮੈਂ ਉਸ ਸਮੇਂ ਗੱਲ ਕਰ ਸਕਦਾ ਹਾਂ ਜਦੋਂ ਬਹੁਤੇ ਨਹੀਂ ਕਰ ਸਕਦੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਊਦੀ ਅਰਬ ਹਮੇਸ਼ਾ ਇਸ ਤਰ੍ਹਾਂ ਨਹੀਂ ਸੀ ਜਿਵੇਂ ਉਹ ਹੁਣ ਹੈ। ਅਸੀਂ ਹੋਰ ਬਿਹਤਰ ਸਾਊਦੀ ਦੇ ਹੱਕਦਾਰ ਹਾਂ।''

ਆਪਣੀ ਲਿਖਤ ਵਿੱਚ ਉਨ੍ਹਾਂ ਸਾਊਦੀ ਸਰਕਾਰ ਉੱਪਰ ਦੋਸ਼ ਲਗਾਇਆ ਕਿ ਉਹ ਅਸਲ ਕੱਟੜਪੰਥੀਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਉਨ੍ਹਾਂ ਕੁੰਵਰ ਦੀ ਤੁਲਨਾ ਰੂਸੀ ਨੇਤਾ ਵਲਾਦੀਮੀਰ ਪੁਤਿਨ ਨਾਲ ਕੀਤੀ

ਖਾਸ਼ੋਗੀ ਮੰਗਲਵਾਰ ਤੋਂ ਨਹੀਂ ਦੇਖੇ ਗਏ, ਜਦੋਂ ਉਹ ਆਪਣੇ ਤਲਾਕ ਦੇ ਦਸਤਾਵੇਜ਼ ਪ੍ਰਾਪਤ ਕਰਨ ਲਈ ਇਸਤੰਬੁਲ ਵਿੱਚਲੇ ਸਾਉਦੀ ਸਫਾਰਤਖਾਨੇ ਗਏ ਸਨ, ਤਾਂ ਜੋ ਉਹ ਤੁਰਕ ਮੰਗੇਤਰ ਨਾਲ ਵਿਆਹ ਕਰਾ ਸਕਣ।

ਉਨ੍ਹਾਂ ਦੀ ਮੰਗੇਤਰ ਹੈਟੀਸ ਸਨਗੀਜ਼ ਨੇ ਕਿਹਾ ਕਿ ਸਫਾਰਤਖਾਨੇ ਦੇ ਬਾਹਰ ਉਸ ਨੇ 11 ਘੰਟੇ ਇੰਤਜ਼ਾਰ ਕੀਤਾ, ਪਰ ਉਹ ਨਹੀਂ ਆਏ।

ਹੈਟੀਸ ਨੇ ਕਿਹਾ ਕਿ ਸਫਾਰਤਖਾਨੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਫ਼ੋਨ ਬਾਹਰ ਰੱਖ ਦਿਤਾ ਸੀ ਅਤੇ ਉਨ੍ਹਾਂ ਹੈਟੀਸ ਨੂੰ ਕਿਹਾ ਸੀ ਕਿ ਜੇ ਉਹ ਮੁੜ ਕੇ ਨਾ ਆਵੇ ਤਾਂ ਤੁਰਕੀ ਦੇ ਰਾਸ਼ਟਰਪਤੀ ਦੇ ਸਲਾਹਕਾਰ ਰੀਸਪ ਟਾਇਪ ਅਰਡੋਗਨ ਨੂੰ ਸੰਪਰਕ ਕੀਤਾ ਜਾਵੇ।

'ਸਿਰਫ਼ ਇੱਕ ਲੇਖਕ'

ਖਾਸ਼ੋਗੀ ਦੇ ਲਾਪਤਾ ਹੋਣ ਤੋਂ ਮਹਿਜ਼ ਤਿੰਨ ਦਿਨ ਪਹਿਲਾਂ ਹੀ, ਬੀਬੀਸੀ ਦੇ ਨਿਊਜ਼ਆਰ ਪ੍ਰੋਗਰਾਮ ਲਈ ਖਾਸ਼ੋਗੀ ਦਾ ਇੰਟਰਵਿਊ ਕੀਤਾ ਗਿਆ ਸੀ

ਇਸ ਵਿੱਚ ਉਨ੍ਹਾਂ ਆਪਣੀ ਵਤਨ ਵਾਪਸੀ ਨੂੰ ਲੈ ਕੇ ਬੇਉਮੀਦੀ ਜ਼ਾਹਰ ਕੀਤੀ ਸੀ।

ਉਨ੍ਹਾਂ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਉਹ ਤਾਂ ਵਿਰੋਧੀ ਵੀ ਨਹੀਂ ਹਨ ਸਗੋਂ ਇੱਕ ਆਜ਼ਾਦ ਦਿਮਾਗ ਦੇ ਮਾਲਕ ਹਨ।

"ਮੈਂ ਕਦੇ ਆਪਣੇ ਆਪ ਨੂੰ ਵਿਰੋਧੀ ਨਹੀਂ ਕਿਹਾ, ਮੈਂ ਤਾਂ ਕਹਿੰਦਾ ਹਾਂ ਕਿ ਮੈਂ ਤਾਂ ਸਿਰਫ਼ ਇੱਕ ਲੇਖਕ ਹਾਂ। ਮੈਨੂੰ ਸਿਰਫ ਲਿਖਣ ਅਤੇ ਆਪਣੇ ਮਨ ਦੀ ਗੱਲ ਕਰਨ ਲਈ ਆਜ਼ਾਦ ਮਾਹੌਲ ਚਾਹੀਦਾ ਹੈ ਅਤੇ ਇਹੀ ਮੈਂ ਵਾਸ਼ਿੰਗਟਨ ਪੋਸਟ ਵਿੱਚ ਕਰਦਾ ਹਾਂ।"

"ਉਹ ਮੈਨੂੰ ਆਜ਼ਾਦੀ ਨਾਲ ਲਿਖਣ ਲਈ ਇੱਕ ਮੰਚ ਦਿੰਦੇ ਹਨ ਅਤੇ ਕਾਸ਼ ਉਹੀ ਮੰਚ ਮੈਨੂੰ ਘਰ ਵਿੱਚ ਹੀ ਮਿਲ ਜਾਂਦਾ।"

ਉਨ੍ਹਾਂ ਨੇ ਸੁਧਾਰਾਂ ਲਈ ਵਰਤਮਾਨ ਸਾਉਦੀ ਸਰਕਾਰ ਦੀ ਆਲੋਚਨਾ ਵੀ ਕੀਤੀ ਸੀ।

"ਆ ਰਹੇ ਗੰਭੀਰ ਬਦਲਾਅ ਦੀ ਤਾਂ ਚਰਚਾ ਹੀ ਨਹੀਂ ਕੀਤੀ ਜਾ ਰਹੀ। ਕੁੰਵਰ ਹਰ ਦੋ ਹਫਤਿਆਂ ਜਾਂ ਮਹੀਨਿਆਂ ਬਾਅਦ ਕੋਈ ਕਈ ਖਰਬਾਂ ਦਾ ਪ੍ਰੋਜੈਕਟ ਦੇ ਦਿੰਦੇ ਹਨ ਜਿਸ ਨੂੰ ਸੰਸਦ ਵਿੱਚ, ਅਖ਼ਬਾਰਾਂ ਵਿਚਾਰਿਆ ਹੀ ਨਹੀਂ ਗਿਆ ਹੁੰਦਾ। ਲੋਕ ਤਾੜੀਆਂ ਮਾਰਦੇ ਹਨ ਅਤੇ ਅਸ਼-ਅਸ਼ ਕਰਦੇ ਹਨ, ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)