ਪੀਰੀਅਡਜ਼ 'ਚ ਦੇਰੀ ਲਈ ਵਰਤੀਆਂ ਜਾਂਦੀਆਂ ਗੋਲੀਆਂ ਇੰਜ ਖ਼ਤਰਨਾਕ

    • ਲੇਖਕ, ਅਨਘਾ ਪਾਠਕ
    • ਰੋਲ, ਬੀਬੀਸੀ ਪੱਤਰਕਾਰ

"ਹਾਂ, ਮੈਂ ਗੋਲੀਆਂ ਖਾਂਦੀ ਹਾਂ। ਅਜੇ ਪਰਸੋ ਹੀ ਲਈ ਸੀ, ਕਿਉਂ ਕਿ ਸਾਡੇ ਘਰ ਸੱਤਿਆਨਰਾਇਣ ਦੀ ਪੂਜਾ ਸੀ।'' ਇਹ ਸ਼ਬਦ ਘਰੇਲੂ ਨੌਕਰਾਣੀ ਦਾ ਕੰਮ ਕਰਨ ਵਾਲੀ 27 ਸਾਲਾ ਕਲਿਆਣੀ ਦੇ ਹਨ।

ਕਲਿਆਣੀ ਦੇ ਦੋ ਬੱਚੇ ਹਨ। ਉਸ ਦੀ ਸੱਸ ਬਿਰਧ ਹੋਣ ਕਾਰਨ ਪੂਜਾ ਨਹੀਂ ਕਰ ਸਕਦੀ ਅਤੇ ਆਪਣੇ ਘਰ ਦੀਆਂ ਔਰਤਾਂ ਵਿਚੋਂ ਕਲਿਆਣੀ ਹੀ ਸੁਹਾਗਣ ਹੈ, ਇਸ ਲਈ ਘਰ ਵਿਚ ਉਹੀ ਇੱਕ ਔਰਤ ਸੀ, ਜਿਸ ਨੂੰ ਪੂਜਾ ਕਰਨ ਦੀ ਆਗਿਆ ਸੀ। ਜੇਕਰ ਉਸ ਦਾ ਪੀਰੀਅਡ ਸ਼ੁਰੂ ਹੋ ਜਾਂਦਾ ਤਾਂ ਸਾਰੀਆਂ ਰਸਮਾਂ ਦਾ ਪ੍ਰਬੰਧ ਹੋਣਾ ਮੁਸ਼ਕਲ ਹੋ ਜਾਣਾ ਸੀ।

ਪੀਰੀਅਡ ਹੋਣ ਕਾਰਨ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤਾਅਨੇ-ਮੇਹਣੇ ਮਾਰਨੇ ਸ਼ੁਰੂ ਕਰ ਦੇਣੇ ਸੀ।

ਪਰ ਕੁਝ ਸਾਲ ਪਹਿਲਾਂ ਉਸ ਨੂੰ ਇਸ ਦਾ ਹੱਲ ਮਿਲ ਗਿਆ- ਇਹ ਸੀ ਪੀਰੀਅਡਜ਼ ਨੂੰ ਲੇਟ ਕਰਨ ਵਾਲੀਆਂ ਗੋਲੀਆਂ।

ਇਹ ਵੀ ਪੜ੍ਹੋ:

ਕਲਿਆਣੀ ਦੱਸਦੀ ਹੈ, " ਇਸ ਰੁੱਤ ਦੌਰਾਨ ਸਾਡੇ ਬਹੁਤ ਸਾਰੇ ਤਿਓਹਾਰ ਆਉਂਦੇ ਹਨ। ਇਨ੍ਹਾਂ ਤਿਓਹਾਰਾਂ ਵਿਚ ਧਾਰਮਿਕ ਰਸਮਾਂ ਦੌਰਾਨ ਛੂਆ-ਛੂਤ ਨੂੰ ਲੈ ਕੇ ਮੇਰਾ ਪਰਿਵਾਰ ਬਹੁਤ ਸਖ਼ਤ ਰਵੱਈਏ ਵਾਲਾ ਹੈ। ਇੱਥੋਂ ਤੱਕ ਕਿ ਮੈਂ ਜਿੰਨ੍ਹਾਂ ਘਰਾਂ ਵਿਚ ਕੰਮ ਕਰਨ ਜਾਂਦੀ ਹਾਂ , ਉਹ ਔਰਤਾਂ ਵੀ ਮੈਨੂੰ ਪੁੱਛਦੀਆਂ ਹਨ ਕਿ ਮੈਨੂੰ ਪੀਰੀਅਡਜ਼ ਤਾਂ ਨਹੀਂ ਆਏ।"

ਕਲਿਆਣੀ ਦਾ ਮੰਨਣਾ ਹੈ, "ਆਪਣੀ ਸੋਚ ਮੁਤਾਬਕ ਉਹ ਵੀ ਠੀਕ ਹਨ। ਕੋਈ ਇਸ ਤਰ੍ਹਾਂ ਰੱਬ ਦੀ ਪੂਜਾ ਕਿਵੇਂ ਕਰ ਸਕਦਾ ਹੈ। ਇਸ ਲਈ ਉਹ ਮੈਨੂੰ ਕੰਮ ਉੱਤੇ ਨਾ ਆਉਣ ਲਈ ਕਹਿ ਦਿੰਦੇ ਹਨ। ਇਸ ਲਈ ਨੁਕਸਾਨ ਤੋਂ ਬਚਣ ਦਾ ਵਧੀਆ ਤਰੀਕਾ ਤਾਂ ਇਹੀ ਹੈ ਗੋਲੀਆਂ ਹੀ ਖਾ ਲਈਆਂ ਜਾਣ।"

ਤਿਓਹਾਰਾਂ ਦੀ ਰੁੱਤ ਅਗਸਤ ਮਹੀਨੇ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਸ ਤਿਓਹਾਰਾਂ ਵਿੱਚ ਫੁੱਲਾਂ, ਪੂਜਾ ਸਮੱਗਰੀ, ਸੱਤਿਆਨਰਾਇਣ ਦੀਆਂ ਫੋਟੋਆਂ ਫਲੈਕਸਾਂ ਦਾ ਪ੍ਰਕਾਸ਼ਨ, ਪ੍ਰਫਿਊਮ ਵਾਲਾ ਗੂੰਦ ਅਤੇ ਮਿਠਾਈਆਂ ਦੀ ਮੰਗ ਕਾਫ਼ੀ ਵਧ ਜਾਂਦੀ ਹੈ।

ਇਸੇ ਸੀਜ਼ਨ ਵਿਚ ਔਰਤਾਂ ਦਾ ਪੀਰੀਅਡਜ਼ ਸਮਾਂ ਅੱਗੇ ਪਾਉਣ ਲਈ ਗੋਲੀਆਂ ਦੀ ਮੰਗ ਅਚਾਨਕ ਵਧ ਜਾਂਦੀ ਹੈ।

ਬੁਲਧਾਨਾ ਜ਼ਿਲ੍ਹੇ ਦੇ ਦੂਲੇਗਾਂਓ ਰਾਜਾ ਕਸਬੇ ਵਿਚ ਮੈਡੀਕਲ ਸਟੋਰ ਚਲਾ ਰਹੇ ਰਾਜੂ ਝੋਰੇ ਦੱਸਦੇ ਹਨ, "ਇਨ੍ਹਾਂ ਗੋਲੀਆਂ ਦੀ ਸਭ ਤੋਂ ਵੱਧ ਮੰਗ ਗਣਪਤੀ ਅਤੇ ਮਹਾਲਕਸ਼ਮੀ ਦੇ ਤਿਓਹਾਰ ਦੌਰਾਨ ਹੁੰਦੀ ਹੈ। ਔਰਤਾਂ ਇਨ੍ਹਾਂ ਦਵਾਈਆਂ ਦੀ ਇਨ੍ਹਾਂ ਦਿਨਾਂ ਲਈ ਖ਼ਾਸ ਤੌਰ ਉੱਤੇ ਖਰੀਦ ਕਰਦੀਆਂ ਹਨ।"

ਉਹ ਆਪਣੇ ਤਰਜਬੇ ਦੇ ਆਧਾਰ ਉੱਤੇ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਗੋਲੀਆਂ ਦੀ ਗਿਣਤੀ ਸਿਰਫ਼ ਸ਼ਹਿਰਾਂ ਵਿਚ ਹੀ ਨਹੀਂ ਬਲਕਿ ਪਿੰਡਾਂ ਵਿਚ ਵੀ ਵਧ ਜਾਂਦੀ ਹੈ। ਇਸ ਦਾ ਕਾਰਨ ਤਿਓਹਾਰਾਂ ਦੀ ਰੁੱਤ ਵਿਚ 'ਪ੍ਰਦੂਸ਼ਣ' ਤੇ 'ਅਸ਼ੁੱਧਤਾ' ਨੂੰ ਦੱਸਿਆ ਜਾਂਦਾ ਹੈ।

ਭਾਰਤ ਵਿਚ ਅੱਜ ਦੇ ਜ਼ਮਾਨੇ ਵਿਚ ਵੀ ਲੋਕ ਪੀਰੀਅਡਜ਼ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦੇ।

ਇਹ ਵੀ ਪੜ੍ਹੋ:

ਪੀਰੀਅਡਜ਼ ਦੌਰਾਨ ਅੱਜ ਵੀ ਔਰਤਾਂ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਹਨ। ਕਈ ਸੂਬਿਆਂ ਵਿੱਚ ਤਾਂ ਔਰਤਾਂ ਨੂੰ ਪੀਰੀਅਡਜ਼ ਦੌਰਾਨ ਘਰਾਂ ਤੋਂ ਬਾਹਰ ਰੱਖਿਆ ਜਾਂਦਾ ਹੈ ਅਤੇ ਸਰਦੀ ਦੌਰਾਨ ਵੀ ਪਸ਼ੂਆਂ ਦੀ ਸ਼ੈੱਡ ਵਿਚ ਰੱਖਿਆ ਜਾਂਦਾ ਹੈ।

ਉਨ੍ਹਾਂ ਲਈ ਧਾਰਮਿਕ ਗਤੀਵਿਧੀਆਂ ਵਿਚ ਸ਼ਾਮਲ ਹੋਣਾ ਤਾਂ ਅਸੰਭਵ ਹੀ ਹੈ।

ਪਰ ਘਰਾਂ ਵਿੱਚ ਕੰਮ ਦੀ ਜ਼ਿੰਮੇਵਾਰੀ ਔਰਤਾਂ ਉੱਤੇ ਹੁੰਦੀ ਹੈ ਅਤੇ ਜੇ ਤਿਓਹਾਰ ਦੌਰਾਨ ਉਨ੍ਹਾਂ ਦਾ ਪੀਰੀਅਡਜ਼ ਸ਼ੁਰੂ ਹੋ ਜਾਣ ਤਾਂ ਇਸਦੇ ਪ੍ਰਬੰਧ ਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ। ਇਸ ਲਈ ਔਰਤ ਨੂੰ ਇਸ ਦੌਰਾਨ ਆਪਣੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਪੈਂਦਾ ਹੈਂ। ਇਸ ਵਿਚ ਸਾਈਂਸ ਉਸ ਲਈ ਮਦਦਗਾਰ ਸਾਬਿਤ ਹੋ ਰਹੀ ਹੈ।

ਤਿਓਹਾਰਾਂ ਦੇ ਦਿਨਾਂ ਵਿਚ ਪੂਜਾ ਦੀਆਂ ਰਸਮਾਂ ਦੌਰਾਨ ਪੀਰੀਅਡਜ਼ ਤੋਂ ਬਚਣ ਲਈ ਇਨ੍ਹਾਂ ਗੋਲੀਆਂ ਦੀ ਵਰਤੋਂ ਔਰਤਾਂ ਆਮ ਕਰਦੀਆਂ ਹਨ।

ਝੋਰੇ ਕਹਿੰਦੇ ਹਨ, "ਜਿਹੜੀਆਂ ਔਰਤਾਂ ਇਹ ਗੋਲੀਆਂ ਲੈਣ ਮੈਡੀਕਲ ਸਟੋਰਾਂ ਉੱਤੇ ਆਉਂਦੀਆਂ ਹਨ, ਉਨ੍ਹਾਂ ਕੋਲ ਕਿਸੇ ਡਾਕਟਰ ਦੀ ਇਸ ਨੂੰ ਲੈਣ ਦੀ ਬਾਰੇ ਹਦਾਇਤ ਨਹੀਂ ਹੁੰਦੀ।''

"ਜਦੋਂ ਵੀ ਘਰ ਵਿੱਚ ਕੋਈ ਧਾਰਮਿਕ ਰਸਮਾਂ ਹੋਣੀਆਂ ਹੋਣ ਤਾਂ ਔਰਤਾਂ ਇਹ ਦਵਾਈਆਂ ਖੁਦ ਹੀ ਲੈ ਲੈਂਦੀਆਂ ਹਨ। ਭਾਵੇਂ ਕਿ ਇਸ ਲਈ ਇੱਕ ਵਾਰ ਤਿੰਨ ਗੋਲੀਆਂ ਲੈਣੀਆਂ ਕਾਫ਼ੀ ਹੁੰਦੀਆਂ ਹਨ ਪਰ ਇਹ ਇਕੱਠੀਆਂ ਹੀ ਛੇ-ਛੇ ਖਰੀਦ ਲੈਂਦੀਆਂ ਹਨ।''

ਇਨ੍ਹਾਂ ਦਵਾਈਆਂ ਦਾ ਕੀ ਅਸਰ ਪੈਂਦਾ ਹੈ?

ਸਾਹੈਦਰੀ ਹਸਪਤਾਲ ਦੀ ਔਰਤ ਰੋਗਾਂ ਦੀ ਮਾਹਰ ਡਾਕਟਰ ਗੌਰੀ ਪਿੰਪਰਾਲਕਰ ਨੇ ਦੱਸਿਆ, "ਕੋਈ ਵੀ ਔਰਤ ਰੋਗਾਂ ਦੇ ਮਾਹਰ ਡਾਕਟਰ ਅਜਿਹੀ ਦਵਾਈ ਲੈਣ ਦੀ ਸਲਾਹ ਨਹੀਂ ਦਿੰਦੇ।''

"ਪੀਰੀਅਡਜ਼ ਔਰਤਾਂ ਦੇ ਸਰੀਰ ਵਿੱਚ ਪੈਦਾ ਹੋਣ ਵਾਲੇ ਦੋ ਹਾਰਮੋਨਜ਼ ਉੱਤੇ ਨਿਰਭਰ ਕਰਦੇ ਹਨ। ਪੀਰੀਅਡਜ਼ ਨੂੰ ਆਉਣ ਤੋਂ ਲੇਟ ਕਰਨ ਲਈ ਇਨ੍ਹਾਂ ਦੋ ਹਾਰਮੋਨਜ਼ ਦੀ ਹੀ ਦਵਾਈ ਲੈਣੀ ਪੈਂਦੀ ਹੈ। ਇਸ ਤਰ੍ਹਾਂ ਇਹ ਦਵਾਈ ਹਾਰਮੋਨ ਸਾਈਕਲ ਨੂੰ ਪ੍ਰਭਾਵਿਤ ਕਰਦੀ ਹੈ।''

''ਜੇ ਲਗਾਤਾਰ ਹਾਰਮੋਨਜ਼ ਦੀ ਦਵਾਈ ਲਈ ਜਾਂਦੀ ਹੈ ਤਾਂ ਜ਼ਿਆਦਾ ਡੋਜ਼ ਕਾਰਨ ਬਰੇਨ ਸਟ੍ਰੋਕ, ਅਧਰੰਗ ਜਾਂ ਬੇਹੋਸ਼ੀ ਦੇ ਦੌਰੇ ਪੈ ਸਕਦੇ ਹਨ। ਸਾਡੇ ਕੋਲ ਅਜਿਹੇ ਕੇਸ ਆਮ ਹੀ ਆਉਂਦੇ ਹਨ।''

"ਔਰਤਾਂ 10-15 ਦਿਨਾਂ ਲਈ ਪੀਰੀਅਡਜ਼ ਅੱਗੇ ਪਾਉਣ ਲਈ ਦਵਾਈ ਲੈਂਦੀਆਂ ਰਹਿੰਦੀਆਂ ਹਨ ਜਿਸ ਨਾਲ ਇਸ ਦੀ ਓਵਰਡੋਜ਼ ਹੋ ਜਾਂਦੀ ਹੈ। ਇਸ ਦਾ ਸਿਹਤ ਉੱਤੇ ਬੁਰਾ ਅਸਰ ਪੈਂਦਾ ਹੈ।''

ਕਿਸਨੂੰ ਇਹ ਦਾਵਈ ਨਹੀਂ ਲੈਂਣੀ ਚਾਹੀਦੀ?

ਡਾਕਟਰ ਗੌਰੀ ਮੁਤਾਬਕ, "ਔਰਤਾਂ ਇਸ ਦਵਾਈ ਨੂੰ ਲੈਣ ਤੋਂ ਪਹਿਲਾਂ ਕਿਸੇ ਵੀ ਡਾਕਟਰ ਦੀ ਸਲਾਹ ਨਹੀਂ ਲੈਂਦੀਆਂ। ਇਹ ਗੋਲੀਆਂ ਸਾਰੇ ਮੈਂਡੀਕਲ ਸਟੋਰਾਂ ਉੱਤੇ ਆਮ ਮਿਲ ਜਾਂਦੀਆਂ ਹਨ ਇਸ ਲਈ ਔਰਤਾਂ ਮਨਮਰਜ਼ੀ ਨਾਲ ਇਹ ਦਵਾਈ ਲੈਣਾ ਜਾਰੀ ਰੱਖਦੀਆਂ ਹਨ।"

ਕੋਈ ਵੀ ਦਵਾਈ ਦੇਣ ਤੋਂ ਪਹਿਲਾਂ ਮਰੀਜ਼ ਦੀ ਪਿਛਲੀ ਸਿਹਤ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਜੇ ਔਰਤ ਨੂੰ ਮਾਈਗ੍ਰੇਨ (ਸਿਰ ਦਰਦ), ਦੌਰਾ ਪੈਣਾ, ਬਲੱਡ-ਪ੍ਰੈਸ਼ਰ ਦੀ ਸਮੱਸਿਆ ਹੈ ਜਾਂ ਫਿਰ ਉਸਦਾ ਭਾਰ ਵਧਿਆ ਹੋਇਆ ਹੈ ਤਾਂ ਇਹ ਗੋਲੀਆਂ ਉਸਦੀ ਸਿਹਤ ਨੂੰ ਹੋਰ ਨੁਕਸਾਨ ਪਹੁੰਚਾ ਸਕਦੀਆਂ ਹਨ।

ਮਹਿਲਾ ਖਿਡਾਰਨਾਂ ਵੀ ਕਰਦੀਆਂ ਹਨ ਗੋਲੀਆਂ ਦੀ ਵਰਤੋਂ

ਖੇਡ ਮੁਕਾਬਲਿਆਂ ਦੌਰਾਨ, ਖਿਡਾਰਨਾਂ ਪੀਰੀਅਡਜ਼ ਵਿੱਚ ਦੇਰੀ ਲਈ ਗੋਲੀਆਂ ਦੀ ਵਰਤੋਂ ਕਰਦੀਆਂ ਹਨ। ਉਨ੍ਹਾਂ ਦੇ ਸਰੀਰ 'ਤੇ ਬੁਰਾ ਅਸਰ ਨਹੀਂ ਪੈਂਦਾ?

ਡਾ. ਗੌਰੀ ਦਾ ਕਹਿਣਾ ਹੈ,''ਖਿਡਾਰਨਾਂ ਦਾ ਕੇਸ ਵੱਖਰਾ ਹੈ। ਉਨ੍ਹਾਂ ਦਾ ਖਾਣਾ-ਪੀਣਾ ਬਹੁਤ ਚੰਗਾ ਹੁੰਦਾ ਹੈ, ਉਨ੍ਹਾਂ ਦਾ ਸਰੀਰ ਬਹੁਤ ਮਜ਼ਬੂਤ ਹੁੰਦਾ ਹੈ, ਉਹ ਰੋਜ਼ਾਨਾ ਕਸਰਤ ਕਰਦੀਆਂ ਹਨ।''

"ਇਸ ਕਰਕੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਖਿਡਾਰਨਾਂ ਲਗਾਤਾਰ ਅਜਿਹੀਆਂ ਗੋਲੀਆਂ ਦੀ ਵਰਤੋਂ ਨਹੀਂ ਕਰਦੀਆਂ। ਪਰ ਪੂਜਾ ਜਾਂ ਧਾਰਮਿਕ ਮਕਸਦ ਕਾਰਨ ਗੋਲੀਆਂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵੱਧ ਹਨ।''

'ਹਾਂ, ਮੈਂ ਪੀਰੀਅਡਜ਼ ਦੇ ਦਿਨਾਂ 'ਚ ਵੀ ਗਣਪਤੀ ਪੂਜਾ ਲਈ ਜਾਂਦੀ ਹਾਂ'

ਸ਼ਹਿਰਾਂ ਵਿੱਚ ਪੀਰੀਅਡਜ਼ ਦੇ ਦਿਨਾਂ ਵਿੱਚ ਘਰੋਂ ਬਾਹਰ ਬੈਠਣ ਵਾਲੀਆਂ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਔਰਤਾਂ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਜ਼ਰੂਰ ਲੈਂਦੀਆਂ ਹਨ ਜਿਸ ਕਾਰਨ ਉਹ ਗੋਲੀਆਂ ਦੀ ਵਰਤੋਂ ਕਰਦੀਆਂ ਹਨ।

ਡਾ. ਗੌਰੀ ਦਾ ਕਹਿਣਾ ਹੈ, ''ਭਗਵਾਨ ਕਦੇ ਨਹੀਂ ਕਹਿੰਦੇ ਕਿ ਪੀਰੀਅਡ ਦੌਰਾਨ ਪੂਜਾ ਨਾ ਕਰੋ ਜਾਂ ਧਾਰਮਿਕ ਕੰਮਾਂ ਵਿੱਚ ਹਿੱਸਾ ਨਾ ਲਓ। ਇਸ ਕਾਰਨ ਔਰਤਾਂ ਅਜਿਹੀਆਂ ਗੋਲੀਆਂ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਨੁਕਸਾਨ ਨਾ ਪਹੁੰਚਾਉਣ।"

ਭੂਮਾਤਾ ਬ੍ਰਿਗੇਡ ਸੰਸਥਾ ਦੀ ਕਾਰਕੁਨ ਤਰੁਪਤੀ ਦੇਸਾਈ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਦੇ ਹਨ,''ਮਾਹਵਾਰੀ ਅਪਵਿੱਤਰ ਨਹੀਂ ਹੈ। ਇਹ ਕੁਦਰਤ ਦਾ ਤੋਹਫ਼ਾ ਹੈ। ਸਾਨੂੰ ਇਸ ਨੂੰ ਖੁਸ਼ੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ।''

ਪੀਰੀਅਡ ਦੇ ਦਿਨਾਂ ਵਿੱਚ ਔਰਤਾਂ ਮੰਦਿਰ ਨਹੀਂ ਜਾਂਦੀਆਂ, ਪੀਰੀਅਡਜ਼ ਰੋਕਣ ਲਈ ਗੋਲੀਆਂ ਖਾਂਦੀਆਂ ਹਨ, ਇਹ ਸਭ ਗ਼ਲਤ ਹੈ। ਮੈਨੂੰ ਕਈ ਵਾਰ ਗਣਪਤੀ ਪੂਜਾ ਲਈ ਬੁਲਾਇਆ ਜਾਂਦਾ ਹੈ। ਜੇਕਰ ਮੈਨੂੰ ਪੀਰੀਅਡਜ਼ ਵੀ ਆਉਣ ਤਾਂ ਵੀ ਮੈਂ ਚਲੀ ਜਾਂਦੀ ਹਾਂ। ਮੈਂ ਕਦੇ ਇਹ ਨਹੀਂ ਕਿਹਾ ਕਿ ਮੈਨੂੰ ਪੀਰੀਅਡਜ਼ ਆਏ ਹਨ ਤੇ ਮੈਂ ਪੂਜਾ ਵਿੱਚ ਹਿੱਸਾ ਨਹੀਂ ਲਵਾਂਗੀ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)