You’re viewing a text-only version of this website that uses less data. View the main version of the website including all images and videos.
ਕੇਰਲ ਨਨ ਰੇਪ ਮਾਮਲੇ 'ਚ ਘਿਰੇ ਬਿਸ਼ਪ ਮੁਲੱਕਲ ਦਾ ਪੰਜਾਬ ਕਨੈਕਸ਼ਨ
- ਲੇਖਕ, ਅਰਵਿੰਦ ਛਾਬੜਾ ਤੇ ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਈਸਾਈ ਧਰਮ ਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦਾ ਤੁਲਨਾਤਮਕ ਅਧਿਐਨ ਕਰਨ ਵਾਲੇ ਬਿਸ਼ਪ ਫਰੈਂਕੋ ਮੁਲੱਕਲ ਨੇ ਅੰਮ੍ਰਿਤਸਰ ਦੇ ਫਾਦਰ ਮੈਥਿਊ ਨੂੰ ਜਲੰਧਰ ਖੇਤਰ ਦਾ ਆਰਜ਼ੀ ਚਾਰਜ ਸੌਂਪ ਦਿੱਤਾ ਹੈ।
ਇਸਾਈ ਸਾਧਵੀ ਨਾਲ ਬਲਾਤਕਾਰ ਦੇ ਦੋਸ਼ਾਂ ਵਿਚ ਘਿਰੇ ਬਿਸ਼ਪ ਵੱਲੋਂ ਜਾਰੀ ਇੱਕ ਸਰਕੂਲਰ ਵਿੱਚ ਕਿਹਾ ਗਿਆ ਹੈ, ''ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਫਾਦਰ ਮੈਥਿਊ ਹੀ ਜਲੰਧਰ ਡਾਇਸਜ਼ ਦਾ ਕੰਮਕਾਜ਼ ਦੇਖਣਗੇ''।
ਜਲੰਧਰ ਤੋਂ ਬੀਬੀਸੀ ਪੰਜਾਬੀ ਲਈ ਪਾਲ ਸਿੰਘ ਨੌਲੀ ਅਨੁਸਾਰ 13 ਸਤੰਬਰ ਨੂੰ ਕੇਰਲਾ ਪੁਲਿਸ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਨੋਟਿਸ ਜਾਰੀ ਕਰਕੇ 19 ਸਤੰਬਰ ਨੂੰ ਕੇਰਲਾ ਆਉਣ ਲਈ ਕਿਹਾ ਹੈ। ਉਸੇ ਦਿਨ ਹੀ ਇਹ ਸਰਕੂਲਰਜਾਰੀ ਹੋਇਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਹੈ, "ਮੈਨੂੰ ਮੀਡੀਆ ਰਿਪੋਰਟਾਂ ਅਨੁਸਾਰ ਕੇਰਲਾ ਜਾਣ ਪੈ ਸਕਦਾ ਹੈ। ਇਸ ਕਰਕੇ ਫਾਦਰ ਮੈਥਿਊ ਨੂੰ ਜਲੰਧਰ ਡਾਇਸਸ ਦਾ ਕੰਮ ਕਾਜ਼ ਸੌਂਪਿਆ ਜਾ ਰਿਹਾ ਹੈ।"
ਜਲੰਧਰ ਦੇ ਇਕ ਸੀਨੀਅਰ ਫਾਦਰ ਨੇ ਦੱਸਿਆ ਹੈ ਕਿ ਬਿਸ਼ਪ ਫਰੈਂਕੋ ਮੁਲੱਕਲ ਨੇ ਨਾ ਤਾਂ ਅਸਤੀਫਾ ਦਿੱਤਾ ਹੈ ਤੇ ਨਾ ਹੀ ਮੈਥਿਊ ਨੂੰ ਬਿਸ਼ਪ ਬਣਾਇਆ ਗਿਆ ਹੈ। ਅਜਿਹੇ ਸਰਕੂਲਰ ਉਦੋਂ ਜਾਰੀ ਹੁੰਦੇ ਹਨ ਜਦੋਂ ਬਿਸ਼ਪ ਆਪਣੇ ਖੇਤਰ ਤੋਂ ਬਾਹਰ ਜਾਂਦੇ ਹਨ।
ਬਿਸ਼ਪ ਨੂੰ ਤਾਮੀਲ ਹੋਏ ਸੰਮਨ
ਬਿਸ਼ਪ ਫਰੈਂਕੋ ਮੁਲੱਕਲ ਨੂੰ ਕੇਰਲਾ ਪੁਲਿਸ ਵੱਲੋਂ ਭੇਜੇ ਸੰਮਨ ਉਨ੍ਹਾਂ ਨੇ ਪ੍ਰਾਪਤ ਕਰ ਲਏ ਹਨ। ਸੰਮੰਨ ਭੇਜੇ ਜਾਣ ਦੀ ਪੁਸ਼ਟੀ ਜਲੰਧਰ ਦੇ ਪੁਲੀਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਰਲਾ ਪੁਲੀਸ ਵੱਲੋਂ ਈਮੇਲ 'ਤੇ ਸੰਮੰਨ ਭੇਜੇ ਗਏ ਸਨ।
ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ, 'ਥਾਣਾ ਨਵੀਂ ਬਾਰਾਂਦਰੀ ਦੇ ਐਸਐਚਓ ਨੇ ਇਹ ਸੰਮੰਨ ਬਿਸ਼ਪ ਹਾਊਸ ਜਾ ਕੇ ਫਰੈਂਕੋ ਮੁਲੱਕਲ ਨੂੰ ਤਾਮੀਲ ਕਰਵਾਏ ਹਨ'।
ਜ਼ਿਕਰਯੋਗ ਹੈ ਕਿ ਕੇਰਲਾ ਪੁਲੀਸ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ 19 ਸਤੰਬਰ ਨੂੰ ਚੱਲ ਰਹੀ ਜਾਂਚ ਵਿਚ ਹਿੱਸਾ ਲੈਣ ਲਈ ਸੱਦਿਆ ਹੈ। ਬਿਸ਼ਪ ਪਹਿਲਾਂ ਹੀ ਇਹ ਗੱਲ ਆਖ ਚੁੱਕੇ ਹਨ ਕਿ ਉਹ ਹਰ ਤਰ੍ਹਾਂ ਨਾਲ ਪੁਲੀਸ ਨੂੰ ਸਹਿਯੋਗ ਕਰਦੇ ਆ ਰਹੇ ਅਤੇ ਜਦੋਂ ਵੀ ਉਨ੍ਹਾਂ ਨੂੰ ਸੰਮਨ ਮਿਲ ਜਾਣਗੇ ਤਾਂ ਉਹ ਜ਼ਰੂਰ ਉਥੇ ਜਾਣਗੇ।
ਜਲੰਧਰ ਦੇ ਸਿਵਲ ਲਾਈਨ ਇਲਾਕੇ ਦੀ ਇੱਕ ਤੰਗ ਜਿਹੀ ਗਲੀ, ਜਿਸ ਦੇ ਇੱਕ ਪਾਸੇ ਹੋਟਲ ਹੈ ਅਤੇ ਦੂਜੇ ਪਾਸੇ ਕੁਝ ਵਪਾਰਕ ਅਦਾਰੇ ਹਨ। ਗਲੀ ਦੇ ਕਰੀਬ 100 ਮੀਟਰ ਅੰਦਰ ਜਾਣ 'ਤੇ ਖੱਬੇ ਹੱਥ ਕੈਥੋਲਿਕ ਚਰਚ ਦਾ ਇੱਕ ਛੋਟਾ ਦਾ ਬੋਰਡ ਲੱਗਾ ਹੋਇਆ ਹੈ।
ਨੇੜੇ ਜਾਣ 'ਤੇ ਇੱਥੇ ਚਰਚ ਦੀ ਇੱਕ ਵੱਡੀ ਇਮਾਰਤ ਦਿਖਾਈ ਦਿੰਦੀ ਹੈ। ਜਿਸ ਦੇ ਬਾਹਰ ਵੱਡਾ ਗੇਟ ਹੈ, ਜਿਸ ਦੀ ਨਿਗਰਾਨੀ ਚੌਕੀਦਾਰ ਵੱਲੋਂ ਕੀਤੀ ਜਾ ਰਹੀ ਹੈ।
ਚੌਕੀਦਾਰ ਸਿਰਫ਼ ਪਛਾਣ ਵਾਲੇ ਬੰਦਿਆਂ ਨੂੰ ਹੀ ਚਰਚ ਦੇ ਅੰਦਰ ਆਉਣ ਦਿੰਦਾ ਹੈ। ਇਹ ਉਹੀ ਚਰਚ ਹੈ ਜਿੱਥੋਂ ਦੇ ਬਿਸ਼ਪ ਦੀ ਚਰਚਾ ਕੇਰਲ ਤੋਂ ਪੰਜਾਬ ਤੱਕ ਹੋ ਰਹੀ ਹੈ। ਜਲੰਧਰ ਲੈਟਿਨ ਕੈਥੋਲਿਕ ਚਰਚ ਦੇ ਪਾਦਰੀ ਫਰੈਂਕੋ ਮੁਲੱਕਲ 'ਤੇ ਕੇਰਲ ਦੀ ਇੱਕ ਨਨ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।
ਇਹ ਵੀ ਪੜ੍ਹੋ:
ਚਰਚ ਦੀ ਇਮਾਰਤ ਦੇ ਨੇੜੇ ਪਹੁੰਚਣ ਤੋਂ ਬਾਅਦ ਗੇਟ 'ਤੇ ਮੌਜੂਦ ਚੌਕੀਦਾਰ ਨੇ ਥੋੜ੍ਹੀ ਪੁੱਛ ਪੜਤਾਲ ਕੀਤੀ ਅਤੇ ਸਾਨੂੰ ਅੰਦਰ ਜਾਣ ਦਿੱਤਾ।
ਬੀਬੀਸੀ ਪੰਜਾਬੀ ਦੀ ਟੀਮ ਚਰਚ ਦੇ ਅੰਦਰ ਪਹੁੰਚੀ ਤਾਂ ਸਾਨੂੰ ਇੱਕ ਕਮਰੇ ਵਿਚ ਇੰਤਜ਼ਾਰ ਕਰਨ ਲਈ ਆਖਿਆ ਗਿਆ। ਜਿਸ ਕਮਰੇ ਵਿਚ ਅਸੀਂ ਇੰਤਜ਼ਾਰ ਕਰ ਰਹੇ ਸਨ ਉਸ ਦੀਆਂ ਦੀਵਾਰਾਂ 'ਤੇ ਬਿਸ਼ਪ ਫਰੈਂਕੋ ਦੀਆਂ ਲੱਗੀਆਂ ਤਸਵੀਰਾਂ ਉਨ੍ਹਾਂ ਦੇ ਪ੍ਰਭਾਵ ਨੂੰ ਦਰਸਾ ਰਹੀਆਂ ਸਨ।
ਥੋੜ੍ਹਾ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਇਮਾਰਤ ਦੀ ਦੂਜੀ ਮੰਜ਼ਲ ਉੱਤੇ ਪਹੁੰਚ ਜਿੱਥੇ ਬਿਸ਼ਪ ਫਰੈਂਕੋ ਮੌਜੂਦ ਸਨ। ਪਹਿਲੀ ਨਜ਼ਰ ਵਿਚ ਬਿਸ਼ਪ ਦਾ ਚਿਹਰਾ ਸ਼ਾਂਤ ਨਜ਼ਰ ਆ ਰਿਹਾ ਸੀ।
ਰਸਮੀ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਉਨ੍ਹਾਂ ਨਾਲ ਕੇਰਲ ਦੀ ਇਸਾਈ ਸਾਧਵੀ (ਨਨ) ਵੱਲੋਂ ਲਗਾਏ ਇਲਜ਼ਾਮਾਂ ਬਾਰੇ ਗੱਲਬਾਤ ਕੀਤੀ ਉਨ੍ਹਾਂ ਇਹਨਾਂ ਸਾਰੀਆਂ ਗੱਲਾਂ ਨੂੰ ਸਿਰੋਂ ਤੋਂ ਰੱਦ ਕਰ ਦਿੱਤਾ।
ਬਿਸ਼ਪ ਦਾ ਪੰਜਾਬ ਕਨੈੱਕਸ਼ਨ
ਫਰੈਂਕੋ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਜਨਮ ਕੇਰਲ ਦਾ ਹੈ ਪਰ ਉਹ ਪੰਜਾਬ ਨੂੰ ਚੰਗੀ ਤਰਾਂ ਸਮਝਦੇ ਹਨ, ਕਿਉਂਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਪੰਜਾਬ ਬਤੀਤ ਕੀਤਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੀਐਚਡੀ ਇਸਾਈ ਧਰਮ ਅਤੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਦੇ ਉਪਦੇਸ਼ਾਂ ਦੇ ਤੁਲਨਾਆਮਤਕ ਅਧਿਐਨ ਉੱਤੇ ਇਟਲੀ ਦੀ ਯੂਨੀਵਰਸਿਟੀ ਤੋਂ ਕੀਤੀ ਹੈ।
ਬੀਬੀਸੀ ਨਾਲ ਗੱਲਬਾਤ ਦੌਰਾਨ ਉਹ ਵਿਚ ਵਿਚਾਲੇ ਪੰਜਾਬੀ ਸ਼ਬਦਾਂ ਦੀ ਵਰਤੋਂ ਵੀ ਕਰ ਰਹੇ ਸਨ। 54 ਸਾਲਾ ਬਿਸ਼ਪ ਸਾਲ 2013 ਤੋਂ ਜਲੰਧਰ ਵਿਖੇ ਬਿਸ਼ਪ ਹਨ।
ਬਿਸ਼ਪ ਦਾ ਪ੍ਰਭਾਵ
ਪੰਜਾਬ ਵਿਚ ਜੇਕਰ ਇਸਾਈ ਭਾਈਚਾਰੇ ਦੀ ਆਬਾਦੀ ਦੀ ਗੱਲ ਕਰੀਏ ਤਾਂ ਇਹ ਕੁਲ ਆਬਾਦੀ ਦਾ ਇੱਕ ਫ਼ੀਸਦੀ ਹਿੱਸਾ ਹਨ।
ਜਲੰਧਰ ਸਥਿਤ ਬਿਸ਼ਪ ਹਾਊਸ ਪੂਰੇ ਪੰਜਾਬ ਅਤੇ ਹਿਮਾਚਲ ਦੇ ਕੈਥੋਲਿਕ ਚਰਚਾਂ ਦਾ ਹੈੱਡਕੁਆਟਰ ਹੈ। ਦੂਜੇ ਸ਼ਬਦਾਂ ਵਿੱਚ ਬਿਸ਼ਪ ਦਾ ਅਹੁਦਾ ਬਹੁਤ ਪ੍ਰਭਾਵਸ਼ਾਲੀ ਅਤੇ ਉੱਚਾ ਹੁੰਦਾ ਹੈ।
ਜਲੰਧਰ ਸਥਿਤ ਮਜ਼ਦੂਰ ਸੰਗਠਨ ਦੇ ਆਗੂ ਤਰਸੇਮ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਦਲਿਤ ਭਾਈਚਾਰਾ ਧਰਮ ਤਬਦੀਲ ਕਰ ਕੇ ਇਸਾਈ ਭਾਈਚਾਰੇ ਵਿਚ ਗਿਆ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਦੱਸਿਆ ਕਿ ਬਿਸ਼ਪ ਫਰੈਂਕੋ ਦਾ ਕੰਮ ਕਾਜ ਕਰਨ ਦਾ ਤਰੀਕਾ ਹੁਣ ਤੱਕ ਹੋਏ ਬਿਸ਼ਪਾਂ ਤੋਂ ਵੱਖਰਾ ਹੈ। ਉਨ੍ਹਾਂ ਦੱਸਿਆ ਕਿ ਬਿਸ਼ਪ ਫਰੈਂਕੋ ਨਾ ਕੇਵਲ ਧਾਰਮਿਕ ਗੱਲਾਂ ਕਰਦੇ ਹਨ ਸਗੋਂ ਚਰਚ ਵਿਚ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਦੇ ਹਨ ਅਤੇ ਉਨ੍ਹਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਚਰਚ ਦੇ ਇੱਕ ਹੋਰ ਸ਼ਰਧਾਲੂ ਨੇ ਦੱਸਿਆ ਕਿ ਬਿਸ਼ਪ ਨੇ ਜਲੰਧਰ ਆਉਣ ਤੋਂ ਬਾਅਦ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਜਿੱਥੇ ਖ਼ਾਸ ਤੌਰ 'ਤੇ ਦਲਿਤ ਭਾਈਚਾਰੇ ਤੋਂ ਈਸਾਈ ਧਰਮ ਵਿਚ ਆਏ ਲੋਕ ਆਪਣੀਆਂ ਸਮੱਸਿਆਵਾਂ ਰੱਖਦੇ ਹਨ।
ਉਨ੍ਹਾਂ ਦੱਸਿਆ ਕਿ ਅਕਸਰ ਪੈਸੇ ਦੀ ਘਾਟ ਕਾਰਨ ਇਲਾਜ ਕਰਵਾਉਣ ਤੋਂ ਅਸਮਰਥ ਜਾਂ ਫਿਰ ਬੱਚਿਆਂ ਦੀ ਪੜਾਈ ਲਈ ਫ਼ੀਸ ਨਾ ਹੋਣ ਦੀਆਂ ਸਮੱਸਿਆਵਾਂ ਲੋਕ ਇਹਨਾਂ ਦੇ ਸਾਹਮਣੇ ਰੱਖਦੇ ਹਨ।
ਕਈਆਂ ਨੇ ਇਹ ਵੀ ਦੱਸਿਆ ਕਿ ਲੋਕ ਆਪਣਿਆਂ ਬੱਚਿਆਂ ਦੇ ਕਾਨਵੈਂਟ ਸਕੂਲਾਂ ਵਿੱਚ ਦਾਖ਼ਲੇ ਦੀ ਦਰਖ਼ਾਸਤ ਲੈਕੇ ਵੀ ਬਿਸ਼ਪ ਕੋਲ ਆਉਂਦੇ ਹਨ।
ਚਰਚ ਦੇ ਗੇਟ 'ਤੇ ਮੌਜੂਦ ਸੂਰਜ ਮਸੀਹ ਨਾਮ ਦਾ ਇੱਕ ਵਿਅਕਤੀ ਬਿਸ਼ਪ ਦੇ ਨਿਰਦੋਸ਼ ਹੋਣ ਸੰਬੰਧੀ ਲੋਕਾਂ ਨੂੰ ਪਰਚੇ ਵੰਡ ਰਿਹਾ ਸੀ।
ਇਹ ਵੀ ਪੜ੍ਹੋ:
ਪੁੱਛਣ 'ਤੇ ਉਸ ਨੇ ਦਾਅਵਾ ਕੀਤਾ ਕਿ "ਅਸੀਂ ਬਿਸ਼ਪ ਨੂੰ ਬਹੁਤ ਪੁਰਾਣੇ ਅਤੇ ਨੇੜਿਓਂ ਜਾਣਦੇ ਹਾਂ, ਇਹ ਉਨ੍ਹਾਂ ਦੇ ਖ਼ਿਲਾਫ਼ ਇੱਕ ਸਾਜ਼ਿਸ਼ ਹੈ ਕਿਉਂਕਿ ਗ਼ਰੀਬਾਂ ਦੀ ਮਦਦ ਕਰਦੇ ਹਨ ਇਸ ਕਰ ਕੇ ਲੋਕ ਉਨ੍ਹਾਂ ਤੋ ਈਰਖਾ ਕਰ ਰਹੇ ਹਨ"।
ਸਾਰੀ ਗੱਲਬਾਤ ਕਰਨ ਤੋ ਬਾਅਦ ਅਸੀਂ ਜਦੋਂ ਚਰਚ ਤੋਂ ਥੋੜ੍ਹੀ ਦੂਰ ਆਏ ਤਾਂ ਇੱਕ ਕੁਝ ਪ੍ਰਦਰਸ਼ਨ ਕਰਦੇ ਨਜ਼ਰ ਆਏ। ਇਹ ਲੋਕ ਬਿਸ਼ਪ 'ਤੇ ਨਨ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਆਧਾਰ 'ਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਗ੍ਰਿਫ਼ਤਾਰੀ ਦੀ ਮੰਗ ਕਰੇ ਸਨ।