ਮਿਆਂਮਾਰ: ਉਨ੍ਹਾਂ ਦੀ 'ਸੂਚੀ' 'ਚ ਪੱਤਰਕਾਰ ਪਸੰਦੀਦਾ ਸਨ, ਹੁਣ ਰਾਜ ਵਿੱਚ ਹੀ ਜੇਲ੍ਹ ਜਾ ਰਹੇ

    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ, ਦਿੱਲੀ

ਰੰਗੂਨ ਦੀ ਖ਼ੂਬਸੂਰਤ ਈਨੀਆ ਝੀਲ ਨੇੜੇ 7 ਕਮਰਿਆਂ ਵਾਲੇ ਇੱਕ ਮਕਾਨ ਦੇ ਬਾਹਰ ਜ਼ਬਰਦਸਤ ਪਹਿਰਾ ਰਹਿੰਦਾ ਹੈ।

ਲੋਹੇ ਦੀਆਂ ਸਲਾਖਾਂ ਵਾਲੇ ਗੇਟ ਉੱਤੇ ਅਤੇ ਅੰਦਰਲੇ ਦਰਵਾਜ਼ੇ 'ਤੇ ਫੌਜੀ ਤਾਇਨਾਤ ਰਹਿੰਦੇ ਸਨ। ਬਿਨਾਂ ਇਜਾਜ਼ਤ ਤੋਂ ਅੰਦਰ ਜਾਣਾ ਅਸੰਭਵ ਸੀ।

ਇੱਕ ਸਵੇਰ ਜਦੋਂ ਪਹਿਲੀ ਮੰਜ਼ਿਲ 'ਤੇ ਬੈਠੀ ਉਸ ਮਹਿਲਾ ਨੇ ਵਿਦੇਸ਼ੀ ਅਖ਼ਬਾਰਾਂ ਦੇ ਇੱਕ ਬੰਡਲ ਦੇ ਨਾਲ ਕਿਸੇ ਨੂੰ ਗੇਟ ਦੇ ਅੰਦਰ ਆਉਂਦੇ ਵੇਖਿਆ ਤਾਂ ਖੁਸ਼ੀ ਨਾਲ ਦੌੜਦੇ ਹੋਏ ਥੱਲ੍ਹੇ ਆ ਗਈ।

ਇਹ ਵੀ ਪੜ੍ਹੋ:

ਉਦੋਂ ਰੰਗੂਨ ਬਰਮਾ ਦੀ ਰਾਜਧਾਨੀ ਸੀ ਅਤੇ ਕਰੀਬ ਪੂਰਾ ਸ਼ਹਿਰ ਜਾਂ ਤਾਂ ਯਾਂਗੋਨ ਨਦੀ ਦੇ ਈਨੀਆ ਝੀਲ ਦੇ ਨੇੜੇ ਹੀ ਰਹਿੰਦਾ ਸੀ।

ਦੇਸ-ਦੁਨੀਆਂ ਤੋਂ ਦੂਰ ਔਂਗ ਸਾਨ ਸੂ ਚੀ ਦਿਨ ਦੇ ਕਈ ਘੰਟੇ ਆਪਣੇ ਘਰ ਤੋਂ ਝੀਲ ਨੂੰ ਅਤੇ ਉਸ ਵਿੱਚ ਤੈਰਦੀਆਂ ਬਤਖ਼ਾਂ ਨੂੰ ਦੇਖਦੀ ਰਹਿੰਦੀ ਸੀ।

ਸਾਲ ਸੀ 1988, ਔਕਸਫਾਰਡ ਵਿੱਚ ਪੜ੍ਹਾਈ ਕਰਨ ਅਤੇ ਸੰਯੁਕਤ ਰਾਸ਼ਟਰ ਵਰਗੀਆਂ ਥਾਵਾਂ 'ਤੇ ਨੌਕਰੀ ਕਰਨ ਤੋਂ ਬਾਅਦ ਔਂਗ ਸਾਨ ਸੂ ਚੀ ਭਾਰਤ ਵਿੱਚ ਸੀ, ਜਦੋਂ ਬਰਮਾ ਵਿੱਚ ਉਨ੍ਹਾਂ ਦੀ ਮਾਂ ਨੂੰ ਬਰੇਨ ਸਟ੍ਰੋਕ ਹੋਇਆ ਸੀ।

ਰੰਗੂਨ ਪੁੱਜਣ ਤੋਂ ਇੱਕ ਮਹੀਨੇ ਬਾਅਦ ਹੀ ਸੂ ਚੀ ਨੇ ਦੇਸ ਦੀ ਫੌਜੀ ਦੇਖ-ਰੇਖ ਵਾਲੀ ਸਰਕਾਰ ਤੋਂ ਦੇਸ ਵਿੱਚ ਲੋਕਤੰਤਰਿਕ ਚੋਣਾਂ ਕਰਵਾਉਣ ਦੀ ਮੰਗ ਕਰ ਦਿੱਤੀ।

ਇੱਕ ਸਾਲ ਦੇ ਅੰਦਰ ਉਨ੍ਹਾਂ ਨੇ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਬਣਾ ਕੇ ਉਸ ਨੂੰ ਅਹਿੰਸਾ ਅਤੇ ਜਨ ਅਸਹਿਯੋਗ ਦੇ ਸਿਧਾਂਤ 'ਤੇ ਲਾਂਚ ਕਰ ਦਿੱਤਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ 'ਫੌਜ ਵਿੱਚ ਫੁੱਟ ਪਾਉਣ' ਵਰਗੇ ਕਈ ਇਲਜ਼ਾਮਾਂ ਦੇ ਮੱਦੇਨਜ਼ਰ ਝੀਲ ਦੇ ਕਿਨਾਰੇ ਵਾਲੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।

ਵਿਦੇਸ਼ੀ ਮੀਡੀਆ ਨੂੰ ਪਸੰਦ ਕਰਦੀ ਸੀ ਸੂ ਚੀ

1970 ਅਤੇ 1980 ਦੇ ਦਹਾਕੇ ਵਿੱਚ ਬਰਮਾ ਦੇ ਕਈ ਨਾਮੀ ਅਖ਼ਬਾਰ ਬੰਦ ਹੋਏ ਸਨ ਅਤੇ ਸਥਾਨਕ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਆਮ ਗੱਲ ਸੀ।

ਬਾਅਦ ਵਿੱਚ ਮਿਆਂਮਾਰ ਟਾਈਮਜ਼ ਵਿੱਚ ਕੰਮ ਕਰ ਚੁੱਕੇ ਇੱਕ ਸੀਨੀਅਰ ਪੱਤਰਕਾਰ ਨੇ ਦੱਸਿਆ, "ਉਨ੍ਹਾਂ ਦਿਨਾਂ ਵਿੱਚ ਸੂ ਚੀ ਸਭ ਤੋਂ ਵੱਧ ਅਖ਼ਬਾਰਾਂ ਨੂੰ ਪਸੰਦ ਕਰਦੀ ਸੀ ਅਤੇ ਖ਼ਾਸ ਤੌਰ 'ਤੇ ਵਿਦੇਸ਼ੀ ਮੀਡੀਆ ਨੂੰ। ਉਨ੍ਹਾਂ ਨੂੰ ਲਗਦਾ ਸੀ ਕਿ ਮੀਡੀਆ ਵਿੱਚ ਨਿਰਪੱਖਤਾ ਦੀ ਜਿਹੜੀ ਸ਼ਕਤੀ ਹੈ, ਉਸਦਾ ਸਾਹਮਣਾ ਕੋਈ ਵੀ ਫੌਜ ਨਹੀਂ ਕਰ ਸਕਦੀ।''

ਰੰਗੂਨ ਦੀ ਇਸ ਈਨੀਆ ਝੀਲ ਦੇ ਕਿਨਾਰੇ ਵਾਲੇ ਘਰ ਵਿੱਚ ਸਾਲ 2012 'ਚ ਨੋਬਲ ਪੁਰਸਕਾਰ ਜੇਤੂ ਅਤੇ ਮਿਆਂਮਾਰ ਵਿੱਚ ਸੰਸਦੀ ਚੋਣਾਂ ਜਿੱਤ ਚੁੱਕੀ ਸੂ ਚੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਚਾਹ ਪੀ ਰਹੀ ਸੀ।

ਓਬਾਮਾ ਨੇ ਬਾਹਰ ਨਿਕਲ ਕੇ ਕਿਹਾ ਸੀ, "ਮੈਨੂੰ ਖੁਸ਼ੀ ਹੈ ਕਿ ਆਪਣੀ ਏਸ਼ੀਆ ਯਾਤਰਾ ਦੀ ਸ਼ੁਰੂਆਤ ਮੈਂ ਲੋਕਤੰਤਰ ਦੀ ਇੱਕ ਚਿਰਾਗ਼, ਸੂ ਚੀ ਨਾਲ ਮੁਲਾਕਾਤ ਕਰਕੇ ਕੀਤੀ ਹੈ।''

ਤਿੰਨ ਵਾਰ ਰਿਜੈਕਟ ਹੋਇਆ ਵੀਜ਼ਾ

ਉਸੇ ਔਂਗ ਸਾਨ ਸੂ ਚੀ ਦੀ ਸਰਕਾਰ ਵਾਲੇ ਮਿਆਂਮਾਰ ਵਿੱਚ ਰਿਪੋਰਟਿੰਗ ਕਰਨ ਲਈ ਮੈਂ ਸਤੰਬਰ, 2017 ਵਿੱਚ ਦਿੱਲੀ ਦੇ ਮਿਆਂਮਾਰ ਦੂਤਾਵਾਸ ਵਿੱਚ ਵੀਜ਼ਾ ਦੀ ਅਰਜ਼ੀ ਲਗਾਈ ਸੀ।

ਕਾਰਨ ਸਾਫ਼ ਸੀ ਅਤੇ ਖ਼ਬਰ ਅਜਿਹੀ ਜਿਸ ਨਾਲ ਦੁਨੀਆਂ ਵਿੱਚ ਹਾਹਾਕਾਰ ਮਚਿਆ ਹੋਇਆ ਸੀ।

ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਹਿੰਸਾ ਦਾ ਸ਼ਿਕਾਰ ਹੋਏ ਲੱਖਾਂ ਰੋਹਿੰਗਿਆ ਮੁਸਲਮਾਨਾਂ ਨੂੰ ਭੱਜ ਕੇ ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਵਿੱਚ ਸ਼ਰਨ ਲੈਣੀ ਪਈ ਸੀ।

ਕੌਕਸ ਬਾਜ਼ਾਰ ਤੋਂ ਮਿਆਂਮਾਰ ਫੌਜ ਦੇ ਜ਼ੁਲਮਾਂ ਅਤੇ ਹੋ ਰਹੇ ਕਤਲਾਂ ਦੀਆਂ ਖ਼ਬਰਾਂ ਤੇਜ਼ ਹੋ ਰਹੀਆਂ ਸਨ।

ਉੱਧਰ ਸੂ ਚੀ ਦੀ ਸਰਕਾਰ ਅਤੇ ਫੌਜ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ।

ਮਿਆਂਮਾਰ ਦਾ ਕਹਿਣਾ ਸੀ ਕਿ ਰਖਾਇਨ ਸੂਬੇ ਵਿੱਚ 'ਆਰਸਾ ਕੱਟੜਪੰਥੀ ਸੰਗਠਨ ਦੇ ਲੋਕਾਂ ਨੇ ਦਰਜਨਾਂ ਪੁਲਿਸ ਸਟੇਸ਼ਨਾਂ 'ਤੇ ਹਮਲਾ ਕੀਤਾ ਸੀ ਅਤੇ ਸਰਕਾਰੀ ਕਰਮਚਾਰੀਆਂ ਦਾ ਕਤਲ ਕੀਤਾ ਸੀ।''

ਜਦਕਿ ਹਜ਼ਾਰਾਂ-ਲੱਖਾਂ ਦੀ ਤਾਦਾਦ ਵਿੱਚ ਭੁੱਖ-ਪਿਆਸ ਨਾਲ ਜੂਝਦੇ ਰੋਹਿੰਗਿਆਂ ਮੁਸਲਮਾਨ ਸ਼ਰਨਾਰਥੀ, ਬੰਗਲਾਦੇਸ਼ ਪਹੁੰਚ ਕੇ ਆਪਣੇ ਜਾਂ ਪਰਿਵਾਰਾਂ ਨਾਲ ਹੋਈ ਬਲਾਤਾਕ, ਲੁੱਟ ਅਤੇ ਹੱਤਿਆਵਾਂ ਦੀ ਗੱਲ ਦੁਹਰਾ ਰਹੇ ਸਨ।

ਆਧੁਨਿਕ ਇਤਿਹਾਸ ਵਿੱਚ ਘੱਟ ਸਮੇਂ 'ਚ ਐਨੇ ਜ਼ਿਆਦਾ ਲੋਕਾਂ ਦਾ ਪਲਾਇਨ ਬਹੁਤ ਘੱਟ ਦੇਖਣ ਨੂੰ ਮਿਲਿਆ ਸੀ।

ਮੇਰਾ ਵੀਜ਼ਾ ਤਿੰਨ ਵਾਰ ਰਿਜੈਕਟ ਹੋਇਆ। ਕਾਰਨ ਦੱਸਣ ਦੇ ਨਾਮ 'ਤੇ ਦੂਤਾਵਾਸ ਦੇ ਅਧਿਕਾਰੀ ਸਿਰਫ਼ ਆਪਣੇ ਵੱਡੇ ਅਧਿਕਾਰੀ ਦੀ ਈਮੇਲ ਦੇ ਦਿੰਦੇ ਸੀ।

ਇਸ ਵਿਚਾਲੇ ਮਿਆਂਮਾਰ ਵਿੱਚ ਬੀਸੀਸੀ ਦੇ ਦੱਖਣੀ-ਪੂਰਬੀ ਏਸ਼ੀਆ ਪੱਤਰਕਾਰ ਨੂੰ ਪੱਤਰਕਾਰਾਂ ਦੇ ਇੱਕ 'ਨਿਗਰਾਨ ਗਰੁੱਪ ਦੇ ਨਾਲ ਰਖਾਇਨ ਲਿਜਾਇਆ ਗਿਆ।

ਉਸ ਯਾਤਰਾ ਵਿੱਚ ਉਨ੍ਹਾਂ ਨੂੰ ਰੋਹਿੰਗਿਆ ਮੁਸਲਮਾਨਾਂ ਦੇ ਸਾੜੇ ਹੋਏ ਘਰਾਂ ਤੋਂ ਇਲਾਵਾ ਕੁਝ ਅਜਿਹੇ ਸੁਰਾਗ ਮਿਲੇ, ਜਿਸ ਵਿੱਚ ਸਥਾਨਕ ਲੋਕਾਂ ਨੂੰ ਸੜੇ ਹੋਏ ਘਰਾਂ ਨੂੰ 'ਨਸ਼ਟ' ਕਰਦੇ ਦੇਖਿਆ ਗਿਆ।

ਸਾਫ਼ ਸੀ, ਬਹੁਗਿਣਤੀ ਬੋਧੀ ਲੋਕ ਘੱਟਗਿਣਤੀ ਰੋਹਿੰਗਿਆਂ ਮੁਸਲਾਮਾਨਾਂ 'ਤੇ ਬੁਰੀ ਤਰ੍ਹਾਂ ਭਾਰੂ ਸਨ।

ਸ਼ਾਇਦ ਉਸ ਖ਼ਬਰ ਦਾ ਅਸਰ ਸੀ ਕਿ ਵੀਜ਼ਾ ਮਿਲਣ ਵਿੱਚ ਇੱਕ ਹੋਰ ਮਹੀਨੇ ਦੀ ਦੇਰੀ ਹੋ ਗਈ।

ਆਖ਼ਰਕਾਰ ਨਵੰਬਰ ਵਿੱਚ ਜਦੋਂ ਵੀਜ਼ਾ ਮਿਲਿਆ ਤਾਂ ਬੈਂਗਕੌਕ ਹੋ ਕੇ ਯਾਂਗੋਨ ਪਹੁੰਚਣਾ ਪਿਆ।

ਹੈਰਾਨੀ ਸੀ ਕਿ ਗੁਆਂਢੀ ਹੋਣ ਦੇ ਬਾਵਜੂਦ ਭਾਰਤ ਅਤੇ ਮਿਆਂਮਾਰ ਵਿਚਾਲੇ ਸਿੱਧੀ ਫਲਾਈਟ ਸੇਵਾ ਤੱਕ ਨਹੀਂ ਹੈ।

ਲੋਕਤੰਤਰ ਸਮਰਥਕ ਔਂਗ ਸਾਨ ਸੂ ਚੀ ਦੇ ਮਿਆਂਮਾਰ ਵਿੱਚ ਉਤਰਣ ਲਈ ਕਿਸੇ ਵੀ ਕੌਮਾਂਤਰੀ ਪੱਤਰਕਾਰ ਨੂੰ ਦਰਜਨਾਂ ਸਕਿਊਰਟੀ ਚੈੱਕ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ, ਜਿਹੜੀ ਕਿ ਉੱਥੇ ਆਮ ਗੱਲ ਹੈ।

ਅਗਲੇ 10 ਦਿਨਾਂ ਵਿੱਚ ਸਾਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਆਦਤ ਪੈ ਚੁੱਕੀ ਸੀ।

ਦੋ ਪੱਤਰਕਾਰਾਂ ਦੀ ਗ੍ਰਿਫ਼ਤਾਰੀ

ਉਂਝ ਮਿਆਂਮਾਰ ਵਿੱਚ ਅੱਜਕੱਲ੍ਹ ਸੁਤੰਤਰ ਮੀਡੀਆ ਦੇ ਨਾਮ 'ਤੇ ਸਿਰਫ਼ ਕੌਮਾਂਤਰੀ ਮੀਡੀਆ ਹੀ ਬਚੀ ਹੈ।

ਸਥਾਨਕ ਮੀਡੀਆ 'ਤੇ ਸਰਕਾਰ ਅਤੇ ਬਹੁਗਿਣਤੀ ਭਾਈਚਾਰੇ ਦਾ ਜ਼ਬਰਦਸਤ ਬੇਤੁਕਾ ਦਬਾਅ ਬਣਿਆ ਰਹਿੰਦਾ ਹੈ।

ਜੇਕਰ ਤੁਹਾਡਾ ਸਬੰਧ ਬੀਬਸੀ, ਸੀਐਨਐਨ, ਰਾਇਟਰਜ਼, ਵਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, ਅਲ ਜਜ਼ੀਰਾ ਆਦਿ ਨਾਲ ਹੈ ਤਾਂ ਮੁਸ਼ਕਿਲਾਂ ਵਧਣੀਆਂ ਤੈਅ ਹਨ।

ਉਨ੍ਹਾਂ ਦੋਵਾਂ ਪੱਤਰਕਾਰਾਂ ਦਾ ਵਾਸਤਾ ਰਾਇਟਰਜ਼ ਨਿਊਜ਼ ਏਜੰਸੀ ਨਾਲ ਸੀ, ਜਿਨ੍ਹਾਂ ਨੂੰ ਮਿਆਂਮਾਰ ਦੀ ਇੱਕ ਅਦਾਲਤ ਨੇ ਹਾਲ ਹੀ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ:

ਮਿਆਂਮਾਰ ਦੇ ਨਾਗਰਿਕ, ਇਨ੍ਹਾਂ ਦੋਵਾਂ ਪੱਤਰਕਾਰਾਂ 'ਤੇ ਰੋਹਿੰਗਿਆਂ ਭਾਈਚਾਰੇ ਦੇ ਖ਼ਿਲਾਫ਼ ਹੋਈ ਹਿੰਸਾ ਦੀ ਜਾਂਚ ਦੇ ਦੌਰਾਨ ਰਾਸ਼ਟਰੀ ਨਿੱਜਤਾ ਕਾਨੂੰਨ ਦੇ ਉਲੰਘਣ ਦਾ ਇਲਜ਼ਾਮ ਹੈ।

ਵਾ ਲੋਨ ਅਤੇ ਕਿਆਵ ਸੋ ਓ ਨਾਮ ਦੇ ਇਹ ਦੋਵੇਂ ਪੱਤਰਕਾਰ ਮਿਆਂਮਾਰ ਦੇ ਹੀ ਨਾਗਰਿਕ ਹਨ।

ਦਸੰਬਰ 2017 ਵਿੱਚ ਇਨ੍ਹਾਂ ਦੋਵਾਂ ਨੂੰ ਉਦੋਂ ਗਿਰਫ਼ਤਾਰ ਕੀਤਾ ਗਿਆ ਜਦੋਂ ਇਹ ਕੁਝ ਸਰਕਾਰੀ ਦਸਤਾਵੇਜ਼ ਲੈ ਰਹੇ ਸਨ।

ਇਹ ਦਸਤਾਵੇਜ਼ ਉਨ੍ਹਾਂ ਨੂੰ ਕਥਿਤ ਤੌਰ 'ਤੇ ਪੁਲਿਸ ਅਫ਼ਸਰਾਂ ਨੇ ਦਿੱਤੇ ਸਨ।

ਦੋਵਾਂ ਪੱਤਰਕਾਰਾਂ ਨੇ ਖ਼ੁਦ ਨੂੰ ਬੇਗ਼ੁਨਾਹ ਦੱਸਿਆ ਅਤੇ ਕਿਹਾ ਕਿ ਪੁਲਿਸ ਨੇ ਹੀ ਉਨ੍ਹਾਂ ਨੂੰ ਫਸਾਇਆ ਹੈ।

ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਦੁਨੀਆਂ ਭਰ ਵਿੱਚ ਹੋਣ ਵਾਲੀ ਇਸਦੀ ਨਿੰਦਾ ਵਿਚਾਲੇ ਮਿਆਂਮਾਰ ਦੀ ਨੇਤਾ ਔਂਗ ਸਾਨ ਸੂ ਚੀ ਨੇ ਮਹੀਨਿਆਂ ਬਾਅਦ ਆਸੀਆਨ (Association of Southeast Asian Nations) ਦੀ ਬੈਠਕ ਵਿੱਚ ਪੱਤਰਕਾਰਾਂ ਦੀ ਗ੍ਰਿਫ਼ਤਾਰੀ 'ਤੇ ਗੱਲ ਕੀਤੀ।

ਅਦਾਲਤ ਫ਼ੈਸਲੇ ਦਾ ਬਚਾਅ ਕਰਦੇ ਹੋਏ ਸੂ ਚੀ ਨੇ ਕਿਹਾ, "ਉਨ੍ਹਾਂ ਨੂੰ ਸਜ਼ਾ ਇਸ ਲਈ ਨਹੀਂ ਮਿਲੀ ਕਿ ਉਹ ਪੱਤਰਕਾਰ ਹਨ। ਸਜ਼ਾ ਕਾਨੂੰਨ ਦਾ ਉਲੰਘਣ ਕਰਨ ਲਈ ਮਿਲੀ ਹੈ।"

ਦਰਅਸਲ, ਇਹ ਦੋਵੇਂ ਪੱਤਰਕਾਰ ਆਪਣੀ ਨਿਊਜ਼ ਏਜੰਸੀ ਲਈ ਰਖਾਇਨ ਸੂਬੇ ਵਿੱਚ ਹੋਏ ਕਤਲੇਆਮ ਦੀ ਜਾਂਚ ਕਰ ਰਹੇ ਸਨ।

ਮਿਆਂਮਾਰ ਵਿੱਚ ਰਿਪੋਰਟਿੰਗ ਦੌਰਾਨ ਸਾਡੀ ਮੁਲਾਕਾਤ ਇਨ੍ਹਾਂ ਵਿੱਚੋਂ ਇੱਕ ਨਾਲ ਹੋਈ ਸੀ ਅਤੇ ਗੱਲਬਾਤ ਦਾ ਮੁੱਦਾ ਸਾਂਝਾ ਸੀ।

ਰਖਾਇਨ ਸੂਬੇ ਵਿੱਚ ਪਹੁੰਚ ਕੇ ਉੱਥੋਂ ਦੇ ਵਿਗੜੇ ਹਾਲਾਤ ਦਾ ਜਾਇਜ਼ਾ ਲੈਣਾ ਅਤੇ ਜਾਣਕਾਰੀ ਇਕੱਠੀ ਕਰਨਾ।

ਮਿਆਂਮਾਰ ਸਰਕਾਰ ਨੇ ਸਾਡੇ ਉੱਤੇ ਰਖਾਇਨ ਦੀ ਰਾਜਧਾਨੀ ਸਿਤਵੇ ਤੋਂ ਅੱਗੇ ਜਾਣ 'ਤੇ ਰੋਕ ਲਗਾ ਦਿੱਤੀ ਸੀ।

ਇੱਥੋਂ ਸਿਰਫ਼ ਦੋ ਘੰਟੇ ਦੀ ਦੂਰੀ 'ਤੇ ਸੀ ਮੁਆਂਗਡੋ ਜ਼ਿਲ੍ਹਾ ਜਿੱਥੋਂ ਦੇ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਅਤੇ ਜ਼ੁਲਮ ਦੀਆਂ ਖ਼ਬਰਾਂ ਆਈਆਂ ਸਨ।

ਸਿਤਵੇ ਵਿੱਚ ਇੱਕ ਸਵੇਰ ਖ਼ਬਰ ਮਿਲੀ ਕਿ ਖ਼ੁਦ ਸੂ ਚੀ ਉੱਥੇ ਪਹੁੰਚ ਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ।

ਹੁਣ ਤੱਕ ਦੇ ਉਨ੍ਹਾਂ ਦੇ ਸਾਰੇ ਬਿਆਨਾਂ ਵਿੱਚ ਫੌਜ ਦੇ ਬਚਾਅ ਦੀ ਹੀ ਗੱਲ ਨਿਕਲੀ ਸੀ।

ਕਿਸ ਤਰ੍ਹਾਂ ਲੰਘਦੇ ਸੀ ਸਕਿਊਰਟੀ ਤੋਂ

ਸਿਤਵੇ ਦੇ ਛੋਟੇ ਜਿਹੇ ਹਵਾਈ ਅੱਡੇ ਦੇ ਕਰੀਬ 500 ਮੀਟਰ ਪਹਿਲਾਂ ਸਾਨੂੰ ਰੋਕ ਲਿਆ ਗਿਆ ਅਤੇ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ 45 ਮਿੰਟ ਤੱਕ ਸਵਾਲਾਂ ਦੇ ਜਵਾਬ ਦੇਣੇ ਪਏ।

ਨਾਲ ਬੀਬੀਸੀ ਨਿਊਜ਼ ਮਿਆਂਮਾਰ ਦੇ ਇੱਕ ਸਹਿਯੋਗੀ ਸਨ, ਜਿਨ੍ਹਾਂ ਨੇ ਸਫ਼ਰ ਦੇ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਕਿ "ਸਾਡੇ ਕੋਲ ਕੋਈ ਵੀ ਅਜਿਹਾ ਵੀਡੀਓ, ਕਾਗ਼ਜ਼ ਜਾਂ ਇੰਟਰਵਿਊ ਨਹੀਂ ਮਿਲਣਾ ਚਾਹੀਦਾ ਜਿਸ ਨਾਲ ਸਾਨੂੰ ਜੇਲ੍ਹ ਭੇਜ ਦਿੱਤਾ ਜਾਵੇ।"

ਸਾਡੀ ਪ੍ਰੋਡਿਊਸਰ ਐਨ ਗੈਲਾਘਰ ਰੋਜ਼ ਸਵੇਰ ਫ਼ੋਨ 'ਤੇ ਸਾਡੀ ਖ਼ੈਰ ਪੁੱਛਣ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਂਦੀ ਸੀ ਕਿ ਹਰ ਜੁਟਾਈ ਗਈ 'ਨਿਊਜ਼ ਸਮੱਗਰੀ' ਇੰਟਰਨੈੱਟ ਜ਼ਰੀਏ ਉਨ੍ਹਾਂ ਤੱਕ ਲੰਡਨ ਜਾਂ ਦਿੱਲੀ ਪਹੁੰਚ ਜਾਵੇ।

ਉਸ ਤੋਂ ਬਾਅਦ ਅਸੀਂ ਆਪਣੇ ਲੈਪਟਾਪ, ਮੋਬਾਈਲ ਫ਼ੋਨ ਅਤੇ ਹਾਰਡ ਡਰਾਈਵ ਤੋਂ ਸਾਰਾ ਡਾਟਾ ਡਿਲੀਟ ਕਰ ਦਿੰਦੇ ਸੀ।

ਸਾਡੀ ਵੀ ਜਾਂਚ ਹੱਤਿਆਵਾਂ ਬਾਰੇ ਸੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਸੀ ਕਿ ਕੁਝ ਦਿਨ ਪਹਿਲਾਂ ਬਰਮਾ ਸਰਕਾਰ ਨੇ ਹਿੰਦੂਆਂ ਦੀਆਂ ਸਮੂਹਿਰ ਕਬਰਾਂ ਮਿਲਣ ਦਾ ਦਾਅਵਾ ਕੀਤਾ ਸੀ ਉਸਦਾ ਸੱਚ ਕੀ ਸੀ।

ਯਾਂਗੋਨ ਤੋਂ ਰਖਾਇਨ ਵੱਲ ਜਾਂਦੇ ਸਮੇਂ ਬੀਬੀਸੀ ਬਰਮੀਜ਼ ਸੇਵਾ ਦੇ ਲਗਭਗ ਹਰ ਸਹਿਯੋਗੀ ਨੇ ਖ਼ਾਸ ਹਦਾਇਤਾਂ ਦਿੱਤੀਆਂ ਹੋਈਆਂ ਸੀ।

ਸੰਯੁਕਤ ਰਾਸ਼ਟਰ ਜਾਂ ਦੂਜੀਆਂ ਕੌਮਾਂਤਰੀ ਸੰਸਥਾਵਾਂ ਦੇ ਅਫ਼ਸਰਾਂ ਨੇ ਵੀ ਆਪਣੇ-ਆਪਣੇ ਕਰਮਚਾਰੀਆਂ ਤੋਂ ਲੋਅ ਪ੍ਰੋਫਾਈਲ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਸਨ।

ਇਹ ਵੀ ਪੜ੍ਹੋ:

ਕਿਸੇ ਤਰ੍ਹਾਂ ਆਪਣਾ ਕੰਮ ਪੂਰਾ ਕਰਕੇ ਅਸੀਂ ਮਾਂਡਲੇ ਅਤੇ ਨੇਪੀਡੌ ਹੁੰਦੇ ਹੋਏ ਯਾਂਗੋਨ ਵਾਪਿਸ ਪੁੱਜੇ।

ਯਾਂਗੋਨ ਦੇ ਓਂਗ ਕਿਆਵ ਇਲਾਕੇ ਵਿੱਚ 'ਫਾਦਰਸ ਆਫ਼ਿਸ' ਨਾਮ ਦੀ ਬਾਰ ਵਿੱਚ ਹਰ ਸ਼ੁੱਕਰਵਾਰ ਕੌਮਾਂਤਰੀ ਪੱਤਰਕਾਰ ਇਕੱਠੇ ਹੁੰਦੇ ਸਨ।

ਵਾ ਲੋਨ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਫਿਰ ਹੋਈ। ਉਨ੍ਹਾਂ ਨੇ ਹੱਸਦੇ ਹੋਏ ਕਿਹਾ ਸੀ ''ਨੈਕਸਟ ਟਾਈਮ, ਕਮ ਟੂ ਬਰਮਾ ਵਿਦ ਫੈਮਿਲੀ। ਵਿਲ ਬੀ ਮੋਰ ਫਨ''।

ਉਸਦੇ ਕੁਝ ਹਫ਼ਤੇ ਬਾਅਦ ਤੋਂ ਹੀ ਉਹ ਆਪਣੇ ਸਹਿਯੋਗੀ ਨਾਲ ਮਿਆਂਮਾਰ ਦੀ ਸਭ ਤੋਂ ਖ਼ਤਰਨਾਕ ਦੱਸੀ ਗਈ ਇਨਸੀਐਨ ਜੇਲ੍ਹ ਵਿੱਚ ਬੰਦ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)