You’re viewing a text-only version of this website that uses less data. View the main version of the website including all images and videos.
ਐਨਬੀਐਲ ਖੇਡਣ ਕੈਨੇਡਾ ਜਾ ਰਹੇ ਸਤਨਾਮ ਸਿੰਘ ਦੇ ਰੋਚਕ ਖੇਡ ਸਫ਼ਰ ਦੀ ਕਹਾਣੀ
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਬਰਨਾਲਾ ਜ਼ਿਲ੍ਹੇ ਦੇ ਪਿੰਡ ਬੱਲੋਕੇ ਦੇ ਰਹਿਣ ਵਾਲੇ ਸੱਤ ਫੁੱਟ ਦੋ ਇੰਚ ਕੱਦ ਵਾਲੇ ਸਤਨਾਮ ਸਿੰਘ ਦੀ ਚੋਣ ਕੈਨੇਡਾ ਵਿੱਚ ਹੋਣ ਵਾਲੇ ਐਨ ਬੀ ਐਲ (ਨੈਸ਼ਨਲ ਬਾਸਕਟਬਾਲ ਲੀਗ) ਲਈ ਹੋਈ ਹੈ।
ਇਸ ਤੋਂ ਪਹਿਲਾਂ ਸਤਨਾਮ ਸਿੰਘ ਨੇ ਐਨ ਬੀ ਏ (ਨੈਸ਼ਨਲ ਬਾਸਕਟਬਾਲ ਅਕੈਡਮੀ,ਅਮਰੀਕਾ) ਲਈ ਖੇਡਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ ਸੀ।
ਮਹਿਜ਼ ਅੱਠ ਸਾਲ ਦੀ ਉਮਰ ਵਿੱਚ 5 ਫੁੱਟ 9 ਇੰਚ ਦਾ ਕੱਦ ਉਹ ਵਜ੍ਹਾ ਸੀ, ਜਿਸ ਕਰ ਕੇ ਉਹ ਬਾਸਕਟਬਾਲ ਅਕੈਡਮੀ ਲੁਧਿਆਣਾ ਦੇ ਕੋਚ ਰਜਿੰਦਰ ਸਿੰਘ ਦੀ ਨਿਗਾਹ ਚੜ੍ਹ ਗਏ।
ਇਹ ਵੀ ਪੜ੍ਹੋ:
ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਤਨਾਮ ਸਿੰਘ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਲੁਧਿਆਣਾ ਬਾਸਕਟਬਾਲ ਅਕੈਡਮੀ ਵਿੱਚ ਬਾਲ ਉਮਰੇ ਰੱਖਿਆ ਕਦਮ ਉਨ੍ਹਾਂ ਨੂੰ ਐਨ ਬੀ ਏ (ਨੈਸ਼ਨਲ ਬਾਸਕਟਬਾਲ ਅਕੈਡਮੀ, ਅਮਰੀਕਾ) ਲਈ ਖੇਡਣ ਵਾਲਾ ਦੇਸ਼ ਦਾ ਪਹਿਲਾ ਖਿਡਾਰੀ ਬਣਾ ਦੇਵੇਗਾ।
ਸਾਲ 2008 ਵਿੱਚ ਪੰਜਾਬ ਲਈ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਜਿੱਤਣ ਵਾਲੀ ਟੀਮ ਦਾ ਸਤਨਾਮ ਵੀ ਹਿੱਸਾ ਸੀ। ਇਸੇ ਸਾਲ ਸਤਨਾਮ ਨੇ ਇੰਡੀਆ ਦੀ ਅੰਡਰ-19 ਟੀਮ ਵੱਲੋਂ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ।
ਸਾਲ 2010 ਵਿੱਚ ਸਤਨਾਮ ਜਦੋਂ 9ਵੀਂ ਕਲਾਸ ਵਿੱਚ ਪੜ੍ਹ ਰਿਹਾ ਸੀ ਤਾਂ ਉਸ ਦੀ ਚੋਣ ਅਮਰੀਕੀ ਬਾਸਕਟਬਾਲ ਕਲੱਬ ਆਈਐਮਜੀ ਲਈ ਹੋ ਗਈ। ਸਾਲ 2015 ਵਿੱਚ ਸਤਨਾਮ ਨੂੰ ਕਲੱਬ ਵੱਲੋਂ ਐਨ ਬੀ ਏ ਵਿੱਚ ਖੇਡਣ ਦਾ ਮੌਕਾ ਮਿਲਿਆ।
ਸਤਨਾਮ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਮੀ ਹੈ। ਸਤਨਾਮ ਨੂੰ ਇੰਨੇ ਇਨਾਮ ਜਾਂ ਮਾਨ-ਸਨਮਾਨ ਮਿਲੇ ਹਨ ਕਿ ਉਸ ਨੂੰ ਖ਼ੁਦ ਵੀ ਗਿਣਤੀ ਯਾਦ ਨਹੀਂ ਰਹਿੰਦੀ। ਇਨਾਮਾਂ ਬਾਰੇ ਪੁੱਛੇ ਜਾਣ 'ਤੇ ਸਤਨਾਮ ਘਰ ਵਿੱਚ ਪਿਆ ਦੀਵਾਨ ਮੈਡਲਾਂ ਅਤੇ ਟਰਾਫ਼ੀਆਂ ਨਾਲ ਭਰ ਦਿੰਦਾ ਹੈ।
ਆਪਣੀ ਖ਼ਾਸ ਪ੍ਰਾਪਤੀ ਬਾਰੇ ਪੁੱਛੇ ਜਾਣ ਉੱਤੇ ਸਤਨਾਮ ਦੱਸਦਾ ਹੈ, "ਸਾਲ 2011 ਵਿੱਚ ਮਹਿਜ਼ 14 ਸਾਲ ਦੀ ਉਮਰ ਵਿੱਚ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਮੈਂ ਇੰਡੀਆ ਵੱਲੋਂ ਖੇਡਿਆ ਸੀ। ਸਾਲ 2015 ਵਿੱਚ ਮੇਰੀ ਐਨ ਬੀ ਏ ਲਈ ਚੋਣ ਹੋਈ ਤਾਂ ਇਸ ਟੂਰਨਾਮੈਂਟ ਵਿੱਚ ਖੇਡਣ ਵਾਲਾ ਮੈਂ ਭਾਰਤ ਦਾ ਪਹਿਲਾ ਖਿਡਾਰੀ ਸੀ, 19 ਸਾਲ ਦੀ ਉਮਰ ਵਿੱਚ ਇਸ ਤੋਂ ਵੱਧ ਮੈਂ ਹੋਰ ਕੀ ਕਲਪਨਾ ਕਰ ਸਕਦਾ ਸੀ।"
ਸਤਨਾਮ ਸਾਲ 2017 ਵਿੱਚ ਇੰਡੀਆ ਵਾਪਸ ਆ ਗਿਆ ਸੀ ਅਤੇ ਉਦੋਂ ਤੋਂ ਹੀ ਲੈ ਕੇ ਆਪਣੇ ਪਿੰਡ ਵਿੱਚ ਰਹਿ ਕੇ ਹੀ ਸਤਨਾਮ ਆਪਣੀ ਪ੍ਰੈਕਟਿਸ ਕਰ ਰਿਹਾ ਹੈ। ਸਤਨਾਮ ਦੇ ਪਿਤਾ ਆਪਣੀ ਪੰਜ ਕੁ ਏਕੜ ਜ਼ਮੀਨ ਅਤੇ ਇੱਕ ਆਟਾ ਚੱਕੀ ਦੇ ਸਹਾਰੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਆ ਰਹੇ ਹਨ। ਇਸ ਆਰਥਿਕ ਪਿਛੋਕੜ ਦੇ ਚੱਲਦਿਆਂ ਸਤਨਾਮ ਲਈ ਇੰਨੀਆਂ ਪ੍ਰਾਪਤੀਆਂ ਕਰਨ ਦਾ ਰਸਤਾ ਸੌਖਾ ਨਹੀਂ ਰਿਹਾ।
ਸਤਨਾਮ ਦੱਸਦਾ ਹੈ, " ਜਦੋਂ ਮੈਂ ਇੰਡੀਆ ਵਾਪਸ ਆਇਆ ਤਾਂ ਪ੍ਰੈਕਟਿਸ ਅਤੇ ਖ਼ੁਰਾਕ ਦੇ ਖ਼ਰਚੇ ਆਪਣੇ ਬਲਬੂਤੇ ਹੀ ਕਰਨੇ ਪਏ। ਰੋਜ਼ ਤਿੰਨ-ਚਾਰ ਘੰਟੇ ਪ੍ਰੈਕਟਿਸ ਅਤੇ ਸਵੇਰੇ ਸ਼ਾਮ ਦੋ-ਦੋ ਘੰਟੇ ਪ੍ਰੈਕਟਿਸ ਕਰਦਾ ਹਾਂ। ਨਾਂ ਤਾਂ ਸਾਡੇ ਪਿੰਡ ਗਰਾਊਡ ਹੈ ਤੇ ਨਾਂ ਹੀ ਕਸਰਤ ਕਰਨ ਲਈ ਜਿੰਮ ਹੈ। ਪ੍ਰੈਕਟਿਸ ਲਈ ਘਰ ਵਿੱਚ ਹੀ ਬਾਸਕਟ ਲਾਈ ਹੋਈ ਹੈ। ਪ੍ਰੈਕਟਿਸ ਲਈ ਪਿੰਡ ਤੋਂ 9 ਕਿੱਲੋਮੀਟਰ ਦੂਰ ਜਾਣਾ ਪੈਂਦਾ ਹੈ।ਇਸੇ ਦੌਰਾਨ ਘਰ ਵਿੱਚ ਡੈਡੀ ਨਾਲ ਕੰਮ ਵੀ ਕਰਵਾਉਣਾ ਹੁੰਦਾ ਹੈ।"
ਐਨ ਬੀ ਐਲ ਵਿੱਚ ਚੋਣ ਹੋਣ ਤੋਂ ਬਾਅਦ ਸਤਨਾਮ ਹੁਣ ਖ਼ੁਸ਼ ਹੈ। ਉਸ ਨੂੰ ਲੱਗਦਾ ਹੈ ਕਿ ਇਸ ਸਿਲੈਕਸ਼ਨ ਨਾਲ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਵਿੱਚ ਅਜੇ ਵੀ ਕਾਬਲੀਅਤ ਹੈ।
ਇਹ ਵੀ ਪੜ੍ਹੋ:
ਸਤਨਾਮ ਇਸੇ ਮਹੀਨੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਹੈ। ਐਨਬੀਐਲ ਲੀਗ ਨਵੰਬਰ 2018 ਤੋਂ ਸ਼ੁਰੂ ਹੋ ਕੇ 30 ਅਪ੍ਰੈਲ 2019 ਨੂੰ ਖ਼ਤਮ ਹੋਵੇਗੀ।