ਚਰਚ 'ਚ ਭੁੱਲ ਬਖਸ਼ਾਉਣ ਦੀ ਪ੍ਰਕਿਰਿਆ 'ਤੇ ਪਾਬੰਦੀ ਲੱਗੇ-ਚੇਅਰਪਰਸਨ, ਕੌਮੀ ਮਹਿਲਾ ਕਮਿਸ਼ਨ

ਕੌਮੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਮੰਗ ਕੀਤੀ ਹੈ ਕਿ ਚਰਚ ਵਿੱਚ ਭੁੱਲ ਬਖਸ਼ਾਉਣ (ਕਨਫੈਸ਼ਨ) ਨੂੰ ਬੰਦ ਕਰਵਾਇਆ ਜਾਣਾ ਚਾਹੀਦਾ ਹੈ।

ਰੇਖਾ ਸ਼ਰਮਾ ਨੇ ਕਹਿਣਾ ਸੀ ਕਨਫੈਸ਼ਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਔਰਤਾਂ ਨੂੰ ਇਸ ਜ਼ਰੀਏ ਬਲੈਕਮੇਲ ਕੀਤਾ ਜਾ ਰਿਹਾ ਹੈ।

ਕਨਫੈਸ਼ਨ ਈਸਾਈ ਧਰਮ ਵਿੱਚ ਇੱਕ ਪਵਿੱਤਰ ਸੰਸਕਾਰ ਮੰਨਿਆ ਜਾਂਦਾ ਹੈ। ਕਨਫੈਸ਼ਨ ਦਾ ਮਤਲਬ ਇੱਕ ਪਾਦਰੀ ਸਾਹਮਣੇ ਆਪਣੇ ਗੁਨਾਹਾਂ ਨੂੰ ਕਬੂਲ ਕਰਨਾ ਹੈ। ਇਹ ਭਗਵਾਨ ਸਾਹਮਣੇ ਆਪਣੀਆਂ ਨਿੱਜੀ ਗੱਲਾਂ ਦੱਸਣ ਵਾਂਗ ਹੈ।

ਇਹ ਵੀ ਪੜ੍ਹੋ:

ਕਿਉਂ ਛਿੜੀ ਹੈ ਮੰਗ?

ਕੁਝ ਦਿਨ ਪਹਿਲਾਂ ਕੇਰਲ ਦੀ ਇੱਕ ਚਰਚ ਦੇ ਚਾਰ ਪਾਦਰੀਆਂ 'ਤੇ ਇੱਕ ਵਿਆਹੁਤਾ ਨੇ ਕਈ ਸਾਲਾਂ ਤੱਕ ਕਥਿਤ ਸਰੀਰਕ ਸ਼ੋਸ਼ਣ ਅਤੇ ਬਲੈਕਮੇਲ ਕਰਨ ਦਾ ਇਲਜ਼ਾਮ ਲਾਇਆ ਸੀ।

ਕੇਰਲ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਇੱਕ ਮਹਿਲਾ ਨੇ ਪਾਦਰੀ ਸਾਹਮਣੇ ਕਨਫੈਸ਼ਨ ਦੌਰਾਨ ਕਿਹਾ ਕਿ 16 ਸਾਲ ਦੀ ਉਮਰ ਤੋਂ ਲੈ ਕੇ ਵਿਆਹ ਹੋਣ ਤੱਕ ਇੱਕ ਪਾਦਰੀ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੀਬੀਸੀ ਹਿੰਦੀ ਨੂੰ ਉਸ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ, "ਉਸ ਨੇ ਇਹ ਕਨਫੈਸ਼ਨ ਵਿਆਹ ਤੋਂ ਬਾਅਦ ਚਰਚ ਵਿੱਚ ਕੀਤਾ। ਪਾਦਰੀ ਉਸ ਨੂੰ ਸੈਕਸ ਲਈ ਬਲੈਕਮੇਲ ਕਰਦਾ ਰਿਹਾ।"

ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, "ਜਦੋਂ ਉਸ ਮਹਿਲਾ ਨੇ ਇੱਕ ਹੋਰ ਪਾਦਰੀ ਨੂੰ ਇਹ ਸਭ ਦੱਸਿਆ ਤਾਂ ਉਸ ਵੱਲੋਂ ਵੀ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਉਸ ਪਾਦਰੀ ਨੇ ਉਸ ਦੇ ਨਾਲ ਕਾਲਜ ਵਿੱਚ ਪੜ੍ਹਾਈ ਕੀਤੀ ਸੀ। ਪੂਰੀ ਤਰ੍ਹਾਂ ਨਿਰਾਸ਼ ਇਹ ਮਹਿਲਾ ਜਦੋਂ ਪਾਦਰੀ-ਕਾਊਂਸਲਰ ਕੋਲ ਪੁੱਜੀ, ਜਿਹੜਾ ਦਿੱਲੀ ਤੋਂ ਕੋਚੀ ਆਇਆ ਸੀ ਤਾਂ ਉੱਥੇ ਵੀ ਉਸ ਨਾਲ ਮਾੜਾ ਵਤੀਰਾ ਹੋਇਆ।"

ਮਹਿਲਾ ਦੇ ਪਤੀ ਨੇ ਮਲੰਕਾਰਾ ਆਰਥੋਡਕਸ ਸੀਰੀਆਈ ਚਰਚ ਵਿੱਚ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

ਪਰ ਗ਼ੈਰ-ਕੈਥੋਲਿਕ ਅਤੇ ਕੈਥੋਲਿਕ ਚਰਚ ਵਿੱਚ ਸਰੀਰਕ ਸ਼ੋਸ਼ਣ ਦਾ ਇਹ ਮੁੱਦਾ ਧਰਮ ਸ਼ਾਸਤਰੀ, ਔਰਤਾਂ ਅਤੇ ਸਮਾਜਿਕ ਕਾਰਕੁਨਾਂ ਵਿਚਾਲੇ ਬਹਿਸ ਦਾ ਮੁੱਦਾ ਹੈ।

ਨਾਰੀਵਾਦੀ ਧਰਮ ਸ਼ਾਸਤਰੀ ਕੋਚੁਰਾਨੀ ਅਬ੍ਰਾਹਿਮ ਨੇ ਬੀਬੀਸੀ ਨੂੰ ਕਿਹਾ, "ਭਾਰਤ ਵਿੱਚ ਸਰੀਰਕ ਸਬੰਧਾਂ ਬਾਰੇ ਅੱਜ ਵੀ ਖੁੱਲ੍ਹ ਕੇ ਗੱਲ ਨਹੀਂ ਹੁੰਦੀ। ਚਰਚ ਵਿੱਚ ਸਰੀਰਕ ਸ਼ੋਸ਼ਣ ਨਾਲ ਜੁੜਿਆ ਕੋਈ ਡਾਟਾ ਉਪਲਬਧ ਨਹੀਂ ਹੈ ਕਿਉਂਕਿ ਕੋਈ ਇਸ 'ਤੇ ਗੱਲ ਨਹੀਂ ਕਰਦਾ।"

...ਤਾਂ ਕਨਫੈਸ਼ਨ ਤੋਂ ਉੱਠ ਜਾਵੇਗਾ ਭਰੋਸਾ

ਪਰ ਈਸਾਈ ਭਾਈਚਾਰੇ ਨਾਲ ਜੁੜੇ ਮੁੱਦਿਆਂ ਦੇ ਸਮੀਖਿਅਕ ਅਤੇ ਮੈਟਰਸ ਇੰਡੀਆ ਪੋਰਟਲ ਦੇ ਐਡੀਟਰ ਜੋਸ ਕਵੀ ਇਸ ਮਾਮਲੇ ਦੇ ਈਸਾਈ ਭਾਈਚਾਰੇ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਚਿੰਤਤ ਹਨ, ਖ਼ਾਸ ਕਰਕੇ ਉਨ੍ਹਾਂ 'ਤੇ ਜਿਹੜੇ ਕਨਫੈਸ਼ਨ ਵਿੱਚ ਵਿਸ਼ਵਾਸ ਰੱਖਦੇ ਹਨ।

ਇਹ ਵੀ ਪੜ੍ਹੋ:

ਜੋਸ ਕਵੀ ਕਹਿੰਦੇ ਹਨ, "ਇਹ ਮੈਂ ਪਹਿਲੀ ਵਾਰ ਸੁਣਿਆ ਹੈ ਕਿ ਇੱਕ ਪਾਦਰੀ ਕਨਫੈਸ਼ਨ ਦੀ ਗੱਲ ਨੂੰ ਉਜਾਗਰ ਕਰ ਰਿਹਾ ਹੈ। ਇਹ ਅਸਲ ਵਿੱਚ ਮਾੜੀ ਗੱਲ ਹੈ ਕਿਉਂਕਿ ਇਸ ਨਾਲ ਲੋਕਾਂ ਦਾ ਕਨਫੈਸ਼ਨ ਤੋਂ ਭਰੋਸਾ ਉੱਠ ਜਾਵੇਗਾ।"

ਕੋਚੁਰਾਨੀ ਨੇ ਕਿਹਾ, "ਕਨਫੈਸ਼ਨ ਦਾ ਸਿੱਧਾ ਮਤਲਬ ਇਨਸਾਨ ਦੇ ਅਧਿਆਤਮਕ ਵਿਕਾਸ ਨਾਲ ਜੁੜਿਆ ਹੈ। ਇਸ ਦੀ ਗ਼ਲਤ ਵਰਤੋਂ ਇੱਕ ਖ਼ਤਰਨਾਕ ਲੱਛਣ ਹੈ। ਤਾਂ, ਲੋਕ ਕਹਿਣਗੇ ਜੇਕਰ ਮੈਂ ਕਿਸੇ ਚੀਜ਼ ਨੂੰ ਲੈ ਕੇ ਪਸ਼ਚਾਤਾਪ ਕਰ ਰਿਹਾ ਹਾਂ ਤਾਂ ਸਿੱਧਾ ਭਗਵਾਨ ਸਾਹਮਣੇ ਹੀ ਅਜਿਹਾ ਕਿਉਂ ਨਾ ਕਰਾਂ। ਜਾਂ ਪਾਦਰੀ ਕੋਲ ਜਾਣ ਦੀ ਥਾਂ ਆਪਣੇ ਕਿਸੇ ਦੋਸਤ ਸਾਹਮਣੇ ਕਿਉਂ ਨਾ ਬੋਲਾਂ।"

ਉਹ ਸਹਿਮਤ ਹਨ ਕਿ ਅਜਿਹੇ ਮਾਮਲਿਆਂ ਕਰਕੇ ਲੋਕ ਸਰੀਰਕ ਸ਼ੋਸ਼ਣ ਦੇ ਡਰ ਕਾਰਨ ਚਰਚ ਵਿੱਚ ਕਨਫੈਸ਼ਨ ਤੋਂ ਪਹਿਲਾਂ ਦੋ ਵਾਰ ਸੋਚਣਗੇ।

'ਵਧੇਰੇ ਨੌਜਵਾਨ ਅੱਜ ਚਰਚ ਨਹੀਂ ਜਾਂਦੇ'

ਸਮਾਜਿਕ ਕਾਰਕੁਨ ਅਤੇ ਕੈਥੋਲਿਕ ਬਿਸ਼ਪ ਕੌਂਸਲ ਆਫ਼ ਇੰਡੀਆ (ਸੀਬੀਸੀਆਈ) ਵਿੱਚ ਸਾਬਕਾ ਕਮਿਸ਼ਨਰ ਵਰਜੀਨੀਆ ਸਾਲਦਾਨਹਾ ਕਹਿੰਦੀ ਹੈ ਕਿ ਨੌਜਵਾਨ ਪਹਿਲਾਂ ਹੀ ਚਰਚ ਨਹੀਂ ਜਾ ਰਹੇ ਹਨ।

ਸਾਲਦਾਨਹਾ ਕਹਿੰਦੀ ਹੈ, "ਪੜ੍ਹੇ-ਲਿਖੇ ਲੋਕਾਂ ਵਿੱਚੋਂ ਘੱਟੋ-ਘੱਟ 50 ਫ਼ੀਸਦ ਨੇ ਇਹ ਫ਼ੈਸਲਾ ਲਿਆ ਹੈ ਕਿ ਉਹ ਭਗਵਾਨ ਵਿੱਚ ਵੱਖਰੇ ਤਰੀਕੇ ਨਾਲ ਭਰੋਸਾ ਕਰਨਗੇ, ਪਾਦਰੀ ਜ਼ਰੀਏ ਨਹੀਂ। ਇਸ ਲਈ ਅੱਜ ਤੁਸੀਂ ਘੱਟ ਲੋਕਾਂ ਨੂੰ ਚਰਚ ਜਾਂਦੇ ਦੇਖਦੇ ਹੋ, ਉਹ ਹੋਰ ਧਾਰਮਿਕ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ।"

'ਚਰਚ ਪਾਉਂਦੇ ਹਨ ਪਰਦਾ'

1999 ਵਿੱਚ ਕੇਰਲ 'ਚ ਇੱਕ ਪਾਦਰੀ ਤੋਂ ਗਰਭਵਤੀ ਹੋਣ ਵਾਲੀ ਨਾਬਾਲਿਗ ਦਾ ਮਾਮਲਾ ਚੁੱਕਣ ਵਾਲੇ ਪ੍ਰੋਫੈਸਰ ਸੈਬੇਸੀਟਿਅਨ ਵੱਤਮੱਤਮ ਕਹਿੰਦੇ ਹਨ, "ਪਾਦਰੀ ਵੱਲੋਂ ਸਰੀਰਕ ਸ਼ੋਸ਼ਣ ਕਰਨਾ ਇੱਕ ਤੱਥ ਹੈ ਪਰ ਚਰਚ ਉਸ 'ਤੇ ਪਰਦਾ ਪਾਉਣ ਲਈ ਜਿਸ ਰਸਤੇ ਚੱਲ ਪਿਆ ਹੈ ਉਹ ਵੱਧ ਗੰਭੀਰ ਮੁੱਦਾ ਹੈ।"

ਪ੍ਰੋਫੈਸਰ ਸੈਬੇਸੀਟਿਅਨ ਅਤੇ ਕੋਚੁਰਾਨੀ ਉਸ ਵੇਲੇ ਨੂੰ ਯਾਦ ਕਰਦੇ ਹਨ ਕਿ ਕਿਵੇਂ ਇੱਕ ਨਾਬਾਲਿਗ ਨਾਲ ਰੇਪ ਜਾਂ ਇੱਕ ਨਨ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ। ਨਨ ਨੇ ਇੱਕ ਬਿਸ਼ਪ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਕਿਵੇਂ ਚਰਚ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਵਾਲੀ ਏਜੰਸੀਆਂ ਨੂੰ ਨਹੀਂ ਦਿੱਤੀ ਸੀ।

ਜਲੰਧਰ ਦੇ ਬਿਸ਼ਪ ਫਰੈਂਕੋ ਮੁਲਕਕਲ ਦੇ ਖ਼ਿਲਾਫ਼ ਸ਼ਿਕਾਇਤ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਨਨ ਦੇ ਬਿਆਨ ਨੂੰ ਕੋਟਯਮ ਜ਼ਿਲ੍ਹੇ ਦੇ ਚੰਗਾਨਾਸਰੀ ਵਿੱਚ ਮੈਜਿਸਟ੍ਰੇਟ ਸਾਹਮਣੇ ਰਿਕਾਰਡ ਕੀਤਾ ਗਿਆ।

ਨਨ ਨੇ ਬਿਸ਼ਪ 'ਤੇ 2014 ਤੋਂ 2016 ਵਿਚਾਲੇ ਉਸ ਨਾਲ ਵਾਰ-ਵਾਰ ਰੇਪ ਅਤੇ ਗ਼ੈਰ-ਕੁਦਰਤੀ ਸਬੰਧ ਬਣਾਉਣ ਦੇ ਇਲਜ਼ਾਮ ਲਗਾਏ, ਪਰ ਚਰਚ ਨੇ ਕਿਹਾ ਉਸ ਨੂੰ ਨਨ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ।

ਉਸ ਪਾਦਰੀ ਨਾਲ ਕੀ ਕੀਤਾ ਗਿਆ?

ਕੋਚੁਰਾਨੀ ਕਹਿੰਦੀ ਹੈ, "2014 ਦੇ ਮਾਮਲੇ ਵਿੱਚ ਨਨ ਨੂੰ ਚੁੱਪ ਰਹਿਣ ਲਈ ਕਿਹਾ ਗਿਆ ਸੀ ਅਤੇ ਪੁਰਸ਼ ਪਾਦਰੀ ਨੂੰ ਉੱਚ ਸਿੱਖਿਆ ਲਈ ਰੋਮ ਭੇਜ ਦਿੱਤਾ ਗਿਆ ਸੀ।"

ਹਾਲ ਹੀ ਦੇ ਸਾਲਾਂ ਵਿੱਚ, ਪੋਪ ਨੇ ਕੈਥੋਲਿਕ ਚਰਚ ਨੂੰ ਹੁਕਮ ਦਿੱਤਾ ਹੈ ਕਿ ਜਦੋਂ ਵੀ ਔਰਤਾਂ ਅਤੇ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੀਆਂ ਸ਼ਿਕਾਇਤਾਂ ਮਿਲਣ ਤਾਂ ਤੁਰੰਤ ਐਕਸ਼ਨ ਲੈਣ ਵਾਲੀਆਂ ਕਾਨੂੰਨੀ ਏਜੰਸੀਆਂ ਨੂੰ ਸੂਚਿਤ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)