ਪਾਕਿਸਤਾਨ: ਇਮਰਾਨ ਖ਼ਾਨ ਨੂੰ ਸੱਤਾ ਦੇ ਸਿਖ਼ਰ ਤੱਕ ਪੁੱਜਣ ਲਈ 22 ਸਾਲ ਕਿਉਂ ਲੱਗੇ?

    • ਲੇਖਕ, ਹਾਰੁਨ ਰਸ਼ੀਦ
    • ਰੋਲ, ਸੰਪਾਦਕ, ਬੀਬੀਸੀ ਉਰਦੂ, ਪਾਕਿਸਤਾਨ

ਪਾਕਿਸਤਾਨ ਚੋਣ ਕਮਿਸ਼ਨ ਵੱਲੋਂ ਕਿਸੇ ਵੇਲੇ ਵੀ ਨਤੀਜਿਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਰੁਝਾਨਾਂ ਵਿੱਚ ਇਮਰਾਨ ਖ਼ਾਨ ਦੀ ਪਾਰਟੀ 110 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

ਜੇਲ੍ਹ ਤੋਂ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਚੋਣਾਂ ਨੂੰ ਚੁਰਾ ਲਿਆ ਗਿਆ ਹੈ।

ਭਾਵੇਂ ਵੀਰਵਾਰ ਸ਼ਾਮ ਨੂੰ ਇਮਰਾਨ ਖ਼ਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦੀ ਉਹ ਜਾਂਚ ਕਰਵਾਉਣਗੇ

ਇਮਰਾਨ ਖ਼ਾਨ ਚੰਗੇ ਖਿਡਾਰੀ ਜਾਂ ਸਿਆਸਤਦਾਨ?

ਇਮਰਾਨ ਅਹਿਮਦ ਖ਼ਾਨ ਨਿਆਜ਼ੀ ਖਿਡਾਰੀ ਚੰਗੇ ਹਨ ਜਾਂ ਸਿਆਸਤਦਾਨ? ਇਸ ਬਾਰੇ ਲੋਕਾਂ ਦੀ ਰਾਏ ਵੱਖੋ-ਵੱਖ ਦਿਖਾਈ ਦਿੰਦੀ ਹੈ, ਪਰ ਇਨ੍ਹਾਂ ਬਾਰੇ ਇੱਕ ਗੱਲ ਸਪੱਸ਼ਟ ਹੈ ਕਿ ਉਹ ਆਪਣੇ ਲਈ ਜਿਹੜੇ ਮਕਸਦ ਚੁਣ ਲੈਂਦੇ ਹਨ, ਉਸ ਨੂੰ ਪੂਰਾ ਕੀਤੇ ਬਿਨਾਂ ਆਰਾਮ ਨਾਲ ਨਹੀਂ ਬੈਠਦੇ।

1992 ਵਿੱਚ ਜੇਕਰ ਵਿਸ਼ਵ ਕੱਪ ਜਿੱਤਣ ਦਾ ਟੀਚਾ ਸੀ ਤਾਂ ਸਿਆਸੀ ਅਖਾੜੇ ਵਿੱਚ ਕੁੱਦਣ ਤੋਂ ਬਾਅਦ ਕੇਂਦਰ ਵਿੱਚ ਸਰਕਾਰ ਬਣਾਉਣਾ ਜਾਂ ਪ੍ਰਧਾਨ ਮੰਤਰੀ ਬਣਨਾ ਹੀ ਉਦੇਸ਼ ਰਹਿ ਗਿਆ। ਅੱਜ ਉਹ ਇਸ ਟੀਚੇ ਨੂੰ ਤਕਰੀਬਨ ਪੂਰਾ ਕਰ ਚੁੱਕੇ ਹਨ।

ਇੱਕ ਚੰਗੇ ਖਿਡਾਰੀ ਲਈ ਸਭ ਤੋਂ ਵੱਡੀ ਗੱਲ ਜਿੱਤ ਹੁੰਦੀ ਹੈ। ਉਹ ਕਾਮਯਾਬੀ ਲਈ ਲੰਬੇ ਸੰਘਰਸ਼ ਅਤੇ ਤਨ-ਮਨ ਦੀ ਬਾਜ਼ੀ ਲਗਾ ਦਿੰਦਾ ਹੈ। ਜਿੱਤ ਉਸ ਲਈ ਕਿਸੇ ਵੀ ਖੇਡ ਦਾ ਸਿਖ਼ਰ ਹੁੰਦਾ ਹੈ ਪਾਰਟੀ ਆਗਾਜ਼ ਨਹੀਂ।

ਇਹ ਵੀ ਪੜ੍ਹੋ:

ਵਿਸ਼ਵ ਕੱਪ ਘਰ ਲਿਆਉਣ ਅਤੇ 1996 ਵਿੱਚ ਤਹਿਰੀਕ-ਏ-ਇਨਸਾਫ਼ ਦੀ ਨੀਂਹ ਰੱਖਣ ਤੋਂ ਬਾਅਦ ਇਮਰਾਨ ਖ਼ਾਨ ਨੇ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਸਭ ਕੋਂ ਵੱਡਾ ਟੀਚਾ ਰੱਖਿਆ।

ਇਸ ਦੌਰਾਨ ਉਨ੍ਹਾਂ ਨੂੰ 2013 ਵਿੱਚ ਖ਼ੈਬਰ ਪਖਤੂਨਵਾ ਦੀ ਸੂਬਾ ਸਰਕਾਰ ਵੀ ਮਿਲੀ ਜਿਸ ਵਿੱਚ ਉਹ 2018 ਲਈ ਭਰਪੂਰ ਪ੍ਰੈਕਟਿਸ ਕਰ ਸਕਦੇ ਸੀ ਪਰ ਉਨ੍ਹਾਂ ਨੇ ਕੋਈ ਦਿਲਚਸਪੀ ਨਹੀਂ ਵਿਖਾਈ।

ਉਨ੍ਹਾਂ ਦੀ ਪਤਨੀ ਰਹਿ ਚੁੱਕੀ ਰੇਹਾਮ ਖ਼ਾਨ ਨੇ ਆਪਣੀ ਕਿਤਾਬ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਪਿਸ਼ਾਵਰ ਰਹਿ ਕੇ ਸੂਬੇ ਦੇ ਵਿਕਾਸ ਵਿੱਚ ਆਪਣਾ ਰੋਲ ਅਦਾ ਕਰਨ ਦੀ ਪੇਸ਼ਕਸ਼ ਕਈ ਵਾਰ ਕੀਤੀ ਸੀ ਪਰ ਖ਼ਾਨ ਸਾਹਿਬ ਨੇ ਇੱਕ ਨਾ ਸੁਣੀ।

ਇਸਦਾ ਕਾਰਨ ਉਨ੍ਹਾਂ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਸੀ ਕਿ ਇਸ ਨਾਲ ਉਹ ਕੇਂਦਰ ਨੂੰ ਤਵੱਜੋ ਨਹੀਂ ਦੇ ਸਕਦੇ ਸਨ। ਯਾਨਿ ਉਨ੍ਹਾਂ ਸਾਹਮਣੇ ਵੱਡਾ ਟੀਚਾ ਕੇਂਦਰ ਵਿੱਚ ਸਰਕਾਰ ਬਣਾਉਣਾ ਹੀ ਸੀ।

ਇਮਾਰਨ: ਖਿਡਾਰੀ ਹੋਣਗੇ ਜਾਂ ਰਹਿਨੁਮਾ?

ਹੁਣ ਜਦਕਿ 'ਵਜ਼ੀਰ-ਏ-ਆਜ਼ਮ ਹਾਊਸ' ਸਾਫ਼ ਦਿਖਾਈ ਦੇਣ ਲੱਗਾ ਹੈ ਤਾਂ ਇਮਰਾਨ ਖ਼ਾਨ ਉੱਥੇ ਪਹੁੰਚ ਕੇ ਕਿਹੜੇ ਇਮਰਾਨ ਖ਼ਾਨ ਹੋਣਗੇ- ਖਿਡਾਰੀ ਜਾਂ ਅਸਲ ਰਹਿਨੁਮਾ? ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਖਿਡਾਰੀ ਨਹੀਂ ਹੋਣਗੇ। ਜਿਹੜਾ ਸਿਰਫ਼ ਜਿੱਤ ਲਈ ਖੇਡਦਾ ਹੈ।

ਖ਼ਤਰੇ ਦੀ ਗੱਲ ਇਹ ਹੈ ਕਿ ਉਹ ਜਿੱਤ ਤੋਂ ਬਾਅਦ ਵੀ ਸਰਕਾਰੀ ਸਰਗਰਮੀਆਂ ਨੂੰ ਗੰਭੀਰਤਾ ਨਾਲ ਲੈਣਗੇ ਜਾਂ ਨਹੀਂ। ਉਨ੍ਹਾਂ ਨੂੰ ਇੱਕ ਰਹਿਨੁਮਾ ਦੀ ਤਰ੍ਹਾਂ ਸਰਕਾਰ ਵਿੱਚ ਆਉਣ ਤੋਂ ਬਾਅਦ ਲਗਾਤਾਰ ਬੈਠਕਾਂ ਦੀ ਪ੍ਰਧਾਨਗੀ ਕਰਨੀ ਹੋਵੇਗੀ।

ਇਹ ਵੀ ਪੜ੍ਹੋ:

ਹੁਣ ਤੱਕ ਤਾਂ ਅਸੀਂ ਉਨ੍ਹਾਂ ਨੂੰ ਦਿਨ ਵਿੱਚ ਇੱਕ-ਅੱਧੀ ਹੀ ਪਾਰਟੀ ਮੀਟਿੰਗ ਕਰਦੇ ਦੇਖਿਆ ਹੈ। ਖ਼ੈਰ, ਹੁਣ ਉਨ੍ਹਾਂ ਨੇ ਇਹ ਬ੍ਰਿਟਿਸ਼ ਅਖ਼ਬਾਰ ਨੂੰ ਕਿਹਾ ਹੈ ਕਿ ਉਹ ਸੋਸ਼ਲ ਲਾਈਫ਼ ਲਈ ਬਹੁਤ ਬੁੱਢੇ ਹੋ ਚੁੱਕੇ ਹਨ।

ਭਾਵੇਂ ਉਨ੍ਹਾਂ ਦੇ ਸਮਰਥਕ ਇੱਕ ਸੀਨੀਅਰ ਪੱਤਰਕਾਰ ਨੇ ਖ਼ਤਰੇ ਦੀ ਘੰਟੀ ਇਹ ਕਹਿ ਕੇ ਵਜਾ ਦਿੱਤੀ ਕਿ ਉਨ੍ਹਾਂ ਦੇ ''ਖ਼ੈਰ ਖ਼ਵਾਹ ਜਿਤਨੀ ਜ਼ਿਆਦਾ ਇਹਤਿਆਤ ਦੀ ਤਲਕੀਨ ਕਰਤੇ ਹੈਂ, ਉਤਨੀ ਹੀ ਬੇ-ਇਹਤਿਆਤੀ ਮੌਸੂਫ਼ ਕਰਤੇ ਹੈਂ।'' ਯਾਨਿ ਇਨ੍ਹਾਂ ਦੇ ਸ਼ੁੱਭਚਿੰਤਕ ਜਿੰਨਾ ਵੱਧ ਚੌਕੰਨਾ ਰਹਿਣ ਦੀ ਹਦਾਇਤ ਦਿੰਦੇ ਹਨ, ਓਨੀ ਲਾਪ੍ਰਵਾਰੀ ਇਹ ਸਾਹਿਬ ਕਰਦੇ ਹਨ।

ਬ੍ਰਿਟਿਸ਼ ਅਖ਼ਬਾਰ 'ਦਿ ਗਾਰਡੀਅਨ' ਦੇ ਪਾਕਿਸਤਾਨ ਵਿੱਚ ਸਾਬਕਾ ਪੱਤਰਕਾਰ ਦੀਕਲਨ ਵੌਲਸ਼ ਨੇ ਉਨ੍ਹਾਂ ਨੂੰ ਇੱਕ ''ਮਾੜਾ ਸਿਆਸਤਦਾਨ'' ਕਰਾਰ ਦਿੱਤਾ ਹੈ। ਜਿਨ੍ਹਾਂ ਦੇ ਵਿਚਾਰ ਅਤੇ ਸਬੰਧਾਂ ਦੀ ਤੁਲਨਾ ਉਨ੍ਹਾਂ ਨੇ "ਬਾਰਿਸ਼ ਵਿੱਚ ਝੂਮ ਰਹੇ ਰਿਕਸ਼ੇ" ਨਾਲ ਕੀਤੀ ਸੀ।

ਇਮਰਾਨ ਦੀ ਸਰਕਾਰ ਵਿੱਚ ਕੀ ਹੋ ਸਕਦਾ ਹੈ?

ਇਮਰਾਨ ਖ਼ਾਨ ਦੀ ਇੱਕ ਹੋਰ ਆਦਤ ਜਿਹੜੀ ਉਨ੍ਹਾਂ ਨੂੰ ਮੁਸ਼ਕਿਲ ਵਿੱਚ ਪਾ ਸਕਦੀ ਹੈ ਉਹ ਹੈ ਕਿਸੇ ਦੀ "ਡਿਕਟੇਸ਼ਨ" ਨਾ ਲੈਣਾ। ਸੁਣਦੇ ਤਾਂ ਸ਼ਾਇਦ ਸਭ ਦੀ ਹਨ, ਪਰ ਕਰਦੇ ਹਮੇਸ਼ਾ ਆਪਣੀ ਹੀ ਹਨ। ਇਸ ਨਾਲ ਹੋਰਾਂ ਸੂਬਿਆਂ ਦੀਆਂ ਸੰਸਥਾਵਾਂ ਲਈ ਕਿੰਨੇ ਕਾਬਿਲ ਹੋਣਗੇ ਇਹ ਸਪੱਸ਼ਟ ਨਹੀਂ।

65 ਸਾਲਾ ਇਮਰਾਨ ਖ਼ਾਨ ਜੇਕਰ ਪਿਛਲੇ ਪੰਜ ਸਾਲਾਂ 'ਚ ਖ਼ੈਬਰ ਪਖਤੂਨਵਾ ਵਿੱਚ ਕਿਸੇ ਕਾਮਯਾਬੀ ਦਾ ਜ਼ਿਕਰ ਕਰਦੇ ਹਨ ਤਾਂ ਉਹ ਇਹ ਕਿ ਪੁਲਿਸ ਨੂੰ ਉਨ੍ਹਾਂ ਨੇ "ਡੀ-ਪੌਲੀਟੀਸਾਈਜ਼" ਕਰ ਦਿੱਤਾ ਹੈ। ਇਹ ਤਾਂ ਵਾਕਈ ਆਸਾਨ ਹੈ।

ਅਸਲ ਗੱਲ ਤਾਂ ਉਦੋਂ ਹੁੰਦੀ ਜੇਕਰ ਉਹ ਪੁਲਿਸ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਗੱਲ ਕਰਦੇ। ਅਜਿਹਾ ਉਨ੍ਹਾਂ ਨੇ ਕਦੇ ਵੀ ਆਪਣੇ ਭਾਸ਼ਣਾਂ ਵਿੱਚ ਨਹੀਂ ਕਿਹਾ।

ਜੇਕਰ ਕੁਝ ਸਿੱਖਿਆ ਤਾਂ ਉਹ ਇਹ ਸੀ ਕਿ ਜਵਾਬਦੇਹੀ ਤੋਂ ਬਿਨਾਂ ਨਵੇਂ ਸੰਸਥਾਨ ਨਹੀਂ ਚਲਾ ਸਕਣਗੇ। ਭ੍ਰਿਸ਼ਟਾਚਾਰ ਦਾ ਇਸ ਸੂਬੇ ਵਿੱਚ ਖ਼ਾਤਮਾ ਤਾਂ ਨਹੀਂ ਹੋਇਆ, ਹਾਂ ਤਹਿਰੀਕ-ਏ-ਇਨਸਾਫ਼ ਨੂੰ ਸਮਝ ਆ ਗਿਆ ਕਿ ਉਨ੍ਹਾਂ ਲਈ ਪੁਰਾਣੇ ਨਕਾਰਾ ਪੁਰਜ਼ਿਆਂ ਨੂੰ ਮੁੜ ਉਪਯੋਗੀ ਬਣਾਉਣਾ ਬਿਹਤਰ ਹੈ।

ਇਮਰਾਨ ਨੂੰ ਐਨੀ ਦੇਰ ਕਿਉਂ ਲੱਗੀ?

ਇਮਰਾਨ ਖ਼ਾਨ ਨਾਲ ਜੁੜਿਆ ਇੱਕ ਸਵਾਲ ਇਹ ਵੀ ਹੈ ਕਿ ਆਖ਼ਰ ਸਿਆਸੀ ਅਖਾੜੇ ਵਿੱਚ ਮੰਜ਼ਿਲ ਤੱਕ ਪੁੱਜਣ ਲਈ ਐਨਾ ਸਮਾਂ ਕਿਉਂ ਲੱਗਿਆ। ਪਾਕਿਸਤਾਨ ਵਿੱਚ ਤਾਂ ਕਈ ਵੱਡੇ ਸਿਆਸਤਦਾਨ ਤੁਰੰਤ ਜਾਂ ਵਿਰਾਸਤ ਦੀ ਸਿਆਸਤ ਜਾਂ ਅਸਟੈਬਲਿਸ਼ਮੈਂਟ ਦੀ ਮਦਦ ਨਾਲ ਸੱਤਾ ਦੇ ਗਲਿਆਰਿਆਂ ਦੀ ਸੈਰ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਫਿਰ ਇਨ੍ਹਾਂ ਨੂੰ ਇੱਥੇ ਪੁੱਜਣ ਲਈ ਐਨੀ ਦੇਰ ਕਿਉਂ ਲੱਗੀ?

ਕੁਝ ਮਾਹਿਰਾਂ ਮੁਤਾਬਕ ਆਪਣੀ ਸਿਆਸਤ ਦੀ ਸ਼ੁਰੂਆਤੀ ਨਰਸਰੀ ਵਿੱਚ ਉਹ ਉੱਚ ਵਿਚਾਰਾਂ ਦੇ ਕੈਦੀ ਰਹੇ। ਆਪਣੇ ਵਿਚਾਰਾਂ ਨੂੰ ਹਲਕਾ ਜਾਂ ਇਸ 'ਤੇ ਕਿਸੇ ਕਿਸਮ ਦੇ ਬਦਲਾਅ ਦੀ ਕੋਸ਼ਿਸ਼ ਤੋਂ ਉਨ੍ਹਾਂ ਨੇ ਦੂਰੀ ਬਣਾ ਕੇ ਰੱਖੀ।

ਪਰ 2013 ਦੀਆਂ ਆਮ ਚੋਣਾਂ ਵਿੱਚ ਜਿੱਤ ਨੂੰ ਐਨਾ ਨੇੜਿਓਂ ਦੇਖਣ ਤੋਂ ਬਾਅਦ ਵਿਚਾਰ ਅਤੇ ਆਪਣੇ ਬਣਾਏ ਅਸੂਲਾਂ ਵਿੱਚ ਨਰਮੀ ਦਿਖਾਉਣੀ ਸ਼ੁਰੂ ਕੀਤੀ ਅਤੇ ਅਖ਼ੀਰ ਵਿੱਚ "ਇਲੈਕਟੀਬਲਸ" ਨੂੰ ਆਪਣੇ ਪਾਲੇ ਵਿੱਚ ਲਿਆ ਖੜ੍ਹਾ ਕਰ ਦਿੱਤਾ ਜਿਨ੍ਹਾਂ ਨੂੰ ਸ਼ਾਇਦ ਉਹ ਦੇਖਣਾ ਵੀ ਪਸੰਦ ਨਹੀਂ ਕਰਦੇ ਸਨ।

ਇਹ ਵੀ ਪੜ੍ਹੋ:

ਇਹੀ ਸਮਝੌਤੇ ਸ਼ਾਇਦ ਉਨ੍ਹਾਂ ਨੂੰ 'ਵਜ਼ੀਰ-ਏ-ਆਜ਼ਮ ਹਾਊਸ' ਦੀ ਦਹਿਲੀਜ਼ 'ਤੇ ਲੈ ਆਏ। ਉਹ ਹੋਰ ਕਿੰਨਾ ਬਦਲਦੇ ਹਨ ਜਾਂ ਨਹੀਂ, ਇਸਦੇ ਲਈ ਸਾਨੂੰ ਸ਼ਾਇਦ ਜ਼ਿਆਦਾ ਉਡੀਕ ਨਾ ਕਰਨੀ ਪਵੇ। ਉਨ੍ਹਾਂ ਦੇ 'ਹਨੀਮੂਨ ਪੀਰੀਅਡ' ਵਿੱਚ ਹੀ ਸੰਕੇਤ ਮਿਲ ਜਾਣਗੇ।

ਆਨੇ ਮੇਂ ਸਦਾ ਦੇਰ ਲਗਾਤੇ ਹੀ ਰਹੇ ਤੁਮ

ਜਾਤੇ ਰਹੇ ਹਮ ਜਾਨ ਸੇ ਆਤੇ ਹੀ ਰਹੇ ਤੁਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)