ਪਾਕਿਸਤਾਨ: ਸਿਆਸੀ ਕਮਾਂਡ ਲੈਣ ਦੇ ਕੰਢੇ 'ਤੇ ਖੜ੍ਹਾ 'ਕਪਤਾਨ'

ਇਮਰਾਨ ਖ਼ਾਨ, ਇਸ ਨਾਮ ਦਾ ਜ਼ਿਕਰ ਆਉਂਦਿਆਂ ਹੀ ਦੁਨੀਆਂ ਭਰ ਦੇ ਕ੍ਰਿਕਟ ਪ੍ਰੇਮੀਆਂ ਦੇ ਦਿਲ ਵਿੱਚ ਉਹ ਚਿਹਰਾ ਆ ਜਾਂਦਾ ਹੈ ਜਿਸ ਨੇ ਪਾਕਿਸਤਾਨ ਨੂੰ 1992 ਦਾ ਵਿਸ਼ਵ ਕੱਪ ਦਿਵਾਇਆ।

ਤਕਰੀਬਨ ਦੋ ਦਹਾਕਿਆਂ ਤੱਕ ਕ੍ਰਿਕਟ 'ਤੇ ਰਾਜ ਕਰਨ ਤੋਂ ਬਾਅਦ ਇਮਰਾਨ ਖ਼ਾਨ ਨੇ ਸੰਨਿਆਸ ਲੈ ਲਿਆ ਅਤੇ ਫਿਰ ਸਿਆਸਤ ਵਿੱਚ ਕਦਮ ਰੱਖਿਆ।

ਅੱਜ ਹਾਲਤ ਇਹ ਹੈ ਕਿ 22 ਸਾਲ ਪਹਿਲਾਂ ਪਾਕਿਸਤਾਨ ਦੀ ਸਿਆਸਤ ਵਿੱਚ ਕਦਮ ਰੱਖਣ ਵਾਲੇ ਜਿਸ ਇਮਰਾਨ ਖ਼ਾਨ ਨੂੰ ਬਤੌਰ ਰਾਜ ਨੇਤਾ ਕਦੇ ਉਨੀ ਤਵੱਜੋ ਨਹੀਂ ਮਿਲੀ, ਉਹ ਹੀ ਪਾਕਿਸਤਾਨ ਦੀ ਸਿਆਸੀ ਕਮਾਨ ਸਾਂਭਣ ਲਈ ਤਿਆਰ ਹਨ।

ਇਹ ਵੀ ਪੜ੍ਹੋ:

ਸਿਆਸੀ ਪਾਰੀ ਦੀ ਸ਼ੁਰੂਆਤ ਵਿੱਚ ਜਿਸ ਇਮਰਾਨ ਖ਼ਾਨ ਨੂੰ ਪਾਕਿਸਤਾਨੀ ਮੀਡੀਆ ਅਤੇ ਉੱਥੋਂ ਦੀ ਆਵਾਮ ਤਵੱਜੋ ਨਹੀਂ ਦਿੰਦੀ ਸੀ ਹੁਣ ਔਰਤਾਂ ਅਤੇ ਨੌਜਵਾਨਾਂ ਦਾ ਇੱਕ ਵੱਡਾ ਵਰਗ ਉਨ੍ਹਾਂ ਦੀ ਹਮਾਇਤ ਕਰ ਰਿਹਾ ਹੈ।

ਇਸ ਦੇ ਪਿੱਛੇ ਵੱਡੀ ਵਜ੍ਹਾ ਆਮ ਤੌਰ 'ਤੇ ਉਨ੍ਹਾਂ ਦਾ ਸਿਆਸੀ ਅਤੇ ਜਨਤਕ ਜ਼ਿੰਦਗੀ ਵਿੱਚ ਵਿਵਾਦਾਂ ਤੋਂ ਦੂਰ ਰਹਿਣਾ ਹੈ।

ਹਾਲਾਂਕਿ 2018 ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ 'ਤੇ ਅਸਭਿਅਕ ਭਾਸ਼ਾ ਦੀ ਵਰਤੋਂ ਕਰਨ ਦਾ ਇਲਜ਼ਾਮ ਲੱਗਿਆ ਅਤੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਹਦਾਇਤ ਤੱਕ ਦੇ ਦਿੱਤੀ।

ਕ੍ਰਿਕਟ ਤੋਂ ਸਿਆਸਤ ਦਾ ਸਫ਼ਰ

ਅੱਜ ਇਮਰਾਨ ਖ਼ਾਨ ਦੀ ਪਛਾਣ ਇੱਕ ਕ੍ਰਿਕਟ ਖਿਡਾਰੀ ਤੋਂ ਕਿਤੇ ਵੱਧ ਉਨ੍ਹਾਂ ਦੀ ਸਿਆਸੀ ਸਰਗਰਮੀ ਦੀ ਵਜ੍ਹਾ ਕਾਰਨ ਹੈ।

ਉਹ ਕਈ ਵਾਰੀ ਕ੍ਰਿਕਟ ਕਮੈਂਟੇਟਰ ਦੇ ਤੌਰ 'ਤੇ ਵੀ ਦਿਖ ਜਾਂਦੇ ਹਨ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਅਤੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇਮਰਾਨ ਖ਼ਾਨ ਨੇ ਦੁਨੀਆਂ ਭਰ ਵਿੱਚ ਫੰਡ ਇਕੱਠੇ ਕਰਕੇ 2008 ਵਿੱਚ ਆਪਣੀ ਮਾਂ ਸ਼ੌਕਤ ਖਾਨ ਦੇ ਨਾਮ 'ਤੇ ਇੱਕ ਕੈਂਸਰ ਹਸਪਤਾਲ ਬਣਵਾਇਆ।

1996 ਵਿੱਚ ਆਪਣੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਗਠਨ ਤੋਂ ਬਾਅਦ ਇਮਰਾਨ ਪਾਕਿਸਤਾਨ ਦੀ ਸੰਸਦ ਦੇ ਲਈ ਚੁਣੇ ਗਏ ਆਪਣੀ ਪਾਰਟੀ ਦੇ ਇਕੱਲੇ ਮੈਂਬਰ ਰਹੇ। 2002 ਤੋਂ 2007 ਤੱਕ ਉਨ੍ਹਾਂ ਨੇ ਨੈਸ਼ਨਲ ਅਸੈਂਬਲੀ ਵਿੱਚ ਮੀਆਂਵਾਲੀ ਦੀ ਨੁਮਾਇੰਦਗੀ ਕੀਤੀ।

ਸਿਆਸਤ ਦੇ ਸ਼ੁਰੂਆਤੀ ਸਾਲਾਂ ਵਿੱਚ ਇਮਰਾਨ ਖਾਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ ਅਤੇ ਉਨ੍ਹਾਂ ਨਾਲ ਜੁੜੀਆਂ ਜ਼ਿਆਦਾਤਰ ਖਬਰਾਂ ਨੂੰ ਇੱਕ ਕਾਲਮ ਦੀ ਥਾਂ ਹੀ ਮਿਲਦੀ ਸੀ।

1996 ਵਿੱਚ ਇਮਰਾਨ ਪਾਕਿਸਤਾਨ ਦੀ ਸਿਆਸਤ ਵਿੱਚ ਉਤਰੇ ਉਨ੍ਹਾਂ ਨੇ ਤਹਿਰੀਕ-ਏ-ਇਨਸਾਫ਼ ਪਾਰਟੀ ਦਾ ਗਠਨ ਕੀਤਾ ਪਰ ਇੱਕ ਸਾਲ ਬਾਅਦ ਦੇਸ ਵਿੱਚ ਹੋਈਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੀ।

ਇਮਰਾਨ ਖ਼ਾਨ ਨੇ 1999 ਵਿੱਚ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਫੌਜੀ ਤਖ਼ਤਾ ਪਲਟ ਦੀ ਹਮਾਇਤ ਕੀਤੀ ਪਰ 2002 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੁਸ਼ੱਰਫ਼ ਦੀ ਆਲੋਚਨਾ ਕੀਤੀ।

2002 ਵਿੱਚ ਇਮਰਾਨ ਦੀ ਪਾਰਟੀ ਨੂੰ ਸਿਰਫ਼ 0.8 ਫੀਸਦੀ ਵੋਟ ਮਿਲੇ ਅਤੇ 272 ਵਿੱਚੋਂ ਸਿਰਫ਼ ਇੱਕ ਸੀਟ ਮਿਲੀ। ਉਦੋਂ ਇਮਰਾਨ ਖਾਨ ਖੁਦ ਮੀਆਂਵਾਲੀ ਦੇ ਐਨਏ-71 ਚੋਣ ਖੇਤਰ ਤੋਂ ਚੁਣੇ ਗਏ ਸਨ।

ਬਤੌਰ ਸੰਸਦ ਮੈਂਬਰ ਇਮਰਾਨ ਖ਼ਾਨ ਕਸ਼ਮੀਰ ਅਤੇ ਲੋਕ-ਲੇਖਾ ਦੀ ਪੱਕੀ ਕਮੇਟੀ ਦੇ ਮੈਂਬਰ ਰਹੇ। ਉਨ੍ਹਾਂ ਨੇ ਰਾਸ਼ਟਰਪਤੀ ਮੁਸ਼ੱਰਫ਼ ਨੂੰ ਅਮਰੀਕੀ ਰਾਸ਼ਟਰਪਤੀ ਦੀ ਜੁੱਤੀ ਚੱਟਣ ਵਾਲਾ ਦੱਸਿਆ।

ਇਮਰਾਨ ਖ਼ਾਨ ਨੂੰ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।

ਨਜ਼ਰਬੰਦ ਕੀਤੇ ਗਏ, ਜੇਲ੍ਹ ਵੀ ਗਏ

3 ਨਵੰਬਰ 2007 ਵਿੱਚ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਪਾਕਿਸਤਾਨ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਇਮਰਾਨ ਨੇ ਇਸ ਲਈ ਮੁਸ਼ੱਰਫ਼ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਿਸ ਨੂੰ ਉਨ੍ਹਾਂ ਨੇ 'ਗੱਦਾਰ' ਮੰਨਿਆ। ਇਮਰਾਨ ਖਾਨ ਨੂੰ ਇੱਕ ਵਾਰੀ ਫਿਰ ਨਜ਼ਰਬੰਦ ਕਰ ਦਿੱਤਾ ਗਿਆ ਪਰ ਇਮਰਾਨ ਖਾਨ ਉੱਥੋਂ ਫਰਾਰ ਹੋ ਗਏ।

ਉਨ੍ਹਾਂ 'ਤੇ ਅਤਿਵਾਦੀ ਐਕਟ ਦੇ ਤਹਿਤ ਇਲਜ਼ਾਮ ਲਾਏ ਗਏ। ਉਨ੍ਹਾਂ ਨੂੰ ਡੇਰਾ ਗਾਜ਼ੀ ਖ਼ਾਨ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਿੱਥੇ ਸਿਰਫ਼ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਸੀ।

ਉਨ੍ਹਾਂ ਨੇ ਜੇਲ੍ਹ ਵਿੱਚ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ। ਬਾਅਦ ਵਿੱਚ 21 ਨਵੰਬਰ ਨੂੰ ਸਿਆਸੀ ਕੈਦੀਆਂ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਫਰਵਰੀ 2008 ਵਿੱਚ ਉਨ੍ਹਾਂ ਦੀ ਪਾਰਟੀ ਨੇ ਚੋਣਾਂ ਦਾ ਬਾਈਕਾਟ ਕੀਤਾ। ਮਾਰਚ 2009 ਵਿੱਚ ਇਮਰਾਨ ਖ਼ਾਨ ਇੱਕ ਵਾਰੀ ਫਿਰ ਨਜ਼ਰਬੰਦ ਕੀਤੇ ਗਏ। ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਲੈ ਕੇ ਇਸ ਵਾਰੀ ਆਸਿਫ਼ ਅਲੀ ਜ਼ਰਦਾਰੀ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ ਬੰਦ ਕਰ ਦਿੱਤਾ।

ਇਸ ਤੋਂ ਬਾਅਦ 2013 ਦੀਆਂ ਚੋਣਾਂ ਲਈ ਇਮਰਾਨ ਖ਼ਾਨ ਨੇ ਇੱਕ ਰਣਨੀਤੀ ਦੇ ਤਹਿਤ ਕੰਮ ਕੀਤਾ। ਉਨ੍ਹਾਂ ਨੇ ਤਤਕਾਲੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਿਆ ਅਤੇ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ ਖੇਤਰ ਵਿੱਚ ਅਮਰੀਕੀ ਡ੍ਰੌਨ ਹਮਲਿਆਂ ਦਾ ਵਿਰੋਧ ਕੀਤਾ।

ਇਮਰਾਨ ਆਪਣੀ ਸਿਆਸਤ ਵਿੱਚ ਸਾਫ਼-ਸੁਥਰੀ ਸਰਕਾਰ, ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ, ਆਜ਼ਾਦ ਨਿਆਂਪਾਲਿਕਾ, ਦੁਰੁਸਤ ਪੁਲਿਸ ਪ੍ਰਬੰਧ ਅਤੇ ਅਤਿਵਾਦ ਵਿਰੋਧੀ ਪਾਕਿਸਤਾਨ ਦੀ ਵਕਾਲਤ ਕਰਦੇ ਹਨ।

ਇਮਰਾਨ ਨੇ ਕੀਤੇ ਤਿੰਨ ਵਿਆਹ

25 ਨਵੰਬਰ 1952 ਨੂੰ ਜਨਮੇ ਇਮਰਾਨ ਖ਼ਾਨ ਨੇ ਲਾਹੌਰ ਦੇ ਏਚੀਸਨ ਕਾਲਜ, ਕੈਥੇਡਰਲ ਸਕੂਲ ਅਤੇ ਇੰਗਲੈਂਡ ਦੇ ਰਾਇਲ ਗਰਾਮਰ ਸਕੂਲ ਵਿੱਚ ਪੜ੍ਹਾਈ ਕੀਤੀ। ਉਨ੍ਹਾਂ ਨੇ ਕੇਬਲ ਕਾਲਜ, ਆਕਸਫੋਰਡ ਤੋਂ ਸਿਆਸਤ ਅਤੇ ਅਰਥਸ਼ਾਸਤਰ ਦੀ ਪੜ੍ਹਾਈ ਵੀ ਕੀਤੀ ਹੈ।

ਕ੍ਰਿਕਟ ਖੇਡਣ ਦੌਰਾਨ ਇਮਰਾਨ ਖ਼ਾਨ ਦੀ ਛਬੀ ਕਲੱਬਾਂ ਅਤੇ ਪਾਰਟੀਆਂ ਵਿੱਚ ਜਾਣ ਅਤੇ ਲਗਾਤਾਰ ਰੋਮਾਂਸ ਨਾਲ ਜੁੜੇ ਰਹਿਣ ਵਾਲੇ ਨੌਜਵਾਨ ਦੀ ਬਣੀ। ਬਾਅਦ ਵਿੱਚ ਇਮਰਾਨ ਖ਼ਾਨ ਨੇ 1995 ਵਿੱਚ ਬ੍ਰਿਟਿਸ਼ ਜੇਮੀਮਾ ਗੋਲਡਸਮਿੱਥ ਨਾਲ ਨਿਕਾਹ ਕੀਤਾ।

ਜੇਮੀਮਾ ਤੋਂ ਇਮਰਾਨ ਖ਼ਾਨ ਦੇ ਦੋ ਧੀਆਂ ਹਨ ਪਰ ਨੌਂ ਸਾਲ ਤੱਕ ਨਾਲ ਰਹਿਣ ਤੋਂ ਬਾਅਦ ਜੇਮੀਮਾ ਅਤੇ ਇਮਰਾਨ ਖ਼ਾਨ ਦਾ 2004 ਵਿੱਚ ਤਲਾਕ ਹੋ ਗਿਆ।

ਇਸ ਤੋਂ ਬਾਅਦ 2014 ਵਿੱਚ ਇਮਰਾਨ ਨੇ ਟੀਵੀ ਐਂਕਰ ਰੇਹਾਮ ਖਾਨ ਨਾਲ ਦੂਜਾ ਵਿਆਹ ਕੀਤਾ। ਰੇਹਾਮ ਖਾਨ ਦੇ ਮਾਪੇ ਪਾਕਿਸਤਾਨੀ ਹਨ ਅਤੇ ਉਨ੍ਹਾਂ ਦਾ ਜਨਮ ਲਿਬੀਆ ਵਿੱਚ ਹੋਇਆ ਹੈ। ਦੋਹਾਂ ਦਾ ਵਿਆਹ ਸਿਰਫ਼ 10 ਮਹੀਨੇ ਹੀ ਚੱਲ ਸਕਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਇੱਕ ਕਿਤਾਬ ਲਿਖ ਕੇ ਇਮਰਾਨ 'ਤੇ ਸਰੀਰਕ ਸ਼ੋਸ਼ਣ ਵਰਗੇ ਗੰਭੀਰ ਇਲਜ਼ਾਮ ਲਾਏ।

ਇਸ ਤੋਂ ਬਾਅਦ ਇਮਰਾਨ ਖਾਨ ਨੇ ਫਰਵਰੀ 2018 ਵਿੱਚ ਬੁਸ਼ਰਾ ਮਾਨਿਕਾ ਨਾਲ ਨਿਕਾਹ ਕੀਤਾ।

ਕ੍ਰਿਕਟ ਕਰੀਅਰ

ਇਮਰਾਨ ਖਾਨ ਕਿੰਨੇ ਵੱਡੇ ਕ੍ਰਿਕਟ ਖਿਡਾਰੀ ਰਹੇ ਹਨ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲੱਗ ਜਾਂਦਾ ਹੈ ਕਿ ਉਹ ਪਾਕਿਸਤਾਨ ਦੇ ਅਜਿਹੇ ਕ੍ਰਿਕਟ ਖਿਡਾਰੀ ਹਨ ਜਿਨ੍ਹਾਂ ਦੇ ਸੰਨਿਆਸ (1987 ਵਿੱਚ) ਲੈਣ ਤੋਂ ਬਾਅਦ ਉਨ੍ਹਾਂ ਨੂੰ ਕੌਮੀ ਟੀਮ ਦੇ ਲਈ ਦੁਬਾਰਾ (1988 ਵਿੱਚ) ਸੱਦਿਆ ਗਿਆ ਅਤੇ ਫਿਰ 39 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਬਤੌਰ ਕਪਤਾਨ ਪਾਕਿਸਤਾਨ ਨੂੰ ਉਸ ਦਾ ਇਕਲੌਤਾ ਵਿਸ਼ਵ ਕੱਪ ਦਿਵਾਇਆ।

ਸਿਰਫ਼ 16 ਸਾਲ ਦੀ ਉਮਰ ਵਿੱਚ ਇਮਰਾਨ ਖਾਨ ਨੇ ਲਾਹੌਰ ਵਿੱਚ ਇੱਕ ਫਿੱਕੇ ਪ੍ਰਦਰਸ਼ਨ ਦੇ ਨਾਲ ਆਪਣਾ ਕ੍ਰਿਕਟ ਕਰੀਅਰ ਸ਼ੁਰੂ ਕੀਤਾ।

ਉਹ ਆਪਣੇ ਦੇਸ ਦੀਆਂ ਘਰੇਲੂ ਟੀਮਾਂ ਲਈ ਉਤਰੇ ਤਾਂ ਉੱਥੇ ਹੀ ਆਕਸਫੋਰਡ ਯੂਨੀਵਰਸਿਟੀ ਦੀ ਬਲੂਜ਼ ਕ੍ਰਿਕਟ ਟੀਮ ਦਾ ਹਿੱਸਾ ਵੀ ਰਹੇ ਅਤੇ ਕਾਊਂਟੀ ਕ੍ਰਿਕਟ ਵੀ ਖੇਡੇ।

ਅਖੀਰ 1971 ਵਿੱਚ ਉਨ੍ਹਾਂ ਨੂੰ ਇੰਗਲੈਂਡ ਦੇ ਖਿਲਾਫ਼ ਬਰਮਿੰਘਮ ਟੈਸਟ ਲਈ ਪਾਕਿਸਤਾਨ ਦੀ ਟੀਮ ਵਿੱਚ ਥਾਂ ਮਿਲੀ।

ਤਿੰਨ ਸਾਲ ਬਾਅਦ ਇਮਰਾਨ ਨੂੰ ਇੱਕ ਰੋਜ਼ਾ ਟੀਮ ਵਿੱਚ ਥਾਂ ਮਿਲ ਗਈ। ਇਸ ਤੋਂ ਬਾਅਦ ਆਪਣੇ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਨੇ ਟੀਮ ਵਿੱਚ ਆਪਣੀ ਥਾਂ ਪੱਕੀ ਕਰ ਲਈ।

ਕ੍ਰਿਕਟ ਦੀ ਦੁਨੀਆਂ ਵਿੱਚ ਇਮਰਾਨ ਦੀ ਪਛਾਣ ਇੱਕ ਤੇਜ਼ ਗੇਂਦਬਾਜ਼ ਦੇ ਤੌਰ 'ਤੇ 1978 ਵਿੱਚ ਪਰਥ ਵਿੱਚ ਕੀਤੇ ਇੱਕ ਸਮਾਗਮ ਵਿੱਚ ਉਨ੍ਹਾਂ ਵੱਲੋਂ 139.7 ਕਿਲੋਮੀਟਰ ਦੀ ਰਫ਼ਤਾਰ ਨਾਲ ਸੁੱਟੀ ਗਈ ਗੇਂਦ ਕਾਰਨ ਹੋਈ।

ਇਸ ਦੌਰਾਨ ਇਮਰਾਨ ਖਾਨ ਨੇ ਡੇਨਿਸ ਲਿਲੀ ਅਤੇ ਐਂਡੀ ਰਾਬਰਟਜ਼ ਵਰਗੇ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਅਤੇ ਤੀਜੀ ਥਾਂ 'ਤੇ ਰਹੇ। ਉਨ੍ਹਾਂ ਤੋਂ ਅੱਗੇ ਮਾਈਕਲ ਹੋਲਡਿੰਗ, ਜੈਫ਼ ਥੌਮਸਨ ਸਨ।

ਇਮਰਾਨ ਖਾਨ ਨੇ 88 ਟੈਸਟ ਮੈਚਾਂ ਵਿੱਚ ਛੇ ਸੈਂਕੜੇ ਅਤੇ 18 ਅਰਥ-ਸੈਂਕੜਿਆਂ ਦੀ ਮਦਦ ਨਾਲ 3,807 ਦੌੜਾਂ ਬਣਾਈਆਂ ਅਤੇ 362 ਵਿਕਟਾਂ ਲਈਆਂ। ਕ੍ਰਿਕਟ ਤੋਂ ਸੰਨਿਆਸ ਵੇਲੇ ਇਮਰਾਨ ਖਾਨ ਪਾਕਿਸਤਾਨ ਦੇ ਸਭ ਤੋਂ ਵੱਧ ਟੈਸਟ ਵਿਕਟ ਲੈਣ ਵਾਲੇ ਗੇਂਦਬਾਜ਼ ਸਨ।

ਦੋ ਦਹਾਕਿਆਂ ਤੋਂ ਕ੍ਰਿਕਟ ਕਰੀਅਰ ਵਿੱਚ ਇਮਰਾਨ ਦੀ ਸ਼ੁਰੂਆਤੀ ਪਛਾਣ ਆਲਰਾਊਂਡਰ ਗੇਂਦਬਾਜ਼ ਦੇ ਰੂਪ ਵਿੱਚ ਹੋਈ। ਉੱਥੇ ਹੀ ਬਾਅਦ ਵਿੱਚ ਉਨ੍ਹਾਂ ਨੇ 1982 ਵਿੱਚ ਜਾਵੇਦ ਮਿਆਂਦਾਦ ਤੋਂ ਕਪਤਾਨੀ ਸਾਂਭੀ ਉਦੋਂ ਕਾਫ਼ੀ ਸ਼ਰਮੀਲੇ ਸਨ। ਸ਼ੁਰੂਆਤੀ ਟੀਮ ਬੈਠਕਾਂ ਵਿੱਚ ਉਹ ਟੀਮ ਨਾਲ ਗੱਲਬਾਤ ਨਹੀਂ ਕਰ ਪਾਉਂਦੇ ਸਨ।

ਵਿਸ਼ਵ ਕੱਪ ਜਿੱਤਣ ਵਾਲੇ ਕਪਤਾਨ

ਹਾਲਾਂਕਿ ਇਸ ਤੋਂ ਬਾਅਦ ਬਤੌਰ ਕਪਤਾਨ ਅਤੇ ਇੱਕ ਕ੍ਰਿਕਟ ਖਿਡਾਰੀ ਉਨ੍ਹਾਂ ਦੀਆਂ ਉਪਲਬਧੀਆਂ ਸਿਖਰ 'ਤੇ ਰਹੀਆਂ। ਇੰਗਲੈਂਡ ਨੂੰ ਉਸ ਦੀ ਜ਼ਮੀਨ 'ਤੇ ਹਰਾਉਣਾ, ਭਾਰਤ ਦੇ ਖਿਲਾਫ਼ ਘਰੇਲੂ ਸੀਰੀਜ਼ ਦੇ 6 ਟੈਸਟ ਮੈਚਾਂ ਵਿੱਚ 40 ਵਿਕਟ ਡੇਗਣਾ, ਸ਼੍ਰੀਲੰਕਾ ਦੇ ਖਿਲਾਫ਼ ਕਰੀਅਰ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਅਤੇ ਪਹਿਲੇ ਹੀ ਸਾਲ ਬਤੌਰ ਕਪਤਾਨ 13 ਟੈਸਟ ਮੈਚਾਂ ਵਿੱਚ 88 ਵਿਕਟ ਲੈਣ ਦਾ ਕਾਰਨਾਮਾ ਕਰਨਾ ਉਨ੍ਹਾਂ ਦੇ ਸ਼ੁਰੂਆਤੀ ਕਾਰਨਾਮੇ ਰਹੇ।

ਇਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਅਤੇ ਤਕਰੀਬਨ ਦੋ ਸਾਲ ਤੱਕ ਕ੍ਰਿਕਟ ਤੋਂ ਬਾਹਰ ਰਹਿਣ ਤੋਂ ਬਾਅਦ ਭਾਰਤ ਦੇ ਖਿਲਾਫ਼ ਭਾਰਤ ਵਿੱਚ ਹੀ ਟੈਸਟ ਸੀਰੀਜ਼ ਜਿੱਤਣ ਦੇ ਨਾਲ ਵਾਪਸੀ ਕੀਤੀ। ਇੰਗਲੈਂਡ ਨੂੰ ਉਸੇ ਦੀ ਧਰਤੀ 'ਤੇ ਹਰਾਇਆ।

1987 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਹਾਰਨ ਤੋਂ ਬਾਅਦ ਸਨਿਆਸ ਲੈ ਲਿਆ ਪਰ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਜ਼ਿਆ-ਉਲ-ਹੱਕ ਦੀ ਗੁਜ਼ਾਰਿਸ਼ 'ਤੇ ਦੁਬਾਰਾ ਕਪਤਾਨੀ ਸਾਂਭੀ ਅਤੇ ਵੈਸਟਇੰਡੀਜ਼ ਦੇ ਖ਼ਿਲਾਫ਼ ਤਿੰਨ ਟੈਸਟ ਮੈਚਾਂ ਵਿੱਚ 23 ਵਿਕਟ ਲੈ ਕੇ ਆਪਣੀ ਜ਼ੋਰਦਾਰ ਵਾਪਸੀ ਦਾ ਐਲਾਨ ਕਰ ਦਿੱਤਾ।

ਇੱਕ ਕਪਤਾਨ ਅਤੇ ਕ੍ਰਿਕਟ ਦੇ ਰੂਪ ਵਿੱਚ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਮੁਕਾਮ ਉਦੋਂ ਆਇਆ ਜਦੋਂ ਉਨ੍ਹਾਂ ਨੇ 1992 ਵਿਸ਼ਵ ਕੱਪ ਵਿੱਚ ਟੀਮ ਦੀ ਅਗਵਾਈ ਕੀਤੀ। ਇਮਰਾਨ ਨੇ ਨਾ ਸਿਰਫ਼ ਪਾਕਿਸਤਾਨ ਨੂੰ ਪਹਿਲੀ ਵਾਰੀ ਵਿਸ਼ਵ ਕੱਪ ਦਿਵਾਇਆ ਸਗੋਂ 39 ਸਾਲ ਦੀ ਉਮਰ ਵਿੱਚ ਵੀ ਆਪਣੀ ਟੀਮ ਵੱਲੋਂ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਉਨ੍ਹਾਂ ਨੇ ਹੀ ਬਣਾਈਆਂ।

ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇਮਰਾਨ ਖਾਨ ਨੇ ਇਹ ਮੰਨਿਆ ਕਿ ਕਦੇ ਉਨ੍ਹਾਂ ਨੇ ਗੇਂਦ ਨਾਲ ਛੇੜਛਾੜ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹਾ ਕਾਊਂਟੀ ਦੇ ਇੱਕ ਮੈਚ ਵਿੱਚ ਕੀਤਾ ਸੀ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੀਆਂ ਚੋਣਾਂ ਵਿੱਚ ਕਦੇ ਵੋਟ ਨਹੀਂ ਪਾਏ। ਚੋਣਾਂ ਵਿੱਚ ਇਮਰਾਨ ਖਾਨ ਦੀ ਪਾਰਟੀ ਦੀ ਜਿੱਤ ਨਾਲ ਪਾਕਿਸਤਾਨ ਦੀ ਸਿਆਸਤ ਤੇ ਭੁੱਟੋ ਅਤੇ ਸ਼ਰੀਫ਼ ਦੇ ਪਰਿਵਾਰ ਦੇ ਦਹਾਕਿਆਂ ਤੱਕ ਰਹੀ ਹਕੂਮਤ ਦਾ ਖਾਤਮਾ ਹੋ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)