ਪਾਕਿਸਤਾਨ ਚੋਣਾਂ: ਤਖ਼ਤ ਅਤੇ ਤਖ਼ਤੇ ਵੱਲ ਜਾਂਦੇ ਰਾਹ-ਨਵੀਂ ਸਵੇਰ ਦੇ ਦਾਅਵੇ

ਚੋਣ ਕਮਿਸ਼ਨ ਦੇ ਐਲਾਨ ਤੋਂ ਪਹਿਲਾਂ ਪਾਕਿਸਤਾਨ ਦੇ ਅਖ਼ਬਾਰਾਂ ਨੂੰ ਚੋਣਾਂ ਦਾ ਰੁਝਾਨ ਸਾਫ਼ ਜਾਪਦਾ ਹੈ ਕਿ ਇਮਰਾਨ ਖ਼ਾਨ ਦੀ ਧਿਰ ਅੱਗੇ ਹੈ। ਪਾਕਿਸਤਾਨ ਤਹਰੀਕ-ਏ-ਇਨਸਾਫ਼ ਦੂਜੀਆਂ ਧਿਰਾਂ ਤੋਂ ਬਹੁਤ ਅੱਗੇ ਜਾਪਦੀ ਹੈ ਪਰ ਇਹ ਆਪਣੇ ਦਮ ਉੱਤੇ ਸਰਕਾਰ ਬਣਾਉਣ ਦੀ ਹਾਲਤ ਵਿੱਚ ਪਹੁੰਚਦੀ ਨਹੀਂ ਜਾਪਦੀ।

ਕੋਈ ਰਸਮੀ ਐਲਾਨ ਨਾ ਹੋਣ ਦੀ ਹਾਲਤ ਵਿੱਚ ਕਿਸੇ ਅੰਕੜੇ ਦਾ ਦਾਅਵਾ ਕੋਈ ਨਹੀਂ ਕਰ ਸਕਦਾ ਪਰ ਇਨ੍ਹਾਂ ਅਖ਼ਬਾਰਾਂ ਵਿੱਚੋਂ ਵੋਟਾਂ ਦੀ ਗਿਣਤੀ ਦੇ ਨਾਲ-ਨਾਲ ਕੁਝ ਹੱਦ ਤੱਕ ਮਾਹੌਲ ਅਤੇ ਮੁਲਕ ਦੀ ਨਬਜ਼ ਦਾ ਵੀ ਪਤਾ ਲੱਗਦਾ ਹੈ। ਇਨ੍ਹਾਂ ਅਖ਼ਬਾਰਾਂ ਦੀਆਂ ਸੰਪਾਦਕੀਆਂ ਦਾ ਘੇਰਾ ਚੋਣ ਨਤੀਜਿਆਂ ਦੀਆਂ ਕਿਆਸਰਾਈਆਂ, ਚੋਣ ਧਾਂਦਲੀਆਂ ਅਤੇ ਜਮਹੂਰੀਅਤ ਨੂੰ ਦਰਪੇਸ਼ ਸੁਆਲਾਂ ਦੁਆਲੇ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਅੰਗੇਰਜ਼ੀ ਅਖ਼ਬਾਰ 'ਦ ਨੇਸ਼ਨ' ਦੀ ਸੰਪਾਦਕੀ ਦਾ ਸਿਰਲੇਖ ਹੈ ਕਿ ਜਿੱਤ ਨਜ਼ਰ ਆ ਰਹੀ ਹੈ (Victory in Sight)। ਅੰਕੜੇ ਦਰਸਾ ਕੇ ਇਹ ਸੰਪਾਦਕੀ ਖ਼ਦਸ਼ਾ ਜ਼ਾਹਿਰ ਕਰਦੀ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਜਿੱਤ ਸਰਕਾਰ ਬਣਾਉਣ ਲਈ ਨਾਕਾਫ਼ੀ ਹੋ ਸਕਦੀ ਹੈ।

ਇਸ ਸੰਪਾਦਕੀ ਵਿੱਚ ਸਾਫ਼ ਲਿਖਿਆ ਹੈ ਕਿ ਮੌਜੂਦਾ ਹਾਲਾਤ ਮੁਤਾਬਕ ਪਾਕਿਸਤਾਨੀ ਅਰਥਚਾਰੇ ਅਤੇ ਕੌਮਾਂਤਰੀ ਪੱਧਰ ਉੱਤੇ ਰੁਪਏ ਨੂੰ ਸੰਭਾਲਣ ਲਈ ਮਜ਼ਬੂਤ ਸਰਕਾਰ ਦਰਕਾਰ ਹੈ ਜੋ ਚੋਣ ਨਤੀਜਿਆਂ ਤੋਂ ਨਜ਼ਰ ਨਹੀਂ ਆਉਂਦੀ।

'ਦ ਨੇਸ਼ਨ' ਨੂੰ ਆਸ ਹੈ ਕਿ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਪਾਕਿਸਤਾਨ ਤਹਰੀਕ-ਏ-ਇਨਸਾਫ਼ ਸਰਕਾਰ ਬਣਾਉਣ ਦੀ ਹਾਲਤ ਵਿੱਚ ਆ ਸਕਦੀ ਹੈ।

ਇਸ ਸੰਪਾਦਕੀ ਨੂੰ ਸਰਕਾਰ ਬਣਾਉਣ ਨਾਲੋਂ ਕਿੰਗਮੇਕਰ ਦੀ ਭੂਮਿਕਾ ਜ਼ਿਆਦਾ ਦਿਲਚਸਪ ਜਾਪਦੀ ਹੈ।

ਆਖ਼ਰ ਵਿੱਚ ਇਹ ਸੰਪਾਦਕੀ ਸਿਰਫ਼ ਆਸ ਕਰਦੀ ਹੈ ਕਿ ਸਿਆਸੀ ਪਾਰਟੀਆਂ ਦੀਆਂ ਇੱਕ-ਦੂਜੇ ਬਾਬਤ ਇੰਤਹਾਵਾਦੀ ਸੋਚ ਅਤੇ ਫ਼ੌਜ ਅਤੇ ਨਿਆਂ ਪ੍ਰਣਾਲੀ ਦੀ ਦਖ਼ਲਅੰਦਾਜ਼ੀ ਵਾਲੇ ਮਾਹੌਲ ਵਿੱਚ ਜਮਹੂਰੀ ਕਦਰਾਂ-ਕੀਮਤਾਂ ਬਚ ਜਾਣਗੀਆਂ।

'ਡੇਲੀ ਟਾਈਮਜ਼' ਦੀ ਸੰਪਾਦਕੀ ਨੇ 'ਨਵੀਂ ਸ਼ੁਰੂਆਤ' (A new beginning?) ਸਿਰਲੇਖ ਦਿੱਤਾ ਹੈ ਅਤੇ ਪਾਕਿਸਤਾਨ ਤਹਰੀਕ-ਏ-ਇਨਸਾਫ਼ ਦੀ ਜਿੱਤ ਦਾ ਐਲਾਨ ਕਰਦਿਆਂ ਲਿਖਿਆ ਹੈ ਕਿ ਚੋਣ ਕਮਿਸ਼ਨ ਦਾ ਐਲਾਨ ਹੋਣਾ ਬਾਕੀ ਹੈ।

ਦੂਜੇ ਫਿਕਰੇ ਵਿੱਚ ਸੰਪਾਦਕੀ ਸੁਆਲ ਕਰਦੀ ਹੈ, "ਇਸ ਮੋੜ ਤੋਂ ਅੱਗੇ ਰਾਹ ਕਿੱਥੇ ਜਾਂਦਾ ਹੈ?" ਇਸ ਤੋਂ ਬਾਅਦ ਸਾਰਾ ਸੰਪਾਦਕੀ ਚੋਣ ਅਮਲ ਉੱਤੇ ਹੋ ਰਹੇ ਸੁਆਲਾਂ ਉੱਤੇ ਹੈ।

ਪਾਕਿਸਤਾਨ ਤਹਰੀਕ-ਏ-ਇਨਸਾਫ਼ ਤੋਂ ਬਿਨਾਂ ਸਾਰੀਆਂ ਸਿਆਸੀ ਧਿਰਾਂ ਨੇ ਚੋਣ ਅਮਲ ਉੱਤੇ ਸੁਆਲ ਕੀਤੇ ਹਨ ਅਤੇ ਚੋਣ ਨਤੀਜਿਆਂ ਨੂੰ ਰੱਦ ਕੀਤਾ ਹੈ। ਸੁਆਲ ਕਰਨ ਵਾਲੀਆਂ ਧਿਰਾਂ ਵਿੱਚ ਪਾਕਿਸਤਾਨ ਮੁਸਲਿਮ ਲੀਗ (ਨਵਾਜ਼), ਪਾਕਿਸਤਾਨ ਪੀਪਲਜ਼ ਪਾਰਟੀ, ਮੁਤਾਹਿਦਾ-ਮਜਲਿਸ-ਏ-ਅਮਾਲ ਅਤੇ ਤਹਿਰੀਕ-ਏ-ਲਾਬਾਬੀਅਕ ਸ਼ਾਮਿਲ ਹਨ।

ਇਸ ਸੰਪਾਦਕੀ ਦਾ ਦਾਅਵਾ ਹੈ ਕਿ 'ਚੋਣ ਧਾਂਦਲੀਆਂ ਦਾ ਇਲਜ਼ਾਮ ਪਹਿਲੀ ਵਾਰ ਨਹੀਂ ਲੱਗਿਆ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਰੀਆਂ ਧਿਰਾਂ ਨੇ ਇਸ ਸ਼ਿਕਾਇਤ ਬਾਬਤ ਇੱਕਸੁਰ ਹਨ।'

ਇਸ ਸੰਪਾਦਕੀ ਦਾ ਆਖ਼ਰੀ ਹਿੱਸਾ ਅਹਿਮ ਸੁਆਲ ਕਰਦਾ ਹੈ—'ਕੀ ਅਸੀਂ ਕਿਸੇ ਨਵੀਂ ਸਰਕਾਰ ਦੇ ਜਮਹੂਰੀ ਦੌਰ ਵੱਲ ਜਾ ਰਹੇ ਹਾਂ ਜਾਂ ਹੋਰ ਮੁਸ਼ਕਲਾਂ ਸਾਨੂੰ ਦਰਪੇਸ਼ ਹੋਣ ਵਾਲੀਆਂ ਹਨ?

ਜਿੱਤ ਦਾ ਐਲਾਨ ਕਰਨ ਤੋਂ ਪਹਿਲਾਂ ਇੱਕੋ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਸਾਡੀ ਜਮਹੂਰੀਅਤ ਨੂੰ ਸਾਰੀਆਂ ਧਿਰਾਂ ਦੀ ਹੋਰ ਸੰਜੀਦਗੀ ਦਰਕਾਰ ਹੈ।'

'ਡਾਅਨ' ਅਖ਼ਬਾਰ ਦੀ ਸੰਪਾਦਕੀ ਨੇ ਵੋਟ ਪਾਉਣ ਵਾਲਿਆਂ ਦੀ ਸਿਫ਼ਤ ਕਰਦਿਆਂ ਕੋਇਟਾ ਦੇ ਬੰਬ ਧਮਾਕੇ ਦੀ ਚਰਚਾ ਕੀਤੀ ਹੈ।

ਇਸ ਸੰਪਾਦਕੀ ਦਾ ਜ਼ਿਆਦਾ ਹਿੱਸਾ ਚੋਣ ਇੰਤਜ਼ਾਮ ਦੀ ਤਫ਼ਸੀਲ ਪੇਸ਼ ਕਰਦਾ ਹੈ।

ਇੱਕ ਦਲੀਲ ਹੈ ਕਿ ਬੇਮਿਸਲਾ ਸੁਰੱਖਿਆ ਇੰਤਜ਼ਾਮ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਵੋਟ ਪਾਉਣ ਵਾਲਿਆਂ ਦਾ ਤਜਰਬਾ ਪਹਿਲਾਂ ਨਾਲੋਂ ਖ਼ੁਸ਼ਗਵਾਰ ਰਿਹਾ ਹੈ ਪਰ ਵੱਡੇ ਸ਼ਹਿਰਾਂ ਤੋਂ ਦੂਰ ਆਵਾਮ ਨੂੰ ਮੁਸ਼ਕਲਾਂ ਰਹੀਆਂ ਹਨ।

ਇਸ ਵਿੱਚ ਇਹ ਉਮੀਦ ਕੀਤੀ ਗਈ ਹੈ ਕਿ ਤਜਰਬੇ ਨਾਲ ਚੋਣ ਕਮਿਸ਼ਨ ਦਾ ਕੰਮ ਹੋਰ ਬਿਹਤਰ ਹੋ ਸਕਦਾ ਹੈ।

ਇੰਤਜ਼ਾਮ ਤੋਂ ਬਾਅਦ ਸੰਪਾਦਕੀ ਦਾ ਆਖ਼ਰੀ ਹਿੱਸਾ ਚੋਣ ਨਤੀਜਿਆਂ ਬਾਬਤ ਹੈ ਕਿ ਹਾਲੇ ਕੁਝ ਵੀ ਸਾਫ਼ ਨਹੀਂ ਹੈ।

ਆਉਣ ਵਾਲੇ ਸਮੇਂ ਵਿੱਚ ਤਸਵੀਰ ਸਾਫ਼ ਹੋ ਜਾਵੇਗੀ ਪਰ ਜਿੱਤਣ ਵਾਲੀ ਧਿਰ ਨੂੰ ਜਮਹੂਰੀ ਸੋਚ ਅਤੇ ਖੁੱਲ੍ਹਨਜ਼ਰੀ ਨਾਲ ਕੰਮ ਕਰਨਾ ਚਾਹੀਦਾ ਹੈ। ਮੁਲਕ ਦੀ ਸਥਿਰਤਾ ਲਈ ਸਿਆਸਤ ਨੂੰ ਮੁੜ ਕੇ ਖੁੱਲ੍ਹੇ ਅਖਾੜਾ ਬਣਨ ਤੋਂ ਰੋਕਣਾ ਚਾਹੀਦਾ ਹੈ।

ਪਾਕਿਸਤਾਨ ਦੇ ਸਿਆਸੀ ਦਸਤੂਰ ਨਾਲ ਮਿਲਦਾ ਸਿਰਲੇਖ ਊਰਦੂ ਦੇ ਅਖ਼ਬਾਰ 'ਰੋਜ਼ਨਾਮਚਾ ਜੰਗ' ਨੇ ਸੁਆਲੀਆ ਰੂਪ ਵਿੱਚ ਦਿੱਤਾ ਹੈ ਕਿ ਕੌਣ ਤਖ਼ਤ ਉੱਤੇ ਬੈਠੇਗਾ ਅਤੇ ਕਿਸ ਦਾ ਧੜ ਤਖ਼ਤੇ ਉੱਤੇ ਚੜ੍ਹਾਇਆ ਜਾਵੇਗਾ?

ਇਨ੍ਹਾਂ ਸਾਰੇ ਅਖ਼ਬਾਰਾਂ ਅਤੇ ਚੋਣ ਦੇ ਰੁਝਾਨ ਤੋਂ ਸਾਫ਼ ਲੱਗਦੀ ਹੈ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੀ ਅਹਿਮੀਅਤ ਸ਼ਾਇਦ ਏਨੀ ਘੱਟ ਪਹਿਲਾਂ ਕਦੇ ਨਹੀਂ ਰਹੀ।

ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਭਾਵੇਂ ਸਰਕਾਰ ਨਾ ਬਣਾਵੇ ਪਰ ਪਾਕਿਸਤਾਨੀ ਸਿਆਸਤ ਉੱਤੇ ਅਸਰਅੰਦਾਜ਼ ਰਹੇਗੀ।

ਪਾਕਿਸਤਾਨ ਤਹਰੀਕ-ਏ-ਇਨਸਾਫ਼ ਨੂੰ ਭਾਵੇਂ ਲੋੜੀਂਦੀ ਬਹੁਗਿਣਤੀ ਨਾ ਰਹੇ ਪਰ ਇਮਰਾਨ ਖ਼ਾਨ ਬਿਨਾਂ ਸ਼ੱਕ ਸਭ ਤੋਂ ਕੱਦਾਵਰ ਆਗੂ ਵਜੋਂ ਸਾਹਮਣੇ ਆਉਂਦੇ ਲੱਗਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)