You’re viewing a text-only version of this website that uses less data. View the main version of the website including all images and videos.
ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਛੁੱਟੀ, ਹਰਪਾਲ ਚੀਮਾ ਵਿਰੋਧੀ ਧਿਰ ਦੇ ਆਗੂ ਬਣਾਏ
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੀ ਛੁੱਟੀ ਕਰ ਦਿੱਤੀ ਹੈ।
ਪਾਰਟੀ ਨੇ ਵਿਧਾਨ ਸਭਾ ਹਲਕਾ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਥਾਪਿਆ ਹੈ।
ਇਸ ਦਾ ਐਲਾਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਇੱਕ ਟਵੀਟ ਰਾਹੀ ਕੀਤਾ। ਮਨੀਸ਼ ਸਿਸੋਦੀਆ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੇ ਵਿਧਾਇਕ ਦਲ ਦਾ ਆਗੂ ਥਾਪਿਆ ਜਾ ਰਿਹਾ ਹੈ।
ਮਨੀਸ਼ ਸਿਸੋਦੀਆ ਨੇ ਸੁਖਪਾਲ ਸਿੰਘ ਖਹਿਰਾ ਨੂੰ ਹਟਾਏ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ।
ਉਧਰ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕੀਤਾ ਹੈ।
ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, ''ਮੈਂ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੀ ਡਿਊਟੀ ਪੂਰੇ ਸਮਰਪਣ ਅਤੇ ਬਿਨ੍ਹਾਂ ਕਿਸੇ ਡਰ ਦੇ ਨਿਭਾਈ। ਪੰਜਾਬ ਲਈ ਮੈਂ ਅਜਿਹੇ 100 ਅਹੁਦੇ ਛੱਡਣ ਲਈ ਤਿਆਰ ਹਾਂ। ਪਾਰਟੀ ਨੇ ਉਹੀ ਕੀਤਾ ਜੋ ਕਾਂਗਰਸ, ਭਾਜਪਾ ਤੇ ਅਕਾਲੀ ਦਲ ਚਾਹੁੰਦੀ ਸੀ।''
'ਖਹਿਰਾ ਮੇਰੇ ਵੱਡੇ ਭਰਾ', ਚੀਮਾ ਨੇ ਕਿਹਾ
ਹਰਪਾਲ ਸਿੰਘ ਚੀਮਾ ਨੇ ਕਿਹਾ ਹਰ ਪੱਧਰ ਉੱਤੇ ਪਾਰਟੀ ਮਜ਼ਬੂਤ ਕੀਤਾ ਜਾਵੇਗਾ, ਸੁਖਪਾਲ ਸਿੰਘ ਖਹਿਰਾ ਦਾ ਸਹਿਯੋਗ ਲੈ ਕੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਕੰਮ ਕਰਾਂਗੇ। ਪਾਰਟੀ ਨੂੰ ਇੱਕ ਰੱਖਣਾ ਤੇ 2019 ਦੇ ਟੀਚੇ ਨਾਲ ਕੰਮ ਕਰਾਂਗੇ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਫੈਸਲਾ ਵਿਧਾਇਕਾਂ ਤੇ ਪਾਰਟੀ ਨੇ ਦਲਿਤ ਚਿਹਰੇ ਨੂੰ ਅੱਗੇ ਲਿਆਉਣ ਲਈ ਲਿਆ ਹੈ। ਉਨ੍ਹਾਂ ਮੁਤਾਬਕ ਅਰਵਿੰਦ ਕੇਜਰੀਵਾਲ ਦੇ ਸੁਖਪਾਲ ਖਹਿਰਾ ਨਾਲ ਕੋਈ ਮਤਭੇਦ ਨਹੀਂ ਹਨ। ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਮੇਰੇ ਵੱਡੇ ਭਰਾ ਨੇ ਉਨ੍ਹਾਂ ਦੀ ਅਗਵਾਈ ਵਿਚ ਕੰਮ ਕਰਦੇ ਰਹਾਂਗੇ ।
'ਖਹਿਰਾ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ'
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉੱਪ-ਆਗੂ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਕੋਈ ਵੱਡੀ ਜਿੰਮੇਵਾਰੀ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦਲਿਤ ਆਗੂ ਨੂੰ ਵਿਰੋਧੀ ਧਿਰ ਦਾ ਆਗੂ ਬਣਾਏ ਜਾਣ ਦਾ ਉਹ ਸਵਾਗਤ ਕਰਦੇ ਹਨ। ਪਾਰਟੀ ਦੇ 9 ਵਿਧਾਇਕ ਦਲਿਤ ਨੇ ਅਤੇ 2 ਵਿਧਾਇਕ ਬੀਸੀ ਹਨ।
ਸੁਖਪਾਲ ਸਿੰਘ ਖਹਿਰਾ ਨੂੰ ਕੀ ਅਹੁਦਾ ਦਿੱਤਾ ਜਾਣਾ ਹੈ, ਇਹ ਪਾਰਟੀ ਹਾਈਕਮਾਂਡ ਐਲਾਨ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ।
'ਆਪ' ਵੀ ਲਿਫ਼ਾਫਾ ਕਲਚਰ ਦੀ ਸ਼ਿਕਾਰ
ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਨੂੰ ਵਿਧਾਇਕਾਂ ਨੇ ਨਹੀਂ ਬਲਕਿ ਕਿ ਦਿੱਲੀ ਤੋਂ ਆਏ ਲਿਫਾਫੇ ਰਾਹੀ ਹਟਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਮਾੜੇ ਦਿਨ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਹਟਾਉਣ ਦਾ ਫੈਸਲਾ ਮੰਦਭਾਗਾ ਹੈ।