You’re viewing a text-only version of this website that uses less data. View the main version of the website including all images and videos.
ਸਿੱਧੂ ਨੇ ਗੋਪਾਲ ਚਾਵਲਾ ਨਾਲ ਆਪਣੀਆਂ ਤਸਵੀਰਾਂ 'ਤੇ ਕੀ ਕਿਹਾ ?
ਪਾਕਿਸਤਾਨ ਦੇ ਖਾਲਿਸਤਾਨ ਪੱਖੀ ਆਗੂ ਗੋਪਾਲ ਸਿੰਘ ਚਾਵਲਾ ਨਾਲ ਫੋਟੋ ਖਿਚਵਾਉਣ ਦੇ ਮਾਮਲੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ, 'ਇੱਕ-ਦੋ ਦਿਨ ਵਿੱਚ ਮੇਰੀਆਂ 5-10 ਹਜ਼ਾਰ ਫੋਟੋਆਂ ਛਪੀਆਂ ਹਨ, ਕੌਣ ਚਾਵਲਾ ਤੇ ਕੌਣ ਚੀਮਾ ਮੈਂ ਨਹੀਂ ਜਾਣਦਾ'।
ਕੌਰੀਡੋਰ ਖੁੱਲਣ ਦੇ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਇਹ ਇੱਕ ਇਤਿਹਾਸਕ ਕਦਮ ਹੈ ਅਤੇ ਇਸ ਦੀ ਸ਼ੁਰੂਆਤ ਸਕਾਰਾਤਮਕ ਕਦਮ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ 12 ਕਰੋੜ ਨਾਨਕ ਨਾਮ ਲੇਵਾ ਦੀਆਂ ਅਰਦਾਸਾਂ ਅਤੇ ਗੁਰੂ ਨਾਨਕ ਦੀ ਰਹਿਮਤ ਨਾਲ ਇਹ ਚਮਤਕਾਰ ਹੋ ਰਿਹਾ ਹੈ।
ਦੋਵਾਂ ਪੰਜਾਬਾਂ ਦੇ ਦਿਲ ਜੋੜ ਕੇ ਆਇਆ ਹਾਂ ਅਤੇ ਦੁਸ਼ਮਣੀ ਦੀ ਬਰਫ਼ ਪਿਘਲਦੀ ਦਿਖਾਈ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਦੁਸ਼ਮਣੀ ਦਾ ਜ਼ਹਿਰ ਘੱਟ ਕਰਕੇ ਅਤੇ ਪਿਆਰ ਤੇ ਸ਼ਾਂਤੀ ਦਾ ਪੈਗਾਮ ਲੈ ਕੇ ਆਇਆ ਹਾਂ।
ਕਰਤਾਰਪੁਰ ਸਾਹਿਬ ਕੌਰੀਡੋਰ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਭਾਰਤ ਵਾਪਸ ਆ ਗਏ ਹਨ।
ਇਹ ਵੀ ਪੜ੍ਹੋ:
'ਸਿੱਧੂ ਪੈਸੇ ਲੈਕੇ ਪਾਕਿਸਤਾਨ ਲਈ ਕੰਮ ਕਰ ਰਹੇ'
ਨਵਜੋਤ ਸਿੰਘ ਸਿੱਧੂ ਦੀ ਗੋਪਾਲ ਸਿੰਘ ਚਾਵਲਾ ਨਾਲ ਫੋਟੋ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਅਕਾਲੀ ਦਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ 'ਚੋਂ ਬਾਹਰ ਕਰਨ ਦੀ ਮੰਗ ਕੀਤੀ ਗਈ ਹੈ।
ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ, 'ਗੋਪਾਲ ਸਿੰਘ ਚਾਵਲਾ ਨਾਲ ਸਿੱਧੂ ਦੀ ਜਿਹੜੀ ਤਸਵੀਰ ਸਾਹਮਣੇ ਆਈ ਹੈ ਤੇ ਉਹ ਜੋ ਪਿਛਲੇ ਕੁਝ ਸਮੇਂ ਤੋਂ ਕੰਮ ਕਰ ਰਹੇ ਹਨ। ਉਸ ਨਾਲ ਦੇਸ ਦੇ ਲੋਕ ਸ਼ਰਮਿੰਦਗੀ ਮਹਿਸੂਸ ਕਰ ਰਹੇ ਹਨ।
ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਉਹ ਪਾਕਿਸਤਾਨ ਇਸ ਲਈ ਨਹੀਂ ਗਏ ਕਿ ਪਾਕਿਸਤਾਨ ਹਿੰਸਾ ਨੂੰ ਸਰਪ੍ਰਸਤੀ ਦੇ ਰਿਹਾ ਹੈ ਦੂਜੇ ਪਾਸੇ ਦੂਜੇ ਪਾਸੇ ਉਨ੍ਹਾਂ ਦੇ ਮੰਤਰੀ ਅਜਿਹੇ ਲੋਕਾਂ ਨਾਲ ਫੋਟੋਆਂ ਖਿਚਵਾ ਰਹੇ ਹਨ, ਜੋ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਨੂੰ ਵੀਡੀਓ ਪਾਕੇ ਧਮਕੀਆਂ ਦੇ ਰਹੇ ਹਨ।'
ਸਿਰਸਾ ਨੇ ਦੋਸ਼ ਲਗਾਇਆ ਕਿ ਜਿਵੇਂ ਸਿੱਧੂ ਬਾਲੀਵੁੱਡ ਵਿੱਚ ਪੈਸਿਆਂ ਲਈ ਕੰਮ ਕਰਦੇ ਸੀ ਉਸੇ ਤਰਜ ਉੱਤੇ ਉਹ ਪਾਕਿਸਤਾਨ ਤੋਂ ਪੈਸੇ ਲੈਕੇ ਉਸ ਲਈ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਸਿੰਘ ਜਾਖੜ ਨੇ ਕਿਹਾ ਕਿ ਉਹ ਕੋਈ ਸਟਾਰ ਨਹੀਂ ਹਨ ਕਿ ਹੋਰ ਕੋਈ ਉਸ ਨੂੰ ਜਾਣਦਾ ਹੋਵੇ, ਭੀੜ ਵਿੱਚ ਉਸ ਨੇ ਫੋਟੋ ਖਿਚਵਾ ਲਈ ਹੋਵੇ।
ਸੁਖਬੀਰ ਬਾਦਲ ਦੀ ਸਿੱਧੂ ਨੂੰ ਪਾਕਿਸਤਾਨ ਵਿਚ ਚੋਣ ਲੜਾਉਣ ਦੀ ਚੁਟਕੀ ਉੱਤੇ ਜਾਖੜ ਨੇ ਕਿਹਾ ਸੁਖਬੀਰ ਪੰਜਾਬ ਦੇ ਜਿਸ ਹਲਕੇ ਤੋਂ ਚਾਹੁੰਣ ਸਿੱਧੂ ਖ਼ਿਲਾਫ਼ ਚੋਣ ਲੜ ਕੇ ਦੇਖ ਲੈਣ ਉਨ੍ਹਾਂ ਦੀ ਮਕਬੂਲੀਅਤ ਦਾ ਪਤਾ ਲੱਗ ਜਾਵੇਗਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ , 'ਕਿਸੇ ਇੱਕ ਬੰਦੇ ਨਾਲ ਫੋਟੋ ਦੀਆਂ ਗੱਲਾਂ ਨੂੰ ਉਭਾਰ ਨੇ ਕਰਤਾਰਪੁਰ ਲਾਂਘੇ ਖੋਲੇ ਜਾਣ ਦੀ ਵੱਡੀ ਪ੍ਰਾਪਤੀ ਨੂੰ ਛੋਟਾ ਕੀਤਾ ਜਾ ਰਿਹਾ ਹੈ। ਇਸ ਦਾ ਕੋਈ ਅਰਥ ਨਹੀਂ ਹੈ ਅਤੇ ਜੋ ਵੱਡਾ ਕੰਮ ਹੋਇਆ ਹੈ ਉਸਦਾ ਸਵਾਗਤ ਹੋਣਾ ਚਾਹੀਦਾ ਹੈ'।
ਉੱਧਰ ਗੋਪਾਲ ਸਿੰਘ ਚਾਵਲਾ ਦੀ ਫੋਟੋ ਅਕਾਲੀ ਦਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਾਲ ਵਾਇਰਲ ਹੋ ਰਹੀ ਹੈ , ਜਿਸ ਬਾਰੇ ਅਕਾਲੀ ਦਲ ਦਾ ਕੋਈ ਬਿਆਨ ਨਹੀਂ ਆਇਆ ਹੈ।
ਕੌਣ ਹੈ ਚਾਵਲਾ
ਗੋਪਾਲ ਸਿੰਘ ਚਾਵਲਾ ਪਾਕਿਸਤਾਨ ਦੇ ਗਰਮ ਪੱਖੀ ਆਗੂ ਹਨ। ਉਹ ਸਮੇਂ ਸਮੇਂ ਉੱਤੇ ਵੀਡੀਓਜ਼ ਪਾ ਕੇ ਭਾਰਤ ਵਿਰੋਧੀ ਪ੍ਰਚਾਰ ਕਰਦੇ ਰਹਿੰਦੇ ਹਨ। ਉਹ ਖੁਦ ਨੂੰ ਖਾਲਿਸਤਾਨ ਪੱਖੀ ਆਗੂ ਦੱਸਦੇ ਹਨ ਅਤੇ ਭਾਰਤ ਸਰਕਾਰ ਨੂੰ ਧਮਕੀਆਂ ਦੇਣ ਕਾਰਨ ਚਰਚਾ ਵਿਚ ਰਹਿੰਦੇ ਹਨ। ਚਾਵਲਾ ਦੀਆਂ ਪਾਕਿਸਤਾਨੀ ਕੱਟੜਵਾਦੀ ਆਗੂ ਹਾਫਿਜ਼ ਸਈਦ ਨਾਲ ਤਸਵੀਰਾਂ ਵੀ ਮੀਡੀਆ ਦੀਆਂ ਸੁਰਖੀਆਂ ਰਹੀਆਂ ਹਨ।