You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਮਗਰੋਂ ਨਵਜੋਤ ਸਿੱਧੂ ਵੱਲੋਂ ਪੰਜ ਦਰਿਆਵਾਂ ਦਾ ਸੁਨੇਹਾ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਰੀਕ ਹੋਣ ਜਦੋਂ ਦੇ ਭਾਰਤ ਤੋਂ ਰਵਾਨਾ ਹੋਏ ਹਨ ਉਸ ਵੇਲੇ ਤੋਂ ਹੀ ਸਿੱਧੂ ਨੂੰ ਲੈ ਕੇ ਚਰਚਾ ਦਾ ਬਜ਼ਾਰ ਗਰਮ ਹੈ।
ਸਹੁੰ ਚੁੱਕ ਸਮਾਗਮ ਵੇਲੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਪਾਉਣ ਵਾਲੀ ਤਸਵੀਰ ਭਾਰਤੀ ਅਤੇ ਪਾਕਿਸਤਾਨੀ ਮੀਡੀਆ ਵਿੱਚ ਦੇਖੀ ਗਈ। ਸੋਸ਼ਲ ਮੀਡੀਆ ਉੱਤੇ ਵੀ ਲੋਕਾਂ ਨੇ ਆਪਣੀ ਵੱਖੋ ਵੱਖਰੀ ਰਾਇ ਦਿੱਤੀ।
ਜਦੋਂ ਇਮਰਾਨ ਖ਼ਾਨ ਨੇ ਸਹੁੰ ਚੁੱਕ ਲਈ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੀ ਮੀਡੀਆ ਨਾਲ ਇਸਲਾਮਾਬਾਦ ਵਿੱਚ ਸਿੱਧੂ ਮੁਖਾਤਿਬ ਹੋਏ।
ਉਨ੍ਹਾਂ ਪਾਕਿਸਤਾਨ ਆਉਣ ਅਤੇ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਤੇ ਕਈ ਗੱਲਾਂ ਕੀਤੀਆਂ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝ ਬਾਰੇ ਵੀ ਗੱਲ ਕੀਤੀ।
ਇਹ ਵੀ ਪੜ੍ਹੋ꞉
ਸਿੱਧੂ ਵੱਲੋਂ ਪਾਕਿਸਤਾਨ ਵਿੱਚ ਕੀਤੀਆਂ ਗਈਆਂ ਗੱਲਾਂ ਦੇ ਅੰਸ਼-
- ਉਨ੍ਹਾਂ ਸਭ ਤੋਂ ਪਹਿਲਾਂ ਰਾਵੀ, ਸਤਲੁਜ, ਬਿਆਸ, ਝੇਲਮ ਅਤੇ ਝਨਾਂ ਦਰਿਆ ਦੇ ਸੁਨੇਹੇ ਕਵਿਤਾ ਦੇ ਰੂਪ ਵਿੱਚ ਪੱਤਰਕਾਰਾਂ ਸਾਹਮਣੇ ਰੱਖੇ। ਉਨ੍ਹਾਂ ਕਿਹਾ, ''ਕਵ੍ਹੇ ਸਤਲੁਜ ਦਾ ਪਾਣੀ, ਆਖੇ ਬਿਆਸ ਦੀ ਰਵਾਨੀ, ਆਪਣੀਆਂ ਲਹਿਰਾਂ ਦੀ ਜ਼ੁਬਾਨੀ, ਸਾਡਾ ਜਿਹਲਮ-ਚਿਨਾਬ ਨੂੰ ਸਲਾਮ ਆਖਣਾ। ਅਸੀਂ ਮੰਗਦੇ ਹਾਂ ਖ਼ੈਰ ਸੁਬਹ ਸ਼ਾਮ ਆਖਣਾ।''
- ਵਪਾਰਕ ਤੌਰ 'ਤੇ ਦੋਹੇਂ ਮੁਲਕ ਤਰੱਕੀ ਕਿਵੇਂ ਕਰ ਸਕਦੇ ਹਨ ਇਸ 'ਤੇ ਸਿੱਧੂ ਨੇ ਕਿਹਾ ਜੇਕਰ ਦੋਵੇਂ ਪੰਜਾਬਾਂ ਦੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਜਾਣ ਤਾਂ 6 ਮਹੀਨੇ ਵਿੱਚ ਹੀ 60 ਸਾਲ ਜਿੰਨਾ ਕੰਮ ਹੋ ਸਕਦਾ ਹੈ।
- ਦੋਹਾਂ ਮੁਲਕਾਂ ਦੇ ਰਿਸ਼ਤਿਆਂ ਉੱਤੇ ਸਿੱਧੂ ਨੇ ਕਿਹਾ ਕਿ ਸਾਨੂੰ ਖੂਨ ਨਾਲ ਭਰੇ ਲਾਲ ਸਮੁੰਦਰ ਦੀ ਲੋੜ ਨਹੀਂ ਸਗੋਂ ਨੀਲੇ ਸਮੁੰਦਰ ਦੀ ਲੋੜ ਹੈ ਜਿੱਥੇ ਹਰ ਕੋਈ ਤੈਰ ਸਕੇ।
- ਇਮਰਾਨ ਖ਼ਾਨ ਨੇ ਭਾਰਤ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੂੰ ਵੀ ਸੱਦਾ ਸੀ, ਪਰ ਉਹ ਪਾਕਿਸਾਤਨ ਨਹੀਂ ਗਏ। ਗਾਵਸਕਰ ਦੇ ਪਾਕਿਸਤਾਨ ਨਾਲ ਜਾਣ 'ਤੇ ਸੋਸ਼ਲ ਮੀਡੀਆ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਸਿੱਧੂ ਨੇ ਪਾਕਿਸਤਾਨ ਆਉਣ ਬਾਰੇ ਕਿਹਾ ਕਿ ਮੈਂ ਦੋਸਤੀ ਦਾ ਪੈਗਾਮ ਲੈ ਕੇ ਆਇਆ ਹਾਂ, ਉੱਧਰੋਂ ਕੋਈ ਨਾ ਆਉਂਦਾ ਤਾਂ ਬੁਰਾ ਲੱਗਦਾ।
- ਪਾਕਿਸਤਾਨ ਦੇ ਫੌਜ ਮੁਖੀ ਨਾਲ ਜੱਫੀ ਪਾਉਣ ਵੇਲੇ ਸਿੱਧੂ ਨੇ ਕਿਹੜੀ ਗੱਲਬਾਤ ਕੀਤੀ? ਇਸ ਉੱਤੇ ਸਿੱਧੂ ਨੇ ਕਿਹਾ, ''ਜਨਰਲ ਬਾਜਵਾ ਮੇਰੇ ਕੋਲ ਆਏ ਅਤੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਕਰਤਾਰ ਪੁਰ ਸਾਹਿਬ ਵਾਲਾ ਲਾਂਘਾ ਖੋਲ੍ਹਣ ਬਾਰੇ ਸੋਚ ਰਹੇ ਹਾਂ। ਅਸੀਂ ਸ਼ਾਂਤੀ ਚਾਹੁੰਦੇ ਹਾਂ।''
ਇਹ ਵੀ ਪੜ੍ਹੋ꞉
ਸਿੱਧੂ ਨੇ ਪਾਕਿਸਤਾਨ ਵਿੱਚ ਉੱਥੇ ਦੇ ਫੌਜ ਮੁਖੀ ਨੂੰ ਜੱਫੀ ਪਾਈ ਗਈ ਤਾਂ ਭਾਰਤ ਦੀ ਸੱਤਾ ਉੱਤੇ ਬੈਠੇ ਪਾਰਟੀ ਬੀਜੇਪੀ ਨੇ ਉਨ੍ਹਾਂ ਦੀ ਨਿਖੇਧੀ ਕੀਤੀ।
ਬੀਜੇਪੀ ਦੇ ਟਵਿੱਟਰ ਹੈਂਡਲ ਤੋਂ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਦਾ ਬਿਆਨ ਟਵੀਟ ਕਰਕੇ ਲਿਖਿਆ ਗਿਆ, ''ਕਾਂਗਰਸ ਦੇ ਨੇਤਾ ਪਾਕਿਸਤਾਨ ਵਿੱਚ ਉਨ੍ਹਾਂ ਲੋਕਾਂ ਨੂੰ ਜਾ ਕੇ ਜੱਫੀ ਪਾ ਰਹੇ ਹਨ ਜੋ ਭਾਰਤ ਵਿੱਚ ਅੱਤਵਾਦ ਫੈਲਾ ਰਹੇ ਹਨ। ਕੀ ਸਿੱਧੂ ਨੇ ਕਾਂਗਰਸ ਪਾਰਟੀ ਤੋਂ ਪਾਕਿਸਤਾਨ ਜਾਣ ਤੋਂ ਪਹਿਲਾਂ ਇਜਾਜ਼ਤ ਲਈ ਸੀ।''
ਕੁਝ ਆਮ ਲੋਕਾਂ ਨੇ ਵੀ ਟਵਿੱਟਰ ਉੱਤੇ ਸਿੱਧੂ ਦੇ ਪਾਕਿਸਤਾਨ ਜਾਣ ਉੱਤੇ ਸਵਾਲ ਚੁੱਕੇ ਤਾਂ ਕਈ ਸਿੱਧੂ ਅਤੇ ਕਾਂਗਰਸ ਦੇ ਸਮਰਥਨ ਵਿੱਚ ਵੀ ਦਿਖੇ।
ਜਦੋਂ ਪਾਕਿਸਤਾਨੀ ਪੱਤਰਕਾਰਾਂ ਨੇ ਸਿੱਧੂ ਦੇ ਪਾਕਿਸਤਾਨ ਆਉਣ ਉੱਤੇ ਭਾਰਤੀ ਮੀਡੀਆ ਅਤੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਬਾਰੇ ਪੁੱਛਿਆ ਤਾਂ ਸਿੱਧੂ ਨੇ ਜਵਾਬ ਦਿੰਦੇ ਹੋਏ ਕਿਹਾ, ''ਦੁਨੀਆਂ ਮੇਂ ਸਬਸੇ ਬੜਾ ਰੋਗ, ਮੇਰੇ ਬਾਰੇ ਮੇਂ ਕਿਆ ਕਹੇਂਗੇ ਲੋਗ। ਮੈਂ ਇੱਥੇ ਅਮਨ ਤੇ ਦੋਸਤੀ ਦਾ ਸੁਨੇਹਾ ਲੈ ਕੇ ਆਇਆ ਹਾਂ।''
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ।ਜੁਲਾਈ ਮਹੀਨੇ ਵਿੱਚ ਉਨ੍ਹਾਂ ਦੀ ਪਾਰਟੀ ਨੇ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ।
ਸ਼ੁੱਕਰਵਾਰ ਨੂੰ ਛੋਟੀਆਂ ਪਾਰਟੀਆਂ ਦੇ ਸਹਿਯੋਗ ਨਾਲ ਅਸੈਂਬਲੀ ਵਿੱਚ 176 ਵੋਟਾਂ ਹਾਸਿਲ ਕਰ ਪੂਰਨ ਬਹੁਮਤ ਹਾਸਿਲ ਕਰ ਲਿਆ ਹੈ।
ਇਹ ਵੀ ਪੜ੍ਹੋ꞉