ਬ੍ਰੈਗਜ਼ਿਟ: ਟੈਰੀਜ਼ਾ ਮੇਅ ਨੇ ਟੋਰੀ ਪਾਰਟੀ ਦੀ ਲੀਡਰਸ਼ਿਪ ਦੇ ਭਰੋਸੇ ਦਾ ਵੋਟ ਜਿੱਤਿਆ

ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਆਪਣੀ ਟੋਰੀ ਪਾਰਟੀ ਵਿਚ ਆਪਣੇ ਖ਼ਿਲਾਫ਼ ਪੇਸ਼ ਹੋਏ ਭਰੋਸੇ ਦਾ ਵੋਟ 117 ਦੇ ਮੁਕਾਬਲੇ 200 ਵੋਟਾਂ ਨਾਲ ਜਿੱਤ ਲਿਆ ਹੈ।

ਪਾਰਟੀ ਵਿਚ 63 ਫ਼ੀਸਦ ਸਮਰਥਨ ਹਾਸਲ ਕਰਨ ਤੋਂ ਬਾਅਦ ਹੁਣ ਪਾਰਟੀ ਵਿਚ ਮੇਅ ਦੀ ਲੀਡਰਸ਼ਿਪ ਨੂੰ ਹੁਣ ਕੋਈ ਖਤਰਾ ਨਹੀਂ ਰਿਹਾ।

ਡਾਉਨਿੰਗ ਸਟਰੀਟ ਵਿਚ ਬੋਲਦਿਆ ਮੇਅ ਨੇ ਬ੍ਰੈਕਜ਼ਿਟ ਦੇ ਹੱਕ ਵਿਚ ਭੁਗਤੇ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਉਨ੍ਹਾਂ ਆਪਣੇ ਖ਼ਿਲਾਫ਼ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ਦੇ ਸ਼ੰਕਿਆਂ ਨੂੰ ਸੁਣਿਆ ਹੈ।

83 ਵੋਟਾਂ ਦੇ ਫਰਕ ਨਾਲ ਪਾਰਟੀ ਜਿੱਤ ਹਾਸਲ ਕਰਨ ਵਾਲੀ ਮੇਅ ਨੂੰ ਟੋਰੀ ਪਾਰਟੀ ਦੇ 63 ਫ਼ੀਸਦ ਮੈਂਬਰਾਂ ਦਾ ਸਮਰਥਨ ਹਾਸਲ ਹੋਇਆ ਹੈ, ਜਦਕਿ 37ਫੀਸਦ ਟੋਰੀ ਮੈਂਬਰਾਂ ਨੇ ਉਸ ਦੇ ਖ਼ਿਲਾਫ਼ ਵੋਟ ਪਾਈ।

ਮੇਅ ਖ਼ਿਲਾਫ਼ ਉਸਦੀ ਆਪਣੀ ਹੀ ਪਾਰਟੀ ਦੇ 48 ਸੰਸਦ ਮੈਂਬਰਾਂ ਵੱਲੋਂ ਬ੍ਰੈਗਜ਼ਿਟ ਮਾਮਲੇ ਵਿਚ 2016 ਦੇ ਰੈਫਰੈਂਡਮ ਦੇ ਨਤੀਜਿਆਂ ਨੂੰ ਪਿੱਠ ਦਿਖਾਉਣ ਦਾ ਦੋਸ਼ ਲਾਇਆ ਗਿਆ ਸੀ।

ਇਹ ਵੀ ਪੜ੍ਹੋ :

ਵੋਟਿੰਗ ਤੋਂ ਪਹਿਲਾਂ ਟੈਰੀਜ਼ਾ ਮੇਅ ਨੇ ਕਿਹਾ ਸੀ ਕਿ ਉਹ ਜਿੰਨੀ ਸਮਰੱਥਾ ਹੈ, ਉਸ ਨਾਲ ਬੇ-ਭਰੋਸਗੀ ਦੇ ਮਤੇ ਦਾ ਟਾਕਰਾ ਕਰੇਗੀ।

ਟੈਰੀਜ਼ਾ ਮੈਅ ਨੇ ਕਿਹਾ ਸੀ ਕਿ ਕੰਜ਼ਰਵੇਟਿਵ ਲੀਡਰਸ਼ਿਪ ਵਿਚ ਇਸ ਸਮੇਂ ਬਦਲਾਅ ਕਰਨ ਨਾਲ ਮੁਲਕ ਦਾ ਭਵਿੱਖ ਖਤਰੇ ਵਿਚ ਪੈ ਜਾਵੇਗਾ ਅਤੇ ਅਸਥਿਰਤਾ ਪੈਦਾ ਕਰੇਗਾ।

'ਲੀਡਰਸ਼ਿਪ ਵਿਚ ਬਦਲਾਅ ਕਰਨ ਨਾਲ ਨਾ ਤਾਂ ਸਮਝੌਤੇ ਨੂੰ ਕੋਈ ਬੁਨਿਆਦੀ ਫ਼ਰਕ ਪਵੇਗਾ ਅਤੇ ਨਾ ਹੀ ਸੰਸਦ ਦੇ ਸਮੀਕਰਨਾਂ ਵਿਚ ਬਦਲਾਅ ਆਵੇਗਾ'

ਇਹ ਵੀ ਪੜ੍ਹੋ:

ਯੂਕੇ ਵੱਲੋਂ ਯੂਰਪੀ ਯੂਨੀਅਨ ਛੱਡਣ ਲਈ 2016 ਵਿੱਚ ਕੀਤੀ ਗਈ ਵੋਟਿੰਗ ਤੋਂ ਕੁਝ ਸਮਾਂ ਬਾਅਦ ਹੀ ਟੈਰੀਜ਼ਾ ਮੇਅ ਪ੍ਰਧਾਨ ਮੰਤਰੀ ਬਣੇ ਸਨ। ਬ੍ਰੈਗਜ਼ਿਟ ਪਲਾਨ 'ਤੇ ਸਮਝੌਤਾ ਕਰਨ ਤੋਂ ਬਾਅਦ ਟੈਰੀਸਾ ਮੇਅ ਨੂੰ ਆਪਣੀ ਹੀ ਪਾਰਟੀ ਵਿੱਚ ਆਲੋਚਨਾ ਝੱਲਣੀ ਪਈ।

ਸਮਝੌਤਾ ਸੰਸਦ ਵਿੱਚ ਪਾਸ ਹੋਵੇਗਾ ਜਾਂ ਨਹੀਂ ਹੋਵੇਗਾ?

ਬਹੁਤੇ ਸਿਆਸੀ ਮਾਹਿਰਾਂ ਨੂੰ ਇਹ ਖਰੜਾ ਰੱਦ ਹੋਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਕੋਲ 650 ਵਿੱਚੋ 315 ਸੀਟਾਂ ਹਨ। ਇਸ ਦੇ ਇਲਾਵਾ ਉਨ੍ਹਾਂ ਨੂੰ ਨੌਰਦਨ ਆਇਰਿਸ਼ ਯੂਨੀਅਨਿਸਟ ਪਾਰਟੀ (ਡੀਯੂਪੀ) ਦੇ 10 ਸੰਸਦ ਮੈਂਬਰਾਂ ਦੇ ਵੀ ਇਸ ਸਮਝੌਤੇ ਦੇ ਹੱਕ ਵਿੱਚ ਭੁਗਤਣ ਦੀ ਉਮੀਦ ਹੈ।

ਡੀਯੂਪੀ ਦੀ ਹਮਾਇਤ ਤੋਂ ਬਿਨਾਂ ਸਰਕਾਰ ਕੋਲ ਕੋਈ ਸਾਫ ਬਹੁਮਤ ਨਹੀਂ ਹੈ ਅਤੇ ਕੋਈ ਵੀ ਬਿਲ ਪਾਸ ਨਹੀਂ ਕਰਾ ਸਕਦੀ।

ਇਹ ਵੀ ਪੜ੍ਹੋ:

ਜਿੱਥੇ ਵਿਰੋਧੀ ਧਿਰ ਇਸ ਦੇ ਖਿਲਾਫ ਵੋਟ ਕਰੇਗੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਦੇ ਵੀ ਕਈ ਸੰਸਦ ਮੈਂਬਰ ਆਪਣੀ ਸਰਕਾਰ ਦੇ ਖਿਲਾਫ ਜਾ ਸਕਦੇ ਹਨ।

ਡੀਯੂਪੀ ਦੇ ਵੀ ਕਈ ਮੈਂਬਰ ਇਸ ਸਮਝੌਤੇ ਬਾਰੇ ਵਿਰੋਧੀ ਸੁਰਾਂ ਅਲਾਪ ਚੁੱਕੇ ਹਨ। ਉਨ੍ਹਾਂ ਨੂੰ ਬਰਤਾਨੀਆ ਅਤੇ ਆਇਰਲੈਂਡ ਦੀ ਤਜਵੀਜ਼ਸ਼ੁਦਾ ਸਰਹੱਦ ਬਾਰੇ ਇਤਰਾਜ ਹਨ।

ਸਰਾਕਰੀ ਮੰਤਰੀ ਵਿਰੋਧੀਆਂ ਅਤੇ ਬਾਗੀਆਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਰੁੱਝੇ ਰਹੇ ਹਨ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਰਹੱਦ ਬਾਰੇ ਭਵਿੱਖ ਵਿੱਚ ਆਪਣਾ ਪੱਖ ਰੱਖਣ ਦੀ ਗੱਲ ਕਹਿ ਕੇ ਮਨਾ ਰਹੇ ਸਨ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)