You’re viewing a text-only version of this website that uses less data. View the main version of the website including all images and videos.
ਬ੍ਰੈਗਜ਼ਿਟ: ਯੂਰਪੀ ਸੰਘ ਵੱਲੋਂ ਬਰਤਾਨੀਆ ਦੇ ਸਮਝੌਤੇ ਨੂੰ ਪ੍ਰਵਾਨਗੀ, ਸੰਸਦ ਦੀ ਮਨਜ਼ੂਰੀ ਬਾਕੀ
ਯੂਰਪੀ ਯੂਨੀਅਨ ਦੇ ਮੁਖੀ ਡੌਨਲਡ ਟਸਕ ਮੁਤਾਬਕ ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ ਤੋੜ-ਵਿਛੋੜੇ ਦੇ ਸਮਝੌਤੇ ਨੂੰ ਯੂਰਪੀ ਯੂਨੀਅਨ ਆਗੂਆਂ ਨੇ ਪ੍ਰਵਾਨਗੀ ਦੇ ਦਿੱਤੀ ਹੈ।
ਬੈਲਜੀਅਮ ਦੀ ਰਾਜਧਾਨੀ ਬ੍ਰਸਲ ਵਿੱਚ ਹੋਈ ਯੂਰਪੀ ਯੂਨੀਅਨ ਦੇ 27 ਮੈਂਬਰ ਦੇਸਾਂ ਦੇ ਆਗੂਆਂ ਦੀ ਬੈਠਕ ਵਿੱਚ ਇਹ ਫੈਸਲਾ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਲੈ ਲਿਆ ਗਿਆ।
ਹੁਣ ਇਸ ਸਮਝੌਤੇ ਨੂੰ ਸਿਰਫ ਬਰਤਾਨਵੀ ਸੰਸਦ ਦੀ ਪ੍ਰਵਾਨਗੀ ਲੋੜੀਂਦੀ ਹੈ ਜਿੱਥੇ ਪਹਿਲਾਂ ਹੀ ਕਈ ਸੰਸਦ ਮੈਂਬਰ ਇਸ ਦਾ ਵਿਰੋਧ ਕਰ ਰਹੇ ਹਨ।
ਸਾਲ 2016 ਵਿੱਚ ਬਰਤਾਨੀਆ ਵਿੱਚ ਬ੍ਰੈਗਜ਼ਿਟ ਲਈ ਹੋਏ ਰਫਰੈਂਡਮ ਤੋਂ ਬਾਅਦ ਇਸ ਬਾਰੇ 18 ਮਹੀਨਿਆਂ ਤੋਂ ਬਹਿਸ ਚੱਲ ਰਹੀ ਹੈ।
ਮਿੱਥੀ ਤਰੀਕ ਮੁਤਾਬਕ ਬਰਤਾਨੀਆ ਨੂੰ 29 ਮਾਰਚ 2019 ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋਣਾ ਹੈ।
ਬਰਤਾਨੀਆ ਦੀ ਸੰਸਦ ਇਸ ਬਾਰੇ ਦਸੰਬਰ ਦੇ ਸ਼ੁਰੂ ਵਿੱਚ ਵੋਟਿੰਗ ਕਰੇਗਾ ਪਰ ਇਸ ਦੇ ਪਾਸ ਹੋਣ ਦੀ ਉਮੀਦ ਬਹੁਤ ਘੱਟ ਹੈ ਕਿਉਂਕਿ ਉੱਥੇ ਕਈ ਐਮਪੀ ਇਸਦਾ ਵਿਰੋਧ ਕਰ ਰਹੇ ਹਨ।
ਸੰਭਾਵਨਾ ਹੈ ਕਿ ਕੰਜ਼ਰਵੇਟਿਵ ਦੇ ਕਈ ਸੰਸਦ ਮੈਂਬਰ, ਲੇਬਰ, ਲਿਬਰਲ ਡੈਮੋਕ੍ਰੇਟਸ, ਦਿ ਐਸਐਨਪੀ, ਦਿ ਡੀਯੂਪੀ ਦੇ ਸੰਸਦ ਮੈਂਬਰ ਇਸ ਦੇ ਖਿਲਾਫ਼ ਵੋਟ ਕਰਨਗੇ।
ਅਜੇ ਸਫ਼ਰ ਬਾਕੀ...
- ਹੁਣ ਦਸੰਬਰ ਵਿੱਚ ਇਸ ਸਮਝੌਤੇ ਨੂੰ ਬਰਤਾਨੀਆ ਦੀ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।
- ਜੇਕਰ ਸੰਸਦ ਇਸ ਦੇ ਹੱਕ ਵਿੱਚ ਵੋਟ ਦਿੰਦੀ ਹੈ ਤਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਦਾ ਬਿੱਲ ਪੇਸ਼ ਕੀਤਾ ਜਾਵੇਗਾ।
- ਜੇਕਰ ਸੰਸਦ ਨੇ ਇਸ ਨੂੰ ਠੁਕਰਾ ਦਿੱਤਾ ਤਾਂ ਸਰਕਾਰ ਨੂੰ 21 ਦਿਨਾਂ ਦੇ ਅੰਦਰ ਨਵਾਂ ਮਤਾ ਤਿਆਰ ਕਰਨਾ ਹੋਵੇਗਾ।
- ਬਰਤਾਨੀਆ ਦੀ ਸੰਸਦ ਨੇ ਇਸ ਨੂੰ ਮਨਜ਼ੂਰੀ ਦਿੱਤੀ ਤਾਂ ਯੂਰਪੀਅਨ ਯੂਨੀਅਨ ਦੀ ਸੰਸਦ ਨੂੰ ਇਸ ਨੂੰ ਆਮ ਬਹੁਮਤ ਨਾਲ ਮਨਜ਼ੂਰ ਕਰਨਾ ਪਵੇਗਾ।
ਬ੍ਰੈਗਜ਼ਿਟ ਕੀ ਹੈ?
ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਨੂੰ 29 ਮਾਰਚ 2019 ਨੂੰ ਛੱਡਣਾ ਹੈ, ਕਿਉਂਕਿ 2016 'ਚ ਹੋਏ ਇੱਕ ਜਨਮਤ ਸੰਗ੍ਰਹਿ ਵਿੱਚ ਯੂਕੇ ਦੇ ਨਾਗਰਿਕਾਂ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਬ੍ਰੈਗਜ਼ਿਟ (ਬ੍ਰਿਟੇਨ+ਐਕਸਿਟ) ਗਿਆ ਜਾਂਦਾ ਹੈ।
ਯੂਕੇ ਤੇ ਯੂਰਪੀਅਨ ਯੂਨੀਅਨ ਨੂੰ ਹੁਣ ਇਸ 'ਤਲਾਕ' ਦੀਆਂ ਸ਼ਰਤਾਂ ਤੈਅ ਕਰਨ ਲਈ ਗੱਲਬਾਤ ਕਰਦਿਆਂ ਇੱਕ ਸਾਲ ਹੋ ਚੁੱਕਾ ਹੈ।
ਇਹ ਵੀ ਪੜ੍ਹੋ:
ਅੰਦਰ ਕੀ ਹੈ?
- ਯੂਕੇ ਦੇ ਨਿਕਲ ਜਾਣ ਤੋਂ ਬਾਅਦ 21 ਮਹੀਨਿਆਂ ਦਾ ਇੱਕ ਵਕਫਾ ਹੈ ਜਿਸ ਤਹਿਤ ਦੂਜੀਆਂ ਪ੍ਰਕਿਰਿਆਵਾਂ ਮੁਕੰਮਲ ਹੋਣਗੀਆਂ।
- ਯੂਕੇ ਵੱਲੋਂ 'ਤਲਾਕ' ਯਾਨਿ ਯੂਰਪ ਤੋਂ ਵੱਖ ਹੋਣ ਲਈ 39 ਅਰਬ ਪੌਂਡ ਦਾ ਭੁਗਤਾਨ ਕੀਤਾ ਜਾਵੇਗਾ।
- ਨਾਗਰਿਕਾਂ ਦੇ ਅਧਿਕਾਰਾਂ ਬਾਰੇ ਪੱਕੇ ਨਿਯਮ ਬਣਨਗੇ, ਜਿਨ੍ਹਾਂ ਤਹਿਤ ਉਹ ਜਿੱਥੇ ਰਹਿੰਦੇ ਉਥੇ ਕੰਮ ਕਰ ਸਕਣ ਅਤੇ ਪਰਿਵਾਰ ਨੂੰ ਮਿਲ ਸਕਣ।
- ਇਸ ਸਮਝੌਤੇ ਤਹਿਤ 3000 ਖੇਤਰੀ ਨਿਸ਼ਾਨੀਆਂ ਦੀ ਸੁਰੱਖਿਆ ਕੀਤੀ ਜਾਵੇਗੀ ਜਿਸ ਵਿੱਚ ਪਰਮਾ ਹੈਮ, ਫੈਟਾ ਚੀਜ਼, ਸ਼ੈਂਪੇਨ ਅਤੇ ਵੇਲਸ਼ ਲੈਂਬ ਮੁੱਖ ਤੌਰ 'ਤੇ ਸ਼ਾਮਿਲ ਹਨ।
ਵਪਾਰ ਸਮਝੌਤਾ ਹੋਵੇਗਾ?
ਇਸ 585 ਸਫਿਆਂ ਦੇ ਮੁੱਖ ਕਰਾਰ ਤੋਂ ਇਲਾਵਾ ਇੱਕ ਟਰੇਡ ਐਗਰੀਮੈਂਟ ਜਾਂ ਵਪਾਰ ਸਮਝੌਤਾ ਵੀ ਹੋਣਾ ਹੈ। ਇਸ ਵਿੱਚ ਤੈਅ ਹੋਵੇਗਾ ਕਿ ਅਲੱਗ ਹੋਣ ਤੋਂ ਬਾਅਦ ਬ੍ਰਿਟੇਨ ਤੇ ਯੂਨੀਅਨ ਦੇ ਰਿਸ਼ਤੇ ਕਿਵੇਂ ਚੱਲਣਗੇ।
ਇਹ ਦਸੰਬਰ 2020 ਤੋਂ ਲਾਗੂ ਹੋਵੇਗਾ।
ਇਸ ਦਾ ਟੀਚਾ ਤਾਂ ਹੈ ਕਿ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਖੁੱਲ੍ਹੇ ਵਪਾਰ ਦਾ ਇੰਤਜ਼ਾਮ ਹੋਵੇ ਅਤੇ ਕੋਈ ਟੈਕਸ ਨਾ ਲੱਗੇ।
ਹੁਣ ਯੂਰਪੀ ਯੂਨੀਅਨ ਵੱਲੋਂ ਬ੍ਰੈਗਜ਼ਿਟ ਦੀ ਡੀਲ ਪਾਸ ਹੋਣ ਤੋਂ ਬਾਅਦ ਯੂਕੇ ਦੀ ਪ੍ਰਧਾਨ ਮੰਤਰੀ ਦਾ ਔਖਾ ਕੰਮ ਸ਼ੁਰੂ ਹੋਵੇਗਾ — ਸੰਸਦ ਮੈਂਬਰਾਂ ਨੂੰ ਮਨਾਉਣਾ ਕਿ ਉਹ ਇਸ ਸਮਝੌਤੇ ਦੇ ਹੱਕ ਵਿੱਚ ਵੋਟ ਪਾਉਣ।