You’re viewing a text-only version of this website that uses less data. View the main version of the website including all images and videos.
ਅੰਮ੍ਰਿਤਸਰ: ਨਿਰੰਕਾਰੀ ਭਵਨ ਧਮਾਕੇ 'ਚ 'ਕੇਐਲਐਫ਼' ਦੇ ਅਵਤਾਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ 3 ਅਣਸੁਲਝੇ ਸਵਾਲ
ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ 18 ਨਵੰਬਰ ਨੂੰ ਅੰਮ੍ਰਿਤਸਰ ਦੇ ਅਜਨਾਲਾ ਨੇੜਲੇ ਅਦਲੀਵਾਲ ਨਿਰੰਕਾਰੀ ਮਿਸ਼ਨ ਭਵਨ ਉੱਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਅਵਤਾਰ ਸਿੰਘ ਨਾਂ ਦਾ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਚੰਡੀਗੜ੍ਹ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ।
ਡੀਜੀਪੀ ਨੇ ਅਵਤਾਰ ਬਾਰੇ ਜੋ ਦਾਅਵਾ ਕੀਤਾ
- ਵਡਾਲਾ ਦਾ ਪਰਮਜੀਤ ਸਿੰਘ ਬਾਬਾ, ਜੋ ਇਟਲੀ ਰਹਿੰਦਾ ਉਸ ਦੀ ਰੋਲ ਵੀ ਸਾਹਮਣੇ ਆ ਰਿਹਾ ਹੈ। ਬਾਬਾ ਨੇ ਹੀ ਅਵਤਾਰ ਦਾ ਪਾਕਿਸਤਾਨ ਵਿਚ ਹਰਮੀਤ ਸਿੰਘ ਉਰਫ਼ ਪੀਐੱਚ ਡੀ ਨਾਲ ਸੰਪਰਕ ਕਰਵਾਇਆ ਸੀ
- ਅਵਤਾਰ ਸਿੰਘ ਦਾ ਹੋਰ ਕੋਈ ਮੁਜਮਰਾਨਾ ਰਿਕਾਰਡ ਨਹੀਂ ਹੈ, ਡੀਜੀਪੀ ਦਾ ਦਾਅਵਾ ਹੈ ਪ੍ਰਤੱਖ ਸਬੂਤ ਹੱਥ ਲੱਗਣ ਤੋਂ ਬਾਅਦ ਹੀ ਅਵਤਾਰ ਸਿੰਘ ਹਿਰਾਸਤ 'ਚ ਲਏ ਹਨ ਤੇ ਮਜਿਸਟੇਟ ਦੇ ਸਾਹਮਣੇ 32 ਬੌਰ ਦਾ ਪਿਸਟਲ ਤੇ 25 ਕਰਤੂਸ ਬਰਾਮਦ ਕੀਤੇ ਹਨ।
- ਅਵਤਾਰ ਸਿੰਘ ਦਵਾਈਆਂ ਦਾ ਕੰਮ ਕਰਦਾ ਸੀ, ਉਸ ਨਾਲ ਦਵਾਈਆਂ ਦੇ ਬਹਾਨੇ ਹੀ ਸੰਪਰਕ ਕੀਤਾ ਗਿਆ ਅਤੇ ਬਾਅਦ ਵਿਚ ਉਸਨੂੰ ਗੁਮਰਾਹ ਕੀਤਾ ਗਿਆ ਅਤੇ ਵਾਰਦਾਤ ਲਈ ਉਕਸਾਇਆ ਗਿਆ।
- ਪਾਕਿਸਤਾਨ ਵਿਚ ਬੈਠਾ ਜਾਵੇਦ ਨਾਂ ਦਾ ਵਿਅਕਤੀ ਬਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਦੋਵਾਂ ਦਾ ਹੈਡਲਰ ਹੈ। ਪੁਲਿਸ ਨੇ ਹਮਲੇ ਦੇ ਮਕਸਦ ਬਾਰੇ ਅਜੇ ਕੁਝ ਨਹੀਂ ਕਿਹਾ
- ਕੀ ਸੁਰਾਗ ਸੀ ਜਿਸ ਦੇ ਆਧਾਰ ਉੱਤੇ ਗ੍ਰਿਫ਼ਤਾਰੀ ਹੋਈ ਤਾਂ ਉਨ੍ਹਾਂ ਕਿਹਾ ਸਰੋਤ ਨਹੀਂ ਦੱਸਿਆ ਜਾ ਸਕਦਾ
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਨੂੰ ਅੰਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਉੱਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਨੇ ਇੱਕ ਹੋਰ ਸ਼ੱਕੀ ਬਿਕਰਮਜੀਤ ਸਿੰਘ ਨੂੰ ਫੜ੍ਹਨ ਦਾ ਦਾਅਵਾ ਕੀਤਾ ਸੀ।
ਅਜਨਾਲਾ ਦੇ ਅਦਲੀਵਾਲ ਪਿੰਡ ਵਿੱਚ ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਲੋਕ ਜ਼ਖਮੀ ਹੋਏ।
ਧਾਰੀਵਾਲ ਪਿੰਡ ਦੇ ਬਿਕਰਮਜੀਤ ਸਿੰਘ ਅਤੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਚੱਕ ਮਿਸ਼ਰੀ ਖ਼ਾਨ ਅਵਤਾਰ ਸਿੰਘ ਦਾ ਰਹਿਣ ਵਾਲਾ ਹੈ ।
ਅਣਸੁਲਝੇ ਤਿੰਨ ਸਵਾਲ
- ਘਟਨਾ ਦੇ ਚਸ਼ਮਦੀਦ ਦੀਆਂ ਟੀਵੀ ਚੈਨਲਾਂ ਉੱਤੇ ਤੋਂ ਵੀਡੀਓਜ਼ ਚੱਲ ਰਹੀਆਂ ਸਨ, ਉਸ ਵਿਚ ਕਿਹਾ ਗਿਆ ਸੀ ਕਿ ਮੁਲਜ਼ਮ ਮੋਨੇ ਸਨ ਪਰ ਪੁਲਿਸ ਵੱਲੋਂ ਗ੍ਰਿਫ਼ਤਾਰੀ ਸਿੱਖ ਨੌਜਵਾਨਾਂ ਦੀ ਹੋਈ, ਇਸ ਸਵਾਲ ਦਾ ਪੁਲਿਸ ਮੁਖੀ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ। ਪੁਲਿਸ ਮੁਖੀ ਨੇ ਕਿਹਾ ਇਹ ਮਾਅਨੇ ਨਹੀਂ ਰੱਖਦਾ, ਉਸ ਵਿਅਕਤੀ ਤੋਂ ਵੀ ਪੁਲਿਸ ਪੁੱਛਗਿੱਛ ਕਰ ਚੁੱਕੀ ਹੈ।
- ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਉਹ ਕਿਹੜਾ ਅਜਿਹਾ ਸੁਰਾਗ ਸੀ , ਜਿਸ ਨੇ ਬਿਕਰਮ ਤੇ ਅਵਤਾਰ ਦੇ ਮੁਲਜ਼ਮ ਹੋਣ ਦਾ ਇਸ਼ਾਰਾ ਕੀਤਾ , ਪੁਲਿਸ ਮੁਖੀ ਨੇ ਸਿਰਫ਼ ਕਿਹਾ ਕਿ ਕਰਾਇਮ ਦੇ ਲੋਕਲ ਹੋਣਾ ਆਧਾਰ ਬਣਿਆ। ਡੀਜੀਪੀ ਨੇ ਕਿਹਾ ਕਿ ਪ੍ਰੋਫੈਂਸਨਲ ਪੁਲਿਸ ਅਫ਼ਸਰ ਹੋਣ ਕਾਰਨ ਉਹ ਇਹ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।
- ਇਸ ਵਾਰਦਾਤ ਕਰਨ ਪਿੱਛੇ ਕੀ ਮਕਸਦ ਸੀ , ਇਸ ਬਾਰੇ ਵੀ ਪੁਲਿਸ ਮੁਖੀ ਦਾ ਕਹਿਣਾ ਸੀ ਕਿ ਇਸ ਦੀ ਜਾਂਚ ਜਾਰੀ ਹੈ। ਨੌਜਵਾਨਾਂ ਦੇ ਘਰਦਿਆਂ ਦੇ ਦਾਅਵੇ ਬਾਰੇ ਪੁਲਿਸ ਮੁਖੀ ਨੇ ਕਿਹਾ ਕੋਈ ਵੀ ਆਪਣੀ ਗ੍ਰਿਫ਼ਤਾਰੀ ਉੱਤੇ ਧੰਨਵਾਦ ਨਹੀਂ ਕਰਦਾ।
ਧਮਾਕੇ ਨਾਲ ਜੁੜੀਆਂ ਇਹ ਖ਼ਬਰਾਂਵੀ ਪੜ੍ਹੋ:
ਪੰਜਾਬ ਸਰਕਾਰ ਅਤੇ ਇਨ੍ਹਾਂ ਦੇ ਪਿੰਡ ਵਾਲਿਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਜਾਣੋ ਬਿਕਰਮਜੀਤ ਸਿੰਘ (26 ਸਾਲ ) ਅਤੇ ਅਵਤਾਰ ਸਿੰਘ (32 ਸਾਲ) ਕੌਣ ਹਨ?
'ਧਾਰਮਿਕ ਬਿਰਤੀ ਵਾਲਾ ਹੈ ਅਵਤਾਰ ਸਿੰਘ'
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਅਵਤਾਰ ਸਿੰਘ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਚੱਕ ਮਿਸ਼ਰੀ ਖ਼ਾਨ ਦਾ ਰਹਿਣ ਵਾਲੇ ਹਨ ਅਤੇ ਆਰਐਮਪੀ ਡਾਕਟਰ ਹਨ।
ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦਿਆਂ ਪਿੰਡ ਵਾਲਿਆਂ ਨੇ ਦੱਸਿਆ ਸੀ ਕਿ ਉਸ ਦੀਆਂ ਦੋ ਧੀਆਂ ਹਨ। ਇੱਕ ਵੱਡੀ ਬੇਟੀ 7 ਕੂ ਸਾਲ ਦੀ ਹੈ ਅਤੇ ਛੋਟੀ ਬੱਚੀ ਚਾਰ-ਪੰਜ ਸਾਲ ਦੀ ਹੈ।
ਗੁਆਂਢੀ ਤਲਵਿੰਦਰ ਸਿੰਘ ਨੇ ਦੱਸਿਆ "ਮੁੰਡਾ ਬਿਲਕੁਲ ਸਹੀ ਹੈ ਤੇ ਅੰਮ੍ਰਿਤਧਾਰੀ ਪਰਿਵਾਰ ਹੈ ਅਤੇ ਮੁੰਡਾ ਡਾਕਟਰੀ ਦੀ ਦੁਕਾਨ ਕਰਦਾ ਹੈ। ਪਰਿਵਾਰ ਦਾ ਕਿਸੇ ਨਾਲ ਵਿਰੋਧ ਨਹੀਂ।"
ਉਨ੍ਹਾਂ ਅੱਗੇ ਕਿਹਾ ਕਿ ਅਵਤਾਰ ਸਿੰਘ ਦੇ ਪਿਤਾ ਦਾ ਨਾਮ ਗੁਰਦਿਆਲ ਸਿੰਘ ਹੈ ਅਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ।
ਇੱਕ ਹੋਰ ਪਿੰਡ ਵਾਸੀ ਗੁਰਜੀਤ ਸਿੰਘ ਨੇ ਦੱਸਿਆ, "ਮੁੰਡਾ ਬਿਲਕੁਲ ਠੀਕ ਸੀ"। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਉਮੀਦ ਹੀ ਨਹੀਂ ਸੀ ਕਿ ਪਿੰਡ ਵਿੱਚ ਅਜਿਹਾ ਕੋਈ ਕੰਮ ਹੋਵੇਗਾ।
ਪਿੰਡ ਵਾਲਿਆਂ ਨੇ ਦੱਸਿਆ ਕਿ ਅਵਤਾਰ ਸਿੰਘ ਤੇ ਉਨ੍ਹਾਂ ਦਾ ਨਿਹੰਗ ਸਿੰਘ ਪਰਿਵਾਰ ਹੈ। ਅਵਤਾਰ ਸਿੰਘ ਧਾਰਮਿਕ ਬਿਰਤੀ ਵਾਲਾ ਨੌਜਵਾਨ ਹੈ , ਉਸ ਨੇ ਦਮਦਮੀ ਟਕਸਾਲ ਤੋਂ ਧਾਰਮਿਕ ਸਿੱਖਿਆ ਹਾਸਲ ਕੀਤੀ ਹੋਈ ਹੈ।
ਲੋਕਾਂ ਨੇ ਦੱਸਿਆ ਕਿ ਪੁਲਿਸ ਐਤਵਾਰ ਸਵੇਰੇ ਗਿਆਰਾਂ ਕੁ ਵਜੇ ਹਮਲਾ ਹੋਇਆ ਤੇ ਉਸੇ ਰਾਤ ਨੂੰ ਹੀ ਪੁਲਿਸ ਪਿੰਡ ਵਿੱਚ ਆ ਗਈ ਸੀ।
ਬਿਕਰਮਜੀਤ ਸਿੰਘ ਦੇ ਪਰਿਵਾਰ ਦਾ ਕੀ ਕਹਿਣਾ ਹੈ?
ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੇ 26 ਸਾਲਾ ਬਿਕਰਮਜੀਤ ਸਿੰਘ ਦੇ ਪਿੰਡ ਧਾਰੀਵਾਲ ਦਾ ਦੌਰਾ ਕੀਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ।
ਬਿਕਰਮਜੀਤ ਦੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਜਦੋਂ ਉਹ ਪੰਜ ਸਾਲ ਦਾ ਸੀ। ਇਸ ਲਈ ਪਰਿਵਾਰ ਦੀ ਜ਼ਿੰਮੇਵਾਰੀ ਕਾਰਨ ਉਹ ਹਾਇਰ ਸੈਕੰਡਰੀ ਕਰਨ ਤੋਂ ਬਾਅਦ ਖੇਤੀਬਾੜੀ ਕਰਨ ਲੱਗ ਪਿਆ।
ਉਸ ਦਾ ਛੋਟਾ ਭਰਾ ਗੁਰਸ਼ੇਰ ਸਿੰਘ ਸਟੱਡੀ ਵੀਜ਼ੇ ਦੇ ਆਧਾਰ ਉੱਤੇ ਕੈਨੇਡਾ ਗਿਆ ਹੋਇਆ ਹੈ।
ਪਿੰਡ ਵਾਲਿਆਂ ਨੇ ਦੱਸਿਆ ਕਿ ਬਿਕਰਮਜੀਤ ਬਹੁਤ ਮਿਹਨਤੀ ਲੜਕਾ ਹੈ ਅਤੇ ਆਪਣੀ 7 ਏਕੜ ਤੇ ਆਪਣੇ ਤਾਏ ਦੀ ਜ਼ਮੀਨ ਉੱਤੇ ਖੇਤੀ ਕਰਦਾ ਹੈ।
ਉਸ ਦੇ ਤਾਏ ਦਾ ਇੱਕ ਲੜਕਾ ਏਅਰਪੋਰਟ ਉੱਤੇ ਨੌਕਰੀ ਕਰਦਾ ਹੈ ਅਤੇ ਦੂਜਾ ਪੁਲਿਸ ਮੁਲਾਜ਼ਮ ਹੈ, ਜਿਸ ਕਰਕੇ ਦੋਵਾਂ ਪਰਿਵਾਰਾਂ ਦੀ ਖੇਤੀ ਦਾ ਜਿੰਮਾ ਬਿਕਰਮਜੀਤ ਉੱਤੇ ਹੈ।
ਬਿਕਰਮਜੀਤ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਜਿਸ ਸਮੇਂ ਧਮਾਕੇ ਦੀ ਖ਼ਬਰ ਆਈ ਉਹ ਤਾਂ ਆਪਣੇ ਖੇਤਾਂ ਵਿਚ ਕੰਮ ਕਰਦਾ ਸੀ।
ਬਿਕਰਮਜੀਤ ਦੀ ਮਾਂ ਸਵਾਲ ਕਰਦੀ ਹੈ, "ਉਹ ਕਿੱਥੋਂ ਲਿਆਇਆ ਬੰਬ ਕਿਹੜੇ ਵੇਲੇ ਲੈ ਆਇਆ? ਦੱਸੋ ਤੁਸੀਂ। ਸੀਜ਼ਨ ਹੈਗਾ, ਉਹ ਦਿਨ ਰਾਤ ਵਾਹੀ ਕਰਦੇ ਫਿਰਦੇ ਐ। ਮੇਰੇ ਮੁੰਡੇ ਨੇ ਬੰਬ ਕਿਉਂ ਮਾਰਨਾ ਸੀ? ਉਹਨੇ ਨਹੀਂ ਮਾਰਿਆ। ਫ਼ਸਾ ਦਿੱਤਾ ਉਸ ਨੂੰ ਕਿਸੇ ਨੇ।"
'ਅਸੀਂ ਇੰਨਾਂ ਵੱਡਾ ਆਪਰੇਸ਼ਨ ਹਵਾ ਵਿੱਚ ਨਹੀਂ ਕੀਤਾ'
ਅੰਮ੍ਰਿਤਸਰ ਦੇ ਐੱਐੱਸਪੀ ਦੇਹਾਤੀ ਪਰਮਪਾਲ ਸਿੰਘ ਨੂੰ ਬੀਬੀਸੀ ਨੇ ਜਦੋਂ ਇਹ ਪੁੱਛਿਆ ਬਿਕਰਮਜੀਤ ਸਿੰਘ ਦਾ ਪਰਿਵਾਰ ਤੇ ਪਿੰਡਵਾਲੇ ਕਹਿ ਰਹੇ ਕਿ ਉਹ ਬੇਕਸੂਰ ਹੈ ਤਾਂ ਉਨ੍ਹਾਂ ਕਿਹਾ, ''ਸਾਡੇ ਕੋਲ ਲੋੜੀਂਦੇ ਸਬੂਤ ਹਨ ਅਤੇ ਅਸੀਂ ਅਦਾਲਤ ਵਿੱਚ ਇਸ ਨੂੰ ਸਾਬਿਤ ਕਰਾਂਗੇ। ਅਸੀਂ ਇੰਨਾਂ ਵੱਡਾ ਆਪਰੇਸ਼ਨ ਹਵਾ ਵਿੱਚ ਨਹੀਂ ਕੀਤਾ।''
ਸਾਜ਼ਿਸ ਬਾਰੇ ਮੁੱਖ ਮੰਤਰੀ ਨੇ ਕੀ ਕੀਤਾ ਸੀ ਦਾਅਵਾ
- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿਰੰਕਾਰੀ ਭਵਨ ਉੱਤੇ ਹਮਲਾ ਆਈਐਸਆਈ ਦੀ ਸਾਜ਼ਿਸ਼ ਹੈ ਅਤੇ ਇਸ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਾਰਕੁਨਾਂ ਰਾਹੀ ਅੰਜ਼ਾਮ ਦਿੱਤਾ ਗਿਆ ਹੈ।
- ਮੁੱਖ ਮੰਤਰੀ ਨੇ ਕਿਹਾ ਕਿ ਇਹ ਗੁਆਂਢੀ ਮੁਲਕ ਵੱਲੋਂ ਭਾਰਤ ਦੇ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਕੜੀ ਦਾ ਹਿੱਸਾ ਹੈ।
- ਕੈਪਟਨ ਮੁਤਾਬਕ ਹਮਲੇ 'ਚ ਜਿਸ ਗ੍ਰੇਨੇਡ ਦੀ ਵਰਤੋਂ ਕੀਤੀ ਗਈ ਹੈ ਉਸੇ ਤਰ੍ਹਾਂ ਦੇ ਗ੍ਰੇਨੇਡ ਪਾਕਿਸਤਾਨ ਦੀ ਅਸਲਾ ਫੈਕਟਰੀ ਵਿਚ ਬਣਦੇ ਹਨ। ਮਹੀਨਾ ਪਹਿਲਾਂ ਪਟਿਆਲਾ ਤੋਂ ਗ੍ਰਿਫ਼ਤਾਰ ਕੀਤੇ ਗਏ ਸ਼ਬਨਮਦੀਪ ਸਿੰਘ ਤੋਂ ਵੀ ਇਸੇ ਤਰ੍ਹਾਂ ਦਾ ਗ੍ਰੇਨੇਡ ਮਿਲਿਆ ਸੀ।
- ਮੁੱਖ ਮੰਤਰੀ ਨੇ ਕਿਹਾ, "ਇਹ ਗ੍ਰਨੇਡ ਪਾਕਿਸਤਾਨ ਤੋਂ ਲਿਆ ਕੇ ਇੱਥੇ ਵੰਡੇ ਗਏ ਹਨ। ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਰੁੱਖ ਦੇ ਥੱਲੇ ਤੋਂ ਚੁੱਕ ਲਓ। ਇਸ ਮਾਮਲੇ ਵਿੱਚ ਵੀ ਜੋ ਗ੍ਰੇਨੇਡ ਮਿਲਿਆ ਉਹ ਰੁੱਖ ਕੋਲੋਂ ਮਿਲਿਆ।"
- ਕੈਪਟਨ ਨੇ ਪ੍ਰੈੱਸ ਕਾਨਫਰੰਸ ਵਿੱਚ ਇੱਕ ਤਸਵੀਰ ਦਿਖਾ ਕੇ ਦਾਅਵਾ ਵੀ ਕੀਤਾ ਕਿ ਇਹ ਓਹੀ ਦਰਖਤ ਹੈ ਜਿਸ ਦੇ ਹੇਠਾਂ ਗ੍ਰੇਨੇਡ ਦੱਬੇ ਹੋਏ ਸੀ।
- ਬਿਕਰਮਜੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੈਪਟਨ ਮੁਤਾਬਕ ਛੇਤੀ ਹੀ ਦੂਸਰਾ ਸ਼ੱਕੀ ਜਿਸ ਨੇ ਗ੍ਰੇਨੇਡ ਸੁੱਟਿਆ ਸੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- ਹਮਲੇ ਵਿੱਚ ਜਿਹੜਾ ਪਲਸਰ ਮੋਟਰਸਾਈਕਲ ਵਰਤਿਆ ਗਿਆ ਸੀ ਉਹ ਬਿਕਰਮਜੀਤ ਸਿੰਘ ਦਾ ਹੀ ਸੀ।
ਕੀ ਹੋਇਆ ਸੀ ਘਟਨਾ ਵਾਲੇ ਦਿਨ?
- ਅੰਮ੍ਰਿਤਸਰ ਦੇ ਕਸਬੇ ਅਜਨਾਲਾ ਦੇ ਪਿੰਡ ਅਦਲੀਵਾਲ ਵਿੱਚ 18 ਨਵੰਬਰ ਨੂੰ ਮੋਟਰਸਾਈਕਲ 'ਤੇ ਸਵਾਰ ਦੋ ਲੋਕ ਨਿਰੰਕਾਰੀ ਭਵਨ ਪਹੁੰਚੇ।
- ਗ੍ਰੇਨੇਡ ਦੇ ਹਮਲੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋਏ।
- ਚਸ਼ਮਦੀਦ ਗਗਨਦੀਪ ਸਿੰਘ ਮੁਤਾਬਕ, "ਮੈਂ ਸਤਸੰਗ ਭਵਨ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਦੋ ਲੋਕ ਮੋਟਰਸਾਈਕਲ 'ਤੇ ਆਏ। ਉਨ੍ਹਾਂ ਵਿੱਚੋਂ ਇੱਕ ਸੰਗਤ ਦੇ ਨਾਲ ਹੀ ਅੰਦਰ ਚਲਾ ਗਿਆ ਤੇ ਦੂਜੇ ਨੇ ਮੈਨੂੰ ਬੰਦੂਕ ਦੀ ਨੋਕ 'ਤੇ ਪੁੱਛਿਆ ਕਿ ਇੱਥੇ ਕੀ ਹੋ ਰਿਹਾ ਹੈ। ਮੈਂ ਕਿਹਾ ਕਿ ਸਤਸੰਗ ਹਾਲ ਹੈ ਤੇ ਅੰਦਰ ਸਤਸੰਗ ਹੋ ਰਿਹਾ ਹੈ। ਐਨੀ ਦੇਰ ਨੂੰ ਦੂਜੇ ਨੇ ਅੰਦਰ ਵਾਰਦਾਰ ਨੂੰ ਅੰਜਾਮ ਦੇ ਦਿੱਤਾ। ਦੋਵਾਂ ਦੇ ਮੂੰਹ ਢਕੇ ਹੋਏ ਸੀ, ਪਰਨੇ ਬੰਨੇ ਹੋਏ ਸੀ। 15 ਮਿੰਟ ਤੱਕ ਉਹ ਅੰਦਰ ਰਹੇ। ਗ੍ਰਨੇਡ ਦੀ ਆਵਾਜ਼ ਆਉਂਦਿਆਂ ਦੀ ਭਾਜੜ ਮਚ ਗਈ।'