ਫਰਾਂਸ ਦੀ ਕ੍ਰਿਸਮਸ ਮਾਰਕਿਟ ਵਿੱਚ ਗੋਲੀਬਾਰੀ, 3 ਦੀ ਮੌਤ

ਫਰਾਂਸ ਦੇ ਸ਼ਹਿਰ ਸਟਰੈਜ਼ਬਰਗ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 12 ਹੋਰ ਜ਼ਖਮੀ ਹੋਏ ਹਨ। ਮੁਲਜ਼ਮ ਫਿਲਹਾਲ ਫਰਾਰ ਹੈ ਪਰ ਪੁਲਿਸ ਦਾ ਦਾਅਵਾ ਹੈ ਕਿ ਸੁਰੱਖਿਆ ਮੁਲਾਜ਼ਮਾਂ ਨਾਲ ਫਾਈਰਿੰਗ ਦੌਰਾਨ ਉਹ ਜ਼ਖਮੀ ਹੋ ਗਿਆ।

ਇਹ ਫਾਈਰਿੰਗ ਕ੍ਰਿਸਮਸ ਮਾਰਕਿਟ ਦੇ ਨੇੜੇ ਸੈਂਟਰਲ ਸਕੁਏਰਜ਼, ਪਲੇਸ ਕਲੈਬਰ ਵਿੱਚ ਹੋਈ ਹੈ। ਫਰਾਂਸ ਦੀ ਅਤਿਵਾਦ ਰੋਕੂ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਕ੍ਰਿਸਟੌਫਰ ਕਾਸਟੇਨਰ ਸਟਰੈਜ਼ਬਰਗ ਲਈ ਰਵਾਨਾ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀਆਂ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂਕਿ ਹੋਰਨਾਂ ਛੇ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।

ਪੁਲਿਸ ਦਾ ਦਾਅਵਾ ਹੈ ਕਿ 29 ਸਾਲਾ ਸ਼ੱਕੀ ਸਟਰੈਜ਼ਬਰਗ ਦਾ ਰਹਿਣ ਵਾਲਾ ਹੈ ਅਤੇ ਸੁਰੱਖਿਆ ਮੁਲਾਜ਼ਮ ਪਹਿਲਾਂ ਹੀ ਉਸ ਨੂੰ ਅਤਿਵਾਦੀ ਖਤਰੇ ਵਜੋਂ ਦੇਖ ਰਹੇ ਸਨ।

ਫਰਾਂਸ ਦੇ ਬੀਐਫਐਮ ਟੀਵੀ ਅਨੁਸਾਰ ਇਹ ਨੌਜਵਾਨ ਮੰਗਲਵਾਰ ਸਵੇਰੇ ਸ਼ਹਿਰ ਦੇ ਨਿਉਡੋਰਫ ਜ਼ਿਲ੍ਹੇ ਵਿੱਚ ਆਪਣੇ ਫਲੈਟ ਤੋਂ ਭੱਜ ਗਿਆ ਸੀ ਕਿਉਂਕਿ ਡਕੈਤੀ ਦੇ ਸੰਬੰਧ ਵਿਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਗ੍ਰਨੇਡ ਮਿਲੇ ਸਨ।

ਇਹ ਵੀ ਪੜ੍ਹੋ:

ਨਿਊਡੌਰਫ਼ ਵਿੱਚ ਪੁਲਿਸ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਹੈ।

ਯਰੂਪੀ ਸੰਸਦ ਜੋ ਕਿ ਨੇੜੇ ਹੀ ਹੈ, ਉਸ ਦੀ ਵੀ ਤਾਲਾਬੰਦੀ ਕਰ ਦਿੱਤੀ ਗਈ ਹੈ। ਸੰਸਦ ਦੇ ਪ੍ਰਧਾਨ ਐਂਟੋਨੀਓ ਤਾਜਾਨੀ ਨੇ ਟਵੀਟ ਕਰਕੇ ਕਿਹਾ ਕਿ, "ਅਤਿਵਾਦੀ ਜਾਂ ਅਪਰਾਧਿਕ ਹਮਲਿਆਂ ਤੋਂ ਡਰਾਇਆ ਨਹੀਂ ਜਾ ਸਕਦਾ।"

ਸ਼ਹਿਰ ਵਿੱਚ ਹਲਚਲ

ਇਹ ਹਮਲਾ ਸਥਾਨਕ ਸਮੇਂ ਮੁਤਾਬਕ ਰਾਤ ਨੂੰ 8 ਵਜੇ ਮਸ਼ਹੂਰ ਕ੍ਰਿਸਮਿਸ ਮਾਰਕਿਟ ਵਿੱਚ ਹੋਇਆ। ਇੱਥੇ ਕ੍ਰਿਸਮਸ ਵੇਲੇ ਹਜ਼ਾਰਾਂ ਲੋਕ ਅਕਸਰ ਆਉਂਦੇ ਹਨ।

ਪ੍ਰਤੱਖਦਰਸ਼ੀ ਪੈਟਰ ਫਰਿਟਜ਼ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਇੱਕ ਵਿਅਕਤੀ ਨੂੰ ਪੁਲ ਉੱਤੇ ਡਿੱਗਿਆ ਦੇਖਿਆ, ਉਸ ਨੂੰ ਗੋਲੀ ਲੱਗੀ ਹੋਈ ਸੀ। ਉਸ ਨੇ ਦੱਸਿਆ ਕਿ ਉਸ ਨੇ ਪੀੜਤ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ।

"ਇਸ ਖੇਤਰ ਵਿੱਚ ਐਂਬੁਲੈਂਸ ਸੇਵਾ ਦਾਖਲ ਨਹੀਂ ਹੋ ਸਕਦੀ। 45 ਮਿੰਟ ਬਾਅਦ ਅਸੀਂ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਬੰਦ ਕਰ ਦਿੱਤੀ ਕਿਉਂਕਿ ਇੱਕ ਡਾਕਟਰ ਨੇ ਫੋਨ 'ਤੇ ਗੱਲਬਾਤ ਕਰਦਿਆਂ ਸਾਨੂੰ ਦੱਸਿਆ ਕਿ ਅਜਿਹਾ ਕਰਨਾ ਬੇਤੁਕਾ ਹੈ।"

ਸਥਾਨਕ ਪੱਤਰਕਾਰ ਬਰੂਨੋ ਪਓਸਾਰਡ ਨੇ ਟਵਿੱਟਰ ਉੱਤੇ ਲਿਖਿਆ ਕਿ ਸਿਟੀ ਸੈਂਟਰ ਵਿੱਚ ਉਸ ਦੀ ਗਲੀ ਵਿੱਚ ਦਰਜਨਾਂ ਗੋਲੀਆਂ ਚਲਾਈਆਂ ਗਈਆਂ ਹਨ।

ਯੂਰਪੀ ਪਾਰਲੀਮੈਂਟ ਲਈ ਪ੍ਰੈੱਸ ਅਫ਼ਸਰ ਇਮੈਨੁਅਲ ਫੌਲੋਨ ਨੇ ਲਿਖਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਸੈਂਟਰ ਵਿੱਚ ਹਲਚਲ ਸੀ ਅਤੇ ਪੁਲਿਸ ਸੜਕਾਂ 'ਤੇ ਬੰਦੂਕ ਨਾਲ ਲੈਸ ਹੋ ਕੇ ਭੱਜ ਰਹੀ ਸੀ।

ਇੱਕ ਦੁਕਾਨਦਾਰ ਨੇ ਬੀਐਫ਼ਐਮ ਟੀਵੀ ਨੂੰ ਦੱਸਿਆ, "ਗੋਲੀਬਾਰੀ ਹੋ ਰਹੀ ਸੀ ਅਤੇ ਲੋਕ ਇੱਧਰ-ਉੱਧਰ ਭੱਜ ਰਹੇ ਸਨ। ਇਹ ਦੱਸ ਮਿੰਟ ਤੱਕ ਚੱਲਦਾ ਰਿਹਾ।"

ਬਰਤਾਨਵੀ ਯੂਰਪੀ ਪਾਰਲੀਮੈਂਟ ਦੇ ਮੈਂਬਰ ਰਿਚਰਡ ਕੋਰਬੈਟ ਨੇ ਟਵੀਟ ਕੀਤਾ ਕਿ ਉਹ ਇੱਕ ਰੈਸਟੋਰੈਂਟ ਵਿੱਚ ਸਨ ਅਤੇ ਹੁਣ ਉਸ ਦੇ ਦਰਵਾਜ਼ੇ ਬੰਦ ਹਨ।

ਸਟਰੈਜ਼ਬਰਗ ਦੇ ਮੇਅਰ ਰੌਲਾਂਡ ਰਾਈਸ ਨੇ ਬਾਅਦ ਵਿੱਚ ਟਵੀਟ ਕੀਤਾ ਕਿ ਕ੍ਰਿਸਮਸ ਮਾਰਕਿਟ ਬੁੱਧਵਾਰ ਨੂੰ ਬੰਦ ਰਹੇਗੀ। ਸਥਾਨਕ ਟਾਊਨ ਹਾਲ ਵਿੱਚ ਝੰਡੇ ਝੁਕਾਅ ਦਿੱਤੇ ਜਾਣਗੇ ਜਿੱਥੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)