ਬਰਗਾੜੀ ਮੋਰਚਾ: ਦਾਦੂਵਾਲ ਦੇ ਇਲਜ਼ਾਮਾਂ ਉੱਤੇ ਕੀ ਕਹਿ ਰਹੇ ਨੇ ਧਿਆਨ ਸਿੰਘ ਮੰਡ

"ਬਲਜੀਤ ਸਿੰਘ ਦਾਦੂਵਾਲ ਨਾਰਾਜ਼ ਨਹੀਂ ਹਨ, 20 ਤਾਰੀਕ ਨੂੰ ਜਦੋਂ ਅਸੀਂ ਬੈਠਕ ਕਰਾਂਗੇ ਤਾਂ ਉਹ ਉਸ ਵਿਚ ਸ਼ਾਮਲ ਹੋਣਗੇ। ਜਦੋਂ ਉਹ 20 ਤਾਰੀਕ ਦੀ ਬੈਠਕ ਵਿਚ ਨਾ ਆਏ ਉਦੋਂ ਮੈਨੂੰ ਸਵਾਲ ਕਰਨਾ।''

ਇਹ ਬੋਲ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੇ ਹਨ।

ਉਨ੍ਹਾਂ ਨੇ ਇਹ ਬਿਆਨ ਤਖਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਉਸ ਬਿਆਨ ਦੇ ਜਵਾਬ ਵਿੱਚ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਬਰਗਾੜੀ ਮੋਰਚਾ ਚੁੱਕਣ ਵਿੱਚ ਬਿਨਾਂ ਕਿਸੇ ਨੂੰ ਭਰੋਸੇ ਵਿਚ ਲਿਆਂ ਜਲਦਬਾਜ਼ੀ ਕੀਤੀ ਗਈ ਹੈ।

ਫਰੀਦਕੋਟ ਦੇ ਬਰਗਾੜੀ ਵਿੱਚ ਬੇਅਦਬੀ ਤੇ ਬਹਿਲਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਸਣੇ ਹੋਰ ਕਈ ਮੰਗਾਂ ਨੂੰ ਲੈ ਕੇ ਸਾਢੇ ਛੇ ਮਹੀਨੇ ਤੱਕ ਮੋਰਚਾ ਲਾਇਆ ਸੀ। ਐਤਵਾਰ ਨੂੰ ਕਾਂਗਰਸੀ ਮੰਤਰੀਆਂ ਦੀ ਮੌਜੂਦਗੀ ਵਿੱਚ ਮੋਰਚੇ ਨੂੰ ਖ਼ਤਮ ਕੀਤਾ ਗਿਆ ਸੀ।

'ਇਹ ਸਾਡਾ ਅੰਦਰੂਨੀ ਮਾਮਲਾ'

ਬਲਜੀਤ ਸਿੰਘ ਦਾਦੂਵਾਲ ਬਾਰੇ ਬੋਲਦਿਆਂ ਧਿਆਨ ਸਿੰਘ ਮੰਡ ਨੇ ਕਿਹਾ, "ਉਹ ਤੇ ਮੈਂ ਅਤੇ ਦੂਜੇ ਪੰਥਕ ਆਗੂਆਂ ਤੇ ਸੰਗਠਨਾਂ ਨੇ ਸਿਰ ਜੋੜ ਕੇ ਸਾਢੇ ਛੇ ਮਹੀਨੇ ਲੜਾਈ ਲੜੀ ਹੈ। ਦਾਦੂਵਾਲ ਹੋਰਾਂ ਨੇ ਇਸ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ।''

ਇਹ ਵੀ ਪੜ੍ਹੋ:

"ਮੈਂ ਕੌਮ ਦਾ ਜਥੇਦਾਰ ਹੈ, ਮੈਂ ਪੂਰੀ ਕੌਮ ਅਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕੰਮ ਕਰਨਾ ਹੈ, ਮੈਂ ਪੂਰੀ ਕੌਮ ਨੂੰ ਜਵਾਬਦੇਹ ਹਾਂ, ਇਸ ਲਈ ਮੈਂ ਕੌਮ ਵੀ ਬਚਾਉਣੀ ਹੈ ਤੇ ਪੰਜਾਬ ਵੀ।''

ਸੋਸ਼ਲ ਮੀਡੀਆ ਉੱਤੇ ਹੋ ਰਹੇ ਮੋਰਚਾ ਖਤਮ ਕਰਨ ਦੇ ਵਿਰੋਧ ਬਾਰੇ ਉਨ੍ਹਾਂ ਅੱਗੇ ਕਿਹਾ, "ਜਿਹੜੇ ਸੰਘਰਸ਼ ਦਾ ਵਿਰੋਧ ਨਾ ਹੋਵੇ ਉਹ ਮੋਰਚਾ ਕਾਹਦਾ । ਅਸੀਂ ਇਸ ਦੀ ਪਰਵਾਹ ਨਹੀਂ ਕਰਦੇ ਤੇ ਅਸੀਂ ਤੇ ਦਾਦੂਵਾਲ ਨੇ ਮਿਲ ਕੇ ਜਿਹੜੀ ਲੜਾਈ ਲੜੀ ਹੈ, ਉਹ ਪੂਰੀ ਦੁਨੀਆਂ ਨੇ ਦੇਖੀ ਹੈ।''

ਜਲਦਬਾਜ਼ੀ ਵਿਚ ਮੋਰਚਾ ਖਤਮ ਕੀਤੇ ਜਾਣ ਬਾਰੇ ਧਿਆਨ ਸਿੰਘ ਮੰਡ ਨੇ ਬਲਜੀਤ ਸਿੰਘ ਦਾਦੂਵਾਲ ਦੇ ਇਲਜ਼ਾਮਾਂ ਉੱਤੇ ਸਫ਼ਾਈ ਦਿੰਦਿਆਂ ਕਿਹਾ, "ਇਹ ਸਾਡਾ ਅੰਦਰੂਨੀ ਮਸਲਾ ਹੈ, ਇਸ ਨੂੰ ਅਸੀਂ ਆਪੇ ਹੱਲ ਕਰ ਲਵਾਂਗੇ।''

ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਅਲੱਗ ਅਲੱਗ ਜਾਣ ਬਾਰੇ ਮੰਡ ਨੇ ਕਿਹਾ ਕਿ ਉਸ ਦਿਨ ਦਾਦੂਵਾਲ ਦੇ ਦੀਵਾਨ ਸਨ, ਇਸ ਲਈ ਉਹ ਦੇਰੀ ਨਾਲ ਆਏ ਸਨ,ਵਰਨਾ ਅਸੀਂ ਇਕੱਠਿਆ ਨੇ ਹੀ ਜਾਣਾ ਸੀ।

ਕੀ ਸਨ ਦਾਦੂਵਾਲ ਦੇ ਇਲਜ਼ਾਮ?

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸੀ ਕਿ ਜਥੇਦਾਰ ਮੰਡ ਸਾਹਿਬ ਨੂੰ ਕਾਹਲੀ ਨਹੀਂ ਕਰਨੀ ਚਾਹੀਦੀ ਸੀ ਅਤੇ ਕੌਮ ਦੀਆਂ ਭਾਵਨਾਵਾਂ ਨੂੰ ਸਮਝ ਕੇ ਮੋਰਚੇ ਬਾਰੇ ਫ਼ੈਸਲਾ ਲੈਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਸੀ, "ਮੰਤਰੀਆਂ ਨੇ ਆ ਕੇ ਜੋ ਐਲਾਨ ਕੀਤੇ ਸਨ, ਉਸ ਬਾਰੇ ਸੰਗਤਾਂ ਤੇ ਸਹਿਯੋਗੀ ਜਥੇਬੰਦੀਆਂ ਨਾਲ ਸਲਾਹ ਕਰਨ ਤੋਂ ਬਆਦ ਫੈਸਲਾ ਲੈਣਾ ਚਾਹੀਦਾ ਸੀ।''

ਇਹ ਵੀ ਪੜ੍ਹੋ:

"ਸਹਿਯੋਗੀ ਮੋਰਚੇ ਦੇ ਲੋਕ ਅੱਜ ਵੀ ਨਾਲ ਹਨ, ਜੋ ਵਿਰੋਧ ਕਰਦੇ ਹਨ ਉਹ ਕਰੀ ਜਾਣ । ਬਰਗਾੜੀ ਮੋਰਚੇ ਨੇ ਬਹੁਤ ਪ੍ਰਾਪਤੀਆਂ ਕੀਤੀਆਂ ਹਨ। ਗੱਲ ਸਿਰਫ਼ ਜਲਦਬਾਜ਼ੀ ਵਿੱਚ ਮੋਰਚਾ ਖ਼ਤਮ ਕਰਨ ਉੱਤੇ ਨਰਾਜ਼ਗੀ ਦੀ ਹੈ।''

ਦਾਦੂਵਾਲ ਦਾ ਕਹਿਣਾ ਸੀ ਕਿ ਬਹਿਬਲ ਕਲਾਂ ਮਾਮਲੇ ਵਿਚ ਬਾਦਲਾਂ ਦੇ ਬਕਾਇਦਾ ਨਾਵਾਂ 'ਤੇ ਪਰਚਾ ਦਰਜ ਕਰਵਾ ਕੇ ਗ੍ਰਿਫ਼ਤਾਰੀਆਂ ਕਰਵਾਉਣੀਆਂ ਚਾਹੀਦੀਆਂ ਸਨ।

ਉਨ੍ਹਾਂ ਅਨੁਸਾਰ ਇਸ ਮਾਮਲੇ ਵਿਚ ਜਥੇਦਾਰ ਮੰਡ ਨੇ ਕਾਹਲੀ ਕੀਤੀ ਹੈ। ਮੋਰਚੇ ਦੀ ਅਗਲੀ ਰਣਨੀਤੀ ਬਾਰੇ ਹੋਣ ਵਾਲੀ ਬੈਠਕ ਵਿਚ ਜਾਣ ਦਾ ਅਜੇ ਕੋਈ ਪ੍ਰੋਗਰਾਮ ਨਹੀਂ ਹੈ।

ਉਨ੍ਹਾਂ ਕਿਹਾ, "ਸੰਘਰਸ਼ ਕਰਦੇ ਰਹਾਂਗੇ ਪਰ ਤਾਨਾਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਮੰਡ ਸਾਹਿਬ ਨੇ ਇਹੀ ਤਾਨਾਸ਼ਾਹੀ ਕੀਤੀ ਹੈ।''

ਮੰਡ ਤੇ ਦਾਦੂਵਾਲ ਮੁਤਾਬਕ ਮੋਰਚੇ ਦੀਆਂ ਪ੍ਰਾਪਤੀਆਂ

  • ਬਰਾਗਾੜੀ , ਮਲਕੇ, ਗੁਰੂਸਰ ਤੇ ਭਾਈ-ਭਗਤਾ ਬੇਅਦਬੀ ਕੇਸਾਂ ਵਿਚ 26 ਬੰਦੇ ਫੜੇ ਗਏ
  • ਬਾਦਲ ਦੇ ਰਾਜ ਦੀ ਅਣ-ਪਛਾਤੀ ਪੁਲਿਸ ਉੱਤੇ ਬਾਇ ਨੇਮ ਕੇਸ ਦਰਜ
  • 295-ਏ ਤਹਿਤ ਜਿਹੜੇ ਕੇਸ ਹੋਏ ਉਹ ਰੱਦ ਹੋਏ ਹਨ
  • ਮ੍ਰਿਤਕਾਂ ਤੇ ਜਖ਼ਮੀਆਂ ਦੇ ਪੀੜ੍ਹਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ ਤੇ ਜੋ ਰਹਿ ਗਏ ਹਨ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ।
  • ਬਰਗਾੜੀ ਦਾ ਨਾਂ ਬਰਗਾੜੀ ਸਾਹਿਬ ਰੱਖੇ ਜਾਣ ਦਾ ਐਲਾਨ ਕੀਤਾ ਗਿਆ
  • ਦਿਲਬਾਗ ਸਿੰਘ ਬਾਘਾ ਦੀ 26 ਸਾਲ ਬਾਅਦ ਰਿਹਾਈ ਹੋ ਰਹੀ ਹੈ, ਬਾਹਰਲੇ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਪੰਜਾਬ ਲਿਆਉਣ ਲਈ ਪੱਤਰ ਲਿਖੇ ਗਏ ਹਨ ।
  • ਪੈਰੋਲ ਦਾ ਸਮਾਂ ਵਧਾ 16 ਹਫ਼ਤੇ ਕਰਨ ਲਈ ਕੈਬਨਿਟ ਨੇ ਫੈਸਲਾ ਲਿਆ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)