ਕਮਲ ਨਾਥ ਬਣਨਗੇ ਮੱਧ ਪ੍ਰਦੇਸ਼ ਦੇ ਨਵੇਂ ਸੀਐੱਮ, ਪਰ 1984 ਸਿੱਖ ਕਤਲੇਆਮ ’ਤੇ ਮੁੜ ਵਿਵਾਦ

ਕਾਂਗਰਸ ਵੱਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਐਲਾਨੇ ਗਏ ਕਮਲ ਨਾਥ ਦੀ ਗੁੱਡੀ ਉੱਥੇ ਵਿਧਾਨ ਸਭਾ ਚੋਣਾਂ ਵੇਲੇ ਤੋਂ ਹੀ ਚੜ੍ਹਦੀ ਨਜ਼ਰ ਆ ਰਹੀ ਸੀ। ਇਸ ਤੋਂ ਲਗਦਾ ਹੈ ਕਿਵੇਂ ਸਿਆਸਤ 'ਚ ਹਾਲਾਤ ਦੋ ਸਾਲਾਂ 'ਚ ਹੀ ਪੂਰੀ ਤਰ੍ਹਾਂ ਬਦਲ ਸਕਦੇ ਹਨ।

ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ।

ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ।

ਵੀਰਵਾਰ ਨੂੰ ਕਾਂਗਰਸ ਆਲਾ ਕਮਾਨ ਵੱਲੋਂ ਕਮਲ ਨਾਥ ਦਾ ਨਾਂ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਐਲਾਨ ਦਿੱਤਾ ਗਿਆ। ਪਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀ ਪੁਸ਼ਟੀ ਤੋਂ ਪਹਿਲਾਂ ਹੀ ਪੰਜਾਬ 'ਚ ਵਿਰੋਧੀ ਪਾਰਟੀਆਂ ਤੇ ਸਿੱਖ ਸਿਆਸੀ ਹਲਕਿਆਂ 'ਚ ਇਸ ਬਾਰੇ ਗੁੱਸਾ ਜ਼ਾਹਰ ਹੋਣ ਲੱਗਾ।

ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜ ਰਹੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਇੱਕ ਅਖਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਖੁਦ ਨੂੰ ਸੈਕੂਲਰ ਪਾਰਟੀ ਆਖਦੀ ਹੈ ਤਾਂ ਉਸ ਨੂੰ ਅਜਿਹੇ ਵਿਅਕਤੀ ਨੂੰ ਅੱਗੇ ਨਹੀਂ ਲਿਆਉਣਾ ਚਾਹੀਦਾ।

ਪੱਤਰਕਾਰ ਰਹੇ ਵਿਧਾਇਕ ਕੰਵਰ ਸੰਧੂ ਨੇ ਵੀ 'ਦਿ ਇੰਡੀਅਨ ਐਕਸਪ੍ਰੈੱਸ' ਨੂੰ 1984 ਦੇ ਹਵਾਲੇ ਨਾਲ ਕਿਹਾ, "ਇਹ ਕਾਂਗਰਸ ਦੀ ਜ਼ਿੰਮੇਵਾਰੀ ਹੈ ਕਿ ਉਹ ਯਾਦ ਰੱਖੇ ਕਿ ਧਾਰਨਾ ਅਜੇ ਵੀ ਹੈ ਕਿ ਕਮਲ ਨਾਥ 1984 ਕਤਲੇਆਮ 'ਚ ਭੂਮਿਕਾ ਬਾਰੇ ਸਫਾਈ ਦੇਣ 'ਚ ਨਾਕਾਮਯਾਬ ਰਹੇ ਹਨ, ਭਾਵੇਂ ਉਨ੍ਹਾਂ ਉੱਪਰ ਕੋਈ ਅਦਾਲਤੀ ਕਾਰਵਾਈ ਨਹੀਂ ਚਲ ਰਹੀ।"

ਇਹ ਵੀ ਪੜ੍ਹੋ

ਦਿੱਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਭਾਜਪਾ ਦੀ ਟਿਕਟ 'ਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰ ਕੇ ਕਾਂਗਰਸ ਦੀ ਫਜ਼ੀਹਤ ਕੀਤੀ।

ਕਮਿਸ਼ਨ ਦੀ ਦਲੀਲ, ਚਸ਼ਮਦੀਦ ਦਾ ਬਿਆਨ

ਕਮਲ ਨਾਥ ਨੇ ਮੌਜੂਦਾ ਹਾਲਾਤ ਉੱਪਰ ਤਾਂ ਕੋਈ ਬਿਆਨ ਨਹੀਂ ਦਿੱਤਾ ਹੈ ਪਰ ਉਨ੍ਹਾਂ ਨੇ 2016 'ਚ ਪੰਜਾਬ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਸੀ, "ਇਸ ਮਾਮਲੇ 'ਚ ਇੱਕ ਵਿਸ਼ੇਸ਼ ਜਾਂਚ ਟੀਮ, ਮਿਸ਼ਰਾ ਕਮਿਸ਼ਨ ਅਤੇ ਨਾਨਾਵਟੀ ਕਮਿਸ਼ਨ ਪੜਤਾਲ ਕਰ ਚੁੱਕੇ ਹਨ। ਮੈਂ ਹੁਣ ਵੀ ਜਾਂਚ ਲਈ ਤਿਆਰ ਹਾਂ, ਭਾਵੇਂ ਸੀਬੀਆਈ ਕਰ ਲਵੇ।"

1 ਨਵੰਬਰ, 1984 ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਮੌਜੂਦ ਹੋਣ ਬਾਰੇ ਕਮਲ ਨਾਥ ਨੇ ਉਦੋਂ ਵੀ ਸਫਾਈ ਦਿੱਤੀ ਕਿ ਉਹ ਤਾਂ ਭੀੜ ਨੂੰ ਹਮਲਾ ਕਰਨ ਤੋਂ ਰੋਕਣ ਗਏ ਸਨ। ਹਮਲੇ 'ਚ ਦੋ ਸਿੱਖਾਂ ਦੀ ਮੌਤ ਹੋਈ ਸੀ।

ਨਾਨਾਵਟੀ ਕਮਿਸ਼ਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਾਲ 2000 'ਚ ਬਣਾਇਆ ਸੀ ਅਤੇ ਇਸ ਨੇ ਕਮਲ ਨਾਥ ਦੀ ਕਥਿਤ ਭੂਮਿਕਾ ਨੂੰ ਨਹੀਂ ਮੰਨਿਆ ਸੀ। ਕਮਿਸ਼ਨ ਨੇ ਆਖਿਆ ਸੀ ਕਿ ਪੱਤਰਕਾਰ "ਸੰਜੇ ਸੂਰੀ ਦੇ ਬਿਆਨ ਮੁਤਾਬਕ ਕਮਲ ਨਾਥ ਨੇ ਭੀੜ ਨੂੰ ਰੋਕਿਆ ਸੀ" ਅਤੇ ਕਮਿਸ਼ਨ ਮੁਤਾਬਕ ਸਾਬਤ ਨਹੀਂ ਹੁੰਦਾ ਕਿ ਕਮਲ ਨਾਥ ਨੇ ਭੀੜ ਨੂੰ ਉਕਸਾਇਆ ਵੀ ਸੀ।

ਪੱਤਰਕਾਰ ਸੰਜੇ ਸੂਰੀ, ਜਿਨ੍ਹਾਂ ਨੇ ਚਸ਼ਮਦੀਦ ਵਜੋਂ ਇੱਕ ਕਿਤਾਬ ਵੀ ਲਿਖੀ ਹੈ, ਨੇ 2015 'ਚ ਦਿੱਤੇ ਇੱਕ ਇੰਟਰਵਿਊ ਵਿੱਚ ਮੁੜ ਸੁਆਲ ਚੁੱਕਿਆ ਸੀ ਕਿ ਕਮਲ ਨਾਥ ਦੇ ਕਹਿਣ ਉੱਪਰ ਭੀੜ ਦੇ ਰੁਕਣ ਤੋਂ ਇਹ ਸਵਾਲ ਉੱਠਦਾ ਹੈ ਕਿ ਕਮਲ ਨਾਥ ਤੇ ਭੀੜ ਦਾ ਕੀ ਰਿਸ਼ਤਾ ਸੀ ਅਤੇ ਕਮਲ ਨਾਥ ਦਾ ਭੀੜ ਉੱਪਰ "ਕੰਟਰੋਲ" ਸੀ।

ਇਹ ਵੀ ਪੜ੍ਹੋ

ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਉੱਤੇ ਇਲਜ਼ਾਮਾਂ ਨੂੰ 2016 'ਚ ਉਨ੍ਹਾਂ ਦੇ ਪੰਜਾਬ ਅਹੁਦੇ ਤੋਂ ਹਟਣ ਤੋਂ ਬਾਅਦ ਰਾਜਨੀਤਿਕ ਸਾਜਸ਼ ਵਜੋਂ ਪਰਿਭਾਸ਼ਤ ਕੀਤਾ ਸੀ।

ਭਾਜਪਾ ਬਨਾਮ ਕਾਂਗਰਸ

ਜਿੱਥੋਂ ਤਕ ਭਾਜਪਾ ਦਾ ਸੁਆਲ ਹੈ, ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪਿਛਲੇ ਮਹੀਨੇ, ਮੱਧ ਪ੍ਰਦੇਸ਼ ਦੀਆਂ ਚੋਣਾਂ ਦੁਆਰਾਂ ਕਮਲ ਨਾਥ ਉੱਤੇ ਲੱਗੇ ਇਲਜ਼ਾਮਾਂ ਦਾ ਮੁੜ ਜ਼ਿਕਰ ਕੀਤਾ ਸੀ ਅਤੇ ਉਨ੍ਹਾਂ ਉੱਪਰ ਕਾਰਵਾਈ ਨਾ ਹੋਣ ਦੀ ਜ਼ਿੰਮੇਵਾਰੀ ਕਾਂਗਰਸ ਅਤੇ ਉਸ ਦੀਆਂ ਸਰਕਾਰਾਂ ਉੱਪਰ ਮੜ੍ਹੀ ਸੀ।

ਉਨ੍ਹਾਂ ਦਾ ਬਿਆਨ ਸੀ, "ਕਾਂਗਰਸ ਨੂੰ ਇਹ ਦੱਸਣਾ ਪਵੇਗਾ ਕਿ ਉਸ ਨੇ 2016 'ਚ ਕਮਲ ਨਾਥ ਨੂੰ ਪੰਜਾਬ ਇੰਚਾਰਜ ਵਜੋਂ ਕਿਉਂ ਹਟਾਇਆ ਸੀ।"

ਇਹ ਵੀਡੀਓ ਵੀ ਜ਼ਰੂਰ ਦੇਖੋ