ਸੁਬਰਾਮਨੀਅਮ ਸਵਾਮੀ ਦੀ ਮੋਦੀ ਤੇ ਸ਼ਾਹ ਨੂੰ ਕੀ ਹੈ ਨਸੀਹਤ

    • ਲੇਖਕ, ਫੈਸਲ ਮੁਹੰਮਦ ਅਲੀ
    • ਰੋਲ, ਬੀਬੀਸੀ ਪੱਤਰਕਾਰ

ਹਾਲ ਹੀ ਵਿਚ ਖਤਮ ਹੋਈਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਤੋਂ ਬਾਅਦ ਭਾਜਪਾ ਲੀਡਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਲੋਕਾਂ ਦਾ ਠੇਕੇਦਾਰ ਨਹੀਂ ਸਮਝਣਾ ਚਾਹੀਦਾ ਅਤੇ ਪਾਰਟੀ ਨੂੰ ਜਾਗਣ ਦੀ ਲੋੜ ਹੈ।

ਬੀਬੀਸੀ ਨਾਲ ਇੱਕ ਖਾਸ ਗੱਲਬਾਤ 'ਚ ਜਦੋਂ ਪਾਰਟੀ ਦੇ ਪ੍ਰਦਰਸ਼ਨ ਅਤੇ ਪਾਰਟੀ ਪ੍ਰਧਾਨ ਦੀ ਰਣਨੀਤੀ ਬਾਰੇ ਪੁੱਛਿਆ ਗਿਆ, ਤਾਂ ਸੁਬਰਾਮਨੀਅਮ ਸਵਾਮੀ ਨੇ ਕਿਹਾ, "ਅਸੀਂ ਤਾਂ ਕਹਿੰਦੇ ਸੀ ਜਿੱਤਦੇ ਜਾਵਾਂਗੇ, ਜਿੱਤਦੇ ਜਾਵਾਂਗੇ ਪਰ ਜਨਤਾ ਬਾਰੇ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ। ਇੰਧਰਾ ਗਾਂਧੀ ਵੀ ਇਹੀ ਸਮਝਦੀ ਸੀ ਪਰ ਕੀ ਹੋਇਆ? ਉਹ ਖ਼ੁਦ ਹੀ ਹਾਰ ਗਈ।"

ਸ਼ਾਹ ਦਾ ਦਾਅਵਾ

ਆਪਣੀ ਬੇਬਾਕੀ ਲਈ ਜਾਣੇ ਜਾਣ ਵਾਲੇ ਸਵਾਮੀ ਨੇ ਕਿਸੇ ਦਾ ਨਾਮ ਤਾਂ ਨਹੀਂ ਲਿਆ ਪਰ ਲੋਕਾਂ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਉਹ ਬਿਆਨ ਜ਼ਰੂਰ ਯਾਦ ਹੋਵੇਗਾ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ 2019 ਉਹ ਜਿੱਤਣਗੇ ਅਤੇ ਉਸ ਤੋਂ ਬਾਅਦ ਅਗਲੇ 50 ਸਾਲਾਂ ਤੱਕ ਪਾਰਟੀ ਦੇਸ ਵਿੱਚ ਸ਼ਾਸਨ ਕਰੇਗੀ।

ਸਤੰਬਰ ਵਿੱਚ ਭਾਜਪਾ ਰਾਸ਼ਟਰੀ ਕਾਰਜਕਰਨੀ ਦੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਹ ਗੱਲ ਮੀਡੀਆ ਨੂੰ ਦੱਸੀ ਸੀ।

ਮੰਗਲਵਾਰ ਨੂੰ ਆਏ ਚੋਣ ਨਤੀਜਿਆਂ ਵਿੱਚ ਭਾਜਪਾ ਨੂੰ ਤਿੰਨ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਾਂਗਰਸ ਤਿੰਨ ਸੂਬਿਆਂ ਵਿੱਚ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ:

ਪਰ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਇਨ੍ਹਾਂ ਵੋਟਾਂ ਨੂੰ ਕਾਂਗਰਸ ਦੇ ਪੱਖ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ, ਕਿਉਂਕਿ ਛੱਤੀਸਗੜ੍ਹ ਤੋਂ ਇਲਾਵਾ ਕਾਂਗਰਸ ਨੂੰ ਬਾਕੀ ਦੋਵਾਂ ਸੂਬਿਆਂ 'ਚ ਬਹੁਮਤ ਨਹੀਂ ਮਿਲੀ।

ਸਵਾਮੀ ਨੇ ਕਿਹਾ, "ਉੱਤਰ-ਪੂਰਬੀ ਸੂਬੇ ਮਿਜ਼ੋਰਮ 'ਚ ਜਿੱਥੇ ਕਾਂਗਰਸ ਪਾਰਟੀ ਸੱਤਾ ਵਿੱਚ ਸੀ ਉੱਥੇ ਉਹ ਹਾਰ ਗਈ ਹੈ ਅਤੇ ਦੱਖਣੀ ਸੂਬੇ ਤੇਲੰਗਾਨਾ ਵਿੱਚ ਵੀ ਉਸ ਨੂੰ ਕੋਈ ਕਾਮਯਾਬੀ ਹਾਸਲ ਨਹੀਂ ਹੋਈ ਹੈ।"

ਭਾਜਪਾ ਦੇ ਰਾਜ ਸਭਾ ਮੈਂਬਰ ਦਾ ਕਹਿਣਾ ਸੀ ਕਿ ਚੋਣ ਨਤੀਜਿਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਜਨਤਾ ਭਾਜਪਾ ਨੂੰ ਜਗਾਉਣਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਦੇ ਕਾਰਨ ਕਿਸਾਨ ਅਤੇ ਵਪਾਰੀਆਂ ਵਿੱਚ ਨਰਾਜ਼ਗੀ ਹੈ। ਇਹ ਲੋਕ ਪਰੰਪਰਾਗਤ ਰੂਪ ਤੋਂ ਭਾਜਪਾ ਦੇ ਸਮਰਥਕ ਰਹੇ ਹਨ।

ਉਹ ਵਿਦੇਸ਼ਾਂ ਤੋਂ ਕਾਲਾ ਧਨ ਵਾਪਿਸ ਲਿਆਉਣ ਦੇ ਵਾਅਦੇ ਨੂੰ ਭਾਜਪਾ ਵੱਲੋਂ ਪੂਰਾ ਨਾ ਕਰਨ 'ਤੇ ਵੀ ਜਨਤਾ ਨੇ ਨਾਰਾਜ਼ਗੀ ਜਾਹਰ ਕੀਤੀ ਹੈ ਅਤੇ ਉਹ ਦਾਅਵਾ ਕਰਦੇ ਹਨ ਕਿ 15 ਲੱਖ ਰੁਪਏ ਹਰ ਭਾਰਤੀ ਦੇ ਖਾਤੇ ਵਿੱਚ ਪਾਉਣ ਦਾ ਜਿਹੜਾ ਵਾਅਦਾ ਪ੍ਰਧਾਨ ਮੰਤਰੀ ਨੇ ਕੀਤਾ ਸੀ ਉਹ ਜ਼ਰੂਰ ਪੂਰਾ ਹੋਵੇਗਾ।

ਇਹ ਵੀ ਪੜ੍ਹੋ:

ਸਵਾਮੀ ਇਹ ਵੀ ਕਹਿੰਦੇ ਹਨ ਕਿ ਰਾਮ ਮੰਦਿਰ ਦੇ ਨਿਰਮਾਣ ਦੇ ਮੁੱਦੇ 'ਤੇ ਭਾਜਪਾ ਨੂੰ ਜ਼ੋਰ-ਸ਼ੋਰ ਨਾਲ ਕੰਮ ਕਰਨਾ ਹੋਵੇਗਾ। ਹਾਲਾਂਕਿ ਇਸ ਮਸਲੇ ਨੂੰ ਉਹ ਅਦਾਲਤ ਜ਼ਰੀਏ ਸੁਲਝਾਉਣਾ ਚਾਹੁੰਦੇ ਹਨ ਜਿੱਥੇ ਉਨ੍ਹਾਂ ਦੀ ਇੱਕ ਅਰਜ਼ੀ ਪੈਂਡਿੰਗ ਪਈ ਹੋਈ ਹੈ।

ਆਰਐਸਐਸ ਅਤੇ ਵੀਐਚਪੀ ਰਾਮ ਮੰਦਿਰ ਨਿਰਮਾਣ ਲਈ ਕਾਨੂੰਨ ਲਿਆਉਣ ਦੀ ਮੰਗ ਕਰ ਰਹੇ ਹਨ ਪਰ ਸਵਾਮੀ ਦਾ ਕਹਿਣਾ ਹੈ ਕਿ ਕਾਨੂੰਨ ਜਾਂ ਬਿੱਲ ਲਿਆਏ ਜਾਣ ਦੇ ਮਾਮਲੇ 'ਤੇ ਉਹ ਕੁਝ ਨਹੀਂ ਕਹਿਣਾ ਚਾਹੁਣਗੇ ਕਿਉਂਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਉਨ੍ਹਾਂ ਨੇ ਅਦਾਲਤ ਵਿੱਚ ਚਲਾਈ ਹੋਈ ਹੈ ਉਸ ਨੂੰ ਨੁਕਸਾਨ ਹੋ ਸਕਦਾ ਹੈ।

ਨਰਾਜ਼ਗੀ

ਸ਼ਕਤੀਕਾਂਤ ਦਾਸ ਨੂੰ ਆਰਬੀਆਈ ਦਾ ਗਵਰਨਰ ਨਿਯੁਕਤ ਕੀਤੇ ਜਾਣ 'ਤੇ ਸੁਬਰਾਮਨੀਅਮ ਸਵਾਮੀ ਨਰਾਜ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਮਝ ਸਕਦੇ ਹਨ ਕਿ ਜਿਸ ਆਦਮੀ ਨੂੰ ਉਨ੍ਹਾਂ ਨੇ ਵਿੱਤ ਮੰਤਰਾਲੇ ਤੋਂ ਬਾਹਰ ਕਰਵਾਇਆ ਸੀ, ਉਸ ਨੂੰ ਦੇਸ ਦੇ ਕੇਂਦਰੀ ਬੈਂਕ ਦਾ ਮੁਖੀਆ ਕਿਵੇਂ ਬਣਾ ਦਿੱਤਾ ਗਿਆ।

ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ 'ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)