ਕਿਵੇਂ ਕੁਝ ਲੋਕ ਪਾਣੀ ’ਚ ਨੰਗੀਆਂ ਅੱਖਾਂ ਨਾਲ ਵੇਖ ਲੈਂਦੇ

ਚਮਤਕਾਰੀ ਸ਼ਕਤੀਆਂ ਵਾਲੇ ਸੂਪਰ ਹੀਰੋ ਬੱਚਿਆਂ ਦੇ ਕੌਮਿਕਾਂ ਅਤੇ ਵਿਗਿਆਨਕ ਕਲਪਨਾ ਵਾਲੀਆਂ ਕਹਾਣੀਆਂ ਵਿੱਚ ਹੀ ਹੁੰਦੇ ਹਨ।

ਫਿਰ ਵੀ ਕੁਝ ਇਨਸਾਨਾਂ ਵਿੱਚ ਕੁਝ ਅਜਿਹੀਆਂ ਵਿਲੱਖਣ ਸ਼ਕਤੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਕੋਈ ਆਮ ਬੰਦਾ ਤਾਂ ਬਸ ਸੁਪਨੇ ਵਿੱਚ ਹੀ ਸੋਚ ਸਕਦਾ ਹੈ।

ਕੁਝ ਵਿਅਕਤੀਆਂ ਵਿੱਚ ਇਨ੍ਹਾਂ ਸ਼ਕਤੀਆਂ ਨੂੰ ਇਨ੍ਹਾਂ ਦਾ ਸਿਹਰਾ ਜੀਨਾਂ ਦੇ ਸਿਰ ਬੰਨ੍ਹਿਆ ਜਾਂਦਾ ਹੈ ਤਾਂ ਕਈ ਵਾਰ ਇਸ ਨੂੰ ਕਿਸੇ ਵਿਅਕਤੀ ਦੀ ਆਪਣੇ ਹਾਲਾਤ ਨਾਲ ਢਲਣ ਦੀ ਯੋਗਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਇਨ੍ਹਾਂ ਵਿੱਚੋਂ ਪੰਜ ਯੋਗਤਾਵਾਂ ਬਾਰੇ ਅਸੀਂ ਗੱਲ ਕਰਾਂਗੇ ਜਿਹੜੀਆਂ ਸਾਡੇ ਵਿੱਚੋਂ ਕਿਸੇ ਟਾਵੇਂ-ਟੱਲੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਹਨ।

1. ਪਾਣੀ ਦੇ ਹੇਠਾਂ ਦੇਖ ਸਕਣਾ

ਆਮ ਕਰਕੇ ਸਾਨੂੰ ਪਾਣੀ ਵਿੱਚ ਸਪਸ਼ਟ ਨਜ਼ਰ ਨਹੀਂ ਆਉਂਦਾ। ਪਰ ਮਇਆਮਾਰ ਅਤੇ ਥਾਈਲੈਂਡ ਦੇ ਅੰਡੇਮਾਨ ਨਾਲ ਲਗਦੇ ਤਟਾਂ ਉੱਪਰ ਵਸਦੇ ਮੋਕਨ ਕਬੀਲੇ ਦੇ ਬੱਚੇ ਇਸ ਦਾ ਅਪਵਾਦ ਹਨ।

ਟਾਪੂਆਂ ਦੇ ਇਨ੍ਹਾਂ ਵਾਸੀਆਂ ਨੂੰ ਸਮੁੰਦਰੀ-ਘੁਮਕੜ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਲ ਦਾ ਬਹੁਤਾ ਸਮਾਂ ਸਮੁੰਦਰ ਵਿੱਚ ਕਿਸ਼ਤੀਆਂ ਵਿੱਚ ਰਹਿ ਕੇ ਹੀ ਬਿਤਾਉਂਦੇ ਹਨ। ਜਿੱਥੋਂ ਇਹ ਸਮੁੰਦਰੀ ਜੀਵ-ਜੰਤੂਆਂ ਅਤੇ ਬੂਟੀਆਂ ਵਿੱਚ ਆਪਣੀ ਖ਼ੁਰਾਕ ਦੀ ਭਾਲ ਕਰਦੇ ਹਨ।

ਇਹ ਵੀ ਪੜ੍ਹੋ:

ਇਹੀ ਗੱਲ ਸਪਸ਼ਟ ਕਰਦੀ ਹੈ ਕਿ ਉਨ੍ਹਾਂ ਦੀ ਪਾਣੀ ਦੇ ਹੇਠਾਂ ਵੀ ਇੰਨੀ ਸਪਸ਼ਟ ਨਜ਼ਰ ਕਿਉਂ ਹੁੰਦੀ ਹੈ।

ਇਸ ਦੇ ਪਿੱਛੇ ਮਨੁੱਖੀ ਅੱਖ ਦੀ ਬਣਤਰ ਅਤੇ ਪਾਣੀ ਦੇ ਹੇਠਾਂ ਅਤੇ ਹਵਾ ਵਿੱਚ ਇਸ ਦੇ ਕੰਮ ਕਰਨ ਪਿਛਲਾ ਵਿਗਿਆਨ ਹੈ।

ਜਦੋਂ ਅਸੀਂ ਹਵਾ ਵਿੱਚ ਦੇਖ ਰਹੇ ਹੁੰਦੇ ਹਾਂ ਤਾਂ ਰੌਸ਼ਨੀ ਸਾਡੀਆਂ ਪੁਤਲੀਆਂ ਨਾਲ ਟਕਰਾਉਣ ਤੋਂ ਬਾਅਦ ਪ੍ਰਵਰਤਿਤ ਹੋ ਜਾਂਦੀ ਹੈ। ਕੋਰਨੀਆ ਹਵਾ ਦੇ ਮੁਕਾਬਲੇ ਕਿਤੇ ਜ਼ਿਆਦਾ ਘਣਤਾ ਵਾਲਾ ਹੁੰਦਾ ਹੈ।

ਪਾਣੀ ਦੀ ਘਣਤਾ ਸਾਡੇ ਅੱਖ ਦੇ ਤਰਲ ਜਾਂ ਕੋਰਨੀਆ ਦੇ ਬਰਾਬਰ ਹੀ ਹੁੰਦੀ ਹੈ। ਜਿਸ ਕਾਰਨ ਨਜ਼ਰ ਨੂੰ ਫੋਕਸ ਕਰ ਸਕਣ ਲਈ ਲੋੜੀਂਦਾ ਪ੍ਰਵਰਤਨ ਨਹੀਂ ਹੋ ਪਾਉਂਦਾ ਜਿਸ ਕਾਰਨ ਅਸੀਂ ਪਾਣੀ ਦੇ ਥੱਲੇ ਸਾਫ਼ ਨਹੀਂ ਦੇਖ ਸਕਦੇ।

ਤੈਰਾਕੀ ਵਾਲੀਆਂ ਐਨਕਾਂ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਨਾਲ ਪਾਣੀ ਅਤੇ ਸਾਡੀਆਂ ਅੱਖਾਂ ਵਿਚਕਾਰ ਇੱਕ ਹਵਾ ਦਾ ਬੁਲਬੁਲਾ ਬਣ ਜਾਂਦਾ ਹੈ।

ਸਾਲ 2003 ਵਿੱਚ ਕਰੰਟ ਬਾਇਓਲਜੀ ਵਿੱਚ ਛਪੇ ਇੱਕ ਅਧਿਐਨ ਮੁਤਾਬਕ ਵਿੱਚ ਦੱਸਿਆ ਗਿਆ ਕਿ ਮੋਕਨ ਬੱਚਿਆਂ ਦੀਆਂ ਅੱਖਾਂ ਪਾਣੀ ਦੇ ਥੱਲੇ ਦੇਖਣ ਲਈ ਢਲ ਜਾਂਦੀਆਂ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ-ਡਾਲਫਿਨ ਮੱਛੀਆਂ। ਉਹ ਰੌਸ਼ਨੀ ਨੂੰ ਮੋੜ ਦਿੰਦੀਆਂ ਹਨ ਅਤੇ ਬਿਨਾਂ ਕਿਸੇ ਦਿੱਕਤ ਦੇ ਪਾਣੀ ਵਿੱਚ ਦੇਖ ਲੈਂਦੀਆਂ ਹਨ।

ਅਗਲੀ ਖੋਜ ਨੇ ਇਹ ਸਾਬਤ ਕੀਤਾ ਕਿ ਮੋਕਾ ਬਾਲਗ ਜੋ ਕਿ ਵਧੇਰੇ ਸਮਾਂ ਭਾਲਿਆਂ ਨਾਲ ਸਮੁੰਦਰ ਦੇ ਬਾਹਰ ਰਹਿ ਕੇ ਸ਼ਿਕਾਰ ਕਰਦੇ ਹਨ ਉਨ੍ਹਾਂ ਵਿੱਚ ਇਹ ਯੋਗਤਾ ਖ਼ਤਮ ਹੋ ਜਾਂਦੀ ਹੈ।

2. ਬੇਹੱਦ ਠੰਢੇ ਵਾਤਾਵਰਨ ਨੂੰ ਸਹਿਣਾ

ਮਨੁੱਖੀ ਸਰੀਰ ਦਾ ਤਾਪਮਾਨ 36.5 ਡਿਗਰੀ ਤੋਂ 37.5 ਡਿਗਰੀ ਸੈਲਸੀਅਸ ਦੇ ਵਿਚਕਾਰ ਹੁੰਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਅਸੀਂ ਠੰਢੇ ਨਾਲੋਂ ਗਰਮ ਵਾਤਾਵਰਨ ਜਾਂ ਪੌਣ-ਪਾਣੀ ਵਿੱਚ ਖ਼ੁਸ਼ ਕਿਉਂ ਰਹਿੰਦੇ ਹਾਂ।

ਆਰਕਟਿਕ (ਉੱਤਰੀ ਧਰੁਵ) ’ਤੇ ਵਸਣ ਵਾਲੇ ਇਨਸੂਟਸ, ਜਾਂ ਉੱਤਰੀ ਰੂਸ ਵਿੱਚ ਰਹਿਣ ਵਾਲੇ ਨੈਨਿਟਸ ਲੋਕ, ਜਮ੍ਹਾਂ ਦੇਣ ਵਾਲੇ ਪੌਣ-ਪਾਣੀ ਵਿੱਚ ਰਹਿਣ ਲਈ ਢਲ ਗਏ ਹਨ।

ਉਨ੍ਹਾਂ ਦਾ ਸਰੀਰ ਗਰਮੀ ਪ੍ਰਤੀ ਬਿਲਕੁਲ ਉਹੋ-ਜਿਹੀ ਪ੍ਰਤੀਕਿਰਿਆ ਕਰਦਾ ਹੈ ਜਿਵੇਂ ਅਸੀਂ ਸਰਦੀ ਪ੍ਰਤੀ ਕਰਦੇ ਹਾਂ।

ਉਨ੍ਹਾਂ ਦੀ ਚਮੜੀ ਸਾਡੇ ਨਾਲੋਂ ਗਰਮ ਹੈ ਤੇ ਹਜ਼ਮਾ ਸਾਡੇ ਨਾਲੋਂ ਤੇਜ਼। ਉਨ੍ਹਾਂ ਦੇ ਪਸੀਨਾ ਗ੍ਰੰਥੀਆਂ ਥੋੜ੍ਹੀਆਂ ਹੁੰਦੀਆਂ ਹਨ ਤੇ ਠੰਢ ਵਿੱਚ ਕੰਬਦੇ ਵੀ ਨਹੀਂ।

ਇਹ ਸਾਰਾ ਕੁਝ ਜਨੈਟਿਕ ਹੈ। ਜੇ ਤੁਸੀਂ ਇਨਸੂਟਸ ਜਾਂ ਨੈਨਿਟਸ ਨਹੀਂ ਹੋ ਤਾਂ ਤੁਸੀਂ ਦਹਾਕਿਆਂ ਤੱਕ ਉੱਤਰੀ ਧਰੁਵ ਤੇ ਰਹਿ ਕੇ ਵੀ ਅਜਿਹੀ ਠੰਢ ਸਹਿਣ ਦੀ ਅਜਿਹੀ ਯੋਗਤਾ ਵਿਕਸਿਤ ਨਹੀਂ ਕਰ ਸਕਦੇ।

3. ਉਨੀਂਦਰੇ ਰਹਿ ਕੇ ਵੀ ਕੰਮ ਕਰਨਾ

ਬਹੁਤੇ ਲੋਕਾਂ ਨੂੰ ਆਰਾਮ ਕਰਨ ਲਈ ਸੱਤ ਤੋਂ ਅੱਠ ਘੰਟਿਆ ਦੀ ਨੀਂਦ ਦੀ ਜ਼ਰੂਰਤ ਹੁੰਦੀ ਹੈ।

ਪਰ ਸਾਲ 2014 ਵਿੱਟ ਅਮੈਰੀਕਨ ਅਕੈਡਿਮੀ ਆਫ਼ ਸਲੀਪ ਮੈਡੀਸਨ ਨੇ ਇੱਕ ਜੀਨ ਦੀ ਪਛਾਣ ਕੀਤੀ ਹੈ, ਜਿਸ ਕਾਰਨ ਕੁਝ ਲੋਕ ਰਾਤ ਨੂੰ ਉਨੀਂਦਰੇ ਰਹਿ ਕੇ ਵੀ ਊਰਜਾ ਨਾਲ ਕੰਮ ਕਰਦੇ ਰਹਿੰਦੇ ਹਨ।

ਬਦਲਿਆ ਹੋਇਆ DEC2 ਜੀਨ ਨੀਂਦ ਦੌਰਾਨ ਹੁੰਦੀ ਸਾਡੀ ਅੱਖਾਂ ਦੀ ਤੇਜ਼ ਹਿਲਜੁਲ ਲਈ ਜ਼ਿੰਮੇਵਾਰ ਹੁੰਦਾ ਹੈ ਜਿਸ ਕਾਰਨ ਆਰਾਮ ਹੋਰ ਵੀ ਕਾਰਗਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ:

ਇਸ ਕਾਰਨ ਉਨੀਂਦਰੇ ਦੇ ਮਾੜੇ ਅਸਰ ਤੋਂ ਵੀ ਬਚਾਅ ਹੁੰਦਾ ਹੈ। ਉਨੀਂਦਰੇ ਕਾਰਨ ਕੰਮ ਵਿੱਚ ਧਿਆਨ ਲਾਉਣ ਵਿੱਚ ਦਿੱਕਤ ਆਉਂਦੀ ਹੈ ਅਤੇ ਸਿਹਤ ਦਾ ਵੀ ਨੁਕਸਾਨ ਹੁੰਦਾ ਹੈ।

ਸਾਈਂਸਦਾਨਾਂ ਦਾ ਕਹਿਣਾ ਹੈ ਕਿ ਇਹ ਜੀਨ ਦੇ ਰੂਪ ਵਿੱਚ ਇਹ ਫਰਕ ਬਹੁਤ ਘੱਟ, ਲਗਪਗ 1 ਫੀਸਦੀ ਲੋਕਾਂ ਵਿੱਚ ਹੁੰਦਾ ਹੈ- ਜੋ ਕਹਿੰਦੇ ਹਨ ਕਿ ਉਹ ਛੇ ਘੰਟਿਆਂ ਤੋਂ ਵੀ ਘੱਟ ਸਮਾਂ ਸੌਂਦੇ ਹਨ।

4.ਮਜ਼ਬੂਤ ਹੱਡੀਆਂ

ਉਮਰ ਦੇ ਨਾਲ ਹੱਡੀਆਂ ਦਾ ਭਾਰ ਘਟਣਾ ਇੱਕ ਆਮ ਪ੍ਰਕਿਰਿਆ ਹੈ ਪਰ ਕੁਝ ਲੋਕਾਂ ਦੀਆਂ ਹੱਡੀਆਂ ਦਾ ਭਾਰ ਹੋਰਾਂ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਘਟਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਗਠੀਏ ਅਤੇ ਹੱਡੀਆਂ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ।

ਕੁਝ ਲੋਕਾਂ ਵਿੱਚ ਜੀਨਜ਼ ਦਾ ਰੂਪ ਕੁਝ ਅਜਿਹਾ ਬਣ ਜਾਂਦਾ ਹੈ ਕਿ ਹੱਡੀਆਂ ਦਾ ਭਾਰ ਉਮਰ ਦੇ ਨਾਲ ਘਟਣ ਦੀ ਥਾਂ ਵਧਣ ਲਗਦਾ ਹੈ। ਇਸ ਹਾਲਤ ਨੂੰ—ਸਕਲੈਰੋਸਟਿਉਸਿਸ ਕਿਹਾ ਜਾਂਦਾ ਹੈ।

ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਬੋਥੇਲ ਸ਼ਹਿਰ ਦੇ ਕਿਰੋਸਾਈਂਸ ਰਿਸਰਚ ਐਂਡ ਡਿਵੈਲਪਮੈਂਟ ਦੇ ਸਾਈਂਸਦਾਨਾਂ ਨੇ ਪਛਾਣਿਆ ਹੈ ਕਿ SOST ਜੀਨ ਸਕਲੇਰੋਸਟਿਨ ਪ੍ਰੋਟੀਨ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਪ੍ਰੋਟੀਨ ਹੱਡੀਆਂ ਦੀ ਬਣਤਰ ਨੂੰ ਪ੍ਰਭਾਵਿਤ ਕਰਦਾ ਹੈ।

ਉਨ੍ਹਾਂ ਨੂੰ ਉਮੀਦ ਹੈ ਕਿ ਇਸ ਜਾਣਕਾਰੀ ਨਾਲ ਉਮਰ ਦੇ ਵਧਣ ਨਾਲ ਹੱਡੀਆਂ ਦੇ ਕਮਜ਼ੋਰ ਹੋਣ ਨੂੰ ਰੋਕਿਆ ਜਾ ਸਕੇਗਾ।

ਪਰ ਇਸ ਵਿੱਚ ਇੱਕ ਰੁਕਾਵਟ ਹੈ। ਉਮਰ ਨਾਲ ਹੱਡੀਆਂ ਦਾ ਵਾਧਾ ਹੋਣ ਨਾਲ ਗਿਗਨੈਟਿਜ਼ਮ, ਚਿਹਰੇ ਦੀ ਖਰਾਬੀ ਅਤੇ ਬਹਿਰਾਪਣ ਹੋ ਸਕਦਾ ਹੈ।

5. ਉਚਾਈ ਉੱਪਰ ਰਹਿਣਾ

ਐਂਡੀਅਨ ਭਾਈਚਾਰੇ ਸਮੁੰਦਰ ਤਲ ਤੋਂ 5000 ਮੀਟਰ ਤੋਂ ਵੀ ਉੱਚੇ ਖੇਤਰਾਂ ਵਿੱਚ ਰਹਿੰਦੇ ਹਨ।

ਮੈਦਾਨੀ ਇਲਾਕਿਆਂ ਤੋਂ ਉਚਾਈ ਵੱਲ ਜਾਣ ਨਾਲ ਆਕਸੀਜ਼ਨ ਦੀ ਕਮੀ ਹੋਣ ਲਗਦੀ ਹੈ ਅਤੇ ਸਾਹ ਉਖੜਨ ਲਗਦਾ ਹੈ।

ਚੱਕਰ ਆਉਣਾ, ਸਿਰ ਦਰਦ ਅਤੇ ਲਹੂ ਦਬਾਅ ਦਾ ਡਿੱਗਣਾ ਅਤੇ ਸਾਹ ਲੈਣ ਵਿੱਚ ਮੁਸ਼ਕਿਲ, ਆਕਸੀਜ਼ਨ ਦੀ ਕਮੀ ਦੇ ਲੱਛਣ ਹਨ।

ਐਂਡਸ ਪਹਾੜਾਂ ਦੇ ਬਾਸ਼ਿੰਦਿਆਂ ਅਤੇ ਤਿਬਤੀਆਂ ਉੱਪਰ ਹੋਏ ਅਧਿਐਨਾਂ ਤੋਂ ਸਾਹਮਣੇ ਆਇਆ ਹੈ ਕਿ ਕੁਦਰਤੀ ਚੋਣ ਸਦਕਾ ਇਨ੍ਹਾਂ ਲੋਕਾਂ ਦੇ ਜੀਨਜ਼ ਉਚਾਈ ਉੱਪਰ ਰਹਿਣ ਲਈ ਢਲ ਗਏ ਹਨ।

ਸਮੇਂ ਦੇ ਨਾਲ ਉਨ੍ਹਾਂ ਦੇ ਧੜ ਦਾ ਉੱਪਰੀ ਹਿੱਸਾ ਚੌੜਾ ਹੋ ਗਿਆ ਹੈ, ਜਿਸ ਕਾਰਨ ਫੇਫੜਿਆਂ ਦੀ ਸਮਰੱਥਾ ਵਧ ਗਈ ਹੈ। ਇਸ ਕਾਰਨ ਉਹ ਘੱਟ ਸਾਹ ਲੈ ਕੇ ਹਵਾ ਵਿੱਚੋਂ ਵਧੇਰੇ ਆਕਸੀਜ਼ਨ ਖਿੱਚ ਲੈਂਦੇ ਹਨ।

ਜਦੋਂ ਕਿ ਆਮ ਲੋਕਾਂ ਵਿੱਚ ਆਕਸੀਜ਼ਨ ਦੀ ਕਮੀ ਵਿੱਚ ਲਾਲ ਰੱਤ-ਕਣ ਵਧੇਰੇ ਬਣਨ ਲਗਦੇ ਹਨ, ਇਨ੍ਹਾਂ ਲੋਕਾਂ ਵਿੱਚ ਘੱਟ ਬਣਦੇ ਹਨ।

ਇਹ ਵਿਲੱਖਣਤਾ ਹਜ਼ਾਰਾਂ ਸਾਲਾਂ ਦੇ ਮਨੁੱਖੀ ਵਿਕਾਸ ਦਾ ਸਿੱਟਾ ਹੈ। ਜਿਸ ਕਾਰਨ ਭਲੇ ਹੀ ਪਹਾੜਾਂ ਤੇ ਵਸਣ ਵਾਲੀਆਂ ਅਬਾਦੀਆਂ ਮੈਦਾਨਾਂ ਵੱਲ ਹਿਜਰਤ ਕਰ ਗਈਆਂ ਹਨ ਪਰ ਇਨ੍ਹਾਂ ਲੋਕਾਂ ਦੀਆਂ ਵਿਸ਼ੇਸ਼ਤਾਵਾਂ ਕਾਇਮ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)