You’re viewing a text-only version of this website that uses less data. View the main version of the website including all images and videos.
ਤੇਲੰਗਾਨਾ: ਇੱਥੇ ਮਾਹਵਾਰੀ ਦੌਰਾਨ ਔਰਤਾਂ ਨੂੰ ਮਧੂ ਮੱਖੀ ਡੰਗ ਮਾਰਦੀ ਹੈ?
- ਲੇਖਕ, ਡੀਐੱਲ ਨਰਸਿਮਹਾ
- ਰੋਲ, ਬੀਬੀਸੀ ਪੰਜਾਬੀ ਲਈ
ਤੇਲੰਗਾਨਾ ਸੂਬੇ ਵਿੱਚ ਨਾਲਮਾਲਾ ਫੌਰੈਸਟ ਰੇਂਜ ਵਿੱਚ ਇੱਕ ਮੰਦਿਰ ਹੈ ਨੇਮਾਲਿਗੁੰਦਲਾ ਰੰਗਨਾਇਕਾ। ਇਸ ਮੰਦਿਰ ਵਿੱਚ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ।
ਇੱਥੇ ਲੋਕਾਂ ਵਿੱਚ ਇੱਕ ਮਾਨਤਾ ਹੈ ਕਿ ਜਦੋਂ ਕਿਸੇ ਔਰਤਾਂ ਨੂੰ ਪੀਰੀਅਡਜ਼ ਯਾਨਿ ਮਾਹਵਾਰੀ ਚੱਲ ਰਹੀ ਹੁੰਦੀ ਹੈ ਤਾਂ ਉਸ ਨੂੰ ਮਧੂ ਮੱਖੀ ਡੰਗ ਲੈਂਦੀ ਹੈ।
ਜੇਕਰ ਮੰਦਿਰ ਵੱਲ ਜਾਂਦਿਆਂ ਕਿਸੇ ਔਰਤ ਨੂੰ ਮਧੂ ਮੱਖੀ ਡੰਗ ਮਾਰਦੀ ਹੈ ਤਾਂ ਉਸ ਦੇ ਨੇੜੇ ਮੌਜੂਦ ਮਰਦ ਸਮਝਣ ਲਗਦੇ ਹਨ ਕਿ ਇਸ ਔਰਤ ਨੂੰ ਮਾਹਵਾਰੀ ਆਈ ਹੋਈ ਹੈ ਅਤੇ ਉਹ ਉਸ 'ਤੇ ਚੀਕਣਾ ਸ਼ੁਰੂ ਕਰ ਦਿੰਦੇ ਹਨ।
ਪੀਰੀਅਡਜ਼ ਦੌਰਾਨ ਔਰਤਾਂ ਨੂੰ ਮੰਦਿਰ 'ਚ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਅਤੇ ਇਹ ਸਮਝਿਆ ਜਾਂਦਾ ਹੈ ਕਿ ਜੇਕਰ ਔਰਤਾਂ ਪੀਰੀਅਡਜ਼ ਦੌਰਾਨ ਮੰਦਿਰ 'ਚ ਜਾਣਗੀਆਂ ਤਾਂ ਮੰਦਿਰ ਅਸ਼ੁੱਧ ਹੋ ਜਾਵੇਗਾ।
ਮਿਥਕ ਨਾਲ ਜੁੜੀਆਂ ਕਹਾਣੀਆਂ
ਮੰਦਿਰ ਦੇ ਪੁਰਾਣੇ ਸ਼ਾਸਤਰਾਂ ਨੂੰ ਦੇਖਣ 'ਤੇ ਇਹ ਮਿੱਥ ਨਾਲ ਜੁੜੀਆਂ ਕਹਾਣੀਆਂ ਮਿਲਦੀਆ ਹਨ।
ਮੰਦਿਰ ਦੇ ਪ੍ਰਮੁੱਖ ਦੇਵਤਾ ਵਜੋਂ ਵਿਸ਼ਨੂੰ ਦੇ ਅਵਤਾਰ ਸ਼੍ਰੀ ਮਹਾਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ।
ਕਹਾਣੀ ਮੁਤਾਬਕ ਕਰੀਬ 1500 ਸਾਲ ਪਹਿਲਾਂ ਸ਼੍ਰੀ ਮਹਾਵਿਸ਼ਨੂੰ ਦਾ ਵਿਆਹ ਰੰਗਾ ਨਾਮ ਦੀ ਇੱਕ ਆਦਿਵਾਸੀ ਔਰਤ ਨਾਲ ਹੋਇਆ।
ਮੰਦਿਰ 'ਚ ਜੋ ਤਲਾਬ ਹੈ ਉਹ ਦੇਵਤਾ ਨੇ ਪਾਣੀ ਪੀਣ ਲਈ ਆਪ ਬਣਾਇਆ, ਜਿਸ ਨੂੰ ਨੇਮਾਲਿਗੁੰਦਮ ਕਿਹਾ ਜਾਂਦਾ ਹੈ।
ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਮਧੂ ਮੱਖੀਆਂ ਪੀਰੀਅਡਜ਼ ਦੌਰਾਨ ਮੰਦਿਰ 'ਚ ਦਾਖ਼ਲ ਹੋ ਰਹੀਆਂ ਔਰਤਾਂ ਨੂੰ ਡੰਗ ਕੇ ਮੰਦਿਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਿੱਚ ਸਹਿਯੋਗ ਕਰਦੀਆਂ ਹਨ।
ਲੋਕਾਂ ਵਿਚਾਲੇ ਫੈਲੀ ਇਸੇ ਮਿੱਥ ਨੂੰ ਜਾਣਨ ਲਈ ਅਸੀਂ ਮੰਦਿਰ ਦਾ ਦੌਰਾ ਕੀਤਾ ਅਤੇ ਉੱਥੇ ਪਿੰਡ ਵਾਲਿਆਂ ਅਤੇ ਮੰਦਿਰ ਦੇ ਪੁਜਾਰੀ ਨਾਲ ਵੀ ਗੱਲ ਕੀਤੀ।
ਲੋਕਾਂ 'ਚ ਫੈਲਿਆ ਅੰਧਵਿਸ਼ਵਾਸ
ਸ਼੍ਰੀਨਿਵਾਸ ਰਾਜੂ ਨਾਮ ਦੇ ਇੱਕ ਭਗਤ ਨੇ ਇੱਕ ਪੁਰਾਣੀ ਘਟਨਾ ਯਾਦ ਕਰਦਿਆਂ ਦੱਸਿਆ ਕਿ ਇੱਕ ਗੱਲ ਬਿਲਕੁਲ ਸਹੀ ਹੈ, ਜਦੋਂ ਔਰਤਾਂ ਪੀਰੀਅਡਜ਼ ਦੌਰਾਨ ਮੰਦਿਰ ਵਿੱਚ ਆਉਂਦੀਆਂ ਹਨ ਤਾਂ ਮਧੂ ਮੱਖੀ ਉਨ੍ਹਾਂ ਨੂੰ ਡੰਗ ਮਾਰਦੀ ਹੈ।
ਉਹ ਦੱਸਦੇ ਹਨ ਕਿ ਉਨ੍ਹਾਂ ਦੀ ਸਾਲੀ ਪੀਰੀਅਡਜ਼ ਦੌਰਾਨ ਮੰਦਿਰ ਦੇ ਕੋਲ ਆਈ ਤਾਂ ਮਧੂ ਮੱਖੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ।
ਇਸ ਬਾਰੇ ਔਰਤਾਂ ਨਾਲ ਵੀ ਗੱਲ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਉਹ ਪੀਰੀਅਡਜ਼ ਦੌਰਾਨ ਮੰਦਿਰ ਜਾਣ ਤੋਂ ਗੁਰੇਜ਼ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੇ ਦੇਖਿਆ ਹੈ ਕਿ ਜੋ ਔਰਤਾਂ ਮਾਹਵਾਰੀ ਦੌਰਾਨ ਮੰਦਿਰ ਜਾਂਦੀਆਂ ਹਨ ਤਾਂ ਮਧੂ ਮੱਖੀਆਂ ਉਨ੍ਹਾਂ 'ਤੇ ਹਮਲਾ ਕਰ ਦਿੰਦੀਆਂ ਹਨ।
ਔਰਤਾਂ ਦੱਸਦੀਆਂ ਹਨ ਕਿ ਮਧੂਮੱਖੀਆਂ ਉਨ੍ਹਾਂ ਪੁਰਸ਼ਾਂ ਨੂੰ ਵੀ ਕੱਟ ਲੈਂਦੀਆਂ ਹਨ ਜੋ ਮਹਾਵਾਰੀ ਵਾਲੀਆਂ ਔਰਤਾਂ ਨਾਲ ਮੰਦਿਰ ਆਉਂਦੇ ਹਨ।
ਜਦੋਂ ਮੰਦਿਰ ਦੇ ਪੁਜਾਰੀ ਕੋਲੋਂ ਪੁੱਛਿਆ ਗਿਆ ਕਿ ਆਖ਼ਰ ਪੀਰੀਅਡਜ਼ ਦੌਰਾਨ ਔਰਤਾਂ ਨੂੰ ਮੰਦਿਰ 'ਚ ਕਿਉਂ ਨਹੀਂ ਆਉਣ ਦਿੱਤਾ ਜਾਂਦਾ ਤਾਂ ਪੁਜਾਰੀ ਨੇ ਕਿਹਾ ਕਿ ਇਸ ਦੌਰਾਨ ਔਰਤਾਂ ਦੇ ਸਰੀਰ ਦੀ ਗੰਦਗੀ ਖ਼ੂਨ ਦੇ ਰੂਪ ਵਿੱਚ ਬਾਹਰ ਨਿਕਲ ਰਹੀ ਹੁੰਦੀ ਹੈ।
ਜਿਸ ਤਰ੍ਹਾਂ ਬੈੱਡਰੂਮ ਅਤੇ ਰਸੋਈ ਵਿੱਚ ਪਿਸ਼ਾਬ ਕਰਨਾ ਮਨ੍ਹਾਂ ਹੈ, ਠੀਕ ਉਵੇਂ ਹੀ ਪੀਰੀਅਡਜ਼ ਦੌਰਾਨ ਔਰਤਾਂ ਨੂੰ ਮੰਦਿਰ ਨਹੀਂ ਆਉਣ ਦਿੱਤਾ ਜਾਂਦਾ।
ਕੋਈ ਵਿਗਿਆਨਕ ਸਬੂਤ ਨਹੀਂ
ਇਸ ਤੋਂ ਬਾਅਦ ਪੁਜਾਰੀ ਇਸ ਗੱਲ 'ਤੇ ਜ਼ੋਰ ਦਿੰਦੇ ਰਹੇ ਕਿ ਜੇਕਰ ਕਿਸੇ ਔਰਤ ਨੇ ਪੀਰੀਅਡਜ਼ ਦੌਰਾਨ ਮੰਦਿਰ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਮਧੂ ਮੱਖੀਆਂ ਉਸ ਨੇ ਅਜਿਹਾ ਨਹੀਂ ਕਰਨ ਦਿੱਤਾ।
ਇਸੇ ਇਲਾਕੇ 'ਚ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਸੰਗਠਨ ਜਨ ਵਿਗਿਆਨ ਵੈਦਿਕ ਮੁਤਾਬਕ ਮਧੂ ਮੱਖੀਆਂ ਦੇ ਕੱਟਣ ਅਤੇ ਔਰਤਾਂ ਦੇ ਪੀਰੀਅਡਜ਼ ਨਾਲ ਕੋਈ ਸੰਬੰਧ ਨਹੀਂ ਹੈ, ਇਹ ਸਿਰਫ਼ ਅੰਧਵਿਸ਼ਵਾਸ ਹੈ।
ਇਸ ਸੰਗਠਨ ਦੀ ਇੱਕ ਮੈਂਬਰ ਸਿਰਜਨਾ ਦਾ ਕਹਿਣਾ ਹੈ ਕਿ ਅਜਿਹੇ ਵੀ ਕਈ ਮੌਕੇ ਆਏ ਹਨ ਜਦੋਂ ਮਧੂ ਮੱਖੀਆਂ ਨੇ ਪੁਰਸ਼ਾਂ 'ਤੇ ਵੀ ਹਮਲੇ ਕੀਤੇ ਹਨ।
ਉਹ ਕਹਿੰਦੇ ਹਨ, "ਵਿਗਿਆਨ 'ਚ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪੀਰੀਅਡਜ਼ ਦੌਰਾਨ ਔਰਤਾਂ ਨੂੰ ਮਧੂ ਮੱਖੀਆਂ ਕੱਟ ਲੈਂਦੀਆਂ ਹਨ।"
ਉਹ ਅੱਗੇ ਇਹ ਵੀ ਦੱਸਦੇ ਹਨ ਕਿ ਇੱਕ ਸਕੂਲ ਦੇ ਕੋਲ ਰੁੱਖਾਂ 'ਤੇ ਮਧੂ ਮੱਖੀਆਂ ਦੇ ਛੱਤੇ ਲੱਗੇ ਰਹਿੰਦੇ ਹਨ ਪਰ ਜਦੋਂ ਕਦੀ ਵੀ ਉਹ ਉੱਥੇ ਜਾਂਦੀਆਂ ਹਨ ਤਾਂ ਕਿਸੇ ਵੀ ਮਧੂ ਮੱਖੀਆਂ ਨੇ ਉਨ੍ਹਾਂ 'ਤੇ ਹਮਲਾ ਨਹੀਂ ਕੀਤਾ।
ਉਹ ਮੰਨਦੇ ਹਨ ਕਿ ਔਰਤਾਂ ਨੂੰ ਪੀਰੀਅਡ ਦੌਰਾਨ ਮੰਦਿਰ 'ਚ ਦਾਖ਼ਲ ਨਾ ਹੋਣ ਦੇਣ ਲਈ ਅਜਿਹੀਆਂ ਗੱਲਾਂ ਕੀਤੀਆਂ ਗਈਆਂ ਹਨ।
ਕਿਉਂਕਿ ਸਮਾਜ ਵਿੱਚ ਇਹ ਡਰ ਰਹਿੰਦਾ ਹੈ ਕਿ ਜੇਕਰ ਪੀਰੀਅਡ ਦੌਰਾਨ ਔਰਤ ਨੇ ਮੰਦਿਰ ਦੇ ਤਲਾਬ 'ਚ ਇਸ਼ਨਾਨ ਕਰ ਲਿਆ ਤਾਂ ਤਲਾਬ ਦਾ ਪਾਣੀ ਗੰਦਾ ਹੋ ਜਾਵੇਗਾ।