ਕਮਲ ਨਾਥ ’ਤੇ ਨਵਜੋਤ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

"ਸਾਡੇ ਲਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਇੱਕ ਇੰਚ ਵੀ ਹਾਈ ਕਮਾਂਡ ਦੇ ਫੈਸਲੇ ਤੋਂ ਸੱਜੇ-ਖੱਬੇ ਹੋਈਏ।"

ਇਹ ਸ਼ਬਦ ਪੰਜਾਬ ਦੇ ਸਭਿੱਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਹੇ।

ਨਵਜੋਤ ਸਿੱਧੂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਾਏ ਜਾਣ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।

ਨਵਜੋਤ ਸਿੱਧੂ ਨੇ ਅੱਗੇ ਕਿਹਾ, "ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ। ਸਾਡੀ ਪਾਰਟੀ ਦੀ ਹਾਈ ਕਮਾਂਡ ਬੜੀ ਸਿਆਣੀ ਹੈ। ਮੈਂ ਉੱਥੇ ਪ੍ਰਚਾਰ ਕਰਕੇ ਆਇਆ ਹਾਂ ਅਤੇ ਉੱਥੇ ਅਜਿਹਾ ਕੋਈ ਸਵਾਲ ਨਹੀਂ ਉੱਠਿਆ। ਨਾ ਹੀ ਮੈਂ ਸਮਝਦਾ ਹਾਂ ਕਿ ਇਸ ਸਵਾਲ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

"ਪਾਰਟੀ ਹਾਈਕਮਾਂਡ ਨੇ ਬੜੇ ਸੋਚ ਵਿਚਾਰ ਕੇ ਬੰਦੇ ਉਤਾਰੇ ਹਨ ਤੇ ਉਨ੍ਹਾਂ ਨੇ ਇੱਕਜੁਟ ਹੋ ਕੇ ਕੰਮ ਕੀਤੇ ਹਨ। ਜਦੋਂ ਚੋਣਾਂ ਦਾ ਫਲ ਸਾਹਮਣੇ ਆਇਆ ਤਾਂ ਪਾਰਟੀ ਹਾਈਕਮਾਂਡ ਨੇ ਫੈਸਲਾ ਕੀਤਾ ਕਿ ਕੌਣ ਯੋਗ ਹੈ।’’

ਨਵਜੋਤ ਸਿੱਧੂ ਨੇ ਬੀਬੀਸੀ ਪੰਜਾਬੀ ਨਾਲ ਹੋਰ ਮਸਲਿਆਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਕਰਤਾਰਪੁਰ ਫੇਰੀ ਦਾ ਅਨੁਭਵ ਕਿਵੇਂ ਰਿਹਾ?

ਜਦੋਂ ਮੈਂ ਕਰਤਾਰਪੁਰ ਸਾਹਿਬ ਗਿਆ ਤਾਂ ਮੱਥਾ ਟੇਕਦਿਆਂ ਮੇਰੇ ਰੋਂਗਟੇ ਖੜ੍ਹੇ ਹੋ ਗਏ ਅਤੇ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਸਵਾ ਘੰਟਾ ਮੇਰੇ ਅੱਥਰੂ ਵਹਿੰਦੇ ਰਹੇ।

ਕੈਪਟਨ ਅਮਰਿੰਦਰ ਸਿਘ ਦਾ ਇਹ ਕਹਿਣਾ ਹੈ ਕਿ ਕਰਤਾਰਪੁਰ ਦਾ ਲਾਂਘਾ ਪਾਕਿਸਤਾਨੀ ਫੌਜ ਦੀ ਸਾਜਿਸ਼ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?

ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਪਰ ਮੈਂ ਇਸ ਗੱਲ ਦਾ ਪੱਕਾ ਧਾਰਨੀ ਹਾਂ ਕਿ ਇਹ ਸਾਡੇ ਲਈ ਬਹੁਤ ਹੀ ਪੌਜ਼ਿਟਵ ਰਸਤੇ ਖੋਲ੍ਹੇਗਾ।

ਇਹ ਸਾਡੇ ਲਈ ਇੱਕ ਨਾਯਾਬ ਤੋਹਫਾ ਹੈ। ਇਹ ਸਿਰਫ਼ ਲਾਂਘਾ ਨਹੀਂ ਪਰ ਇੱਕ ਅਸੀਮ ਸੰਭਾਵਨਾਵਾਂ ਖੋਲ੍ਹੇਗਾ।

ਇਸੇ ਤਰ੍ਹਾਂ ਫਾਸਲੇ ਘਟਣਗੇ। ਅਸੀਂ ਸਾਰਾ ਕੁਝ ਕਰਕੇ ਦੇਖ ਲਿਆ ਨਾ ਤਾਂ ਘੁਸਪੈਠ ਰੁਕੀ ਹੈ। ਨਾ ਮਾਵਾਂ ਦੇ ਪੁੱਤ ਮਰਨੋਂ ਹਟੇ ਨੇ। ਯੂਰਪ ਵਿੱਚ ਵੀ ਤਾਂ ਕੋਈ ਬਾਰਡਰ ਨਹੀਂ ਉੱਥੇ ਕੋਈ ਫੌਜੀ ਤਾਂ ਮਰ ਨਹੀਂ ਰਹੇ।

ਸੋ ਮੇਰੇ ਹਿਸਾਬ ਨਾਲ ਅਮਨ-ਅਮਾਨ ਇੱਕ ਵੱਡਾ ਹੱਲ ਹੈ। ਜਦੋਂ ਅਸੀਂ 71 ਸਾਲ ਤੋਂ ਕੋਸ਼ਿਸ਼ਾਂ ਕਰਦੇ ਰਹੇ ਹੋਈਏ ਤੇ ਹੁਣ ਇਹ ਹੋ ਰਿਹਾ ਹੋਵੇ ਤਾਂ ਮੈਨੂੰ ਨਹੀਂ ਲਗਦਾ ਕਿ ਕਿਸੇ ਨੂੰ ਕੋਈ ਰੁਕਾਵਟ ਪੈਦਾ ਕਰਨੀ ਚਾਹੀਦੀ ਹੈ।

ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦਾ ਸਭ ਤੋਂ ਵੱਡਾ ਕਾਰਨ?

ਇਸ ਦਾ ਕਾਰਨ ਹੈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਲੀਡਰਸ਼ਿੱਪ ਜੋ ਇਸ ਵੇਲੇ ਚੜ੍ਹਤ 'ਤੇ ਹੈ। ਉਨ੍ਹਾਂ ਦੀ ਕਹੀ ਗੱਲ ਹਰੇਕ ਦੇ ਮਨ ਨੂੰ ਚੰਗੀ ਲੱਗ ਰਹੀ ਹੈ।

ਜਿਨ੍ਹਾਂ ਸੂਬਿਆਂ ਵਿੱਚ ਜਿੱਤ ਹੋਈ ਹੈ ਉਹ ਭਾਜਪਾ ਦੇ ਦੁਰਗ ਰਹੇ ਹਨ ਅਤੇ ਉਨ੍ਹਾਂ ਵਿੱਚ ਸੰਨ੍ਹ ਲਾਉਣਾ ਇੱਕ ਵੱਡੀ ਸਫ਼ਲਤਾ ਹੈ।ֺ

ਬਰਗਾੜੀ ਮੋਰਚੇ ਬਾਰੇ ਪ੍ਰਤੀਕਰਮ

ਮੈਂ ਨਾ ਪਹਿਲਾਂ ਕਦੇ ਇਸ ਬਾਰੇ ਟਿੱਪਣੀ ਕੀਤੀ ਸੀ ਤੇ ਨਾ ਹੀ ਅੱਜ ਕਰਾਂਗਾ ਪਰ ਮੈਂ ਇੱਕ ਗੱਲ ਕਹਾਂਗਾ ਕਿ ਬਰਗਾੜੀ ਦੇ ਲੋਕਾਂ ਨਾਲ ਇਨਸਾਫ਼ ਹੋਣਾ ਚਾਹੀਦਾ ਹੈ।

ਉਹ ਲੋਕ ਜੋ ਆਪਣੇ ਗੁਰੂ ਲਈ ਇਨਸਾਫ ਦੀ ਮੰਗ ਕਰ ਰਹੇ ਸਨ, ਜੋ ਨਿਹੱਥੇ ਸਨ ਅਤੇ ਜਿਨ੍ਹਾਂ ਦਾ ਮਾਹੌਲ ਖ਼ਰਾਬ ਕਰਨ ਦੀ ਕੋਈ ਮਨਸ਼ਾ ਨਹੀਂ ਸੀ।

ਜਿਹੜੀਆਂ ਨੌਜਵਾਨਾਂ ਉੱਪਰ ਗੋਲੀਆਂ ਚੱਲੀਆਂ ਉਨ੍ਹਾਂ ਦਾ ਇਨਸਾਫ ਹੋਣਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ਵਿੱਚ ਇਸ ਬਾਰੇ ਬੜਾ ਰੋਸ ਹੈ ਕਿ ਇਨਸਾਫ਼ ਹੋਣਾ ਚਾਹੀਦਾ ਹੈ।

ਮੈਂ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕਰ ਚੁੱਕਿਆ ਹਾਂ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਸੇਧ ਦੇਣ ਵਾਲ ਚਾਨਣ ਮੁਨਾਰਾ ਹੈ ਅਤੇ ਇਸ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਦੂਸਰਿਆਂ ਇਹ ਦੂਜਿਆਂ ਲਈ ਇੱਕ ਮਿਸਾਲ ਹੋਵੇ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)