ਮਹਾਰਾਸ਼ਟਰ: ਜੰਗਲ 'ਚ ਭਗਤੀ ਕਰ ਰਹੇ ਸਾਧੂ 'ਤੇ ਚੀਤੇ ਵੱਲੋਂ ਹਮਲਾ, ਹੋਈ ਮੌਤ

ਮਹਾਰਾਸ਼ਟਰ ਦੇ ਜੰਗਲ ਵਿੱਚ ਧਿਆਨ ਲਗਾ ਕੇ ਬੈਠੇ ਇੱਕ ਸਾਧੂ 'ਤੇ ਚੀਤੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਅਧਿਕਾਰੀਆਂ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਰਾਹੁਲ ਵਾਲਕੇ ਤਾਡੋਬਾ ਜੰਗਲ ਵਿੱਚ ''ਦਰਖ਼ਤ ਹੇਠ ਧਿਆਨ ਲਗਾ ਕੇ ਬੈਠੇ ਹੋਏ ਸਨ''। ਇਹ ਇੱਕ ਟਾਈਗਰ ਰਿਜ਼ਰਵ ਹੈ।

ਵਾਲਕੇ ਬੁੱਧ ਮੰਦਿਰ ਨਾਲ ਜੁੜੇ ਹੋਏ ਸਨ। ਇਹ ਮੰਦਿਰ ਜੰਗਲ ਦੇ ਬਾਹਰਲੇ ਪਾਸੇ ਹੈ ਪਰ ਉਹ ਧਿਆਨ ਲਗਾਉਣ ਲਈ ਉਸ ਤੋਂ ਥੋੜ੍ਹੀ ਦੂਰ ਚਲੇ ਗਏ।

ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਧੂਆਂ ਨੂੰ ਸਾਵਧਾਨ ਕੀਤਾ ਸੀ ਕਿ ਉਹ ਜੰਗਲ ਦੇ ਜ਼ਿਆਦਾ ਅੰਦਰ ਨਾ ਜਾਣ।

ਜੰਗਲਾਤ ਵਿਭਾਗ ਦੇ ਅਧਿਕਾਰੀ ਜੀਪੀ ਨਾਰਾਵਾਨੇ ਨੇ ਬੀਬੀਸੀ ਨੂੰ ਕਿਹਾ,''ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਕੋਈ ਵੀ ਜੰਗਲ ਦੇ ਅੰਦਰ ਨਾ ਜਾਵੇ।''

ਇਹ ਵੀ ਪੜ੍ਹੋ:

ਹਾਲਾਂਕਿ, ਚੀਤੇ ਨੂੰ ਫੜਨ ਦੀ ਯੋਜਨਾ ਬਣਾਈ ਜਾ ਰਹੀ ਹੈ। ਨਾਰਾਵਾਨੇ ਦਾ ਕਹਿਣਾ ਹੈ, "ਅਸੀਂ ਦੋ ਪਿੰਜਰੇ ਅਤੇ ਇੱਕ ਕੈਮਰਾ ਟਰੈਪ ਲਗਾਇਆ ਹੋਇਆ ਹੈ ਅਤੇ ਅਸੀਂ ਜਾਨਵਰਾਂ ਨੂੰ ਦਵਾਈਆਂ ਦੇ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਾਂਗੇ।"

ਸੂਬਾ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਾਲਕੇ ਦੇ ਪਰਿਵਾਰ ਨੂੰ 12 ਲੱਖ ਰੁਪਏ ਦਿੱਤੇ ਜਾਣਗੇ।

ਉਸੇ ਮੰਦਿਰ ਨਾਲ ਸਬੰਧ ਰੱਖਣ ਵਾਲੇ ਸਾਧੂ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਹ ਬੁੱਧਵਾਰ ਸਵੇਰ ਨੂੰ ਮੈਡੀਟੇਸ਼ਨ ਵਾਲੀ ਥਾਂ 'ਤੇ ਵਾਲਕੇ ਨੂੰ ਖਾਣਾ ਦੇਣ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਜਾਨਵਰ ਵਾਲਕੇ 'ਤੇ ਹਮਲਾ ਕਰ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਉਹ ਮਦਦ ਲਈ ਦੌੜੇ ਪਰ ਜਦੋਂ ਉਹ ਹੋਰਨਾਂ ਨੂੰ ਮਦਦ ਲਈ ਲੈ ਕੇ ਪਰਤੇ ਤਾਂ ਵਾਲਕੇ ਦੀ ਮੌਤ ਹੋ ਚੁੱਕੀ ਸੀ।

ਤਾਡੋਬਾ ਜੰਗਲ ਵਿੱਚ ਲਗਭਗ 88 ਬਾਘ ਹਨ। ਇਸ ਜੰਗਲ ਵਿੱਚ ਚੀਤਾ, ਹਿਰਨ, ਗਿੱਦੜ ਅਤੇ ਹਨੀ ਬੈਜਰ ਤੋਂ ਇਲਾਵਾ ਕਈ ਤਰ੍ਹਾਂ ਦੇ ਜਾਨਵਰ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)