ਘਰੋਂ ਬੇਘਰ ਹੋਣ ਮਗਰੋਂ ਬੱਚੇ ਨੂੰ ਬੇਘਰਿਆਂ ਦੇ ਹੋਸਟਲ 'ਚ ਜਨਮ ਦੇਣ ਵਾਲੀ ਮਾਂ

    • ਲੇਖਕ, ਫ੍ਰੈਂਸਿਕਾ ਕੂਕ
    • ਰੋਲ, ਨੇ ਬੀਬੀਸੀ ਨਾਲ ਕਹਾਣੀ ਸਾਂਝੀ ਕੀਤੀ

ਮੇਰੇ ਬੱਚੇ ਨੇ ਆਪਣਾ ਪਹਿਲਾ ਕ੍ਰਿਸਮਿਸ ਇੱਕ ਆਸਰਾ ਘਰ (ਬੇਘਰਿਆਂ ਦਾ ਹੋਸਟਲ) ਵਿੱਚ ਦੇਖਿਆ।

ਦਸੰਬਰ 2013 ਵਿੱਚ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਉਸ ਸਮੇਂ ਮੇਰੀ ਉਮਰ 27 ਸਾਲਾਂ ਦੀ ਸੀ ਅਤੇ ਆਪਣੀ ਦਸਾਂ ਸਾਲਾਂ ਦੀ ਬੇਟੀ ਨਾਲ ਆਪਣੀ ਮਾਂ ਦੇ ਘਰ ਸਾਊਥ ਲੰਡਨ ਵਿੱਚ ਰਹਿੰਦੀ ਸੀ।

ਕੁਝ ਹਫਤੇ ਪਹਿਲਾਂ ਹੀ ਮੇਰੀ ਮਾਂ ਨੇ ਮੈਨੂੰ ਘਰ ਛੱਡ ਕੇ ਜਾਣ ਲਈ ਕਿਹਾ ਸੀ। ਦਸ ਸਾਲ ਦੀ ਬੇਟੀ ਅਤੇ ਇੱਕ ਬੱਚਾ ਢਿੱਡ ਵਿੱਚ ਲੈ ਕੇ ਬੇਘਰੇ ਹੋਣ ਦੇ ਖ਼ਿਆਲ ਨਾਲ ਮੈਂ ਬੁਰੀ ਤਰ੍ਹਾਂ ਡਰ ਗਈ ਸੀ।

ਮੇਰੀ ਮਾਂ ਦਾ ਘਰ ਛੋਟਾ ਸੀ ਅਤੇ ਉਨ੍ਹਾਂ ਨੂੰ ਮੇਰੀਆਂ ਭਤੀਜੀਆਂ ਦੀ ਕਾਨੂੰਨੀ ਗਾਰਡੀਅਨ ਬਣਨਾ ਪੈ ਰਿਹਾ ਸੀ। ਉਹ ਮਜਬੂਰ ਸਨ। ਹੁਣ ਮੇਰੀਆਂ ਭਤੀਜੀਆਂ ਨੇ ਆ ਕੇ ਉਸੇ ਕਮਰੇ ਵਿੱਚ ਰਹਿਣਾ ਸੀ ਜਿੱਥੇ ਮੈਂ ਆਪਣੀ ਬੱਚੀ ਨਾਲ ਰਹਿ ਰਹੀ ਸੀ।

ਸਾਡੇ ਘਰ ਵਿੱਚ ਇੰਨੀ ਥਾਂ ਨਹੀਂ ਸੀ ਕਿ ਅਸੀਂ ਸਾਰੇ ਉਸ ਵਿੱਚ ਸਮਾ ਸਕਦੇ।

ਜਦੋਂ ਕ੍ਰਿਸਮਿਸ ਦਾ ਤਿਉਹਾਰ ਆਇਆ ਤਾਂ ਮੈਂ ਬਹੁਤ ਘਬਰਾਈ ਹੋਈ ਸੀ ਪਰ ਮੈਂ ਆਪਣੀ ਮਾਂ ਦੀ ਹਾਲਤ ਵੀ ਨੂੰ ਵੀ ਸਮਝ ਰਹੀ ਸੀ। ਉਸ ਕ੍ਰਿਸਮਿਸ ਅਸੀਂ ਇੱਕ ਦੂਸਰੇ ਨੂੰ ਤੁਹਫੇ ਦਿੱਤੇ ਅਤੇ ਲਏ, ਪੂੰਗਰੇ ਅਨਾਜ ਦਾ ਨਾਸ਼ਤਾ ਕੀਤਾ। ਮੈਂ ਆਪਣੀ ਘਬਰਾਹਟ ਨੂੰ ਆਪਣੀ ਮੁਸਕਰਾਹਟ ਥੱਲੇ ਦੱਬ ਲਿਆ ਸੀ ਤਾਂ ਕਿ ਮੇਰੀ ਬੇਟੀ ਨੂੰ ਕਿਸੇ ਕਿਸਮ ਦੀ ਚਿੰਤਾ ਨਾ ਹੋਵੇ।

ਮੈਂ ਸਾਊਥ ਲੰਡਨ ਵਿੱਚ ਹੀ ਪਲੀ ਹਾਂ। 17 ਸਾਲਾਂ ਦੀ ਉਮਰ ਵਿੱਚ ਆਪਣੀ ਬੇਟੀ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਪਾਲਣ ਲਈ ਮੈਂ ਸਕੂਲ ਤੋਂ ਗੈਪ ਪਾਇਆ ਅਤੇ ਆਪਣੀ ਮਾਂ ਨਾਲ ਹੀ ਰਹਿ ਰਹੀ ਸੀ।

ਫੇਰ ਮੈਂ ਕਾਲਜ ਵਿੱਚ ਦਾਖਲਾ ਲਿਆ ਅਤੇ ਲੰਡਨ ਯੂਨੀਵਰਸਿਟੀ ਵਿੱਚ ਵਿਦਿਆਰਥੀ ਸਲਾਹਕਾਰ ਦੀ ਠੀਕ-ਠਾਕ ਨੌਕਰੀ ਕਰਨ ਲੱਗੀ। ਸਲਾਹਕਾਰ ਵਜੋਂ ਮੈਂ ਵਿਦਿਆਰਥੀਆਂ ਨੂੰ ਬੇਘਰੇਪਣ ਸਮੇਤ ਉਨ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਬਾਰੇ ਮਾਰਗਦਰਸ਼ਨ ਕਰਦੀ ਸੀ।

ਇਹ ਵੀ ਪੜ੍ਹੋ:

ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਮੈਂ ਮੁੜ ਨੌਕਰੀ 'ਤੇ ਜਾਣ ਲੱਗੀ ਅਤੇ ਨਾਲ ਹੀ ਕਿਸੇ ਘਰ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੈਂ ਬੇਘਰਿਆਂ ਨੂੰ ਮਿਲਣ ਵਾਲੀ ਸਰਕਾਰੀ ਮਦਦ ਲਈ ਵੀ ਆਪਣੇ-ਆਪ ਨੂੰ ਰਜਿਸਟਰਡ ਕਰਵਾਇਆ।

ਮੈਂ ਹਰ ਰੋਜ਼ ਘੰਟਿਆਂ ਬੱਧੀ ਇੰਟਰਨੈੱਟ 'ਤੇ ਘਰ ਦੀ ਤਲਾਸ਼ ਕਰਦੀ ਰਹਿੰਦੀ। ਜਲਦੀ ਹੀ ਸਪਸ਼ਟ ਹੋ ਗਿਆ ਕਿ ਮੇਰੀ ਤਨਖ਼ਾਹ ਵਿੱਚ ਕੋਈ ਢੁਕਵਾਂ ਘਰ ਨਹੀਂ ਮਿਲ ਸਕਦਾ।

ਉਸ ਤਨਖ਼ਾਹ ਨਾਲ ਨਾ ਤਾਂ ਮੈਂ ਘਰ ਦਾ ਕਿਰਾਇਆ ਦੇ ਸਕਦੀ ਸੀ ਜਾਂ ਫੇਰ ਬੱਚਿਆਂ ਨੂੰ ਖਾਣਾ ਖੁਆ ਸਕਦੀ ਸੀ।

ਲੰਡਨ ਤੋਂ ਬਾਹਰ ਜਾ ਕੇ ਰਿਹਾ ਜਾ ਸਕਦਾ ਸੀ ਜੋ ਸਸਤਾ ਵਿਕਲਪ ਵੀ ਸੀ ਪਰ ਇਸ ਲਈ ਮੈਨੂੰ ਆਪਣਾ ਪਰਿਵਾਰ ਅਤੇ ਨੌਕਰੀ ਛੱਡਣੀ ਪੈਣੀ ਸੀ। ਦੂਸਰਾ ਵੱਡਾ ਖ਼ਤਰਾ ਸੀ ਕਿਸੇ ਅਨਜਾਣ ਥਾਂ 'ਤੇ ਜਾ ਕੇ ਬਿਨਾਂ ਕਿਸੇ ਨਿਯਮਤ ਆਮਦਨੀ ਤੋਂ ਘਰ ਦੀ ਤਲਾਸ਼ ਕਰਨਾ।

ਜਦੋਂ ਵੀ ਕਿਸੇ ਘਰ ਬਾਰੇ ਮੇਰੀਆਂ ਉਮੀਦਾਂ ਜਾਗਦੀਆਂ ਤਾਂ, ਮਾਯੂਸੀ ਹੀ ਮਿਲਦੀ। ਇਸੇ ਤਰ੍ਹਾਂ ਇੱਕ-ਇੱਕ ਦਿਨ ਕਰਕੇ ਮਹੀਨੇ ਲੰਘ ਗਏ।

ਆਖ਼ਰ ਮੈਨੂੰ ਇੱਕ ਘਰ ਮਿਲ ਗਿਆ ਜੋ ਮੈਂ ਲੈ ਸਕਦੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਮੈਨੂੰ ਸਰਕਾਰ ਵੱਲੋਂ ਮਦਦ ਮਿਲਣੀ ਸੀ।

ਅੰਤ ਵਿੱਚ ਮੇਰੇ ਕੋਲ ਕਾਊਂਸਲ ਵਿੱਚ ਜਾ ਕੇ ਉਨ੍ਹਾਂ ਤੋਂ ਮਦਦ ਮੰਗਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਰਿਹਾ। ਮੈ ਕੋਈ ਸਰਕਾਰੀ ਰਿਹਾਇਸ਼ ਲੱਭਣ ਲਈ ਕਿਹਾ।

ਬਰਤਾਨੀਆ ਵਿੱਚ ਜੋ ਵਿਅਕਤੀ ਕਾਨੂੰਨੀ ਤੌਰ 'ਤੇ ਕਿਸੇ ਘਰ ਵਿੱਚ ਨਾ ਰਹਿ ਸਕਦਾ ਹੋਵੇ ਜਾਂ ਜਿਸ ਥਾਂ 'ਤੇ ਉਹ ਹੁਣ ਰਹਿ ਰਿਹਾ ਹੋਵੇ ਉਹ ਥਾਂ ਰਹਿਣਯੋਗ ਨਾ ਹੋਵੇ, ਉਸ ਨੂੰ ਬੇਘਰਾ ਸਮਝਿਆ ਜਾਂਦਾ ਹੈ।

ਹੁਣ ਮੈਂ ਕਾਊਂਸਲ ਕੋਲ ਇਹ ਸਾਬਿਤ ਕਰਨਾ ਸੀ ਕਿ ਆਪਣੀ ਮਾਂ ਦੇ ਘਰ ਵਿੱਚ ਇੱਕ ਬੇਟੀ ਨਾਲ ਸੋਫੇ 'ਤੇ ਨਹੀਂ ਰਿਹਾ ਜਾ ਸਕਦਾ।

ਉਸ ਸਮੇਂ ਤੱਕ ਮੇਰਾ ਗਰਭ ਦਾ ਤੀਜਾ ਮਹੀਨਾ ਚੱਲ ਪਿਆ ਸੀ ਅਤੇ ਮੈਂ ਪੂਰਾ ਦਿਨ ਕੰਮ ਕਰਦੀ ਸੀ ਅਤੇ ਆਪਣੀ ਬੇਟੀ ਦੀ ਸੰਭਾਲ ਵੀ ਕਰਦੀ ਸੀ। ਇਸ ਸਭ ਨਾਲ ਮੈਂ ਬੁਰੀ ਤਰ੍ਹਾਂ ਹੰਭ ਜਾਂਦੀ ਸੀ।

ਪਹਿਲਾਂ ਤਾਂ ਕਾਊਂਸਲ ਨੂੰ ਮੇਰੀ ਗੱਲ ਦਾ ਯਕੀਨ ਹੀ ਨਹੀਂ ਆਇਆ ਕਿ ਮੈਨੂੰ ਵਾਕਈ ਆਪਣੀ ਮਾਂ ਦਾ ਘਰ ਛੱਡਣਾ ਪੈ ਰਿਹਾ ਹੈ। ਫੇਰ ਉਨ੍ਹਾਂ ਨੇ ਸਾਡੇ ਘਰ ਦਾ ਆਪ ਆ ਕੇ ਮੁਆਇਨਾ ਕੀਤਾ ਕਿ ਪੰਜ ਜਣਿਆਂ ਲਈ ਇਹ ਘਰ ਕਿੰਨਾ ਛੋਟਾ ਸੀ।

ਮੈਨੂੰ ਲੱਗਿਆ ਕਿ ਕਾਊਂਸਲ ਦੇ ਕਰਮਚਾਰੀਆਂ ਨੂੰ ਮੇਰੇ 'ਤੇ ਕੋਈ ਸ਼ੱਕ ਹੈ ਪਰ ਮੈਂ ਇਹ ਵੀ ਜਾਣਦੀ ਸੀ ਕਿ ਉਹ ਆਪਣਾ ਕੰਮ ਕਰ ਰਹੇ ਸਨ।

ਇਸ ਸਾਰੀ ਪ੍ਰਕਿਰਿਆ ਨਾਲ ਮੈਂ ਘਬਰਾ ਗਈ ਸੀ ਅਤੇ ਤਣਾਅ ਵਿੱਚ ਰਹਿੰਦੀ ਸੀ। ਮੈਨੂੰ ਉਹ ਸਭ ਮਹਿਸੂਸ ਕਰਨ ਦਾ ਸਮਾਂ ਹੀ ਨਹੀਂ ਮਿਲਿਆ ਜੋ ਇੱਕ ਗਰਭਵਤੀ ਮਾਂ ਮਹਿਸੂਸ ਕਰਦੀ ਹੈ।

ਇੱਕ ਜੇਲ੍ਹ ਵਰਗਾ ਹੋਸਟਲ

ਗਰਭਵਤੀ ਹੋਣ ਕਾਰਨ ਅਤੇ ਮੇਰੇ ਨਾਲ ਇੱਕ ਨਿੱਕੀ ਬੱਚੀ ਹੋਣ ਕਾਰਨ ਮੈਨੂੰ ਪਹਿਲ ਦੇ ਆਧਾਰ 'ਤੇ ਵਿਚਾਰਿਆ ਜਾ ਰਿਹਾ ਸੀ।

ਫੇਰ ਵੀ ਘਰ ਮਿਲਣਾ ਬਹੁਤ ਮੁਸ਼ਕਿਲ ਲੱਗ ਰਿਹਾ ਸੀ। ਆਖ਼ਰ ਪੰਜ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਕਾਊਂਸਲ ਨੇ ਮੈਨੂੰ ਇੱਕ ਆਸਰਾ ਘਰ ਦਿਵਾ ਦਿੱਤਾ।

ਮਈ 2014 ਵਿੱਚ ਮੈਂ ਆਪਣੀ ਬੇਟੀ ਅਤੇ ਪੰਜ ਮਹੀਨਿਆਂ ਦੇ ਢਿੱਡ ਨਾਲ ਉਸ ਹੋਸਟਲ ਵਿੱਚ ਪਹੁੰਚੀ।

ਮੇਰੇ ਲਈ ਇਹ ਇੱਕ ਜੇਲ੍ਹ ਵਰਗਾ ਸੀ ਜਿਸ ਦੇ ਬਾਹਰ ਖਿੜਕੀਆਂ ਵਿੱਚ ਲੋਹੇ ਦੀਆ ਗਰਿੱਲਾਂ ਲੱਗੀਆਂ ਹੋਈਆਂ ਸਨ ਅਤੇ ਅੰਦਰ ਦੋ ਬੈੱਡ ਅਤੇ ਨਿੱਕੜੀ ਜਿਹੀ ਰਸੋਈ।

ਉੱਥੇ ਹੋਰ ਕੁਝ ਰੱਖਣ ਲਈ ਕੋਈ ਥਾਂ ਨਹੀਂ ਸੀ, ਮੇਰੇ ਨਵੇਂ ਬੱਚੇ ਲਈ ਝੂਲਾ ਟਿਕਾਉਣ ਜੋਗੀ ਵੀ ਨਹੀਂ।

ਇੱਥੇ ਸਾਂਝਾ ਗੁਸਲਖਾਨਾ ਸੀ ਜੋ ਸਾਨੂੰ ਤਿੰਨ ਹੋਰ ਪਰਿਵਾਰਾਂ ਨਾਲ ਸਾਂਝਾ ਕਰਨਾ ਸੀ।

ਇਹ ਵੀ ਪੜ੍ਹੋ:

ਇੱਥੇ ਰਹਿਣ ਦਾ ਮਤਲਬ ਸੀ ਕਿ ਸਰਕਾਰੀ ਕਾਗਜ਼ਾਂ ਵਿੱਚ ਲੁਕਵੇਂ ਬੇਘਰ ਸੀ। ਲੁਕਵੇਂ ਬੇਘਰ ਉਹ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਰਹਿਣ ਲਈ ਛੱਤ ਭਾਵੇਂ ਨਹੀਂ ਹੁੰਦੀ ਪਰ ਉਹ ਸੜਕਾਂ 'ਤੇ ਸਭ ਦੇ ਸਾਹਮਣੇ ਨਹੀਂ ਸੌਂਦੇ।

ਬਰਤਾਨੀਆ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਪਿਛਲੇ ਅੱਠਾਂ ਸਾਲਾਂ ਤੋਂ ਲਗਾਤਾਰ ਵਧ ਰਹੀ ਹੈ। 2017 ਦੇ ਅੰਕੜਿਆਂ ਮੁਤਾਬਕ ਸਾਡੇ ਵਰਗੇ 77,000 ਪਰਿਵਾਰ ਸਨ।

ਜਿਵੇਂ ਗਰਭਵਤੀ ਔਰਤਾਂ ਨੂੰ ਤਬੀਅਤ ਅਤੇ ਹੋਰ ਦਿੱਕਤਾਂ ਆਉਂਦੀਆ ਹਨ ਉਹ ਉਤਸ਼ਾਹਿਤ ਵੀ ਰਹਿੰਦੀਆਂ ਹਨ ਪਰ ਮੇਰੇ ਕੋਲ ਅਜਿਹੀ ਕਿਸੇ ਭਾਵਨਾ ਲਈ ਨਾ ਤਾਂ ਸਮਾਂ ਸੀ ਅਤੇ ਨਾ ਹੀ ਊਰਜਾ।

ਕਈ ਵਾਰ ਮੈਨੂੰ ਲਗਦਾ ਮੈਂ ਇੱਕ ਚੰਗੀ ਮਾਂ ਨਹੀਂ ਹਾਂ ਪਰ ਬੇਸ਼ੱਕ ਮੈਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹਾਂ।

ਉਸੇ ਸਾਲ ਅਗਸਤ ਵਿੱਚ ਹੋਸਟਲ ਵਿੱਚ ਰਹਿੰਦਿਆਂ ਮੈਂ ਇੱਕ ਤੰਦਰੂਸਤ ਬੇਟੇ ਨੂੰ ਜਨਮ ਦਿੱਤਾ।

ਮੇਰੇ ਬੇਟੇ ਨੇ ਪਹਿਲੇ ਦੋ ਮਹੀਨੇ ਟੋਕਰੀ ਵਿੱਚ ਬਿਤਾਏ ਕਿਉਂਕਿ ਸਾਡੇ ਕੋਲ ਝੂਲੇ ਲਈ ਥਾਂ ਨਹੀਂ ਸੀ।

ਉਹ ਸਾਰੀ ਰਾਤ ਰੋਂਦਾ ਰਹਿੰਦਾ ਸੀ ਜਿਸ ਕਾਰਨ ਮੇਰੀ ਬੇਟੀ ਦੀ ਨੀਂਦ ਪੂਰੀ ਨਹੀਂ ਸੀ ਹੁੰਦੀ ਅਤੇ ਇਸ ਸਭ ਦਾ ਅਸਰ ਉਸ ਦੀ ਪੜ੍ਹਾਈ 'ਤੇ ਪੈ ਰਿਹਾ ਸੀ।

ਉਸ ਤੰਗੀ ਦੇ ਦਿਨਾਂ ਵਿੱਚ ਵੀ ਮੈਨੂੰ ਪਤਾ ਸੀ ਕਿ ਮੇਰਾ ਬੇਟਾ ਇੱਕ ਅਸੀਸ ਹੈ। ਫੇਰ ਵੀ ਆਉਂਦੇ ਕੁਝ ਮਹੀਨਿਆਂ ਵਿੱਚ ਹਾਲਾਤ ਹੋਰ ਖ਼ਰਾਬ ਹੋਣ ਲੱਗ ਪਏ।

ਲਗਦਾ ਮੈਂ ਚੰਗੀ ਮਾਂ ਨਹੀਂ

ਮੈਨੂੰ ਲੱਗ ਰਿਹਾ ਸੀ ਕਿ ਦੋ ਨੰਨ੍ਹੀਆਂ ਜਿੰਦਾਂ ਮੇਰੇ 'ਤੇ ਨਿਰਭਰ ਹਨ ਅਤੇ ਮੈਂ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੀ।

ਕੁਝ ਸਮੇਂ ਬਾਅਦ ਬੇਘਰਿਆਂ ਦੀ ਮਦਦ ਲਈ ਕੰਮ ਕਰਨ ਵਾਲੀਆਂ ਸਵੈਮ ਸੇਵੀ ਸੰਸਥਾਵਾਂ ਦੀ ਮਦਦ ਨਾਲ ਸਾਨੂੰ ਇੱਕ ਢੁਕਵੀਂ ਰਿਹਾਇਸ਼ ਮਿਲ ਹੀ ਗਈ।

ਉਨ੍ਹਾਂ ਨੇ ਮੈਨੂੰ ਇੱਕ ਮਾਨਿਸਕ ਸਿਹਤ ਕਾਊਂਸਲਰ ਨਾਲ ਵੀ ਮਿਲਾਇਆ ਜਿਸ ਕੋਲ ਮੈਂ ਆਪਣੀਆਂ ਸਮੱਸਿਆਂਵਾਂ ਫੋਲ ਸਕਦੀ ਸੀ, ਗੱਲਬਾਤ ਕਰ ਸਕਦੀ ਸੀ। ਇਸ ਨੇ ਮੇਰੀ ਬਹੁਤ ਮਦਦ ਕੀਤੀ।

ਹੁਣ ਮੇਰਾ ਬੇਟਾ ਚਾਰ ਸਾਲਾਂ ਦਾ ਹੋ ਗਿਆ ਹੈ ਅਤੇ ਪ੍ਰਾਈਮਰੀ ਸਕੂਲ ਵਿੱਚ ਜਾਂਦਾ ਹੈ। ਉਹ ਖ਼ੁਸ਼ ਰਹਿੰਦਾ ਹੈ ਤੇ ਉਸਦੇ ਕਈ ਦੋਸਤ ਵੀ ਹਨ। ਮੇਰੀ ਬੇਟੀ ਵੀ ਖ਼ੁਸ਼ ਹੈ ਅਤੇ 14 ਸਾਲਾਂ ਦੀ ਹੋ ਗਈ ਹੈ। ਹਾਲਾਂਕਿ ਉਸ ਨੂੰ ਸਾਰਾ ਕੁਝ ਯਾਦ ਹੈ ਪਰ ਉਹ ਹੁਣ ਠੀਕ ਹੈ।

ਹਾਲੇ ਵੀ ਮੈਨੂੰ ਡਰ ਲਗਦਾ ਹੈ ਕਿ ਕਿਤੇ ਫੇਰ ਸਾਰਾ ਕੁਝ ਖੁੱਸ ਨਾ ਜਾਵੇ ਪਰ ਫੇਰ ਵੀ ਉਹ ਬੇਘਰੀ ਦੀ ਦੌਰ ਕੋਹਾਂ ਦੂਰ ਲਗਦਾ ਹੈ।

ਮੇਰੇ ਬੇਟੇ ਨੂੰ ਉਹ ਦੌਰ ਭਲੇ ਯਾਦ ਨਹੀਂ ਪਰ ਉਸਦੇ ਜਨਮ ਸਰਟੀਫਿਕੇਟ 'ਤੇ ਲਿਖਿਆ ਹੋਸਟਲ ਦਾ ਪਤਾ ਉਸ ਦੇ ਜੀਵਨ ਨਾਲ ਹਮੇਸ਼ਾ ਜੁੜਿਆ ਰਹੇਗਾ।

(ਜਿਵੇਂ ਅਸ਼ਿਤਾ ਨਾਗੇਸ਼ ਨੂੰ ਦੱਸੀ ਗਈ।)

ਇਹ ਵੀ ਪੜ੍ਹੋ:

(ਇਹ ਕਹਾਣੀ ਨੂੰ ਬੀਬੀਸੀ ਥਰੀ ਤੇ ਇਹ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।)

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)