ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ 'ਤੇ ਕਿਉਂ ਲੱਗ ਰਹੇ ਨੇ ਕਤਲ ਦੇ ਇਲਜ਼ਾਮ

ਸਾਊਦੀ ਅਰਬ ਨੇ ਯਮਨ 'ਚ ਰਿਆਦ ਦੀ ਅਗਵਾਈ ਵਾਲੀ ਜੰਗ ਲਈ ਅਮਰੀਕਾ ਵੱਲੋਂ ਫੌਜੀ ਸਹਾਇਤਾ ਖ਼ਤਮ ਕਰਨ ਅਤੇ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਤਲ ਮਾਮਲੇ 'ਚ ਸਾਊਦੀ ਦੇ ਕ੍ਰਾਊਨ ਪ੍ਰਿੰਸ ਨੂੰ ਦੋਸ਼ੀ ਠਹਿਰਾਉਣ 'ਤੇ ਅਮਰੀਕੀ ਸੀਨੇਟ ਦੇ ਹੋਰ ਮਤਿਆਂ ਦੀ ਨਿੰਦਾ ਕੀਤੀ ਹੈ।

ਸਾਊਦੀ ਦੇ ਵਿਦੇਸ਼ ਮੰਤਰੀ ਨੇ ਇਸ ਕਦਮ ਨੂੰ "ਝੂਠੇ ਦੋਸ਼ਾਂ" 'ਤੇ ਆਧਾਰਿਤ "ਉਨ੍ਹਾਂ ਦੇਸ ਦੇ ਅੰਦਰੂਣੀ ਮਾਮਲਿਆਂ ਵਿੱਚ ਦਖ਼ਲ" ਕਰਾਰ ਦਿੱਤਾ ਹੈ।

ਵੀਰਵਾਰ ਨੂੰ ਅਮਰੀਕੀ ਸੀਨੇਟ 'ਚ ਪਾਸ ਹੋਏ ਮਤੇ ਕਾਫੀ ਸੰਕੇਤਾਮਕ ਸਨ ਅਤੇ ਇਨ੍ਹਾਂ ਦੀ ਕਾਨੂੰਨ ਬਣਨ ਦੀ ਸੰਭਾਵਨਾ ਵੀ ਘੱਟ ਹੈ।

ਪਰ ਉਨ੍ਹਾਂ ਨੇ ਸਾਊਦੀ ਨੀਤੀਆਂ ਪ੍ਰਤੀ ਅਮਰੀਕੀ ਸੀਨੇਟਸ ਦੇ ਗੁੱਸੇ ਵਾਲੇ ਰਵੱਈਆ ਬਾਰੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਚੇਤਾਵਨੀ ਦਿੱਤੀ।

ਸਾਊਦੀ ਅਰਬ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 11 ਲੋਕਾਂ ਨੂੰ ਖਾਸ਼ੋਜੀ ਦੇ ਕਤਲ ਵਿੱਚ ਮੁਲਜ਼ਮ ਬਣਾਇਆ ਗਿਆ ਹੈ।

ਸਾਊਦੀ ਅਰਬ ਦਾ ਕੀ ਕਹਿਣਾ ਹੈ?

ਅਧਿਕਾਰਤ ਸਾਊਦੀ ਪ੍ਰੈਸ ਏਜੰਸੀ ਮੁਤਾਬਕ, ਸਾਊਦੀ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ, "ਸਾਊਦੀ ਅਰਬ ਅਮੀਰੀਕ ਸੀਨੇਟ ਦੇ ਮੌਜੂਦਾ ਸਥਿਤੀ ਦੀ ਨਿੰਦਾ ਕੀਤੀ ਹੈ।"

ਇਹ ਵੀ ਪੜ੍ਹੋ-

ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਇਹ ਸਥਿਤੀ "ਝੂਠੇ ਇਲਜ਼ਾਮਾਂ 'ਤੇ ਆਧਾਰਿਤ ਹੈ ਅਤੇ ਉਹ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨੂੰ ਬਰਦਾਸ਼ਤ ਨਹੀਂ ਕਰਦੇ।"

ਅਮਰੀਕਾ ਨੇ ਅਜੇ ਤੱਕ ਸਾਊਦੀ ਅਰਬ ਵੱਲੋਂ ਜਾਰੀ ਇਸ ਬਿਆਨ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਕੀ ਹਨ ਅਮਰੀਕੀ ਸੀਨੇਟ ਦੇ ਮਤੇ?

ਵੀਰਵਾਰ ਨੂੰ ਅਮਰੀਕੀ ਸੀਨੇਟ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ 1973 ਵਾਰ ਪਾਵਰ ਐਕਟ ਤਹਿਤ ਫੌਜੀ ਸੰਘਰਸ਼ 'ਚੋਂ ਆਪਣੀ ਸੈਨਾ ਵਾਪਸ ਬੁਲਾਉਣ 'ਤੇ ਕਾਂਗਰਸ ਦੀ ਸਹਿਮਤੀ ਬਣੀ।

ਇਸ ਮਤੇ ਨੂੰ 56-41 ਦੀਆਂ ਵੋਟਾਂ ਨਾਲ ਪਾਸ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਸੀਨੇਟ ਨੇ ਸਰਬਸੰਮਤੀ ਨਾਲ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਵਾਸ਼ਿੰਗਟਨ ਪੋਸਟ ਦੇ ਰਿਪੋਰਟ ਜਮਾਲ ਖਾਸ਼ੋਜੀ ਦੇ ਅਕਤੂਬਰ 'ਚ ਹੋਏ ਕਤਲ ਲਈ ਦੋਸ਼ੀ ਠਹਿਰਾਇਆ।

ਜਮਾਲ ਖਾਸ਼ੋਜੀ ਕੌਣ ਸੀ?

ਖ਼ਾਸ਼ੋਜੀ ਦੀ ਮੌਤ ਕਿਵੇਂ ਹੋਈ ਇਸ ਬਾਰੇ ਹਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਉਹ ਤੁਰਕੀ ਸਥਿਤ ਸਾਊਦੀ ਅਰਬ ਦੇ ਸਫ਼ਾਰਤਖ਼ਾਨੇ ਵਿੱਚ ਆਪਣੇ ਵਿਆਹ ਦੇ ਕਾਗਜ਼ਾਤ ਲੈਣ ਗਏ ਸਨ, ਪਰ ਬਾਹਰ ਨਹੀਂ ਆਏ।

ਸ਼ੁਰੂਆਤ ਵਿੱਚ ਤੁਰਕੀ ਨੇ ਦਾਅਵਾ ਕੀਤਾ ਕਿ ਉਸ ਕੋਲ ਮੌਜੂਦ ਆਵਾਜੀ-ਰਿਕਾਰਡਿੰਗ ਮੁਤਾਬਕ ਉਨ੍ਹਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਗਿਆ।

ਖਾਸ਼ੋਜੀ ਇੱਕ ਮੰਨੇ-ਪ੍ਰਮੰਨੇ ਪੱਤਰਕਾਰ ਸਨ। ਉਨ੍ਹਾਂ ਨੇ ਅਫਗਾਨਿਸਤਾਨ 'ਤੇ ਸੋਵੀਅਤ ਹਮਲੇ ਅਤੇ ਓਸਾਮਾ ਬਿਨ ਲਾਦੇਨ ਸਣੇ ਕਈ ਅਹਿਮ ਖਬਰਾਂ ਕਵਰ ਕੀਤੀਆਂ ਸਨ।

ਕਈ ਦਹਾਕਿਆਂ ਤੱਕ ਉਹ ਸਾਊਦੀ ਸ਼ਾਹੀ ਪਰਿਵਾਰ ਦੇ ਕਰੀਬੀ ਰਹੇ ਅਤੇ ਸਰਕਾਰ ਦੇ ਸਲਾਹਕਾਰ ਵੀ ਰਹੇ। ਪਰ ਫਿਰ ਉਨ੍ਹਾਂ ਉੱਤੇ ਭਰੋਸਾ ਨਾ ਰਿਹਾ ਅਤੇ ਖੁਦ ਹੀ ਦੇਸ ਨਿਕਾਲਾ ਲੈ ਕੇ ਪਿਛਲੇ ਸਾਲ ਅਮਰੀਕਾ ਵਿੱਚ ਚਲੇ ਗਏ ਸਨ।

ਇਹ ਵੀ ਪੜ੍ਹੋ:

ਉੱਥੋਂ ਉਨ੍ਹਾਂ ਨੇ ਵਾਸ਼ਿੰਗਟਨ ਪੋਸਟ ਲਈ ਕਾਲਮ ਲਿਖਣਾ ਸ਼ੁਰੂ ਕੀਤਾ ਅਤੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।

ਸਾਊਦੀ ਸ਼ਹਿਜ਼ਾਦੇ ’ਤੇ ਕਿਉਂ ਲੱਗੇ ਕਤਲ ਦੇ ਇਲਜ਼ਾਮ?

ਪਿਛਲੇ ਹਫ਼ਤੇ ਅਮਰੀਕੀ ਸੀਨੇਟ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਨੂੰ ਖਾਸ਼ੋਜੀ ਦੇ ਕਤਲ ਦਾ ਦੋਸ਼ੀ ਮੰਨਿਆ ਸੀ। ਇਸ ਤੋਂ ਪਹਿਲਾਂ ਸੀਆਈਏ ਨੇ ਵੀ ਖਾਸ਼ੋਜੀ ਨੂੰ ਹੀ ਕਤਲ ਦਾ ਦੋਸ਼ੀ ਮੰਨਿਆ ਸੀ।

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਸੈਂਟ੍ਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਦਾ ਮੰਨਣਾ ਹੈ ਕਿ ਪੱਤਰਕਾਰ ਜਮਾਲ ਖਾਸ਼ੋਜੀ ਦੀ ਮੌਤ ਦੇ ਆਦੇਸ਼ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਦਿੱਤੇ ਸਨ।

ਏਜੰਸੀ ਦੇ ਕਰੀਬੀ ਸੂਤਰਾਂ ਮੁਤਾਬਕ ਉਨ੍ਹਾਂ ਨੇ ਸਬੂਤਾਂ ਦਾ ਵਿਸਥਾਰ 'ਚ ਮੁਲੰਕਣ ਕੀਤਾ ਹੈ।

ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਜਿਹੇ ਕਾਰੇ ਨੂੰ ਅੰਜਾਮ ਦੇਣ ਲਈ ਪ੍ਰਿੰਸ ਦੇ ਮਨਜ਼ੂਰੀ ਦੀ ਲੋੜ ਹੁੰਦੀ ਹੈ।

ਹਾਲਾਂਕਿ ਸਾਊਦੀ ਅਰਬ ਨੇ ਇਸ ਦਾਅਵੇ ਨੂੰ ਨਕਾਰਿਆ ਹੈ ਅਤੇ ਕਿਹਾ ਹੈ ਕ੍ਰਾਊਨ ਪ੍ਰਿੰਸ ਨੂੰ ਇਸ ਕਤਲ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਤੁਰਕੀ ਦਾ ਸਾਊਦੀ 'ਤੇ ਸਿੱਧਾ ਦੋਸ਼

ਤੁਰਕੀ ਦੇ ਸੀਨੀਅਰ ਅਧਿਕਾਰੀ ਯਾਸਿਨ ਆਕਤਾਏ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਮਾਲ ਖਾਸ਼ੋਜੀ ਦੀ ਲਾਸ਼ ਦੇ ਟੁਕੜੇ ਕਰਕੇ ਤੇਜ਼ਾਬ ਵਿਚ ਪਾ ਦਿੱਤੇ ਗਏ ਸਨ।

ਹੁਰੀਅਤ ਨਾਂ ਦੇ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਆਕਤਾਏ ਨੇ ਕਿਹਾ, 'ਉਨ੍ਹਾਂ ਨੇ ਖਾਸ਼ੋਜੀ ਦੀ ਲਾਸ਼ ਦੇ ਟੁਕੜੇ ਕਰਕੇ ਤੇਜ਼ਾਬ ਵਿਚ ਇਸ ਲਈ ਪਾ ਦਿੱਤੇ ਹੋਣਗੇ ਤਾਂ ਕਿ ਸਬੂਤਾਂ ਨੂੰ ਪੂਰੀ ਤਰ੍ਹਾਂ ਨਸ਼ਟ ਕੀਤਾ ਜਾ ਸਕੇ।'

ਇਸ ਤੋਂ ਪਹਿਲਾਂ ਤੁਰਕੀ ਨੇ ਜਾਣਕਾਰੀ ਦਿੱਤੀ ਸੀ ਕਿ ਉਸਨੇ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਤਲ ਨਾਲ ਜੁੜੀ ਰਿਕਾਰਡਿੰਗ ਅਮਰੀਕਾ, ਬਰਤਾਨੀਆ ਅਤੇ ਸਾਊਦੀ ਅਰਬ ਨਾਲ ਸਾਂਝੀ ਕੀਤੀ ਹੈ।

ਤੁਰਕੀ ਦੇ ਰਾਸ਼ਟਰਪਤੀ ਰਜ਼ਪ ਤਾਇਪ ਅਰਦੋਆਨ ਨੇ ਇੱਕ ਵਾਰ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਸਾਊਦੀ ਅਰਬ ਨੂੰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਰਜ਼ਪ ਤਾਇਪ ਅਰਦੋਆਨ ਨੇ ਪਹਿਲੀ ਵਾਰ ਸਿੱਧੇ ਤੌਰ ਉੱਤੇ ਸਾਊਦੀ ਅਰਬ ਨੂੰ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਤਲ ਦਾ ਜ਼ਿੰਮੇਵਾਰ ਦੱਸਿਆ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)