ਸਾਊਦੀ ਅਰਬ ਤੋਂ ਘਰ ਛੱਡ ਕੇ ਥਾਈਲੈਂਡ 'ਚ ਰਹਿ ਰਹੀ ਕੁੜੀ ਨੂੰ ਸੰਯੁਕਤ ਰਾਸ਼ਟਰ ਨੇ ਦਿੱਤਾ ਰਫਿਊਜੀ ਸਟੇਟਸ

ਇਸਲਾਮ ਅਤੇ ਆਪਣਾ ਘਰ ਛੱਡ ਸਾਊਦੀ ਅਰਬ ਦੋਂ ਭੱਜਣ ਵਾਲੀ 18 ਸਾਲਾ ਕੁੜੀ ਨੂੰ ਸੰਯੁਕਤ ਰਾਸ਼ਟਰ ਵੱਲੋਂ ਰਫਿਊਜੀ ਸਟੇਟਸ ਦੇ ਦਿੱਤਾ ਗਿਆ ਹੈ। ਸਾਊਦੀ ਅਰਬ ਛੱਡਣ ਵਾਲੀ ਰਾਹਫ਼ ਮੁਹੰਮਦ ਅਲ ਕਿਉਨੁਨ ਨੇ ਕੈਨੇਡਾ, ਅਮਰੀਕਾ, ਆਸਟਰੇਲੀਆ ਜਾਂ ਬਰਤਾਨੀਆਂ 'ਚ ਸ਼ਰਨ ਲੈਣਾ ਦੀ ਮੰਗ ਕੀਤੀ ਸੀ।

ਆਸਟਰੇਲੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, ''ਰਾਹਫ਼ ਮੁਹੰਮਦ ਅਲ ਕਿਉਨੁਨ ਦਾ ਮਾਮਲਾ ਆਸਟਰੇਲੀਆ ਨੂੰ ਰੈਫਰ ਕੀਤਾ ਗਿਆ ਸੀ। ਇਸ ਮਾਮਲੇ ਨੂੰ ਆਮ ਮਾਮਲਿਆਂ ਵਾਂਗ ਹੀ ਵਿਚਾਰਿਆ ਜਾਵੇਗਾ। ਸਰਕਾਰ ਇਸ ਮੁੱਦੇ 'ਤੇ ਅੱਗੇ ਹੋਰ ਕੁਝ ਨਹੀਂ ਬੋਲੇਗੀ।''

ਆਸਟਰੇਲੀਆ ਦੇ ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਮਨੁੱਖੀ ਆਧਾਰ 'ਤੇ ਕਿਸੇ ਵੀ ਵੀਜ਼ਾ ਲਈ ਅਰਜ਼ੀ ਬਾਰੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਸੰਸਥਾ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ।

ਪਿਤਾ ਤੇ ਭਰਾ ਪਹੁੰਚੇ ਬੈਂਕਾਕ

ਇਸੇ ਵਿਚਾਲੇ ਕੁੜੀ ਦਾ ਭਰਾ ਅਤੇ ਪਿਤਾ ਥਾਈਲੈਂਡ ਪਹੁੰਚ ਚੁੱਕੇ ਹਨ ਪਰ ਕਿਉਨਨ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।

ਬੈਂਕਾਕ ਹਵਾਈ ਅੱਡੇ ਤੋਂ ਲਗਾਤਾਰ ਟਵਿੱਟਰ ਰਾਹੀਂ ਆਪਣੀ ਹਾਲਤ ਦੱਸਦੀ ਜਾ ਰਹੀ ਸੀ। ਮੰਗਲਵਾਰ ਨੂੰ ਉਨ੍ਹਾਂ ਨੇ ਇਹ ਵਟੀਵ ਕੀਤਾ, "ਮੈਂ ਕੈਨੇਡਾ, ਅਮਰੀਕਾ, ਆਸਟਰੇਲੀਆ ਜਾਂ ਬਰਤਾਨੀਆਂ ਤੋਂ ਸੁਰੱਖਿਆ ਮੰਗਦੀ ਹਾਂ। ਉਨ੍ਹਾਂ ਪ੍ਰਤੀਨਿਧੀ ਮੇਰੇ ਨਾਲ ਸੰਪਰਕ ਕਰਨ।"

ਮਹਿਜ਼ ਡੇਢ ਦਿਨ 'ਚ ਉਨ੍ਹਾਂ ਦੇ ਟਵਿੱਟਰ ਆਕਾਊਂਟ 'ਤੇ 50 ਹਜ਼ਾਰ ਫੌਲੋਅਰਜ਼ ਜੁੜ ਗਏ ਹਨ।

ਰਾਹਫ਼ ਨੇ ਸੋਮਵਾਰ ਤੋਂ ਹੀ ਆਪਣੇ ਆਪ ਨੂੰ ਬੈਂਕਾਕ ਏਅਰੋਪਰਟ 'ਤੇ ਇੱਕ ਹੋਟਲ ਦੇ ਕਮਰੇ ਵਿੱਚ ਖ਼ੁਦ ਨੂੰ ਬੰਦ ਕੀਤਾ ਹੋਇਆ ਹੈ।

ਉਨ੍ਹਾਂ ਨੇ ਇਸ ਬਾਰੇ ਵੀ ਟਵੀਟ ਕੀਤਾ ਅਤੇ ਲਿਖਿਆ, "ਮੈਨੂੰ ਪਤਾ ਲੱਗਾ ਹੈ ਕਿ ਮੇਰੇ ਪਿਤਾ ਪਹੁੰਚ ਗਏ ਹਨ ਅਤੇ ਮੈਨੂੰ ਚਿੰਤਾ ਹੋ ਰਹੀ ਹੈ ਤੇ ਮੈਂ ਡਰੀ ਹੋਈ ਹਾਂ। ਪਰ ਮੈਂ ਯੂਐਨਐਸਸੀਆਰ ਅਤੇ ਥਾਈ ਅਧਿਕਾਰੀਆਂ ਦੀ ਹਿਫ਼ਾਜ਼ਤ 'ਚ ਸੁਰੱਖਿਅਤ ਮਹਿਸੂਸ ਕਰ ਰਹੀ ਹਾਂ।"

ਕਿਉਂ ਛੱਡਿਆ ਸੀ ਘਰ?

ਕਿਉਨੁਨ ਥਾਈਲੈਂਡ ਆਉਣ ਮਗਰੋਂ ਬੀਬੀਸੀ ਨਾਲ ਵੀ ਗੱਲ ਕੀਤੀ ਸੀ ਅਤੇ ਦੱਸਿਆ ਸੀ, "ਮੈਂ ਆਪਣੀ ਕਹਾਣੀ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸੇ ਕਾਰਨ ਮੇਰੇ ਪਿਤਾ ਮੇਰੇ ਨਾਲ ਬਹੁਤ ਨਾਰਾਜ਼ ਹਨ। ਮੈਂ ਆਪਣੇ ਦੇਸ 'ਚ ਪੜ੍ਹਾਈ ਜਾਂ ਨੌਕਰੀ ਨਹੀਂ ਕਰ ਸਕਦੀ। ਮੈਂ ਆਜ਼ਾਦ ਹੋਣਾ ਚਾਹੁੰਦੀ ਹਾਂ, ਪੜ੍ਹਣਾ ਅਤੇ ਨੌਕਰੀ ਕਰਨਾ ਚਾਹੁੰਦੀ ਹਾਂ।"

ਇਸਲਾਮ ਤਿਆਗਣ ਕਾਰਨ ਜਾਨ ਦਾ ਡਰ

ਰਾਹਫ਼ ਮੁਹੰਮਦ ਅਲ-ਕਿਉਨੁਨ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਨੂੰ ਜਿਵੇਂ ਹੀ ਬੈਂਕਾਕ ਪਹੁੰਚੀ, ਇੱਕ ਸਾਊਦੀ ਰਾਜਦੂਤ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ, ਜਿਸ ਨਾਲ ਉਹ ਫਲਾਈਟ ਤੋਂ ਉਤਰਨ ਵੇਲੇ ਮਿਲੀ ਸੀ।

ਰਾਹਫ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਘਰਵਾਲੇ ਉਨ੍ਹਾਂ ਨੂੰ ਮਾਰ ਦੇਣਗੇ ਕਿਉਂਕਿ ਉਨ੍ਹਾਂ ਨੇ ਇਸਲਾਮ ਤਿਆਗ ਦਿੱਤਾ ਸੀ।

ਉਹ ਕੁਵੈਤ ਤੋਂ ਭੱਜ ਕੇ ਬੈਂਕਾਕ ਆ ਗਈ ਸੀ ਜਿੱਥੇ ਉਹ ਆਸਟਰੇਲੀਆ ਜਾਣਾ ਚਾਹੁੰਦੀ ਸੀ ਪਰ ਹਵਾਈ ਅੱਡੇ 'ਤੇ ਸਾਊਦੀ ਅਧਿਕਾਰੀਆਂ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਕੁਵੈਤ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਏਅਰਪੋਰਟ 'ਤੇ ਹੀ ਇੱਕ ਹੋਟਲ ਦੇ ਕਮਰੇ 'ਚ ਬੰਦ ਕਰ ਲਿਆ ਅਤੇ ਉਥੋਂ ਉਹ ਸੋਸ਼ਲ ਮੀਡੀਆ ਅਤੇ ਫੋਨ ਰਾਹੀਂ ਮਦਦ ਲੈਣ ਦੀ ਕੋਸ਼ਿਸ਼ ਕਰਨ ਲੱਗੀ।

ਉਨ੍ਹਾਂ ਨੇ ਸਮਾਚਾਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦਿਆਂ ਹੋਇਆ ਕਿਹਾ, "ਮੇਰੇ ਭਰਾ ਅਤੇ ਪਰਿਵਾਰ ਤੇ ਸਾਊਦੀ ਅਰਬ ਦੂਤਾਵਾਸ ਦੇ ਲੋਕ ਕੁਵੈਤ 'ਚ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ। ਮੇਰੀ ਜਾਨ ਖ਼ਤਰੇ ਵਿੱਚ ਹੈ। ਮੇਰੇ ਘਰ ਵਾਲੇ ਕਿਸੇ ਵੀ ਛੋਟੀ ਗੱਲ 'ਤੇ ਮੇਰੀ ਜਾਨ ਲੈਣ ਦੀ ਧਮਕੀ ਦਿੰਦੇ ਰਹਿੰਦੇ ਹਨ।"

ਉਨ੍ਹਾਂ ਦੇ ਸੰਦੇਸ਼ਾਂ ਤੋਂ ਬਾਅਦ ਕਈ ਮਨੁਖੀ ਅਧਿਕਾਰ ਸੰਗਠਨਾਂ ਨੇ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਸੀ।

ਰਾਹਫ਼ ਨੇ ਕਿਹਾ ਹੈ ਉਹ ਉਦੋਂ ਤੱਕ ਆਪਣੇ ਹੋਟਲ ਦੇ ਕਮਰੇ ਤੋਂ ਨਹੀਂ ਨਿਕਲੇਗੀ ਜਦੋਂ ਤੱਕ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨਾਲ ਨਹੀਂ ਮਿਲਣ ਨਹੀਂ ਦਿੱਤਾ ਜਾਂਦਾ।

ਥਾਈਲੈਂਡ ਦੀ ਇਮੀਗਰੇਸ਼ਨ ਪੁਲਿਸ ਦੇ ਮੁਖੀ ਸੁਰਾਛਾਤੇ ਹਕਪਰਨ ਨੇ ਸੋਮਵਾਰ ਨੂੰ ਕਿਹਾ, ਉਹਵ ਥਾਈਲੈਂਡ ਦੇ ਅਧਿਕਾਰ ਖੇਤਰ ਵਿੱਚ ਹੈ, ਕੋਈ ਵਿਅਕਤੀ ਜਾਂ ਕੋਈ ਦੂਤਾਵਾਸ ਉਨ੍ਹਾਂ ਨੂੰ ਕਿਤੇ ਹੋਰ ਜਾਣ ਲਈ ਦਬਾਅ ਨਹੀਂ ਪਾ ਸਕਦਾ।"

ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਹੋਟਲ ਦੇ ਕਮਰੇ ਦੀਆਂ ਤਸਵੀਰਾਂ ਵੀ ਨਜ਼ਰ ਆਈਆਂ।

ਇਹ ਵੀ ਪੜ੍ਹੋ:

ਪੁਰਾਣੇ ਮਾਮਲੇ ਦੀ ਯਾਦ

ਮੁਹੰਮਦ ਅਲ-ਕੁਨਨ ਦੇ ਇਸ ਮਾਮਲੇ ਨੇ ਸਾਲ 2017 ਦੇ ਇੱਕ ਪੁਰਾਣੇ ਮਾਮਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਜਦੋਂ ਇੱਕ ਹੋਰ ਸਾਊਦੀ ਔਰਤ ਫਿਲੀਪੀਂਸ ਰਾਹੀਂ ਆਸਟਰੇਲੀਆ ਜਾਣਾ ਚਾਹੁੰਦੀ ਸੀ।

24 ਸਾਲਾ ਦੀਨਾ ਅਲੀ ਲਸਲੂਮ ਕੁਵੈਤ ਤੋਂ ਫਿਲੀਪੀਂਸ ਰਾਹੀਂ ਆਸਟਰੇਲੀਆ ਜਾਣਾ ਚਾਹੁੰਦੀ ਸੀ ਮਨੀਲਾ ਏਅਰਪੋਰਟ ਤੋਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਵਾਪਸ ਸਾਊਦੀ ਲੈ ਗਿਆ।

ਉਸ ਵੇਲੇ ਅਲੀ ਲਸਲੂਮ ਨੇ ਕੈਨੇਡਾ ਦੇ ਇੱਕ ਸੈਲਾਨੀ ਦੇ ਫੋਨ ਤੋਂ ਟਵਿੱਟਰ 'ਤੇ ਇੱਕ ਵੀਡੀਓ ਤੇ ਸੰਦੇਸ਼ ਪੋਸਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਕਤਲ ਕਰ ਦੇਵੇਗਾ।

ਸਾਊਦੀ ਅਰਬ ਵਾਪਸ ਜਾਣ ਤੋਂ ਬਾਅਦ ਅਲੀ ਲਸਲੂਮ ਨਾਲ ਕੀ ਹੋਇਆ ਇਹ ਕੋਈ ਨਹੀਂ ਜਾਣਦਾ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)