ਸਾਊਦੀ ਅਰਬ 'ਚ ਮੋਰਚਿਆਂ 'ਤੇ ਡਟਣਗੀਆਂ ਮੁਟਿਆਰਾਂ

ਸਾਊਦੀ ਅਰਬ ਨੇ ਸੁਧਾਰਾਂ ਨੂੰ ਜਾਰੀ ਰੱਖਦੇ ਹੋਏ ਹੁਣ ਔਰਤਾਂ ਲਈ ਫੌਜ ਵਿੱਚ ਨੌਕਰੀਆਂ ਦੇਣ ਦਾ ਦੁਆਰ ਖੋਲ੍ਹ ਦਿੱਤਾ ਹੈ।

ਇਹ ਨੌਕਰੀਆਂ ਔਰਤਾਂ ਦੀ ਇੱਛਾ ਅਨੁਸਾਰ ਹੋਣਗੀਆਂ ਅਤੇ ਔਰਤਾਂ ਲਈ ਫੌਜ ਵਿੱਚ ਜਾਣਾ ਜ਼ਰੂਰੀ ਨਹੀਂ ਹੋਵੇਗਾ।

ਸਾਊਦੀ ਪ੍ਰੈਸ ਏਜੰਸੀ (ਐਸਪੀਏ) ਅਨੁਸਾਰ ਜਨ ਸੁਰੱਖਿਆ ਵਿਭਾਗ ਨੇ ਐਤਵਾਰ ਨੂੰ ਫੌਜੀ ਅਹੁਦਿਆਂ ਦੀ ਭਰਤੀ ਲਈ ਰਾਹ ਪੱਧਰਾ ਕਰ ਦਿੱਤਾ ਹੈ।

ਇਨ੍ਹਾਂ ਔਰਤਾਂ ਨੂੰ ਰਿਆਧ, ਮੱਕਾ, ਮਦੀਨਾ, ਕਾਸਿਮ, ਅਸਿਰ, ਅਲ-ਬਹਾ ਅਥੇ ਸ਼ਰਕਿਆਹ ਵਿੱਚ ਨਿਯੁਕਤ ਕੀਤਾ ਜਾਵੇਗਾ।

ਕੀ ਹੋਵੇਗੀ ਯੋਗਤਾ

ਇਸ ਦੇ ਲਈ ਜ਼ਰੂਰੀ ਸ਼ਰਤਾਂ ਵਿੱਚ ਔਰਤਾਂ ਨੂੰ ਸਾਊਦੀ ਮੂਲ ਦਾ ਹੋਣਾ ਜ਼ਰੂਰੀ ਹੈ ਅਤੇ ਹਾਈ ਸਕੂਲ ਡਿਪੋਲਮਾ ਤੱਕ ਦੀ ਵਿਦਿਅਕ ਯੋਗਤਾ ਵੀ ਹੋਣੀ ਚਾਹੀਦੀ ਹੈ।

25 ਤੋਂ ਘੱਟ ਅਤੇ 35 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਇਸ ਲਈ ਅਰਜ਼ੀ ਨਹੀਂ ਦੇ ਸਕਦੀਆਂ ਹਨ।

ਇਹ ਉਨ੍ਹਾਂ ਤਮਾਮ ਸਮਾਜ ਸੁਧਾਰ ਦੀਆਂ ਕੋਸ਼ਿਸ਼ਾਂ ਵਿੱਚੋਂ ਇੱਕ ਹੈ, ਜੋ ਸ਼ਹਿਜ਼ਾਦਾ ਮੁਹੰਮਦ ਸਲਮਾਨ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਹਨ।

ਸਾਊਦੀ ਸ਼ੂਰਾ ਕਾਉਂਸਲ ਦੇ ਇੱਕ ਮੈਂਬਰ ਵੱਲੋਂ ਇਹ ਮਤਾ ਲਿਆਂਦਾ ਗਿਆ ਸੀ ਕਿ ਔਰਤਾਂ ਲਈ ਸਾਲ ਵਿੱਚ ਤਿੰਨ ਮਹੀਨੇ ਫੌਜ ਵਿੱਚ ਕੰਮ ਕਰਨਾ ਜ਼ਰੂਰੀ ਕੀਤਾ ਜਾਵੇ।

ਇਸ ਮਤੇ 'ਤੇ ਕਾਉਂਸਲ ਵਿੱਚ ਅਤੇ ਸੋਸ਼ਲ ਮੀਡੀਆ 'ਤੇ ਤਿੱਖੇ ਮਤਭੇਦ ਵੀ ਸਾਹਮਣੇ ਆਏ ਸੀ।

ਪਹਿਲਾਂ ਇਹ ਇਨ੍ਹਾਂ ਪਾਬੰਦੀਆਂ ਤੋਂ ਮਿਲੀ ਸੀ ਨਿਜ਼ਾਤ

ਇਸੇ ਸਾਲ ਜੂਨ ਮਹੀਨੇ ਤੋਂ ਔਰਤਾਂ ਨੂੰ ਪਹਿਲੀ ਵਾਰ ਕਾਰ ਚਲਾਉਣ ਦੀ ਇਜਾਜ਼ਤ ਵੀ ਮਿਲ ਜਾਵੇਗੀ।

ਬੀਤੇ ਸਾਲ ਸਿਤੰਬਰ ਵਿੱਚ ਇਸ ਪਾਬੰਦੀ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਔਰਤਾਂ ਨੂੰ ਹੁਣ ਜਨਤਕ ਤੌਰ 'ਤੇ ਸਟੇਡੀਅਮ ਵਿੱਚ ਬੈਠ ਕੇ ਫੁੱਟਬਾਲ ਮੈਚ ਦੇਖਣ ਦੀ ਵੀ ਇਜਾਜ਼ਤ ਹੈ।

ਦਸੰਬਰ ਮਹੀਨੇ ਵਿੱਚ ਹੀ ਸਿਨੇਮਾ 'ਤੇ ਦਹਾਕਿਆਂ ਪੁਰਾਣੀ ਪਾਬੰਦੀ ਵੀ ਹਟਾ ਦਿੱਤੀ ਗਈ ਸੀ ਤਾਂਕਿ ਸ਼ਹਿਜ਼ਾਦਾ ਦੀ ਸੋਚ ਅਨੁਸਾਰ ਦੇ ਲਿਹਾਜ਼ ਤੋਂ ਮੁਲਕ ਦੇ ਮਨੋਰੰਜਨ ਉਦਯੋਗ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

ਸਾਊਦੀ ਅਰਬ ਦਾ ਸ਼ਾਹੀ ਪਰਿਵਾਰ ਧਾਰਮਿਕ ਰਵਾਇਤ ਵਹਾਬੀਅਤ ਦਾ ਪਾਲਣ ਕਰਦਾ ਹੈ। ਇਸ ਰਵਾਇਤ ਵਿੱਚ ਔਰਤਾਂ ਲਈ ਇਸਲਾਮੀ ਨਿਯਮ ਕਾਫ਼ੀ ਸਖ਼ਤ ਹਨ।

ਸਾਊਦੀ ਅਰਬ ਵਿੱਚ ਔਰਤਾਂ ਨੂੰ ਇਕੱਲੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਪਰਿਵਾਰ ਦਾ ਇੱਕ ਮਰਦ ਮੈਂਬਰ ਹੋਣਾ ਜ਼ਰੂਰੀ ਹੈ।

ਵਧੇਰੇ ਰੈਸਤਰਾਂ ਅਤੇ ਕੈਫੇ ਵਿੱਚ ਦੋ ਸੈਕਸ਼ਨ ਹੁੰਦੇ ਹਨ, ਇੱਕ ਮਰਦਾਂ ਦੇ ਲਈ ਅਤੇ ਦੂਜਾ ਪਰਿਵਾਰਾਂ ਦੇ ਲਈ। ਔਰਤਾਂ ਨੂੰ ਪਰਿਵਾਰਾਂ ਵਾਲੇ ਸੈਕਸ਼ਨ ਵਿੱਚ ਹੀ ਪਤੀ ਜਾਂ ਪਰਿਵਾਰ ਦੇ ਨਾਲ ਬੈਠਣ ਦੀ ਇਜਾਜ਼ਤ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)