You’re viewing a text-only version of this website that uses less data. View the main version of the website including all images and videos.
ਸੁਖਪਾਲ ਖਹਿਰਾ ਨੂੰ ਆਮ ਆਦਮੀ ਪਾਰਟੀ ਛੱਡਣ ਨਾਲ ਵਿਧਾਇਕੀ ਦੀ ਕੁਰਸੀ ਜਾਣ ਦਾ ਕਿੰਨਾ ਖਤਰਾ?
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਨ੍ਹਾਂ ਦੀ ਵਿਧਾਇਕੀ ਦੀ ਕੁਰਸੀ 'ਤੇ ਖ਼ਤਰਾ ਮੰਡਰਾ ਰਿਹਾ ਹੈ।ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਖਹਿਰਾ ਦੀ ਵਿਧਾਇਕੀ ਰੱਦ ਕਰਵਾਉਣ ਦੇ ਦਾਅਵੇ ਕਰ ਰਹੇ ਹਨ ਤੇ ਖਹਿਰਾ ਦੇ ਸਮਰਥਕ ਮੀਡੀਆ ਵਿਚ ਵਿਧਾਇਕੀ ਉੱਤੇ ਕੋਈ ਖਤਰਾ ਨਾ ਹੋਣ ਦਾ ਦਾਅਵਾ ਕਰ ਰਹੇ ਹਨ।
ਕਾਨੂੰਨੀ ਮਾਹਰ ਮੰਨਦੇ ਹਨ ਕਿ ਐਂਟੀ ਡਿਫੈਕਸ਼ਨ ਲਾਅ ਯਾਨਿ ਕਿ ਦਲ ਬਦਲ ਵਿਰੋਧੀ ਕਾਨੂੰਨ ਮੁਤਾਬਕ ਖਹਿਰਾ ਦੀ ਵਿਧਾਇਕੀ ਨੂੰ ਪਾਰਟੀ ਰੱਦ ਕਰਵਾ ਸਕਦੀ ਹੈ। ਕਾਨੂੰਨੀ ਮਾਹਰ ਦਲ ਬਦਲ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਦੇ ਹਵਾਲੇ ਨਾਲ ਦਾਅਵਾ ਕਰਦੇ ਹਨ ਕਿ ਇਸ ਕਾਨੂੰਨ ਤਹਿਤ ਪਾਰਟੀ ਕੋਲ ਪੂਰੇ ਹੱਕ ਹਨ ਕਿ ਉਹ ਸੁਖਪਾਲ ਖਹਿਰਾ ਖ਼ਿਲਾਫ਼ ਐਕਸ਼ਨ ਲੈ ਸਕਦੀ ਹੈ। ਪਾਰਟੀ ਦੀ ਪਟੀਸ਼ਨ ਉੱਤੇ ਖਹਿਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ।
ਹੁਣ ਇਹ ਪਾਰਟੀ ਦੇ ਹੱਥ ਵਿੱਚ ਹੈ ਕਿ ਉਹ ਇਸ ਕਾਨੂੰਨ ਦੀ ਵਰਤੋਂ ਕਰਕੇ ਖਹਿਰਾ ਖ਼ਿਲਾਫ਼ ਸ਼ਿਕਾਇਤ ਕਰਦੀ ਹੈ ਜਾਂ ਨਹੀਂ?
ਸੁਖਪਾਲ ਸਿੰਘ ਖਹਿਰਾ ਇਸ ਵੇਲੇ ਭੁਲੱਥ ਸੀਟ ਤੋਂ ਵਿਧਾਇਕ ਹਨ। 2017 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ। ਖਹਿਰਾ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਚੋਣ ਜਿੱਤਣ ਤੋਂ ਬਾਅਦ ਖਹਿਰਾ ਨੂੰ ਪਾਰਟੀ ਵੱਲੋਂ ਵਿਧਾਨ ਸਭ ਵਿੱਚ ਵਿਰੋਧੀ ਧਿਰ ਦਾ ਲੀਡਰ ਵੀ ਬਣਾਇਆ ਗਿਆ ਸੀ ਪਰ ਉਨ੍ਹਾਂ ਦੀਆਂ ਬਾਗੀ ਸੁਰਾਂ ਕਾਰਨ ਉਨ੍ਹਾਂ ਨੂੰ ਪਾਰਟੀ ਨੇ ਇਸ ਅਹੁਦੇ ਤੋਂ ਹਟਾ ਦਿੱਤਾ ਸੀ।
ਕਾਫ਼ੀ ਸਮਾਂ ਪਾਰਟੀ ਦੀ ਮੁਖ਼ਾਲਫ਼ਤ ਕਰਨ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ:
ਦਲ ਬਦਲ ਵਿਰੋਧੀ ਕਾਨੂੰਨ ਕੀ ਹੈ, ਜਿਸਦੇ ਤਹਿਤ ਖਹਿਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ। ਇਸ ਬਾਰੇ ਬੀਬੀਸੀ ਪੰਜਾਬੀ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਪੰਕਜ ਜੈਨ ਨਾਲ ਗੱਲਬਾਤ ਕੀਤੀ।
ਕੀ ਹੁੰਦਾ ਹੈ ਦਲ ਬਦਲ ਵਿਰੋਧੀ ਕਾਨੂੰਨ?
ਸਾਲ 1985 ਵਿੱਚ ਸੰਵਿਧਾਨ 'ਚ 52ਵੀਂ ਸੋਧ ਹੋਈ। ਇਸ ਵਿੱਚ ਦਸਵੀਂ ਅਨੁਸੂਚੀ ਨੂੰ ਸ਼ਾਮਲ ਕੀਤਾ ਗਿਆ। ਇਸ ਵਿੱਚ ਲਿਖਿਆ ਗਿਆ ਕਿ ਕਿਹੜੇ ਅਧਾਰ 'ਤੇ ਚੁਣੇ ਨੁਮਾਇੰਦਿਆਂ ਨੂੰ ਅਯੋਗ ਐਲਾਨਿਆ ਜਾ ਸਕਦਾ ਹੈ।
ਪੰਕਜ ਜੈਨ ਮੁਤਾਬਕ ਇਸ ਕਾਨੂੰਨ ਦੀਆਂ ਮਦਾਂ ਤਹਿਤ ਜੇਕਰ ਕੋਈ ਵਿਧਾਇਕ ਜਾਂ ਸੰਸਦ ਮੈਂਬਰ ਖੁਦ ਹੀ ਪਾਰਟੀ ਛੱਡ ਦਿੰਦਾ ਹੈ ਜਾਂ ਪਾਰਟੀ ਨਿਰਦੇਸ਼ਾਂ ਦੇ ਉਲਟ ਸਦਨ ਦੀ ਵੋਟਿੰਗ ਵਿਚ ਹਿੱਸਾ ਨਹੀਂ ਲੈਂਦਾ ਤਾਂ ਪਾਰਟੀ ਉਸ ਦੀ ਮੈਂਬਰਸ਼ਿਪ ਰੱਦ ਕਰਵਾ ਸਕਦੀ ਹੈ।
ਇਸ ਕਾਨੂੰਨ ਮੁਤਾਬਕ ਜਦੋਂ ਵੀ ਅਜਿਹੇ ਹਾਲਾਤ ਬਣਨ ਉਦੋਂ ਸਦਨ ਦੇ ਸਪੀਕਰ ਦਾ ਰੋਲ ਫੈਸਲਾਕੁਨ ਹੁੰਦਾ ਹੈ। ਸਪੀਕਰ ਕੋਲ ਹੀ ਪਾਰਟੀ ਸ਼ਿਕਾਇਤ ਕਰਦੀ ਹੈ ਅਤੇ ਸਪੀਕਰ ਵੱਲੋਂ ਹੀ ਇਸਦੇ ਨਿਯਮ ਬਣਾਏ ਜਾਂਦੇ ਹਨ।
ਹੁਣ ਸੁਖਪਾਲ ਖਹਿਰਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਤੋਂ ਬਾਅਦ 'ਆਪ' ਲੀਡਰਸ਼ਿਪ ਕੋਲ ਇਹ ਅਧਿਕਾਰ ਆ ਗਿਆ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਤੌਰ ਉੱਤੇ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਸ਼ਿਕਾਇਤ ਕਰੇ।
ਜਦੋਂ ਪਾਰਟੀ ਖਹਿਰਾ ਖਿਲਾਫ ਸ਼ਿਕਾਇਤ ਕਰੇਗੀ ਤਾਂ ਇਸ ਮਾਮਲੇ ਵਿਚ ਕੀ ਪ੍ਰਕਿਰਿਆ ਹੋਵੇਗੀ ਤੇ ਇਸ ਦੇ ਨਿਯਮ ਕੀ ਹੋਣਗੇ , ਇਹ ਸਭ ਤੈਅ ਕਰਨਾ ਸਪੀਕਰ ਕੇਪੀ ਸਿੰਘ ਰਾਣਾ ਦੀ ਅਧਿਕਾਰ ਖੇਤਰ ਹੈ। ਸਪੀਕਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਲੈਂਦੇ ਹਨ।
ਚੁਣੇ ਹੋਏ ਮੈਂਬਰ 'ਤੇ ਇਹ ਕਾਨੂੰਨ ਕਦੋਂ ਲਾਗੂ ਹੁੰਦਾ ਹੈ?
- ਜੇਕਰ ਕੋਈ ਚੁਣਿਆ ਹੋਇਆ ਨੁਮਾਇੰਦਾ ਜਾਂ ਨਾਮਜ਼ਦ ਮੈਂਬਰ ਆਪਣੀ ਪਾਰਟੀ ਦੀ ਮੈਂਬਰਸ਼ਿਪ ਛੱਡ ਦੇਵੇ।
- ਜੇਕਰ ਉਹ ਪਾਰਟੀ ਦੀ ਦਿਸ਼ਾ ਨਿਰਦੇਸ਼ਾਂ ਵਿਰੁੱਧ ਵੋਟ ਕਰਦਾ ਹੈ ਜਾਂ ਵੋਟਿੰਗ ਹੀ ਨਹੀਂ ਕਰਦਾ ਮਤਲਬ ਆਪਣੀ ਕੋਈ ਹਿੱਸੇਦਾਰੀ ਨਹੀਂ ਦਿਖਾਉਂਦਾ।
- ਪਾਰਟੀ ਵਿੱਚ ਰਹਿ ਕੇ ਜੇਕਰ ਉਹ ਬਾਗੀ ਸੁਰਾਂ ਅਪਣਾਉਂਦਾ ਹੈ ਕਹਿਣ ਦਾ ਅਰਥ ਉਹ ਪਾਰਟੀ ਨਿਰਦੇਸ਼ਾਂ ਮੁਤਾਬਕ ਸਦਨ ਦੀ ਵੋਟਿੰਗ ਵਿਚ ਹਿੱਸਾ ਨਹੀਂ ਲੈਂਦਾ
- ਜੇਕਰ ਕੋਈ ਸ਼ਖ਼ਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹੈ ਤਾਂ ਵੀ ਉਹ ਇਸ ਕਾਨੂੰਨ ਹੇਠ ਆਉਂਦਾ ਹੈ। ਸੁਖਪਾਲ ਸਿੰਘ ਖਹਿਰਾ ਵੀ ਇਸੇ ਕਾਨੂੰਨ ਹੇਠ ਆਉਂਦੇ ਹਨ।
ਪਾਰਟੀ ਵੱਲੋਂ ਸ਼ਿਕਾਇਤ ਕਰਨ 'ਤੇ ਖਹਿਰਾ ਕੋਲ ਕੀ ਹਨ ਬਦਲ?
10ਵੀਂ ਅਨੁਸੂਚੀ ਆਮ ਆਦਮੀ ਪਾਰਟੀ ਹੁਣ ਸਪੀਕਰ ਨੂੰ ਲਿਖਤੀ ਸ਼ਿਕਾਇਤ ਕਰੇਗੀ।ਇਸ ਮਾਮਲੇ ਵਿਚ ਅਦਾਲਤੀ ਦਖਲ ਨਹੀਂ ਹੁੰਦਾ। ਹਰ ਅਸੈਂਬਲੀ ਵੱਲੋਂ ਇਸ ਕਾਨੂੰਨ ਤਹਿਤ ਕੁਝ ਨਿਯਮ ਬਣਾਏ ਗਏ ਹਨ।
ਪੰਜਾਬ ਦੀ ਅਸੈਂਬਲੀ ਦੇ ਵੀ ਆਪਣੇ ਨਿਯਮ ਹਨ ਤੇ ਉਸਦੇ ਤਹਿਤ ਪਾਰਟੀ ਵੱਲੋਂ ਪਟੀਸ਼ਨ ਦਾਖਲ ਕਰਕੇ ਖਹਿਰਾ ਨੂੰ ਅਯੋਗ ਕਰਾਰ ਦੇਣ ਦੀ ਅਰਜ਼ੀ ਦਿੱਤੀ ਜਾ ਸਕਦੀ ਹੈ। ਪਰ ਇਸ ਬਾਰੇ ਸਪੀਕਰ ਹੀ ਤੈਅ ਕਰਨਗੇ ਕਿ ਉਨ੍ਹਾਂ ਨੂੰ ਅਯੋਗ ਐਲਾਨਣਾ ਹੈ ਜਾਂ ਨਹੀਂ।
ਖਹਿਰਾ ਕਾਨੂੰਨੀ ਤੌਰ 'ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹ ਇਸ ਕਾਨੂੰਨ ਹੇਠ ਨਹੀਂ ਆਉਂਦੇ। ਉਹ ਆਪਣੀਆਂ ਦਲੀਲਾਂ ਰੱਖ ਸਕਦੇ ਹਨ। ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਰਟੀ ਦੀ ਸ਼ਿਕਾਇਤ ਤੋਂ ਬਾਅਦ ਖਹਿਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ।
ਕਿਹੜੀਆਂ ਸ਼ਰਤਾਂ ਵਿੱਚ ਦਲ ਬਦਲ ਵਿਰੋਧੀ ਕਾਨੂੰਨ ਨਹੀਂ ਲਗਦਾ?
- ਜੇਕਰ ਕੋਈ ਪੂਰੀ ਸਿਆਸੀ ਪਾਰਟੀ ਹੀ ਦੂਜੀ ਪਾਰਟੀ ਵਿੱਚ ਰਲੇਵਾਂ ਕਰ ਲਵੇ।
- ਜੇਕਰ ਕਿਸੇ ਇੱਕ ਪਾਰਟੀ ਦੇ ਚੁਣੇ ਹੋਏ ਮੈਂਬਰ ਨਵੀਂ ਸਿਆਸੀ ਪਾਰਟੀ ਬਣਾ ਲੈਣ।
- ਜੇਕਰ ਪਾਰਟੀ ਮੈਂਬਰ ਦੋ ਪਾਰਟੀਆਂ ਦੇ ਰਲੇਵੇਂ ਨੂੰ ਨਾ ਮੰਨਣ ਅਤੇ ਵੱਖ ਹੋ ਕੇ ਕੰਮ ਕਰਨ।
ਸੁਖਪਾਲ ਖਹਿਰਾ ਨਾਲ ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਗਏ ਦੂਜੇ ਵਿਧਾਇਕ ਕੰਵਰ ਸੰਧੂ ਨੇ ਖਹਿਰਾ ਨਾਲ ਮੁੱਢਲੀ ਮੈਂਬਰਸ਼ਿਪ ਨਹੀਂ ਛੱਡੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ 6 ਵਿਧਾਇਕ ਬੈਠਕ ਕਰਕੇ ਫੈਸਲਾ ਲਵਾਂਗੇ ਕਿ ਕੀ ਕਰਨਾ ਹੈ।
ਸੰਧੂ ਦਾ ਕਹਿਣਾ ਸੀ ਕਿ ਉਹ ਪੰਜਾਬ ਦੇ ਲੋਕਾਂ ਉੱਤੇ 6-7 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨਹੀਂ ਥੋਪਣਾ ਚਾਹੁੰਦੇ।
ਇਸ ਤੋਂ ਸਾਫ਼ ਹੈ ਕਿ ਖਹਿਰਾ ਗਰੁੱਪ ਨੂੰ ਇਸ ਵਿਚ ਕੋਈ ਸ਼ੰਕਾ ਨਹੀਂ ਹੈ ਕਿ ਸੁਖਪਾਲ ਖਹਿਰਾ ਦੀ ਵਿਧਾਇਕੀ ਵੀ ਪਾਰਟੀ ਛੱਡਣ ਦੇ ਨਾਲ ਹੀ ਜਾਵੇਗੀ। ਦਲ ਬਦਲ ਵਿਰੋਧੀ ਕਾਨੂੰਨ ਕਾਰਨ ਖਹਿਰਾ ਨੂੰ ਵਿਧਾਇਕ ਬਣੇ ਰਹਿਣ ਲਈ ਮੁੜ ਚੋਣ ਮੈਦਾਨ ਵਿਚ ਜਾਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ: