ਪੰਜਾਬ ਵਿੱਚ ਕਾਂਗਰਸ ਨੂੰ 'ਆਪ' ਨਾਲ ਗਠਜੋੜ ਦੀ ਲੋੜ ਨਹੀਂ - ਕੈਪਟਨ

"ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਹੋਂਦ ਨਹੀਂ ਹੈ ਇਸ ਲਈ ਉਸ ਨਾਲ ਸਮਝੌਤੇ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਆਪ ਜਾਂ ਕਿਸੇ ਵੀ ਹੋਰ ਪਾਰਟੀ ਨਾਲ ਸਮਝੌਤੇ ਬਾਰੇ ਆਖ਼ਰੀ ਫੈਸਲਾ ਹਾਈ ਕਮਾਂਡ ਹੀ ਲਵੇਗੀ।"

ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਵਿੱਚ ਆਪ ਨਾਲ ਗਠਜੋੜ ਬਾਰੇ ਚਰਚਾ ਨਹੀਂ ਹੋਈ ਹੈ।

ਆਗਾਮੀ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਸਮਝੌਤੇ ਦੀ ਲੋੜ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਕਾਂਗਰਸ ਸੂਬੇ ਵਿੱਚ ਆਪਣੇ ਦਮ ’ਤੇ ਹੀ ਸਾਰੀਆਂ 13 ਸੀਟਾਂ ਜਿੱਤੇਗੀ।

ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰਨ ਲਈ ਸਭ ਤੋਂ ਯੋਗ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਹਾਲਾਂਕਿ ਉਮੀਦਵਾਰਾਂ ਦੀ ਚੋਣ ਬਾਰੇ ਕੋਈ ਚਰਚਾ ਨਹੀਂ ਹੋਈ ਹੈ।

ਇਹ ਵੀ ਪੜ੍ਹੋ:

ਪੰਜਾਬ ਕੈਬਨਿਟ ਵਿੱਚ ਸੰਭਾਵੀ ਰੱਦੋਬਦਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਬਾਰੇ ਰਾਹੁਲ ਗਾਂਧੀ ਨਾਲ ਮੁਲਾਕਾਤ ਵਿੱਚ ਕੋਈ ਚਰਚਾ ਨਹੀਂ ਹੋਈ ਹੈ।

ਕਰਤਾਪੁਰ ਲਾਂਘੇ ਤੇ ਸਿੱਧੂ ਦੀ ਪਾਕਿਸਤਾਨ ਫੇਰੀ ਬਾਰੇ ਸਪਸ਼ਟੀਕਰਨ

ਕਰਤਾਪੁਰ ਲਾਂਘੇ ਦਾ ਕੰਮ ਪਾਕਿਸਤਾਨ ਵਿੱਚ ਸ਼ੁਰੂ ਹੋ ਚੁੱਕਿਆ ਹੈ ਜਦਕਿ ਭਾਰਤ ਵਾਲੇ ਪਾਸੇ ਹਾਲੇ ਕੋਈ ਕੰਮ ਸ਼ੁਰੂ ਨਹੀਂ ਹੋ ਸਕਿਆ।

ਇਸ ਬਾਰੇ ਮੁੱਖ ਮੰਤਰੀ ਨੇ ਕਿਹਾ, "ਕਰਤਾਰਪੁਰ ਲਾਂਘੇ ਲਈ ਜ਼ਰੂਰੀ ਵਿਕਾਸ ਕਾਰਜਾਂ ਲਈ ਜ਼ਮੀਨ ਹਾਸਲ ਕਰਨ ਲਈ ਪੰਜਾਬ ਸਰਕਾਰ ਨੂੰ ਕੋਈ ਫੰਡ ਹਾਲੇ ਪ੍ਰਾਪਤ ਨਹੀਂ ਹੋਏ ਜਿਸ ਕਾਰਨ ਲਾਂਘੇ ਨਾਲ ਵਿਕਾਸ ਕਾਰਜ ਹਾਲੇ ਤੱਕ ਇਸ ਲਈ ਸ਼ੁਰੂ ਨਹੀਂ ਹੋ ਸਕੇ।"

ਮੁੱਖ ਮੰਤਰੀ ਨੇ ਪੰਜਾਬ ਵਿੱਚ ਕਿਸਾਨਾਂ ਦੀ ਕਰਜ਼ ਮਾਫੀ ਬਾਰੇ ਪ੍ਰਧਾਨ ਮੰਤਰੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ।

ਕਿਸਾਨਾਂ ਦੀ ਕਰਜ਼ ਮਾਫੀ ਅਤੇ ਮੋਦੀ ਦੇ ਇਲਜ਼ਾਮ

ਉਨ੍ਹਾਂ ਦੀ ਸਰਕਾਰ ਨੇ 4,14,275 ਕਿਸਾਨਾਂ ਦਾ 3,417 ਕਰੋੜ ਦਾ ਕਰਜ਼ਾ ਸਿਰਫ ਇੱਕ ਸਾਲ ਵਿੱਚ ਮਾਫ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਸਾਰੇ 10.25 ਲੱਖ ਦਰਮਿਆਨੇ ਅਤੇ ਛੋਟੇ ਕਿਸਾਨਾਂ ਨੂੰ ਐਲਾਨੀ ਗਈ ਕਰਜ਼ ਮਾਫੀ ਸਕੀਮ ਦੇ ਦਾਇਰੇ ਵਿੱਚ ਲਿਆਉ ਲਈ ਵਚਨਬੱਧ ਹੈ।

ਇਸ ਤੋਂ ਬਾਅਦ ਜਿਵੇਂ ਹੀ ਸੂਬੇ ਦੀ ਵਿੱਤੀ ਹਾਲਤ ਸੁਧਰਦੀ ਹੈ ਬਾਕੀ ਕਿਸਾਨਾਂ ਨੂੰ ਵੀ ਪੜਾਅਵਾਰ ਇਸ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਰਹਿੰਦੇ 3 ਲੱਖ ਕਿਸਾਨਾਂ ਦਾ ਕਰਜ਼ ਵੀ ਜਲਦੀ ਹੀ ਮਾਫ ਕੀਤਾ ਜਾਵੇਗਾ।

ਉਨ੍ਹਾਂ ਕਿਹਾ, "ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਮੋਦੀ ਜਨਤਾ ਨੂੰ ਗਲਤ ਜਾਣਕਾਰੀ ਅਤੇ ਝੂਠੇ ਇਲਜ਼ਾਮਾਂ ਨਾਲ ਭਰਮਾਉਣ ਵਿੱਚ ਯਕੀਨ ਰੱਖਦੇ ਹਨ ਪਰ ਦੇਸ ਦੇ ਵੋਟਰ ਮੁੜ ਉਨ੍ਹਾਂ ਦੀ ਜੁਮਲੇਬਾਜ਼ੀ ਨਾਲ ਪ੍ਰਭਾਵਿਤ ਨਹੀਂ ਹੋਣਗੇ।''

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)