ਨਾਗਪੁਰ ਵਿੱਚ ਨੌਜਵਾਨ ਨੇ ਪੁਲਿਸ ਨੂੰ ਕਿਹਾ 'ਉਸ ਕੁੜੀ ਨੇ ਮੇਰਾ ਦਿਲ ਚੋਰੀ ਕੀਤਾ ਹੈ, ਹੁਣ ਲੱਭ ਕੇ ਲਿਆਓ'

ਨਾਗਪੁਰ ਦੀ ਪੁਲਿਸ ਕੋਲ੍ਹ ਇੱਕ ਅਜੀਬੋ ਗਰੀਬ ਚੋਰੀ ਦਾ ਮਾਮਲਾ ਆਇਆ। ਇੱਕ ਨੌਜਵਾਨ ਪੁਲਿਸ ਦੇ ਕੋਲ ਆਪਣੀ ਚੋਰੀ ਹੋਏ ਦਿਲ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ।

ਸੀਨੀਅਰ ਪੁਲਿਸ ਅਧਿਕਾਰੀ ਦੇ ਮੁਤਾਬਕ ਉਸ ਨੌਜਵਾਨ ਨੇ ਸ਼ਿਕਾਇਤ ਕੀਤੀ ਕਿ ਇੱਕ ਕੁੜੀ ਨੇ ਉਸਦਾ ਦਿਲ ਚੋਰੀ ਕੀਤਾ ਹੈ।

ਪੁਲਿਸ ਕੋਲ ਅਕਸਰ ਚੋਰੀ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ, ਪਰ ਇਸ ਸ਼ਿਕਾਇਤ ਨੇ ਉਨ੍ਹਾਂ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ ਅਤੇ ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਤੋਂ ਸਲਾਹ ਲੈਣੀ ਪਈ।

ਸੀਨੀਅਰ ਅਧਿਕਾਰੀਆਂ ਨੇ ਆਪਸ ਵਿੱਚ ਗੱਲ ਕਰਕੇ ਸਿੱਟਾ ਕੱਢਿਆ ਕਿ ਭਾਰਤ ਦੇ ਕਾਨੂੰਨ ਵਿੱਚ ਅਜਿਹੀ ਕੋਈ ਤਜਵੀਜ਼ ਨਹੀਂ ਹੈ ਕਿ ਇਸ ਤਰ੍ਹਾਂ ਦੀ ਸ਼ਿਕਾਇਤ ਦਾ ਕੁਝ ਕੀਤਾ ਜਾ ਸਕੇ।

ਆਖ਼ਿਰਕਾਰ ਉਨ੍ਹਾਂ ਨੇ ਨੌਜਵਾਨ ਨੂੰ ਵਾਪਸ ਮੋੜਨਾ ਪਿਆ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਚਰਚਾ

ਸੋਸ਼ਲ ਮੀਡੀਆ 'ਤੇ ਵੀ ਇਸ ਖਬਰ ਨੂੰ ਲੈ ਕੇ ਕਾਫੀ ਦਿਲਚਸਪ ਕਮੈਂਟਸ ਵੇਖਣ ਨੂੰ ਮਿਲੇ। ਬਹੁਤ ਲੋਕਾਂ ਨੇ ਇੱਕ ਦੂਜੇ ਨੂੰ ਟੈਗ ਕਰਕੇ ਖਬਰ ਦਾ ਮਜ਼ਾਕ ਉਡਾਇਆ।

ਰੂਪਾ ਮਹਿਤਾ ਨੇ ਲਿਖਿਆ, ''ਕਹਿਣਾ ਔਖਾ ਹੈ ਕਿ ਪਿਆਰ ਵਿੱਚ ਇਨਸਾਨ ਦਿਲ ਚੋਰੀ ਕਰਾ ਬੈਠਦਾ ਹੈ ਜਾਂ ਦਿਮਾਗ।''

ਇਸ ਦੇ ਜਵਾਬ ਵਿੱਚ ਗਿਰੀਸ਼ ਨੇ ਲਿਖਿਆ, ''ਕੌਮਨ ਸੈਂਸ''।

ਕਈ ਯੂਜ਼ਰਜ਼ ਨੇ ਮਸ਼ਹੂਰ ਬਾਲੀਵੁੱਡ ਗਾਣਿਆਂ ਰਾਹੀਂ ਵੀ ਚੁਟਕੀ ਲਈ।

ਸਨਚਿਤਾ ਗੂਹਾ ਨੇ ਲਿਖਿਆ, ''ਬੜੀ ਮੁਸ਼ਕਿਲ ਹੈ ਖੋਇਆ ਮੇਰਾ ਦਿਲ ਹੈ।ਸ਼ਾਇਦ ਕਿਸੇ ਨੇ ਦੱਸ ਦਿੱਤਾ ਕਿ ਥਾਣੇ ਜਾ ਕੇ ਸ਼ਿਕਾਇਤ ਕਰਵਾ ਦੇ।''

ਪਿਛਲੇ ਹਫਤੇ ਨਾਗਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੁਲਿਸ ਕਮਿਸ਼ਨਰ ਭੂਸ਼ਣ ਕੁਮਾਰ ਉਪਾਧਿਆਇਏ ਨੇ ਇਹ ਕਿੱਸਾ ਦੱਸਿਆ ਸੀ।

ਉਨ੍ਹਾਂ ਕਿਹਾ ਸੀ, ''ਅਸੀਂ ਚੋਰੀ ਕੀਤੀਆਂ ਚੀਜ਼ਾਂ ਵਾਪਸ ਕਰ ਸਕਦੇ ਹਾਂ, ਪਰ ਕਈ ਵਾਰ ਅਜਿਹੀ ਸ਼ਿਕਾਇਤਾਂ ਆਉਂਦੀਆਂ ਹਨ ਜਿਸਦਾ ਸਾਡੇ ਕੋਲ੍ਹ ਕੋਈ ਹਲ ਨਹੀਂ ਹੁੰਦਾ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)