ਪਠਾਨਕੋਟ ਹਮਲੇ ਨੂੰ ਕਿੰਨੇ ਹਮਲਾਵਰਾਂ ਨੇ ਅੰਜਾਮ ਦਿੱਤਾ ਸੀ?

    • ਲੇਖਕ, ਜੁਗਲ ਆਰ ਪੁਰੋਹਿਤ
    • ਰੋਲ, ਬੀਬੀਸੀ ਪੱਤਰਕਾਰ

ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਨੂੰ ਤਿੰਨ ਸਾਲ ਹੋ ਗਏ। ਕਈ ਘੰਟਿਆਂ ਤੱਕ ਚੱਲੇ ਆਪਰੇਸ਼ਨ ਮਗਰੋਂ ਏਅਰ ਫੋਰਸ ਸਟੇਸ਼ਨ ਵਿੱਚ ਦਾਖਲ ਹੋਏ ਹਮਲਾਵਰਾਂ ਦਾ ਖਾਤਮਾ ਹੋਇਆ।

ਇਸ ਜਵਾਬੀ ਕਾਰਵਾਈ ਵਿੱਚ ਸ਼ਾਮਲ ਰਹੇ ਏਅਰ ਮਾਰਸ਼ਲ ਐੱਸਬੀ ਦੇਵ ਹਾਲ ਹੀ ਵਿੱਚ ਹਵਾਈ ਫੌਜ ਦੇ ਉਪ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ।

ਆਪਣੀ ਰਿਟਾਇਰਮੈਂਟ ਮਗਰੋਂ ਏਅਰ ਮਾਰਸ਼ਲ ਐੱਸਬੀ ਦੇਵ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਪਠਾਨਕੋਟ ਹਮਲੇ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕੁਝ ਅਹਿਮ ਸਵਾਲਾਂ ਦੇ ਜਵਾਬ ਦਿੱਤੇ।

ਸਵਾਲ: ਪਠਾਨਕੋਟ ਹਮਲੇ ਨੂੰ ਤਿੰਨ ਸਾਲ ਹੋ ਗਏ ਹਨ। ਤੁਸੀਂ ਇਸ ਅਭਿਆਨ ਵਿੱਚ ਸ਼ਾਮਲ ਸੀ। ਇਸ ਨਾਲ ਜੁੜੀਆਂ ਤੁਹਾਡੀਆਂ ਯਾਦਾਂ ਕੀ ਹਨ?

ਜਵਾਬ: ਪਠਾਨਕੋਟ ਪੰਜਾਬ 'ਚ ਹੈ, ਜੰਮੂ-ਕਸ਼ਮੀਰ 'ਚ ਨਹੀਂ। ਕਿਸੇ ਵੀ ਤਰ੍ਹਾਂ ਦੇ ਵਿਵਾਦਤ ਖੇਤਰ ਵਿੱਚ ਨਹੀਂ। ਸਰਹੱਦਾਂ ਦੀ ਸੁਰੱਖਿਆ ਵਾਂਗ ਇੱਥੇ ਉਸ ਪੱਧਰ ਦੀ ਰਾਖੀ ਦੀ ਲੋੜ ਨਹੀਂ ਸੀ। ਇਸ ਲਿਹਾਜ਼ ਨਾਲ ਇਹ ਆਸਾਨ ਨਿਸ਼ਾਨਾ ਸੀ। ਮੈਂ ਹੈਰਾਨ ਹੁੰਦਾ ਹਾਂ ਕਿ ਸਰਕਾਰ ਪਠਾਨਕੋਟ ਨੂੰ ਲੈ ਕੇ ਰੱਖਿਆਤਮਕ ਸਥਿਤੀ 'ਚ ਕਿਉਂ ਸੀ? ਇਸ ਆਪਰੇਸ਼ਨ ਨੂੰ ਸਹੀ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ।

ਸਵਾਲ: ਸਰਕਾਰ ਦੀ ਕਿਹੜੀ ਗੱਲੋਂ ਤੁਹਾਨੂੰ ਲੱਗਿਆ ਕਿ ਉਹ ਰੱਖਿਆਤਮਕ ਸੀ?

ਜਵਾਬ: ਮੈਨੂੰ ਨਹੀਂ ਪਤਾ। ਉਸ ਵੇਲੇ ਕੁਝ ਮੀਡੀਆ ਅਭਿਆਨ ਚਲਾਏ ਗਏ ਜਿਨ੍ਹਾਂ 'ਚ 30 ਸਾਲ ਪੁਰਾਣੀਆਂ ਗੱਲਾਂ ਨੂੰ ਉਭਾਰਿਆ ਗਿਆ। ਭਾਰਤੀ ਹਵਾਈ ਫੌਜ ਦੇ ਸਪੈਸ਼ਲ ਕਮਾਂਡੋ ਦਸਤੇ 'ਗਰੁੜ' ਨੂੰ ਬੁਰਾ-ਭਲਾ ਕਿਹਾ ਗਿਆ। ਇਸ ਦਸਤੇ ਵੱਲੋਂ ਬਹਾਦਰੀ ਦੇ ਕਈ ਤਮਗੇ ਜਿੱਤੇ ਗਏ ਹਨ...ਅਸ਼ੋਕ ਚੱਕਰ, ਕੀਰਤੀ ਚੱਕਰ, ਸ਼ੌਰਿਆ ਚੱਕਰ ਆਦਿ। ਇਸ ਮਸਲੇ 'ਤੇ ਸਰਕਾਰ ਨੂੰ ਅਸਲ ਵਿੱਚ ਬਚਾਅ ਦੀ ਮੁਦਰਾ 'ਚ ਨਹੀਂ ਆਉਣਾ ਚਾਹੀਦਾ ਸੀ।

ਲੈਫਟੀਨੈਂਟ ਕਰਨਲ ਨਿਰੰਜਨ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਦੀਆਂ ਖ਼ਬਰਾਂ ਉਨ੍ਹਾਂ ਬਾਰੇ ਛਪੀਆਂ, ਉਨ੍ਹਾਂ ਨੂੰ ਦੇਸਧ੍ਰੋਹੀ ਵਾਂਗ ਦਿਖਾਇਆ ਗਿਆ! ਅਫਵਾਹਾਂ ਇਹ ਸਨ ਕਿ ਉਸ ਵੇਲੇ ਉਹ ਸੈਲਫੀ ਲੈ ਰਹੇ ਸਨ। 'ਗਰੁੜ' ਨੂੰ ਬਹੁਤ ਦੁੱਖ ਹੋਇਆ, ਉਹ ਮੇਰੇ ਕੋਲ ਆਏ ਤੇ ਕਿਹਾ ਕਿ ਦੇਖੋ ਕਿਸ ਤਰ੍ਹਾਂ ਦੀਆਂ ਗ਼ਲਤ ਗੱਲਾਂ ਫੈਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

ਸਵਾਲ: ਜੇਕਰ ਸਰਕਾਰ ਦਾ ਰੱਖਿਆਤਮਕ ਰੁਖ ਨਾ ਹੁੰਦਾ ਤਾਂ ਸੁਰੱਖਿਆ ਬਲਾਂ ਦੀ ਹੌਸਲਾ ਅਫਜ਼ਾਈ ਹੁੰਦੀ?

ਜਵਾਬ: ਹਾਂ ਬਿਲਕੁਲ, ਪਠਾਨਕੋਟ ਇੱਕ ਚੰਗੀ ਤਰ੍ਹਾਂ ਨੇਪਰੇ ਚਾੜ੍ਹਿਆ ਗਿਆ ਆਪਰੇਸ਼ਨ ਸੀ। ਏਅਰਬੇਸ ਉੱਤੇ ਹਮਲਾ ਕਰਨ ਦਾ ਮਤਲਬ ਹੈ ਕਿ ਫਿਊਲ ਅਤੇ ਏਅਰਕਰਾਫ਼ਟ ਵਰਗੀਆਂ ਕਈ ਚੀਜ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਸੀ ਪਰ ਅਸੀਂ ਸਾਰੀਆਂ ਚੀਜ਼ਾਂ ਨੂੰ ਬਚਾ ਲਿਆ।

ਸਵਾਲ: ਸਰਕਾਰ ਨਾਲ ਤੁਹਾਡੀ ਉਸ ਦੇ ਇਸ ਰੁਖ 'ਤੇ ਕਦੇ ਚਰਚਾ ਹੋਈ ਸੀ?

ਜਵਾਬ: ਕਈ ਮੌਕਿਆਂ 'ਤੇ ਇਸ ਬਾਰੇ ਚਰਚਾ ਹੋਈ। ਬਾਕੀ ਕਸ਼ਮੀਰ ਵਿੱਚ 'ਗਰੁੜ' ਦਸਤਿਆਂ ਨੇ ਆਪਣੇ ਆਪ ਨੂੰ ਸਾਬਿਤ ਕਰ ਦਿੱਤਾ।

ਇਹ ਵੀ ਪੜ੍ਹੋ:

ਵੀਡੀਓ ਇੰਟਰਵਿਆ ਦੇਖਣ ਲਈ ਕਲਿੱਕ ਕਰੋ

ਸਵਾਲ: ਤੁਹਾਡੇ ਮੁਤਾਬਕ ਪਠਾਨਕੋਟ ਨੂੰ ਲੋਕ ਕਿਵੇਂ ਯਾਦ ਰੱਖਣ?

ਜਵਾਬ: ਪਠਾਨਕੋਟ ਤੋਂ ਸਾਨੂੰ ਦੋ ਚੀਜ਼ਾਂ ਸਿੱਖਣ ਨੂੰ ਮਿਲੀਆਂ- ਪਹਿਲੀ, ਤਕਨੀਕੀ ਸਬਕ। ਇਸ ਗੱਲ ਤੋਂ ਅਸੀਂ ਜਾਣੂ ਸੀ ਕਿ ਪਠਾਨਕੋਟ ਵਰਗੇ ਹਾਲਾਤਾਂ ਵਿੱਚ 5.56mm ਹਥਿਆਰਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ। ਹਮਲਾਵਰਾਂ ਨੂੰ ਕਿਸੇ ਚੀਜ਼ ਦਾ ਫਰਕ ਨਹੀਂ ਹੁੰਦਾ, ਉਨ੍ਹਾਂ ਦਾ ਕੰਮ ਸਿਰਫ ਟ੍ਰਿਗਰ ਦੱਬਣਾ ਹੈ।

ਤੁਸੀਂ ਕਹੋਗੇ ਤਿੰਨ ਸਾਲ ਹੋ ਗਏ ਅਤੇ ਇੰਟੇਗ੍ਰੇਟੇਡ ਪੇਰੀਮੀਟਰ ਸਿਕਿਊਰਿਟੀ ਸਿਸਟਮ (IPSS) ਵਰਗੀ ਵਿਵਸਥਾ ਨੂੰ ਪੁਖਤਾ ਬਣਾਉਣ ਦੀ ਦਿਸ਼ਾ ਵੱਲ ਕੀ ਹੋਇਆ ਹੈ ਤਾਂ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਪ੍ਰੋਕਿਓਰਮੈਂਟ ਪ੍ਰਕਿਰਿਆ ਵਿੱਚ ਸਮਾਂ ਲੱਗਦਾ ਹੈ ਅਤੇ ਕੰਮ ਜਾਰੀ ਹੈ।

ਜਦੋਂ ਇੱਕ ਵਾਰ ਅਜਿਹਾ ਸਿਸਟਮ ਆ ਜਾਂਦਾ ਹੈ ਤਾਂ ਤੁਹਾਨੂੰ ਵੱਧ ਯਕੀਨ ਹੋ ਜਾਂਦਾ ਹੈ ਕਿ ਅਜਿਹੀ ਕੋਈ ਘਟਨਾ ਮੁੜ ਨਹੀਂ ਵਾਪਰੇਗੀ।

ਸਵਾਲ: ਐੱਨਆਈਏ ਦਾ ਕਹਿਣਾ ਹੈ ਕਿ ਮਿਲੀਟਰੀ ਇੰਜਨੀਅਰਿੰਗ ਸਰਵਿਸਸ ਦੇ ਸ਼ੈੱਡ ਕੋਲ ਹਮਲਾਵਰਾਂ ਦੇ ਹੋਣ ਬਾਰੇ ਪਤਾ ਨਹੀਂ ਲੱਗ ਸਕਿਆ ਸੀ?

ਜਵਾਬ: ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਦਾ ਪਲਾਨ ਕੀ ਸੀ। ਉਨ੍ਹਾਂ ਦਾ ਪਲਾਨ ਸੀ ਕਿ ਉੱਥੋਂ ਕੋਈ ਵਾਹਨ ਹਾਈਜੈੱਕ ਕਰੋ, ਉਸ 'ਤੇ ਸਵਾਰ ਹੋ ਕੇ ਆਪਣੀ ਕਾਰਵਾਈ ਨੂੰ ਅੰਜਾਮ ਦਿਓ। ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਕਿ ਉਹ ਅੰਦਰ ਸਨ। ਉਸ ਵੇਲੇ ਤਿੰਨ ਵੱਜੇ ਸਨ। ਉਸ ਵੇਲੇ ਉਹ ਅੰਦਰ ਆ ਚੁੱਕੇ ਸਨ।

ਤਤਕਾਲੀ ਏਅਰ ਆਫੀਸਰ ਇਨਚਾਰਜ (ਏਓਸੀ) ਧਾਮੂਨ ਇਸ ਮੁੱਦੇ ਉੱਤੇ ਚੁੱਪ ਹਨ ਕਿਉਂਕੀ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਚੰਗਾ ਵਤੀਰਾ ਨਹੀਂ ਹੋਇਆ।

ਸਵੇਰੇ ਉਨ੍ਹਾਂ ਨੂੰ ਪਤਾ ਸੀ ਕਿ ਇੱਕ ਚਿਤਾਵਨੀ ਜਾਰੀ ਹੋਈ ਹੈ ਪਰ ਉਸ ਵੇਲੇ ਪੱਕੇ ਤੌਰ 'ਤੇ ਕੁਝ ਨਹੀਂ ਪਤਾ ਸੀ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਸੰਕੇਤ ਮਿਲਿਆ ਕਿ ਏਅਰਬੇਸ ਖ਼ਤਰੇ ਵਿੱਚ ਹੋ ਸਕਦਾ ਹੈ, ਉਸ ਵੇਲੇ ਤੱਕ ਹਮਲਾਵਰ ਏਅਰਬੇਸ ਅੰਦਰ ਦਾਖਲ ਹੋ ਚੁੱਕੇ ਸਨ।

ਇਹ ਵੀ ਪੜ੍ਹੋ:

ਦੂਜੀ ਗੱਲ, ਇਹ ਸੀ ਕਿ ਜਦੋਂ ਤੁਹਾਡੇ ਕੋਲ ਵਾਹਨ ਹੋਵੇ ਤਾਂ ਤੁਸੀਂ ਛੇਤੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਸਕਦੇ ਹੋ ਇਹ ਗੱਲ ਸਾਡੇ ਲਈ ਚਿੰਤਾ ਵਾਲੀ ਸੀ। ਉਹ ਅੰਦਰ ਤਬਾਹੀ ਮਚਾ ਸਕਦੇ ਸੀ। ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਟੈਕਨੀਕਲ ਏਰੀਆ ਵਿੱਚ ਨਹੀਂ ਹਨ, ਅਸੀਂ ਏਅਰਫੀਲਡ ਨੂੰ ਖੁੱਲ੍ਹਾ ਰੱਖਿਆ ਤਾਂ ਜੋ ਐਨਐੱਸਜੀ ਕਮਾਂਡੋ ਆ ਸਕਣ।

ਸਵਾਲ: ਜੇਕਰ ਉਨ੍ਹਾਂ ਦਾ ਪਲਾਨ ਕਿਸੇ ਵਾਹਨ ਨੂੰ ਹਾਈਜੈਕ ਕਰਕੇ ਅਗਲੀ ਕਾਰਵਾਈ ਨੂੰ ਅੰਜਾਮ ਦੇਣਾ ਸੀ, ਉਨ੍ਹਾਂ ਕੋਲ ਪੂਰਾ ਇੱਕ ਦਿਨ ਸੀ, ਕਿਹੜੀ ਗੱਲੋਂ ਉਹ ਰੁਕੇ ਰਹੇ?

ਜਵਾਬ: ਹਮਲਾ ਕਰਨ ਦਾ ਸਹੀ ਸਮਾਂ ਹਮੇਸ਼ਾ ਦੇਰ ਰਾਤ ਦਾ ਹੁੰਦਾ ਹੈ। ਉਹ ਸਵੇਰੇ 4 ਵਜੇ ਪਹੁੰਚੇ ਅਤੇ ਉਸ ਵੇਲੇ ਤੱਕ ਏਅਰ ਬੇਸ ਅੰਦਰ ਹਲਚਲ ਸ਼ੁਰੂ ਹੋ ਜਾਂਦੀ ਹੈ। ਹਮਲਾ ਕਰਨ ਦਾ ਸਮਾਂ ਉਸ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ ਦਾ ਸੀ। ਉਨ੍ਹਾਂ ਨੂੰ ਆਰਾਮ ਦੀ ਲੋੜ ਸੀ ਤਾਂ ਜੋ ਉਹ ਹਮਲੇ ਲਈ ਤਿਆਰੀ ਕਰ ਸਕਣ। ਉਹ ਸਹੀ ਸਮੇਂ ਦੀ ਉਡੀਕ ਕਰਨ ਲੱਗ ਗਏ।

ਜਦੋਂ ਮੈਂ ਉੱਥੇ ਸੀ ਤਾਂ ਗੋਲੀਬਾਰੀ ਸ਼ੁਰੂ ਹੋ ਚੁੱਕੀ ਸੀ। ਜਦੋਂ ਇੱਕ ਵਾਰ ਗੋਲੀਬਾਰੀ ਸ਼ੁਰੂ ਹੋ ਗਈ ਮੈਂ ਉੱਥੋਂ ਵਾਪਿਸ ਨਹੀਂ ਜਾ ਸਕਦਾ। ਬਹੁਤ ਬੁਰਾ ਲੱਗ ਰਿਹਾ ਸੀ। ਸਾਡੇ ਨੌਜਵਾਨ ਕਿਵੇਂ ਲੜੇ ਸਨ ਅਤੇ ਇਹ ਸਭ ਤੋਂ ਸ਼ਾਬਾਸ਼ੀ ਵਾਲੀ ਗੱਲ ਸੀ।

ਸਵਾਲ: ਏਅਰ ਬੇਸ ਦੇ ਡਿਫੈਂਸ਼ ਸਿਕਿਊਰਿਟੀ ਕੋਰ (DSC) ਕੋਲ ਹਥਿਆਰ ਕਿਉਂ ਨਹੀਂ ਸਨ?

ਜਵਾਬ: ਮੈਂ ਤੁਹਾਡੇ ਨਾਲ ਸਹਿਮਤ ਹਾਂ। ਉਨ੍ਹਾਂ ਕੋਲ ਹਥਿਆਰ ਹੋਣੇ ਚਾਹੀਦੇ ਸਨ। ਜੇਕਰ ਉਹ ਸਾਹਮਣੇ ਨਾ ਆਉਂਦੇ ਤਾਂ ਨੁਕਸਾਨ ਘੱਟ ਹੁੰਦਾ।

ਸਵਾਲ: ਜਿੱਥੇ ਸਾਨੂੰ ਇਹ ਨਾ ਪਤਾ ਹੋਵੇ ਕਿ ਕਿੰਨੇ ਹਮਲਾਵਰ ਸਨ ਉਸ ਆਪਰੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਜਵਾਬ: ਹਾਲਾਤ ਹਮੇਸ਼ਾ ਅਨਿਸ਼ਚਿਤ ਹੁੰਦੇ ਹਨ।

ਜਵਾਲ: ਅਸਲ ਵਿੱਚ ਉੱਥੇ ਕਿੰਨੇ ਹਮਲਾਵਰ ਸਨ? ਜੇਕਰ ਉਹ ਚਾਰ ਸਨ ਤਾਂ ਦੋ ਜਨਵਰੀ ਨੂੰ ਹੀ ਮਾਰ ਦਿੱਤੇ ਗਏ, ਜੇਕਰ ਉੱਥੇ ਛੇ ਹਮਲਾਵਰ ਸਨ ਜੋ ਕਿ ਐੱਨਆਈਏ ਦੀ ਜਾਂਚ ਮੁਤਾਬਕ ਨਹੀਂ ਸਨ, ਤਾਂ ਆਪਰੇਸ਼ਨ ਇੰਨਾ ਲੰਬਾ ਕਿਉਂ ਚੱਲਿਆ?

ਜਵਾਬ: ਐੱਨਆਈਏ ਨੂੰ ਪਤਾ ਹੈ, ਮੈਨੂੰ ਬਿਲਕੁਲ ਨਹੀਂ ਪਤਾ। ਸਿਰਫ ਵਿਗਿਆਨਕ ਜਾਂਚ ਤੋਂ ਹੀ ਪਤਾ ਲੱਗ ਸਕਦਾ ਹੈ। ਜਦੋਂ ਤੁਸੀਂ ਅਜਿਹੇ ਹਾਲਤਾਂ ਵਿੱਚ ਘਿਰੇ ਹੁੰਦੇ ਹੋ ਤਾਂ ਅਜੀਬੋ ਗਰੀਬ ਚੀਜਾਂ ਵਾਪਰਦੀਆਂ ਹਨ।

ਸਵਾਲ: ਪਾਕਿਸਤਾਨੀ ਜਾਂਚ ਟੀਮ ਦੇ ਏਅਰ ਬੇਸ ਅੰਦਰ ਆਉਣ ਦੇਣ ਤੋਂ ਪਹਿਲਾਂ ਤੁਹਾਡੇ ਨਾਲ ਸਲਾਹ ਕੀਤੀ ਗਈ?

ਜਵਾਬ: ਸਾਡੀ ਸਲਾਹ ਲਈ ਗਈ ਸੀ। ਅਸੀਂ ਹੀ ਕੰਧ ਤੋੜੀ ਸੀ। ਉਹ ਘਟਨਾ ਵਾਲੀ ਥਾਂ ਤੋਂ ਇਲਾਵਾ ਕੁਝ ਨਹੀਂ ਦੇਖ ਸਕੇ।

ਸਵਾਲ: ਰਫਾਲ ਮੁੱਦੇ ਨੂੰ ਤੁਸੀਂ ਏਅਰ ਫੋਰਸ ਅਤੇ ਸੁਰੱਖਿਆ ਫੋਰਸਾਂ ਦੇ ਲਿਹਾਜ਼ ਨਾਲ ਕਿਵੇਂ ਦੇਖਦੇ ਹੋ?

ਜਵਾਬ: ਇਸ ਨਾਲ ਹਵਾਈ ਜਹਾਜ਼ਾਂ ਦੇ ਆਉਣ ਦੀ ਪ੍ਰਕਿਰਿਆ ਸੁਸਤ ਹੋ ਜਾਵੇਗੀ। ਸੁਰੱਖਿਆ ਤਿਆਰੀਆਂ ਨਾਲ ਸਮਝੌਤਾ ਹੋਵੇਗਾ। ਜਿੰਨੀ ਦੇਰੀ ਹੋਵੇਗੀ ਉਸਦੀ ਕੀਮਤ ਓਨੀ ਹੀ ਚੁਕਾਉਣੀ ਪਵੇਗੀ।

ਇਹ ਵੀਡੀਓ ਵੀ ਤਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)