ਕਿਉਂ ਪਠਾਨਕੋਟ ਏਅਰਬੇਸ ਨੂੰ ਹਮਲੇ ਲਈ ਚੁਣਿਆ ਗਿਆ?

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਭਾਰਤੀ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਸਥਿਤ ਪਠਾਨਕੋਟ ਏਅਰ ਬੇਸ ਉੱਤੇ 2 ਜਨਵਰੀ, 2016 ਨੂੰ ਹਮਲਾ ਕੀਤਾ ਗਿਆ ਸੀ।

ਹਮਲੇ ਤੋਂ ਬਾਅਦ ਕਈ ਸਵਾਲ ਪੈਦਾ ਹੋਏ ਅਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੋ ਸ਼ਾਂਤੀ ਬਹਾਲੀ ਲਈ ਗੱਲਬਾਤ ਚੱਲ ਰਹੀ ਸੀ ਉਹ ਵੀ ਕੁਝ ਸਮੇਂ ਲਈ ਰੁਕ ਗਈ ਸੀ।

ਹਮਲੇ ਦੇ ਦੋ ਸਾਲ ਪੂਰੇ ਹੋਣ ਉੱਤੇ ਬੀਬੀਬੀ ਪੰਜਾਬੀ ਨੇ ਇਸ ਦੇ ਵੱਖ-ਵੱਖ ਪਹਿਲੂਆਂ ਸਬੰਧੀ ਗੱਲਬਾਤ ਕੀਤੀ ਭਾਰਤੀ ਫ਼ੌਜ ਦੇ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਪ੍ਰੇਮ ਨਾਥ ਹੂਨ ਨਾਲ।

ਜਨਰਲ ਪ੍ਰੇਮ ਨਾਥ ਹੂਨ ਪੱਛਮੀ ਕਮਾਂਡ ਦੇ ਲੈਫ਼ਟੀਨੈਂਟ ਜਨਰਲ ਰਹੇ ਹਨ ਅਤੇ ਤਕਰੀਬਨ 40 ਸਾਲ ਦੀ ਫ਼ੌਜੀ ਨੌਕਰੀ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਰਹਿ ਰਹੇ ਹਨ।

ਪਾਕਿਸਤਾਨ ਦੇ ਐਬਟਾਬਾਦ ਇਲਾਕੇ ਦੇ ਜੰਮਪਲ, ਲੈਫ਼ਟੀਨੈਂਟ ਜਨਰਲ ਹੂਨ ਨੇ ਆਪਣੇ ਫ਼ੌਜੀ ਕਰੀਅਰ ਵਿੱਚ ਅਤਿ-ਵਿਸ਼ਿਸ਼ਟ ਸੈਨਾ ਮੈਡਲ ਅਤੇ ਸੈਨਾ ਮੈਡਲ ਸਮੇਤ ਕਈ ਐਵਾਰਡ ਵੀ ਜਿੱਤੇ ਹਨ।

ਲੈਫ਼ਟੀਨੈਂਟ ਜਨਰਲ ਹੂਨ ਦੇ ਨਾਲ ਗੱਲਬਾਤ ਦੇ ਕੁਝ ਅੰਸ਼:-

ਸਾਲ 2016 ਵਿੱਚ ਪਠਾਨਕੋਟ ਏਅਰ ਬੇਸ ਉੱਤੇ ਹੋਏ ਦਹਿਸ਼ਤਗਰਦੀ ਹਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ?

ਇਹ ਹਮਲਾ ਪੂਰੀ ਤਰਾਂ ਯੋਜਨਾਬੱਧ ਤਰੀਕੇ ਨਾਲ ਮਿੱਥ ਕੇ ਕੀਤਾ ਗਿਆ ਸੀ ਕਿਉਂਕਿ ਜੇਕਰ ਪਠਾਨਕੋਟ ਨੂੰ ਜਿੱਤ ਲਿਆ ਗਿਆ ਤਾਂ ਕਸ਼ਮੀਰ ਦਾ ਸੰਪਰਕ ਟੁੱਟ ਜਾਵੇਗਾ।

ਹਮਲਾਵਾਰਾਂ ਨੇ ਪਹਿਲਾਂ ਪੂਰੀ ਥਾਂ ਦੀ ਰੇਕੀ ਕੀਤੀ ਅਤੇ ਇਸ ਤੋਂ ਬਾਅਦ ਸਾਜ਼ਿਸ਼ ਰਚੀ ਕਿ ਕਸ਼ਮੀਰ ਨੂੰ ਜਾਣ ਵਾਲਾ ਰਸਤਾ ਹੀ ਕੱਟ ਦਿੱਤਾ ਜਾਵੇ।

ਅਸੀਂ ਉਸ ਸਮੇਂ ਕੁਝ ਢਿੱਲੇ ਪਏ ਹੋਏ ਸੀ। ਹਮਲਾਵਾਰਾਂ ਦੀ ਯੋਜਨਾ ਪਠਾਨਕੋਟ ਏਅਰ ਬੇਸ ਨੂੰ ਤਬਾਹ ਕਰਨ ਤੋਂ ਬਾਅਦ ਕਸ਼ਮੀਰ ਨੂੰ ਟਾਰਗੇਟ ਕਰਨ ਦੀ ਸੀ।

ਇਸ ਲਈ ਪੂਰੀ ਤਰਾਂ ਯੋਜਨਾਬੱਧ ਤਰੀਕੇ ਨਾਲ ਪਠਾਨਕੋਟ ਏਅਰ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਭਾਰਤ ਲਈ ਪਠਾਨਕੋਟ ਏਅਰ ਬੇਸ ਕਿੰਨਾ ਅਹਿਮ ਹੈ?

ਪਠਾਨਕੋਟ ਏਅਰ ਬੇਸ ਕਸ਼ਮੀਰ ਦੀ ਨਬਜ਼ ਹੈ ਜੇਕਰ ਇਸ ਦਾ ਨੁਕਸਾਨ ਹੁੰਦਾ ਹੈ ਤਾਂ ਕਸ਼ਮੀਰ ਦਾ ਨੁਕਸਾਨ ਨਾਲ ਹੀ ਹੋ ਜਾਵੇਗਾ ਕਿਉਂਕਿ ਕਸ਼ਮੀਰ ਦਾ ਰਸਤਾ ਪਠਾਨਕੋਟ ਨੂੰ ਹੋ ਕੇ ਜਾਂਦਾ ਹੈ।

ਮੇਰਾ ਮੰਨਣਾ ਹੈ ਕਿ ਜੇ ਕਸ਼ਮੀਰ ਜਿੱਤਣਾ ਹੈ ਤਾਂ ਪਹਿਲਾਂ ਪਠਾਨਕੋਟ ਅਤੇ ਅੰਮ੍ਰਿਤਸਰ ਲੈ ਲਓ, ਕਸ਼ਮੀਰ ਤੁਹਾਡੇ ਹੱਥ ਵਿੱਚ ਆ ਜਾਵੇਗਾ।

ਹਮਲੇ ਦੀ ਸੂਚਨਾ ਪਹਿਲਾਂ ਮਿਲ ਜਾਣ ਕਰਕੇ ਸਾਡੇ ਜਵਾਨਾਂ ਨੇ ਪੂਰੀ ਤਿਆਰੀ ਕਰ ਲਈ ਸੀ।

ਜਵਾਨਾਂ ਨੇ ਬਹਾਦਰੀ ਨਾਲ ਉਹਨਾਂ ਦਾ ਸਾਹਮਣਾ ਕੀਤਾ ਅਤੇ ਪੂਰੀ ਸਾਜ਼ਿਸ਼ ਨੂੰ ਫੇਲ੍ਹ ਕਰ ਦਿੱਤਾ।

ਹਮਲੇ ਦੌਰਾਨ ਭਾਰਤੀ ਸੈਨਾ, ਏਅਰਫੋਰਸ ,ਐੱਨਐੱਸਜੀ ਅਤੇ ਹੋਰਨਾਂ ਏਜੰਸੀਆਂ ਦੇ ਤਾਲਮੇਲ ਬਾਰੇ ਤੁਹਾਡਾ ਕੀ ਖ਼ਿਆਲ ਹੈ? ਹਮਲੇ ਦੀ ਖ਼ੁਫ਼ੀਆ ਜਾਣਕਾਰੀ ਪਹਿਲਾਂ ਹੀ ਮਿਲ ਜਾਣ ਦੇ ਬਾਵਜੂਦ ਇਸ ਨੂੰ ਰੋਕਿਆ ਕਿਉਂ ਨੂੰ ਨਹੀਂ ਗਿਆ?

ਮੈਨੂੰ ਲੱਗਦਾ ਹੈ ਹਮਲਾਵਰਾਂ ਨਾਲ ਕੁਝ ਸਥਾਨਕ ਲੋਕ ਵੀ ਮਿਲੇ ਹੋਏ ਹੋ ਸਕਦੇ ਹਨ ਜਿੰਨ੍ਹਾਂ ਨੂੰ ਬਕਾਇਦਾ ਪੈਸਾ ਦਿੱਤੇ ਹੋਣਗੇ।

ਪੂਰੇ ਭੇਦ ਨਾਲ ਉਹ ਏਅਰ ਬੇਸ ਦੇ ਅੰਦਰ ਦਾਖਲ ਹੋਏ, ਪਰ ਸਾਡੇ ਜਵਾਨਾਂ ਨੇ ਬਹਾਦਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ ਅਤੇ ਹਮਲੇ ਨੂੰ ਫ਼ੇਲ੍ਹ ਕੀਤਾ।

ਮੈਨੂੰ ਯਕੀਨ ਹੈ ਕਿ ਇਸ ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਚੌਕਸੀ ਇੰਨੀ ਕਰੜੀ ਕਰ ਦਿੱਤੀ ਗਈ ਹੈ ਕਿ ਮੁੜ ਕਦੇ ਅਜਿਹਾ ਹਮਲਾ ਨਹੀਂ ਹੋ ਸਕਦਾ।

ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ਨੂੰ ਹੋਰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ ਹੈ?

ਮੇਰੇ ਖ਼ਿਆਲ ਨਾਲ ਸਰਹੱਦ ਪਾਰ ਤੋਂ ਅੰਮ੍ਰਿਤਸਰ-ਪਠਾਨਕੋਟ ਤੱਕ ਕਿਸੇ ਦੇ ਵੀ ਦਾਖ਼ਲ ਹੋਣ ਦੀ ਹੁਣ ਸੰਭਾਵਨਾ ਨਹੀਂ ਹੈ।

ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਮੌਜੂਦਾ ਕਿੰਨੀ ਸੁਰੱਖਿਆ ਹੈ ਇਸ ਦੀ ਜਾਣਕਾਰੀ ਮੈ ਤੁਹਾਨੂੰ ਨਹੀਂ ਦੇ ਸਕਦਾ, ਪਰ ਯਕੀਨਨ ਇਸ ਇਲਾਕੇ ਤੋਂ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਹੁਣ ਸੰਭਵ ਨਹੀਂ ਹੈ।

ਜੇਕਰ ਫਿਰ ਵੀ ਕੋਈ ਆਵੇਗਾ ਤਾਂ ਉਸ ਨੂੰ ਮੂੰਹ ਦੀ ਖਾਣੀ ਪਵੇਗੀ। ਅਸੀਂ ਪੂਰੇ ਇਲਾਕੇ ਵਿੱਚ ਬਹੁਤ ਮਜ਼ਬੂਤ ਹੋ ਗਏ ਹਾਂ।

ਦੀਨਾਨਗਰ ਅਤੇ ਪਠਾਨਕੋਟ ਹਮਲੇ ਤੋਂ ਬਾਅਦ ਪੰਜਾਬ ਮੌਜੂਦਾ ਸਮੇਂ ਵਿੱਚ ਕਿੰਨਾ ਸੁਰੱਖਿਅਤ ਹੈ?

ਮੌਜੂਦਾ ਸਮੇਂ ਵਿੱਚ ਪੰਜਾਬ ਪੂਰੀ ਤਰਾਂ ਸੁਰੱਖਿਅਤ ਹੈ ਸਾਡੀ ਫ਼ੌਜ ਅੱਧੇ ਘੰਟੇ ਦੇ ਅੰਦਰ-ਅੰਦਰ ਪੂਰਾ ਬਾਰਡਰ ਸੀਲ ਕਰ ਸਕਦੀ ਹੈ।

ਮੈਨੂੰ ਜਾਪਦਾ ਹੈ ਕਿ ਖ਼ੂਫ਼ੀਆ ਤੰਤਰ ਨੂੰ ਅਜੇ ਵੀ ਮਜ਼ਬੂਤ ਕਰਨ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)