You’re viewing a text-only version of this website that uses less data. View the main version of the website including all images and videos.
ਹੌਲਦਾਰ ਨੇ ਦੁੱਧ ਚੁੰਘਾ ਕੇ ਲਾਵਾਰਿਸ ਬੱਚੀ ਦੀ ਜਾਨ ਬਚਾਈ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੈਂਗਲੁਰੂ ਤੋਂ ਬੀਬੀਸੀ ਲਈ
ਹੌਲਦਾਰ ਸੰਗੀਤਾ ਹਾਲੀਮਾਨੀ ਬੈਂਗਲੁਰੂ ਵਿੱਚ ਇੱਕ ਲਾਵਾਰਿਸ ਬੱਚੀ ਬਾਰੇ ਪੁੱਛ-ਪੜਤਾਲ ਕਰਨ ਹਸਪਤਾਲ ਪਹੁੰਚੀ ਜਿੱਥੇ ਫਿਰ ਉਸੇ ਬੱਚੀ ਨੂੰ ਉਸ ਨੇ ਆਪਣਾ ਦੁੱਧ ਚੁੰਘਾ ਕੇ ਬਚਾਇਆ।
ਇਸ ਬਾਰੇ ਬੈਂਗਲੁਰੂ ਦੇ ਯੇਲਾਹਾਂਕਾ ਵਿੱਚ ਸਥਿੱਤ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ।
ਬੁੱਧਵਾਰ ਸਵੇਰੇ ਸੰਗੀਤਾ ਨੂੰ ਲਾਵਾਰਿਸ ਛੱਡੇ ਬੱਚੇ ਬਾਰੇ ਜਾਂਚ ਕਰਨ ਲਈ ਭੇਜਿਆ ਗਿਆ ਸੀ।
ਸੰਗੀਤਾ ਨੇ ਬੀਬੀਸੀ ਨੂੰ ਦੱਸਿਆ, ''ਜਦੋਂ ਮੈਂ ਉੱਥੇ ਪਹੁੰਚੀ ਤਾਂ ਬੱਚੀ ਨੂੰ ਗੁਲੂਕੋਸ ਚਾੜ੍ਹਿਆ ਹੋਇਆ ਸੀ। ਮੈਂ ਪੁੱਛਿਆ ਕਿ ਮੈਂ ਬੱਚੇ ਨੂੰ ਦੁੱਧ ਚੁੰਘਾ ਸਕਦੀ ਹਾਂ ਕਿਉਂਕਿ ਮੇਰੇ ਘਰ ਵੀ 10 ਮਹੀਨੇ ਦਾ ਬੱਚਾ ਹੈ ਤਾਂ ਡਾਕਟਰਾਂ ਨੇ ਇਜਾਜ਼ਤ ਦੇ ਦਿੱਤੀ।''
ਇਹ ਵੀ ਪੜ੍ਹੋ:
ਬੱਚੀ ਨੂੰ ਸਵੇਰੇ ਦੌੜ ਲਾਉਂਦੇ ਲੋਕਾਂ ਨੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੇਖਿਆ ਸੀ।
25 ਸਾਲਾ ਸੰਗੀਤਾ ਨੇ ਦੱਸਿਆ, ''ਬੱਚੀ ਧੂੜ ਤੇ ਮਿੱਟੀ ਨਾਲ ਲਿਬੜੀ ਹੋਈ ਸੀ। ਕੀੜੀਆਂ ਨੇ ਵੀ ਬੱਚੀ ਨੂੰ ਕੱਟਿਆ ਹੋਇਆ ਸੀ।''
'ਸ਼ੂਗਰ ਲੈਵਲ ਕਾਫੀ ਘੱਟ ਸੀ'
ਹੌਲਦਾਰ ਸੰਗੀਤਾ ਵੱਲੋਂ ਦੁੱਧ ਚੁੰਘਾਉਣ ਤੋਂ ਬਾਅਦ ਫੌਰਨ ਬੱਚੀ ਨੂੰ ਵਾਨੀ ਵਿਲਾਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਕਿਉਂਕਿ ਬੱਚੀ ਨੂੰ ਇਨਫੈਕਸ਼ਨ ਤੋਂ ਖ਼ਤਰਾ ਸੀ।
ਯੇਲਾਹਾਂਕਾ ਜਨਰਲ ਹਸਪਤਾਲ ਦੇ ਮੈਡੀਕਲ ਸੁਪਰੀਡੈਂਟੈਂਟ ਡਾ. ਅਸਮਾ ਤਬੱਸੁਮ ਨੇ ਦੱਸਿਆ, ''ਬੱਚੀ ਨੂੰ ਹਾਈਪੋਗਲਾਈਕੀਮੀਆ ਹੋਣ ਦਾ ਖ਼ਤਰਾ ਸੀ ਜੋ ਸ਼ੂਗਰ ਲੈਵਲ ਘੱਟਣ ਕਾਰਨ ਹੁੰਦਾ ਹੈ।''
''ਸਾਡੇ ਅੰਦਾਜ਼ੇ ਅਨੁਸਾਰ ਬੱਚੀ ਇੱਕ ਦਿਨ ਪਹਿਲਾਂ ਪੈਦਾ ਹੋਈ ਸੀ ਅਤੇ 10 ਘੰਟਿਆਂ ਤੋਂ ਭੁੱਖੀ ਸੀ।''
ਵਾਨੀ ਵਿਲਾਸ ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫ਼ਸਰ ਡਾ. ਰਵਿੰਦਰਨਾਥ ਮੇਤੀ ਅਨੁਸਾਰ ਬੱਚੇ ਦੀ ਹਾਲਤ ਬਿਲਕੁੱਲ ਸਹੀ ਹੈ।
ਦੋਵੇਂ ਡਾਕਟਰਾਂ ਦਾ ਮੰਨਣਾ ਹੈ ਕਿ ਸੰਗੀਤਾ ਵੱਲੋਂ ਦੁੱਧ ਚੁੰਘਾਉਣ ਕਾਰਨ ਬੱਚੇ ਨੂੰ ਬਚਣ ਵਿੱਚ ਕਾਫੀ ਮਦਦ ਮਿਲੀ।
'ਬੱਚੀ ਨੂੰ ਛੱਡਣ ਦਾ ਮਨ ਨਹੀਂ ਸੀ'
ਡਾ. ਤਬੱਸੁਮ ਨੇ ਦੱਸਿਆ, "ਇਸ ਦੇ ਨਾਲ ਹੀ ਬੱਚੀ ਦੇ ਦੁੱਧ ਚੁੰਘਣ ਦੇ ਰਿਫਲੈਕਸਿਸ ਐਕਟਿਵ ਹੋ ਗਏ ਜੋ ਬੱਚੇ ਨੂੰ ਭਵਿੱਖ ਵਿੱਚ ਵੀ ਮਦਦ ਕਰਨਗੇ।''
ਡਾ. ਮੇਤੀ ਨੇ ਦੱਸਿਆ, ਦੁੱਧ ਚੁੰਘਾਉਣ ਨਾਲ ਬੱਚੀ ਦੇ ਬਲੱਡ ਸ਼ੂਗਰ ਦਾ ਪੱਧਰ ਸੁਧਰਿਆ ਤੇ ਚਮੜੀ ਦੇ ਕਾਨਟੈਕਟ ਨੇ ਬੱਚੀ ਦੀ ਹਾਲਤ ਕਾਫੀ ਸੁਧਾਰੀ।''
ਸੰਗੀਤਾ ਵਾਨੀ ਵਿਲਾਸ ਹਸਪਤਾਲ ਵਿੱਚ ਵੀ ਬੱਚੀ ਦਾ ਹਾਲ ਪੁੱਛਣ ਗਈ ਸੀ।
ਇਹ ਵੀ ਪੜ੍ਹੋ:
ਸੰਗੀਤਾ ਨੇ ਦੱਸਿਆ, ''ਡਾਕਟਰਾਂ ਨੇ ਮੈਨੂੰ ਦੱਸਿਆ ਕਿ ਬੱਚੀ ਪੂਰੇ ਤਰੀਕੇ ਨਾਲ ਠੀਕ ਹੈ। ਮੈਨੂੰ ਕੁੜੀ ਨੂੰ ਹਸਪਤਾਲ ਵਿੱਚ ਛੱਡਣ ਦਾ ਬਿਲਕੁੱਲ ਮਨ ਨਹੀਂ ਸੀ।''
''ਜਦੋਂ ਘਰ ਪਹੁੰਚ ਕੇ ਮੈਂ ਆਪਣੇ ਬੱਚੇ ਨੂੰ ਦੇਖਿਆ ਤਾਂ ਮੈਨੂੰ ਸ਼ਾਂਤੀ ਮਿਲੀ। ਮੇਰੇ ਪਤੀ ਨੇ ਇਸ ਕੰਮ ਲਈ ਮੇਰੀ ਤਾਰੀਫ ਕੀਤੀ।''
''ਮੈਂ ਬੱਚੀ ਨੂੰ ਗੋਦ ਨਹੀਂ ਲੈ ਸਕਦੀ ਸੀ ਕਿਉਂਕਿ ਮੈਂ ਆਪਣੇ ਬੱਚੇ ਦੀ ਦੇਖਭਾਲ ਕਰਨੀ ਹੈ।'
ਇਹ ਵੀਡੀਓਜ਼ ਵੀ ਜ਼ਰੂਰ ਦੇਖੋ: