ਆਯੁਸ਼ਮਾਨ ਖੁਰਾਨਾ ਦੀ ਕੈਂਸਰ ਪੀੜਤ ਪਤਨੀ ਤਾਹਿਰਾ ਕਸ਼ਯਪ ਨੇ ਅਪਣਾਇਆ ਨਵਾਂ ਰੂਪ

ਫ਼ਿਲਮ 'ਟੌਫ਼ੀ' ਦੀ ਡਾਇਰੈਕਟਰ ਤਾਹਿਰਾ ਕਸ਼ਯਪ ਖੁਰਾਨਾ ਇਸ ਵੇਲੇ ਕੈਂਸਰ ਨਾਲ ਲੜਾਈ ਲੜ ਰਹੀ ਹੈ ਅਤੇ ਉਨ੍ਹਾਂ ਵੱਲੋਂ ਹਾਲ ਹੀ ਵਿਚ ਆਪਣੀ ਆਖਰੀ ਕੀਮੋਥੈਰੇਪੀ ਤੋਂ ਬਾਅਦ ਬਿਨ੍ਹਾਂ ਵਾਲਾਂ ਵਾਲੀਆਂ ਦੋ ਤਸਵੀਰਾਂ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਗਈਆਂ ਹਨ। ਤਾਹਿਰਾ ਕਸ਼ਯਪ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਹੈ।

ਕੈਂਸਰ ਵਰਗੀ ਘਾਤਕ ਬਿਮਾਰੀ ਆਮ ਤੌਰ 'ਤੇ ਲੋਕਾਂ ਦੀ ਹਿੰਮਤ ਅਤੇ ਹੌਂਸਲੇ ਨੂੰ ਤੋੜ ਦਿੰਦੀ ਹੈ। ਪਰ ਅਦਾਕਾਰਾ ਸੋਨਾਲੀ ਬੇਂਦਰੇ ਤੋਂ ਬਾਅਦ ਹੁਣ ਤਾਹਿਰਾ ਕਸ਼ਯਪ ਵੀ ਬੁਲੰਦ ਹੌਂਸਲੇ ਦਾ ਉਦਾਹਰਨ ਦੇਣ ਦੇ ਨਾਲ ਨਾਲ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ।

ਬੁੱਧਵਾਰ ਨੂੰ ਤਾਹਿਰਾ ਨੇ ਆਪਣੀਆਂ ਬਿਨ੍ਹਾਂ ਵਾਲਾਂ ਦੀਆਂ ਦੋ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ, "ਹੈਲੋ ਦੁਨੀਆ! ਇਹ ਮੇਰਾ ਨਵਾਂ ਰੂਪ ਹੈ, ਪਰ ਮੈਂ ਪੁਰਾਣੀ ਹੀ ਹਾਂ। ਮੈਂ ਨਕਲੀ ਵਾਲ ਲਗਾ ਕੇ ਥੱਕ ਚੁੱਕੀ ਸੀ। ਬਿਨ੍ਹਾਂ ਵਾਲਾਂ ਦੇ ਹੋਣਾ ਮੈਨੂੰ ਆਜ਼ਾਦੀ ਦਾ ਅਹਿਸਾਸ ਦੁਆ ਰਿਹਾ ਹੈ।''

''ਹੁਣ ਮੈਨੂੰ ਨਹਾਉਣ ਸਮੇਂ ਆਪਣੇ ਵਾਲਾਂ ਨੂੰ ਸ਼ਾਵਰ ਤੋਂ ਬਚਾਉਣਾ ਵੀ ਨਹੀਂ ਪੈਂਦਾ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਬਿਨ੍ਹਾਂ ਵਾਲਾਂ ਦੇ ਰਹਾਂਗੀ, ਪਰ ਮੈਨੂੰ ਚੰਗਾ ਲੱਗ ਰਿਹਾ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਦੀ ਇਸ ਪੋਸਟ 'ਤੇ ਉਨ੍ਹਾਂ ਦੇ ਪਤੀ ਆਯੁਸ਼ਮਾਨ ਖੁਰਾਨਾ ਨੇ ਵੀ ਆਪਣੀ ਪ੍ਰਤੀਕੀਰਿਆ ਦਿੱਤੀ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ।

ਫ਼ਿਲਮੀ ਸ਼ਖਸੀਅਤਾਂ ਵੱਲੋਂ ਵੀ ਤਾਹਿਰਾ ਦੀ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਅਤੇ ਤਾਹਿਰਾ ਦੀ ਤਾਰੀਫ਼ ਕੀਤੀ ਗਈ। ਦੀਪੀਕਾ ਪਾਦੁਕੋਣ, ਰਿਤਿਕ ਰੌਸ਼ਨ, ਦੀਯਾ ਮਿਰਜ਼ਾ, ਰਾਜ ਕੁਮਾਰ ਰਾਓ ਸਮੇਤ ਕਈਆਂ ਵੱਲੋਂ ਇਸ ਪੋਸਟ 'ਤੇ ਪ੍ਰਤੀਕਰਮ ਦਿੱਤਾ ਗਿਆ।

ਕੈਂਸਰ ਨਾਲ ਲੜਾਈ

ਸਤੰਬਰ 2018 ਵਿਚ ਤਾਹਿਰਾ ਵੱਲੋਂ ਇੰਸਟਾਗ੍ਰਾਮ ਰਾਹੀਂ ਆਪਣੇ ਸਾਰੇ ਚਾਹੁਣ ਵਾਲਿਆਂ ਨਾਲ ਉਨ੍ਹਾਂ ਦੇ ਕੈਂਸਰ ਨਾਲ ਪੀੜਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ।

ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਸੱਜੇ ਪਾਸੇ ਦੀ ਬ੍ਰੈਸਟ ਵਿਚ ਡੱਕਟਲ ਕਾਰਸਿਨੋਮਾ (ਡੀਸੀਆਈਐਸ) ਦਾ ਪਤਾ ਲੱਗਾ ਹੈ।

ਲੋਕਾਂ ਸਾਹਮਣੇ ਔਖੇ ਸਮੇਂ ਹਿੰਮਤ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਤਹਿਰਾ ਦੇ ਪਤੀ ਆਯੁਸ਼ਮਾਨ ਖੁਰਾਨਾ ਵੱਲੋਂ ਕਰਵਾ ਚੌਥ ਦੇ ਤਿਓਹਾਰ ਤੇ ਇੱਕ ਤਸਵੀਰ ਪੋਸਟ ਕੀਤੀ ਗਈ ਸੀ। ਮਹਿੰਦੀ ਨਾਲ 'ਤ' ਅੱਖਰ ਹੱਥ 'ਤੇ ਲਿਖ ਕਿ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਪਤਨੀ ਇਸ ਸਾਲ ਵਰਤ ਨਹੀਂ ਰੱਖ ਸਕਦੀ, ਪਰ ਉਹ ਉਸਦੀ ਲੰਬੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਲਈ ਵਰਤ ਰੱਖ ਰਹੇ ਹਨ।

ਇਹ ਵੀ ਪੜ੍ਹੋ:

ਖੁਦ ਕੈਂਸਰ ਦੇ ਨਾਲ ਲੜਈ ਲੜਨ ਵਾਲੀ ਅਦਾਕਾਰਾ ਸੋਨਾਲੀ ਬੇਂਦਰੇ ਵੱਲੋਂ ਵੀ ਤਾਹਿਰਾ ਲਈ ਪਿਆਰ ਸਾਂਝਾ ਕੀਤਾ ਗਿਆ।

ਅਦਾਕਾਰਾ ਸੋਨਾਲੀ ਵੀ ਕਾਫ਼ੀ ਸਮੇਂ ਤੋਂ ਇਸ ਬਿਮਾਰੀ ਨਾਲ ਲੜ ਰਹੀ ਹੈ। ਉਨ੍ਹਾਂ ਵੱਲੋਂ ਵੀ ਸਮੇਂ ਸਮੇਂ 'ਤੇ ਸੋਸ਼ਲ ਮੀਡੀਆ ਰਾਹੀਂ ਜ਼ਿੰਦਗੀ ਦੇ ਇਸ ਦੌਰ ਦੇ ਅਨੁਭਵ ਸਾਂਝੀ ਕੀਤੇ ਗਏ ਹਨ।

ਕੈਂਸਰ ਦੇ ਇਲਾਜ ਦੌਰਾਨ ਸਰੀਰ ਅਤੇ ਜੀਵਨ ਵਿਚ ਆਉਂਦੇ ਬਦਲਾਵਾਂ ਨੂੰ ਸਰਾਕਾਰਤਮਕ ਤਰੀਕੇ ਦਰਸ਼ਾਉਂਦਿਆਂ ਉਨ੍ਹਾਂ ਬਹੁਤ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਹੈ।

ਆਮ ਲੋਕਾਂ ਨੇ ਵਧਾਇਆ ਹੌਂਸਲਾ

ਤਾਹਿਰਾ ਦੀ ਹਾਲ ਦੀ ਤਸਵੀਰਾਂ 'ਤੇ ਆਮ ਲੋਕ ਵੀ ਆਪਣਾ ਪਿਆਰ ਜ਼ਾਹਿਰ ਕਰ ਰਹੇ ਹਨ ਅਤੇ ਹਿੰਮਤ ਬਣਾਈ ਰੱਖਣ ਦੀ ਗੱਲ ਆਖ ਰਹੇ ਹਨ।

ਟਵਿੱਟਰ ਯੂਜ਼ਰ ਵੈਸ਼ਾਲੀ ਗੰਗੋਦਕਰ ਲਿਖਦੀ ਹੈ ਕਿ, "ਆਸ ਕਰਦੀ ਹਾਂ ਕਿ ਤੁਹਾਡੀ ਇਹੀ ਸਕਾਰਾਤਮਕਤਾ ਅਤੇ ਹਿੰਮਤ, ਤੁਹਾਨੂੰ ਇਸ ਬਿਮਾਰੀ ਨਾਲ ਲੜਨ ਲਈ ਤਾਕਤ ਦੇਵੇ। ਇੱਕ ਦਿਨ ਤੁਸੀਂ ਸਾਰੀ ਮੁਸ਼ਕਲਾਂ ਨੂੰ ਹਰਾ ਦਓਗੇ।"

ਆਪਣੇ ਟਵਿੱਟਰ ਹੈਂਡਲ ਤੋਂ ਯੂਜ਼ਰ ਚਿੰਕਿਤਾ ਅੱਗਰਵਾਲ ਲਿਖਦੀ ਹੈ ਕਿ, "ਤੁਸੀਂ ਅਤੇ ਸੋਨਾਲੀ ਮੈਮ ਨੇ ਬਹੁਤ ਸਾਰੀ ਮਹਿਲਾਵਾਂ ਨੂੰ ਪ੍ਰੇਰਿਤ ਕੀਤਾ ਹੈ।'

''ਇਹ ਨਵਾਂ ਸਟਾਇਲ ਹੈ, ਜੋ ਵਾਇਰਲ ਹੋਣ ਵਾਲਾ ਹੇ ਇਸ ਲਈ ਇਸ 'ਤੇ ਮਾਣ ਰੱਖੋ। ਭਾਵੇਂ ਦਵਾਈਆਂ ਨਾਲ ਨਹੀਂ ਪਰ ਤੁਹਾਡੇ ਵਰਗੇ ਲੋਕਾਂ ਦੇ ਹੌਂਸਲੇ ਨਾਲ ਕੈਂਸਰ ਨੂੰ ਹਰਾਇਆ ਜਾ ਸਕਦਾ ਹੈ।"

ਬ੍ਰੈਸਟ ਕੈਂਸਰ ਬਾਰੇ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ, ਇਸ ਲਈ ਤੁਸੀਂ ਇਹ ਵੀਡੀਓਜ਼ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)