You’re viewing a text-only version of this website that uses less data. View the main version of the website including all images and videos.
ਸਵਾਈਨ ਫਲੂ ਦੀ ਪੰਜਾਬ ਤੇ ਹਰਿਆਣਾ 'ਚ ਆਹਟ, ਕੀ ਨੇ ਬਚਣ ਦੇ ਤਰੀਕੇ
- ਲੇਖਕ, ਸਤ ਸਿੰਘ ਤੇ ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਅੰਜਨਾ ਮਿਸ਼ਰਾ ਪਿਛਲੇ ਹਫ਼ਤੇ ਐਚ-1 ਐਨ-1 (ਸਵਾਈਨ ਫਲੂ) ਵਾਇਰਸ ਦਾ ਸ਼ਿਕਾਰ ਹੋ ਗਈ। ਅੰਜਨਾ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਵਿੱਚ ਅੰਗਰੇਜ਼ੀ ਵਿਭਾਗ ਦੀ ਮੁਖੀ ਹੈ ਅਤੇ ਉਹ ਹੁਣ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਸੰਪਰਕ ਤੋਂ ਬਚਣ ਲਈ ਇੱਕ ਕਮਰੇ ਤੱਕ ਹੀ ਸੀਮਤ ਹੈ।
ਇਸ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਦੇ ਦੋ ਮੈਂਬਰ ਉਨ੍ਹਾਂ ਦੇ ਘਰ ਪਹੁੰਚੇ ਅਤੇ ਇਸ਼ਤਿਹਾਰ ਫੜਾ ਦਿੱਤੇ। ਇਸ ਵਿੱਚ ਸਵਾਈਨ ਫਲੂ ਦੇ ਵਾਇਰਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਇਸ ਦੀ ਜਾਣਕਾਰੀ ਦਿੱਤੀ ਗਈ ਸੀ।
ਪਰਿਵਾਰ ਮਰੀਜ਼ ਨਾਲ ਇੱਕ ਛੱਤ ਹੇਠਾਂ ਰਹਿੰਦਾ ਹੈ। ਇਸ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੀ ਸੁਰੱਖਿਆ ਲਈ ਵੀ ਉਨ੍ਹਾਂ ਨੂੰ ਮਾਸਕ ਦਿੱਤਾ ਜਾਵੇਗਾ।
ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਨੇ ਕੁਝ ਸਲਾਹਾਂ ਜ਼ਰੂਰ ਦਿੱਤੀਆਂ। ਜਿਵੇਂ ਕਿ ਘਰ ਅਤੇ ਨੇੜੇ-ਤੇੜੇ ਦੀ ਸਾਫ਼-ਸਫਾਈ ਰੱਖਣਾ, ਸਾਬਣ ਨਾਲ ਹੱਥ ਧੌਣਾ ਅਤੇ ਘਰ ਅੰਦਰ ਮਾਸਕ ਦੀ ਵਰਤੋਂ ਕਰਨਾ।
ਅੰਜਨਾ ਦੇ ਪਤੀ ਸਤੀਸ਼ ਮਿਸ਼ਰਾ ਦਾ ਕਹਿਣਾ ਹੈ ਕਿ ਉਹ ਕਾਫ਼ੀ ਧਿਆਨ ਰੱਖਦੇ ਹਨ ਤਾਂ ਕਿ ਉਹ ਛੇਤੀ ਹੀ ਠੀਕ ਹੋ ਜਾਵੇ। ਇਸ ਲਈ ਉਸ ਨੂੰ ਇੱਕ ਕਮਰੇ ਵਿੱਚ ਅੱਡ ਕਰ ਦਿੱਤਾ ਗਿਆ ਹੈ।
ਇਹ ਵਾਇਰਸ ਬੱਚਿਆਂ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਿੱਚ ਨਾ ਫੈਲੇ ਇਸ ਲਈ ਤਿੰਨ ਪੱਧਰੀ ਮਾਸਕ ਪਾਉਂਦੀ ਹੈ।
ਉਨ੍ਹਾਂ ਅੱਗੇ ਕਿਹਾ, "ਸਾਡੇ ਘਰ ਅੱਜ ਆਈ ਸਿਹਤ ਵਿਭਾਗ ਦੀ ਟੀਮ ਨੇ ਮਾਸਕ ਪਾਉਣ ਦਾ ਸੁਝਾਅ ਦਿੱਤਾ ਹੈ ਪਰ ਅਸੀਂ ਹਾਲੇ ਤੱਕ ਆਪਣੇ ਲਈ ਮਾਸਕ ਨਹੀਂ ਖ਼ਰੀਦੇ ਹਨ।"
ਇਹ ਵੀ ਪੜ੍ਹੋ:
ਪੰਜ ਤੋਂ ਅੱਠ ਮਿੰਟਾਂ ਬਾਅਦ ਹੀ ਸਿਵਲ ਸਰਜਨ ਦਫ਼ਤਰ ਤੋਂ ਆਈ ਟੀਮ ਦੇ ਦੋਵੇਂ ਮੈਂਬਰ ਹੋਰ ਘਰਾਂ ਵਿੱਚ ਜਾਗਰੂਕ ਕਰਨ ਲਈ ਚਲੇ ਗਏ। ਪਰ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਕੁਝ ਬਜ਼ੁਰਗ ਔਰਤਾਂ ਬੈਠੀਆਂ ਸਨ।
ਸਵਾਈਨ ਫਲੂ ਪ੍ਰਤੀ ਜਾਗਰੂਕਤਾ
ਮਲਟੀ-ਪਰਪਜ਼ ਹੈਲਥ ਵਰਕਰ ਮਹਾਬੀਰ ਸਿੰਘ ਹੁੱਡਾ ਨੇ ਪੀਲੇ ਰੰਗ ਦੇ ਪੈਫ਼ਲੈਂਟ ਔਰਤਾਂ ਨੂੰ ਫੜਾ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਆਂਢ ਵਿੱਚ ਅੰਜਨਾ ਮਿਸ਼ਰਾ ਐਚ-1ਐਨ-1 ਵਾਇਰਸ ਤੋਂ ਪੀੜਤ ਹੈ, ਇਸ ਲਈ ਉਨ੍ਹਾਂ ਦੇ ਘਰ ਤੋਂ ਦੂਰੀ ਬਣਾਈ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਸਵਾਈਨ ਫਲੂ ਵਾਇਰਸ ਹੱਥ ਲਾਉਣ 'ਤੇ ਫੈਲ ਸਕਦਾ ਹੈ, ਇਸ ਲਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਤੌਰ 'ਤੇ ਧਿਆਨ ਰੱਖਣ ਦੀ ਲੋੜ ਹੈ।
ਹੁੱਡਾ ਨੇ ਇਸ ਬਿਮਾਰੀ ਦੇ ਆਮ ਲੱਛਣ ਵੀ ਦੱਸੇ। ਬੁਖਾਰ, ਗਲੇ ਵਿੱਚ ਖਰਾਸ਼, ਉਲਟੀ, ਜਾਂ ਫਿਰ 10 ਦਿਨਾਂ ਤੱਕ ਸਾਹ ਲੈਣ ਵਿੱਚ ਦਿੱਕਤ ਹੋਵੇ ਤਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਉਨ੍ਹਾਂ ਬਜ਼ੁਰਗਾਂ ਨੂੰ ਸਲਾਹ ਦਿੱਤੀ, " ਜੇ ਐਮਰਜੈਂਸੀ ਹੋਵੇ ਤਾਂ ਸਿਵਲ ਹਸਪਤਾਲ ਜਾਂ ਪੀਜੀਆਈ ਰੋਹਤਕ ਵਿੱਚ ਦਿਖਾਇਆ ਜਾ ਸਕਦਾ ਹੈ। ਅਜਿਹੇ ਮਰੀਜ਼ਾਂ ਲਈ ਸਾਰੀਆਂ ਸਹੂਲਤਾਂ ਮੁਫ਼ਤ ਹਨ।"
ਟੀਮ ਦੇ ਸੁਪਰਵਾਈਜ਼ਰ ਰਵਿੰਦਰ ਮਲਿਕ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਰੈਪਿਡ ਰੈਸਪਾਂਸ ਟੀਮ ਰੋਜ਼ਾਨਾ ਰਿਹਾਇਸ਼ੀ ਇਲਾਕਿਆਂ ਦਾ ਦੌਰਾ ਕਰਦੀ ਹੈ। ਉਹ ਲੋਕਾਂ ਨੂੰ ਸਵਾਈਨ ਫਲੂ ਬਾਰੇ ਜਾਗਰੂਕ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਨੇ 26,000 ਦੀ ਆਬਾਦੀ 'ਤੇ ਇੱਕ ਸਿਹਤ ਵਰਕਰ ਨਿਯੁਕਤ ਕੀਤਾ ਹੈ। ਰੋਹਤਕ ਵਿੱਚ ਕੁੱਲ 25 ਸਿਹਤ ਵਰਕਰ ਹਨ। ਉਹ ਪੀਜੀਆਈਐਮ ਦੇ ਰੋਹਤਕ ਦੇ ਵਿਦਿਆਰਥੀਆਂ ਦੀ ਮਦਦ ਵੀ ਲੈਂਦੇ ਹਨ।
ਹਰੇਕ ਐਮਪੀਐਚਡਬਲੂ (ਸਿਹਤ ਵਰਕਰ) ਨੇ ਸੱਤ ਰਿਹਾਇਸ਼ੀ ਕਲੋਨੀਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣੀ ਹੁੰਦੀ ਹੈ ਪਰ ਜ਼ਿਆਦਾਤਰ ਸਵਾਈਨ ਫਲੂ ਮਰੀਜ਼ਾਂ ਦੇ ਗੁਆਂਢ 'ਤੇ ਹੀ ਧਿਆਨ ਕੇਂਦਰਿਤ ਰਹਿੰਦਾ ਹੈ।
ਰੋਹਤਕ ਸਿਵਲ ਸਰਜਨ ਦਫ਼ਤਰ ਦੇ ਨੋਡਲ ਅਫ਼ਸਰ ਡਾ. ਵਿਵੇਕ ਕੁਮਾਰ ਤੋਂ ਪੁੱਛਿਆ ਗਿਆ ਕਿ ਰੈਪਿਡ ਰਿਸਪੋਂਸ ਟੀਮ ਵੱਲੋਂ ਮਰੀਜ਼ ਦੇ ਪਰਿਵਾਰ ਨੂੰ ਮਾਸਕ ਕਿਉਂ ਨਹੀਂ ਦਿੱਤੇ ਜਾਂਦੇ ਤਾਂ ਉਨ੍ਹਾਂ ਕਿਹਾ ਕਿ ਇਹ ਸੰਭਵ ਨਹੀਂ ਹੈ ਕਿਉਂਕਿ ਇਹ ਮਾਸਕ ਵਿਭਾਗ ਵੱਲੋਂ ਸਿਰਫ਼ ਮਰੀਜ਼ਾਂ ਲਈ ਹੀ ਮੁਹੱਈਆ ਕਰਵਾਏ ਜਾਂਦੇ ਹਨ।
"ਹਰਿਆਣਾ ਦੇ ਮਰੀਜ਼ ਸਵਾਈਨ ਫਲੂ ਵਾਇਰਸ ਦੇ ਟੈਸਟ ਲਈ ਪੀਜੀਆਈ ਰੋਹਤਕ ਅਤੇ ਪੀਜੀਆਈਐਮਐਸ ਚੰਡੀਗੜ੍ਹ ਟੈਸਟ ਕਰਵਾ ਸਕਦੇ ਹਨ।"
ਨਿੱਜੀ ਲੈਬਜ਼ ਨੂੰ ਵੀ ਨਿਰਦੇਸ਼ ਹਨ ਕਿ ਉਹ ਰੋਹਤਕ ਪੀਜੀਆਈ ਵਿੱਚ ਸੈਂਪਲ ਭੇਜਣ।
ਅੰਕੜੇ ਕੀ ਕਹਿੰਦੇ ਹਨ
ਸੂਬੇ ਦੇ ਸਵਾਈਨ ਫਲੂ ਪਰੋਗ੍ਰਾਮ ਦੀ ਡਾ. ਊਸ਼ਾ ਗੁਪਤਾ ਨੇ ਦੱਸਿਆ ਕਿ ਹਰਿਆਣਾ ਵਿੱਚ ਸਵਾਈਨ ਫਲੂ (ਐਚ-1ਐਨ-1 ਇਨਫਲੂਐਨਜ਼ਾ) ਦੇ ਕੁੱਲ 50 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਜਨਵਰੀ ਤੋਂ 9 ਜਨਵਰੀ ਤੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
1 ਜਨਵਰੀ, 2018 ਤੋਂ 31 ਦਸੰਬਰ, 2018 ਤੱਕ 61 ਮਾਮਲੇ ਰਿਪੋਰਟ ਕੀਤੇ ਗਏ ਹਨ ਜਦੋਂਕਿ ਤਿੰਨੋਂ ਲੈਬਜ਼ ਵਿੱਚ 7 ਮੌਤਾਂ ਦਰਜ ਹੋ ਚੁੱਕੀਆਂ ਹਨ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ 2018 'ਚ ਗੁਆਂਢੀ ਸੂਬੇ ਰਾਜਸਥਾਨ ਵਿੱਚ ਸਵਾਈਨ ਫਲੂ ਦੇ 1375 ਮਾਮਲੇ ਸਾਹਮਣੇ ਆਏ ਜਦੋਂਕਿ 220 ਮੌਤਾਂ ਹੋਈਆਂ। ਪਿਛਲੇ ਸਾਲ ਦਿੱਲੀ ਵਿੱਚ 200 ਮਾਮਲੇ ਸਾਹਣੇ ਆਏ ਅਤੇ 2 ਲੋਕਾਂ ਦੀ ਮੌਤ ਹੋ ਗਈ ਸੀ।
ਪੰਜਾਬ ਵਿੱਚ ਸਵਾਈਨ ਫਲੂ ਦੇ ਮਾਮਲੇ
ਪੰਜਾਬ ਵਿੱਚ ਹੁਣ ਤੱਕ ਸਵਾਈਨ ਫਲੂ ਕਾਰਨ 6 ਮੌਤਾਂ ਹੋ ਚੁੱਕੀਆਂ ਹਨ ਅਤੇ ਸਵਾਈਨ ਫਲੂ ਦੇ 55 ਮਾਮਲੇ ਸਾਹਮਣੇ ਆਏ ਸਨ। ਪੰਜਾਬ ਸਿਹਤ ਵਿਭਾਗ ਨੇ ਸਵਾਈਨ ਫਲੂ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।
ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗਗਨਦੀਪ ਸਿੰਘ ਗਰੋਵਰ ਨੇ ਮਰੀਜ਼ਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਬੀਬੀਸੀ ਨੂੰ ਦੱਸਿਆ ਕਿ ਪੰਜਾਬ ਸਿਹਤ ਵਿਭਾਗ ਨੇ ਪਹਿਲਾਂ ਹੀ ਸਬੰਧਤ ਵਿਭਾਗਾਂ ਨੂੰ ਸਵਾਈਨ ਫਲੂ (ਐਚ 1 ਐਨ1) ਦੇ ਖਿਲਾਫ਼ ਤਿਆਰੀਆਂ ਰੱਖਣ ਲਈ ਦਿਸ਼ਾ-ਨਿਰਦੇਸ਼ ਦੇ ਦਿੱਤੇ ਹਨ।
ਸਵਾਈਨ ਫ਼ਲੂ ਦੇ ਜ਼ਿਆਦਾਤਰ ਮਾਮਲੇ ਪਟਿਆਲਾ, ਲੁਧਿਆਣਾ ਅਤੇ ਰੋਪੜ ਵਿੱਚ ਸਾਹਮਣੇ ਆਏ ਹਨ। ਹਾਲਾਂਕਿ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬੀਮਾਰੀ ਨੂੰ ਰੋਕਣ ਲਈ ਸਾਵਧਾਨੀ ਦੇ ਸਾਰੇ ਉਪਾਅ ਕਰ ਲਏ ਹਨ।
ਮੰਗਲਵਾਰ ਦੀ ਸ਼ਾਮ ਨੂੰ ਤਰਨ ਤਾਰਨ ਵਿੱਚ ਇੱਕ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਇਸ ਕਾਰਨ ਸ਼ਹਿਰ ਵਿੱਚ ਇਹ ਬਿਮਾਰੀ ਫੈਲਣ ਦਾ ਡਰ ਸਤਾ ਰਿਹਾ ਹੈ।
ਇਹ ਵੀ ਪੜ੍ਹੋ:
ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਦੱਸਿਆ ਜਾਂਦਾ ਹੈ ਕਿ ਜੇ ਅਚਾਨਕ 100.4 ਡਿਗਰੀ ਜਾਂ ਇਸ ਤੋਂ ਵੱਧ ਬੁਖਾਰ ਹੋ ਜਾਵੇ ਜਾਂ ਥਕਾਵਟ, ਜ਼ਖ਼ਮ ਦੀਆਂ ਮਾਸਪੇਸ਼ੀਆਂ ਜਾਂ ਜੋੜਾਂ ਵਿੱਚ ਦਰਦ, ਸਿਰ ਦਰਦ ਹੋਵੇ ਜਾਂ ਫਿਰ ਜ਼ੁਕਾਮ ਹੋਵੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ। ਜ਼ਿਆਦਾਤਰ ਲੋਕ ਇੱਕ ਹਫ਼ਤੇ ਦੇ ਅੰਦਰ-ਅੰਦਰ ਠੀਕ ਹੋ ਜਾਂਦੇ ਹਨ।