ਅਫਰੀਕਾ : ਕੀਨੀਆ ਦੇ ਹੋਟਲ ਹਮਲੇ ਦੇ ਸਾਰੇ ਹਮਲਾਵਰ ਮਾਰਨ ਦਾ ਐਲਾਨ

ਕੀਨੀਆ ਦੇ ਰਾਸ਼ਟਰਪਤੀ ਉਹੁਰੂ ਕੇਨੀਆਟਾ ਨੇ ਕਿਹਾ ਹੈ ਕਿ ਨੈਰੋਬੀ ਹੋਟਲ ਹਮਲੇ ਦੇ ਸ਼ੱਕੀ ਹਮਲਾਵਰਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਕੀਨੀਆ ਦੀ ਰਾਜਧਾਨੀ ਦੇ ਵੈਸਟਲੈਂਡ ਜ਼ਿਲ੍ਹੇ ਵਿਚ ਹੋਏ ਹਮਲੇ ਦੌਰਾਨ 14 ਲੋਕ ਮਾਰੇ ਗਏ ਹਨ। ਸੁਰੱਖਿਆ ਬਲਾਂ ਨੇ 700 ਲੋਕਾਂ ਨੂੰ ਬਚਾਇਆ ਗਿਆ ਹੈ।

ਭਾਵੇ ਕਿ ਬੁੱਧਵਾਰ ਨੂੰ ਸਵੇਰੇ ਅਧਿਕਾਰੀਆਂ ਨੇ ਆਪਰੇਸ਼ਨ ਖ਼ਤਮ ਹੋਣ ਦਾ ਐਲਾਨ ਕੀਤਾ ਸੀ, ਪਰ ਉਸ ਤੋਂ ਬਾਅਦ ਵੀ ਕੰਪਲੈਕਸ ਵਿਚ ਧਮਾਕੇ ਹੋਏ ਸਨ।

ਉਦੋਂ ਇਹ ਸਾਫ਼ ਨਹੀਂ ਸੀ ਕਿ ਕਿੰਨੇ ਹਮਲਾਵਰ ਹਨ ਅਤੇ ਉਨ੍ਹਾਂ ਵਿਚੋਂ ਕਿੰਨੇ ਮਾਰੇ ਗਏ ਹਨ। ਪਰ ਹੁਣ ਆਪਰੇਸ਼ਨ ਖਤਮ ਹੋਣ ਦਾ ਐਲਾਨ ਕਰ ਦਿੱਤਾ ਹੈ।

ਜਿਸ ਹੋਟਲ ਕੰਪਲੈਕਸ ਨੂੰ ਸ਼ੱਕੀ ਅੱਤਵਾਦੀਆਂ ਨੇ ਨਿਸ਼ਾਨਾਂ ਬਣਾਇਆ ਹੈ ਉਸ ਵਿਚ ਡਸਟੀ ਡੀ-2 ਹੋਟਲ ਤੋਂ ਇਲਾਵਾ ਹੋਰ ਕਈ ਦਫ਼ਤਰ ਹਨ।

ਸੋਮਾਲੀਆ ਦੇ ਕੱਟੜਪੰਥੀ ਗਰੁੱਪ ਅਲ-ਸ਼ਬਾਬ ਨੇ ਹਮਲੇ ਦੀ ਜਿੰਮੇਵਾਰੀ ਲਈ ਹੈ, ਚਸ਼ਮਦੀਦਾਂ ਮੁਤਾਬਕ ਚਾਰ ਹਥਿਆਰਬੰਦ ਲੋਕ ਹੋਟਲ ਵਿਚ ਦਾਖਲ ਹੋਏ ਹਨ।

ਕੀਨੀਆ ਦੀ ਰੈੱਡ ਕਰਾਸ ਮੁਤਾਬਕ ਹਮਲੇ ਵਿੱਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਗਈ ਹੈ।

ਕੀ ਕਹਿ ਰਹੇ ਨੇ ਚਸ਼ਮਦੀਦ

ਚਸ਼ਮਦੀਦ ਲੋਕਾਂ ਮੁਤਾਬਕ ਇਹ ਹਮਲਾ ਸਥਾਨਕ ਸਮੇਂ ਅਨੁਸਾਰ ਕਰੀਬ ਸ਼ਾਮੀ ਤਿੰਨ ਵਜੇ ਹੋਇਆ ਹੈ।

ਨੇੜਲੀ ਇਮਰਾਤ ਵਿਚ ਕੰਮ ਕਰਨ ਵਾਲੀ ਔਰਤ ਨੇ ਦੱਸਿਆ, ''ਮੈਂ ਗੋਲੀਆਂ ਚੱਲਣ ਦੀ ਅਵਾਜ਼ ਸੁਣੀ ਅਤੇ ਫਿਰ ਲੋਕਾਂ ਨੂੰ ਹੱਥ ਉੱਤੇ ਚੁੱਕ ਕਿ ਭੱਜਦੇ ਦੇਖਿਆ. ਕੁਝ ਲੋਕ ਆਪਣੀ ਜਾਨ ਬਚਾਉਣ ਲਈ ਬੈਂਕ ਵਿਚ ਲੁਕ ਰਹੇ ਸਨ।''

ਕੌਣ ਹੈ ਅਲ-ਸ਼ਬਾਬ

ਅਲ ਸ਼ਬਾਬ ਦਾ ਅਰਥ ਹੈ ਅਰਬ 'ਚ ਨੌਜਵਾਨ ।

ਅਲ ਸ਼ਬਾਬ 2006 ਵਿਚ ਇਥੋਪੀਆਈ ਫੌਜਾਂ ਨੂੰ ਸੋਮਾਲੀਆ ਦਾ ਰਾਜਧਾਨੀ ਮੋਗਾਦੀਸ਼ੂ ਵਿੱਚੋਂ ਬਾਹਰ ਕੱਢਣ ਵਾਲੇ ਕੱਟੜਪੰਥੀ ਨੌਜਵਾਨ ਸੰਗਠਨ ਦਾ ਬਾਗੀ ਗੁੱਟ ਹੈ।

ਅਮਰੀਕਾ ਅਤੇ ਯੂਰਪ ਸਣੇ ਹੋਰ ਗੁਆਂਢੀ ਮੁਲਕਾਂ ਤੋਂ ਕਈ ਜੇਹਾਦੀ ਗਰੁੱਪਾਂ ਵੱਲੋਂ ਅਲ-ਸ਼ਬਾਬ ਦੀ ਮਦਦ ਕਰਨ ਦੀਆਂ ਰਿਪੋਰਟਾਂ ਮਿਲਦੀਆਂ ਹਨ।

ਅਮਰੀਕਾ ਤੇ ਯੂਕੇ ਵਿਚ ਇਹ ਪਾਬੰਦੀਸ਼ੁਦਾ ਸੰਗਠਨ ਹੈ ਅਤੇ ਇਸ ਕੋਲ 7,000 ਤੋਂ 9,000 ਲੜਾਕਿਆਂ ਦੀ ਨਫ਼ਰੀ ਹੈ।

ਸੋਮਾਲੀਆ ਵਿਚ ਬਹੁਗਿਣਤੀ ਲੋਕ ਸੂਫ਼ੀ ਮਤ ਨੂੰ ਮੰਨਦੇ ਹਨ ਪਰ ਅਲ- ਸ਼ਬਾਬ ਇਸਲਾਮ ਦੀ ਸਾਊਦੀ ਨਾਲ ਸੰਬੰਧਤ ਵਹਾਬੀ ਧਾਰਾ ਨੂੰ ਮੰਨਦੇ ਹਨ।

ਜਿੱਥੇ ਇੰਨ੍ਹਾਂ ਦਾ ਕੰਟਰੋਲ ਹੈ ਇਹ ਸ਼ਰੀਆਂ ਨੂੰ ਬਹੁਤ ਸਖ਼ਤ ਤਰੀਕੇ ਨਾਲ ਲਾਗੂ ਕਰਦੇ ਹਨ। ਜਿਵੇਂ ਬਦਚਲਣੀ ਦੇ ਦੋਸ਼ਾਂ ਵਿਚ ਔਰਤਾਂ ਨੂੰ ਪੱਥਰ ਮਾਰ-ਮਾਰ ਕੇ ਮਾਰਨਾ ਅਤੇ ਚੋਰੀ ਦੇ ਇਲਜ਼ਾਮਾਂ ਵਿਚ ਦੋਸ਼ੀ ਸਾਬਤ ਹੋਏ ਲੋਕਾਂ ਦੇ ਹੱਥ ਵੱਢਣਾ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)