You’re viewing a text-only version of this website that uses less data. View the main version of the website including all images and videos.
ਕੁੰਭ ਮੇਲਾ 2019: ਮੇਲੇ ਉੱਤੇ ਪਹੁੰਚੇ ਅਖਾੜਿਆਂ ਦਾ ਇਤਿਹਾਸ ਅਤੇ ਦਾਅਵੇ
ਅਖਾੜਾ ਸ਼ਬਦ ਸੁਣਦਿਆਂ ਹੀ ਕੁਸ਼ਤੀ ਤੇ ਮੱਲਾਂ ਦੇ ਘੋਲ ਚੇਤੇ ਵਿੱਚ ਆ ਜਾਂਦੇ ਹਨ ਪਰ ਕੁੰਭ ਦੇ ਮੇਲੇ ਵਿੱਚ ਸਾਧੂਆਂ ਸੰਤਾਂ ਦੇ ਵੀ ਅਖਾੜੇ ਹਨ।
ਦੇਖਿਆ ਜਾਵੇ ਤਾਂ ਅਖਾੜਿਆਂ ਦਾ ਧਾਰਮਿਕਤਾ ਨਾਲ ਕੀਤਾ ਲੈਣ-ਦੇਣ ਕਿਉਂਕਿ ਜ਼ੋਰ ਅਜ਼ਮਾਇਸ਼ ਤਾਂ ਇੱਥੇ ਵੀ ਹੁੰਦੀ ਹੈ ਪਰ ਧਰਮਿਕ ਠੁੱਕ ਕਾਇਮ ਕਰਨ ਲਈ।
ਅਖਾੜੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੇ ਮੱਠ ਕਹੇ ਜਾ ਸਕਦੇ ਹਨ।
ਇਨ੍ਹਾਂ ਅਖਾੜਿਆਂ ਵਿੱਚ ਸ਼ਾਹੀ ਸਵਾਰੀਆਂ, ਰੱਥ, ਹਾਥੀ-ਘੋੜਿਆਂ ਦੀ ਸਜਾਵਟ, ਘੜਿਆਲ, ਨਾਂਗਾ-ਅਖਾੜਿਆਂ ਦੇ ਕਰਤਬ। ਇੱਥੋਂ ਤੱਕ ਕਿ ਕੁੰਭ ਵਿੱਚ ਤਲਵਾਰਾਂ ਤੇ ਬੰਦੂਕਾਂ ਤੱਕ ਦੇ ਕਰਤਬ ਹੁੰਦੇ ਹਨ।
ਇਹ ਵੀ ਪੜ੍ਹੋ:
ਇਨ੍ਹਾਂ ਦਿਨੀਂ ਪ੍ਰਯਾਗਰਾਜ (ਇਲਾਹਾਬਾਦ) ਵਿੱਚ ਸਾਧੂ ਸੰਤਾਂ ਦੇ ਅਖਾੜਿਆਂ ਦੀ ਧੂਮ ਹੈ। ਇਨ੍ਹਾਂ ਦੇ ਤੰਬੂਆਂ ਵਿੱਚ ਭੀੜ ਅਤੇ ਰੌਣਕ ਹੈ।
ਮੁੱਢ ਵਿੱਚ ਚਾਰ ਹੀ ਵੱਡੇ ਅਖਾੜੇ ਸਨ। ਫਿਰ ਜਿਵੇਂ-ਜਿਵੇਂ ਇਨ੍ਹਾਂ ਵਿੱਚ ਵਿਚਾਰਧਾਰਕ ਦੂਰੀਆਂ ਵਧੀਆਂ, ਨਵੇਂ ਅਖਾੜੇ ਬਣਦੇ ਗਏ। ਹੁਣ ਇਨ੍ਹਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ।
ਇਸ ਵਾਰ ਟ੍ਰਾਂਸਜੈਂਡਰ ਸਾਧੂਆਂ ਨੇ ਵੀ ਕੁੰਭ ਵਿੱਚ ਸ਼ਿਰਕਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦੇ ਦਿੱਤੀ ਹੈ, ਇਸ ਲਈ ਸਮਾਜਿਕ ਸੋਚ ਵੀ ਬਦਲਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਔਰਤਾਂ ਅਤੇ ਮਰਦਾਂ ਦੇ 13 ਅਖਾੜੇ ਹਨ ਉਨ੍ਹਾਂ ਦੇ ਵੀ ਅਖਾੜੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ।
ਕੁੰਭ ਅਖਾੜਿਆਂ ਦਾ ਹੀ ਇਕੱਠ ਹੈ, ਜਿੱਥੇ ਅਧਿਆਤਮਿਕ ਅਤੇ ਧਾਰਿਮਕ ਚਰਚਾ ਹੁੰਦੀ ਹੈ। ਅਖਾੜੇ ਆਪਣੀਆਂ-ਆਪਣੀਆਂ ਰਵਾਇਤਾਂ ਵਿੱਚ ਨਵੇਂ ਚੇਲਿਆਂ ਨੂੰ ਨਾਮ-ਦਾਨ ਮਨ ਦਿੰਦੇ ਹਨ ਅਤੇ ਵੱਖੋ-ਵੱਖਰੀਆਂ ਉਪਾਧੀਆਂ ਵੀ ਦਿੰਦੇ ਹਨ।
ਜਿੱਥੇ ਸ਼ਰਧਾਲੂ ਕੁੰਭ ਵਿੱਚ ਗੰਗਾ ਦਾ ਇਸ਼ਨਾਨ ਕਰਕੇ ਪੁੰਨ ਖੱਟਣ ਪਹੁੰਚਦੇ ਹਨ, ਉੱਥੇ ਹੀ ਇਨ੍ਹਾਂ ਸਾਧੂਆਂ ਦਾ ਦਾਅਵਾ ਹੈ ਕਿ ਉਹ ਗੰਗਾ ਨੂੰ ਪਵਿੱਤਰ ਕਰਨ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੰਗਾ ਧਰਤੀ 'ਤੇ ਉਤਰਨ ਲਈ ਤਿਆਰ ਨਹੀਂ ਸੀ, ਜਦੋਂ ਸਾਧੂਆਂ ਨੇ ਧਰਤੀ ਨੂੰ ਪਵਿੱਤਰ ਕੀਤਾ ਤਾਂ ਜਾ ਕੇ ਗੰਗਾ ਧਰਤੀ 'ਤੇ ਆਉਣ ਲਈ ਰਾਜ਼ੀ ਹੋਈ।
ਅਖਾੜਿਆਂ ਦਾ ਇਤਿਹਾਸ
ਮੰਨਿਆ ਜਾਂਦਾ ਹੈ ਕਿ ਸ਼ੰਕਰਾਚਾਰੀਆ ਨੇ ਸਦੀਆਂ ਪਹਿਲਾਂ ਬੁੱਧ ਧਰਮ ਦੇ ਵਧਦੇ ਫੈਲਾਅ ਨੂੰ ਰੋਕਣ ਲਈ ਅਖਾੜੇ ਕਾਇਮ ਕੀਤੇ ਸਨ। ਕਿਹਾ ਜਾਂਦਾ ਹੈ ਕਿ ਜੇ ਸ਼ਾਸ਼ਤਰ ਨਾਲ ਨਾ ਮੰਨਣ ਉਨ੍ਹਾਂ ਨੂੰ ਸ਼ਸ਼ਤਰ ਨਾਲ ਮਨਾਇਆ ਗਿਆ।
ਸ਼ੰਕਰਾਚਾਰੀਆ ਨੇ ਹੀ ਅਖਾੜੇ ਸ਼ੁਰੂ ਕੀਤੇ ਸਨ, ਇਸ ਗੱਲ ਦੇ ਕੋਈ ਇਤਿਹਾਸਕ ਸਬੂਤ ਨਹੀਂ ਮਿਲਦੇ। ਆਦਿ ਸ਼ੰਕਰਾਚਾਰੀਆ ਦਾ ਜੀਵਨ ਕਾਲ ਅੱਠਵੀਂ ਅਤੇ ਨੌਵੀਂ ਸਦੀ ਦਾ ਸੀ। ਅਖਾੜੇ ਕਾਇਮ ਹੋਣ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਅਤੇ ਦਾਅਵੇ ਹਨ ਪਰ ਪੱਕੇ ਤੌਰ 'ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਆਵਾਹਨ ਅਖਾੜਾ, ਅਟਲ ਅਖਾੜਾ, ਮਹਾਨਿਰਵਾਣੀ ਅਖਾੜਾ, ਆਨੰਦ ਅਖਾੜਾ, ਨਿਰਮੋਹੀ ਅਖਾੜਾ, ਦਸ਼ਨਾਮੀ ਅਖਾੜਾ, ਨਿਰੰਜਨੀ ਅਤੇ ਜੂਨਾ ਅਖਾੜਿਆਂ ਦਾ ਵੀ ਸਦੀਆਂ ਪੁਰਾਣਾ ਇਤਿਹਾਸ ਹੈ। ਸਾਰਿਆਂ ਅਖਾੜਿਆਂ ਦੇ ਆਪਣੇ-ਆਪਣੇ ਵਿਧੀ-ਵਿਧਾਨ ਤੇ ਨਿਯਮ ਹਨ।
ਮੋਟੇ ਤੌਰ 'ਤੇ ਇਹ 13 ਅਖਾੜੇ 3 ਵਰਗਾਂ ਵਿੱਚ ਵੰਡੇ ਹੋਏ ਹਨ- ਸ਼ੈਵ ਅਖਾੜੇ, ਜਿਹੜੇ ਸ਼ਿਵਜੀ ਦੀ ਭਗਤੀ ਕਰਦੇ ਹਨ। ਵੈਸ਼ਣਵ ਅਖਾੜੇ, ਜੋ ਵਿਸ਼ਨੂੰ ਦੀ ਭਗਤੀ ਕਰਦੇ ਹਨ। ਤੀਸਰਾ ਅਖਾੜਾ ਉਦਾਸੀਨ ਪੰਥ ਕਹਾਉਂਦਾ ਹੈ। ਉਦਾਸੀਨ ਪੰਥ ਵਾਲੇ ਗੁਰੂ ਨਾਨਕ ਦੀ ਬਾਣੀ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਪੰਜ ਤੱਤਾਂ ਯਾਨੀ ਧਰਤੀ, ਅਗਨੀ, ਜਲ, ਹਵਾ ਅਤੇ ਆਕਾਸ਼ ਦੀ ਪੂਜਾ ਕਰਦੇ ਹਨ।
ਇਹ ਅਖਾੜੇ ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਵਜੋਂ ਦੇਖਦੇ ਹਨ, ਉਨ੍ਹਾਂ ਵਿੱਚ ਅਨੇਕਾਂ ਵਾਰ ਹਿੰਸਕ ਘਗੜੇ ਹੋਏ ਹਨ। ਇਹ ਸੰਘਰਸ਼ ਅਕਸਰ ਇਸ ਗੱਲ ਨੂੰ ਲੈ ਕੇ ਹੁੰਦਾ ਹੈ ਕਿਸ ਦਾ ਤੰਬੂ ਕਿੱਥੇ ਲੱਗੇਗਾ, ਜਾਂ ਕੁੰਭ ਦਾ ਪਹਿਲਾ ਇਸ਼ਨਾਨ ਕਿਹੜਾ ਅਖਾੜਾ ਕਰਗਾ।
ਸਾਲ 1954 ਵਿੱਚ ਕੁੰਭ ਵਿੱਚ ਭਗਦੜ ਮੱਚ ਗਈ। ਜਿਸ ਤੋਂ ਬਾਅਦ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਖਾੜਾ ਪ੍ਰੀਸ਼ਦ ਕਾਇਮ ਕੀਤੀ ਗਈ। ਇਸ ਪ੍ਰੀਸ਼ਦ ਵਿੱਚ ਮਾਨਤਾ ਪ੍ਰਾਪਤ ਸਾਰੇ 13 ਅਖਾੜਿਆਂ ਦੇ 2-2 ਨੁਮਾਂਇੰਦੇ ਹੁੰਦੇ ਹਨ ਅਤੇ ਆਪਸੀ ਤਾਲਮੇਲ ਕਾਇਮ ਰੱਖਣਾ ਇਸੇ ਕਮੇਟੀ ਦਾ ਕੰਮ ਹੁੰਦਾ ਹੈ।
ਦੇਸ ਭਰ ਵਿੱਚ ਬਹੁਤ ਸਾਰੇ ਬਾਬੇ-ਸੰਤ-ਮਹੰਤ ਅਤੇ ਧਰਮ ਗੁਰੂ ਅਜਿਹੇ ਹਨ ਜਿਨ੍ਹਾਂ ਨੂੰ ਇਹ ਅਖਾੜਾ ਪ੍ਰੀਸ਼ਦ ਮਾਨਤਾ ਨਹੀਂ ਦਿੰਦੀ। ਅਖਾੜਾ ਪ੍ਰੀਸ਼ਦ ਨਕਲੀ ਸਾਧੂਆਂ ਅਤੇ ਆਪੂੰ-ਬਣੇ ਸ਼ੰਕਰਾਚਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਸੀ ਅਤੇ ਉਨ੍ਹਾਂ ਨੂੰ ਪਾਖੰਡੀ ਦੱਸਿਆ ਸੀ।
ਇਨ੍ਹਾਂ ਅਖਾੜਿਆਂ ਦਾ ਠਿਕਾਣਾ ਕਈ ਤੀਰਥ ਅਤੇ ਸ਼ਹਿਰਾਂ ਵਿੱਚ ਹਨ ਪਰ ਕੁੰਭ ਜਿੱਥੇ ਵੀ ਲੱਗੇ ਇਹ ਅਖਾੜੇ ਆਪਣੀ ਪੂਰੀ ਸ਼ਾਨ ਅਤੇ ਸੱਜ-ਧੱਜ ਨਾਲ ਉੱਥੇ ਪਹੁੰਚ ਹੀ ਜਾਂਦੇ ਹਨ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਪੰਸਦ ਆ ਸਕਦੇ ਹਨ: