You’re viewing a text-only version of this website that uses less data. View the main version of the website including all images and videos.
ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ - ਬਿਨਾਂ ਬਾਹਾਂ ਤੋਂ ਕਿਸ ਤਰ੍ਹਾਂ ਦੀ ਹੁੰਦੀ ਹੈ ਜ਼ਿੰਦਗੀ
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਲਈ
"ਕਦੇ ਵੀ ਮੈਂ ਰੱਬ ਨੂੰ ਮਾੜਾ ਨਹੀਂ ਆਖਿਆ ਅਤੇ ਖ਼ੁਦ ਨੂੰ ਬਦਕਿਸਮਤ ਨਹੀਂ ਸਮਝਿਆ। ਕਾਰਨ ਕਿ ਮੈਨੂੰ ਪ੍ਰਮਾਤਮਾਂ ਨੇ ਸਭ ਕੁਝ ਬਕਸ਼ਿਆ ਹੈ ਤੰਦੁਰਸਤ ਪਤਨੀ ਮਿਲੀ ,ਪ੍ਰਮਾਤਮਾਂ ਨੇ ਪੁੱਤ ਦੀ ਦਾਤ ਦਿੱਤੀ। ਚਾਹੇ ਬਾਹਾਂ ਨਹੀਂ ਦਿੱਤੀਆਂ ਪਰ ਪੈਰਾਂ ਨਾਲ ਉਹ ਸਭ ਕੁਛ ਕਰਨ ਦਾ ਹੁਨਰ ਦਿਤਾ ਜੋ ਇੱਕ ਇਨਸਾਨ ਹੱਥਾਂ ਨਾਲ ਕਰ ਸਕਦਾ ਹੈ।"
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਸਪੁਰ ਦੇ ਪਿੰਡ ਸੇਖਵਾਂ ਦੇ ਨੌਜਵਾਨ ਸਾਧੂ ਸਿੰਘ ਦੀਆਂ ਜਨਮ ਤੋਂ ਹੀ ਦੋਹਾਂ ਬਾਹਾਂ ਨਹੀਂ ਹਨ ਅਤੇ ਲੱਤਾਂ ਵੀ ਸਹੀ ਕੰਮ ਨਹੀਂ ਕਰਦੀਆਂ।
ਫਿਰ ਵੀ ਉਹ ਨਾ ਤਾਂ ਰੱਬ ਨੂੰ ਕਸੂਰਵਾਰ ਗਿਣਦੇ ਹਨ ਅਤੇ ਨਾ ਹੀ ਖ਼ੁਦ ਨੂੰ ਬਦਨਸੀਬ ਮੰਨਦੇ ਹਨ। ਉਨ੍ਹਾਂ ਨੇ ਆਪਣੇ ਪੈਰਾਂ ਨਾਲ ਹੀ ਲਿਖਣਾ ਸਿੱਖਿਆ ਅਤੇ ਪੜ੍ਹਾਈ ਕੀਤੀ।
ਉਨ੍ਹਾਂ ਨੇ ਆਪਣੀ ਗੱਲ ਜਾਰੀ ਰਖਦਿਆ ਦੱਸਿਆ, "ਇਸੇ (ਪੈਰਾਂ ਨਾਲ ਸਭ ਕੁਝ ਕਰ ਸਕਣ) ਸਦਕਾ ਪੜ੍ਹਾਈ ਵੀ ਕੀਤੀ ਅਤੇ ਪੈਰਾਂ ਦੀਆਂ ਉਂਗਲਾਂ ਨਾਲ ਲਿਖ ਕੇ ਬਾਰ੍ਹਵੀਂ ਤਕ ਸਿੱਖਿਆ ਹਾਸਿਲ ਕੀਤੀ। ਬਚਪਨ 'ਚ ਗਾਉਣ ਦਾ ਸ਼ੌਕ ਪੈਦਾ ਹੋਇਆ ਅਤੇ ਪ੍ਰਮਾਤਮਾਂ ਨੇ ਕੰਠ 'ਚ ਸੁਰ ਬਖਸ਼ੇ...ਅੱਜ ਗਾਉਣ ਦਾ ਉਹ ਸ਼ੌਕ ਹੀ ਰੋਜ਼ਗਾਰ ਬਣ ਚੁੱਕਾ ਹੈ।"
ਇਹ ਵੀ ਪੜ੍ਹੋ:
ਸਾਧੂ ਸਿੰਘ (32 ਸਾਲਾ) ਇੱਕ ਖੁਸ਼ਦਿਲ ਨੌਵਾਨ ਹਨ ਅਤੇ ਇੱਕ ਚੰਗੇ ਗਾਇਕ ਵੀ ਹਨ। ਸਾਧੂ ਨੂੰ ਚਾਹੇ ਜਨਮ ਤੋਂ ਇਹ ਕਮੀ ਮਿਲੀ ਪਰ ਉਨ੍ਹਾਂ ਨੇ ਆਪਣੇ ਬਚਪਨ 'ਚ ਹੀ ਆਪਣੇ ਸਾਰੇ ਕੰਮ ਖ਼ੁਦ ਕਰਨੇ ਸਿੱਖ ਲਏ ਅਤੇ ਆਪਣੇ ਪੈਰਾਂ ਦੇ ਸਹਾਰੇ ਹੀ ਆਪਣੀ ਬਾਹਾਂ ਅਤੇ ਹੱਥਾਂ ਦੀ ਕਮੀ ਨੂੰ ਦੂਰ ਕਰਕੇ ਹਰ ਕੰਮ ਲਈ ਪੈਰਾਂ ਦੀਆਂ ਉਂਗਲੀਆਂ ਦੀ ਵਰਤੋਂ ਕੀਤੀ।
ਉਹ ਆਪਣੇ ਪੈਰਾਂ ਨਾਲ ਰੋਟੀ ਖਾਣ, ਕੱਪੜੇ ਪਾਉਣ, ਬਾਲ ਸਵਾਰਨ ਤੋਂ ਲੈ ਕੇ ਰੋਜ਼ਮਰਾ ਦਾ ਹਰੇਕ ਕੰਮ ਕਰ ਲੈਂਦੇ ਹਨ।
ਸਾਧੂ ਸਿੰਘ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਵਿੱਚ ਹੋਈ ਜਿੱਥੇ ਉਨ੍ਹਾਂ ਪੈਰਾਂ ਦੀਆਂ ਉਂਗਲਾਂ ਨਾਲ ਲਿਖਣਾ ਸਿੱਖਿਆ। ਸਾਧੂ ਸਿੰਘ ਦੇ ਮੁਤਾਬਿਕ ਪਿੰਡ ਦੇ ਸਰਕਾਰੀ ਸਕੈਂਡਰੀ ਸਕੂਲ ਤੋਂ 12ਵੀਂ ਤਕ ਦੀ ਪੜ੍ਹਾਈ ਕੀਤੀ ਪਰ ਪੜ੍ਹਾਈ ਜਾਰੀ ਰੱਖਣ ਦੀ ਚਾਹਤ ਦੇ ਬਾਵਜੂਦ ਘਰ ਦੀਆਂ ਮਜਬੂਰੀਆਂ ਕਾਰਨ ਅਤੇ ਆਪ ਬੱਸ ਵਿੱਚ ਸਫ਼ਰ ਨਾ ਕਰ ਸਕਣ ਦੇ ਕਾਰਨ ਉਹ ਅੱਗੇ ਨਹੀਂ ਪੜ੍ਹ ਸਕੇ।
ਸਾਧੂ ਆਪਣੀ ਆਪ ਬੀਤੀ ਦੱਸਦੇ ਹਨ, "ਇਕ ਵਾਰ ਗੁਰਦਾਸਪੁਰ ਬਸ 'ਚ ਬੈਠ ਕੇ ਉਹ ਆਪਣੀ ਅੰਗਹੀਣਤਾ ਪੈਨਸ਼ਨ ਲਗਵਾਉਣ ਗਏ ਸਨ ਕਿ ਵਾਪਸੀ ਵੇਲੇ ਬਸ 'ਚ ਨਾ ਚੜ ਸਕਣ ਕਾਰਨ ਉਸਨੇ ਬਸ ਕੰਡਕਟਰ ਨੂੰ ਮਦਦ ਲਈ ਆਖਿਆ ਤਾ ਬੱਸ ਕੰਡਕਟਰ ਨੇ ਇਹ ਅਲਫਾਜ਼ ਕਹੇ, 'ਤੂੰ ਰਹਿ ਇੱਥੇ ਕੌਣ ਤੈਨੂੰ ਚੜ੍ਹਾਉਂਦਾ ਤੇ ਲਾਉਂਦਾ ਰਹੇਗਾ'
ਸਾਧੂ ਸਿੰਘ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਕਦੇ ਬੱਸ ਵਿੱਚ ਸਫ਼ਰ ਨਹੀਂ ਕੀਤਾ।
ਸਾਧੂ ਸਿੰਘ ਦਾ ਕਹਿਣਾ ਕਿ ਮਨ 'ਚ ਸ਼ੌਕ ਸੀ ਕਿ ਖੁਦ ਮੋਟਰਸਾਈਕਲ ਚਲਾ ਸਕਣ ਅਤੇ ਦੂਸਰਿਆਂ ਵਾਂਗ ਆਪਣੇ ਪਰਿਵਾਰ ਨਾਲ ਘੁੰਮ-ਫਿਰ ਸਕਣ। ਉਹ ਸ਼ੌਕ ਪੂਰੇ ਨਹੀਂ ਹੋ ਸਕਦੇ, ਪਰ ਫਿਰ ਵੀ ਜੋ ਪ੍ਰਮਾਤਮਾਂ ਨੇ ਦਿਤਾ ਹੈ, ਉਹ ਉਸ ਦਾ ਸ਼ੁਕਰ ਮੰਨਦੇ ਹਨ।
ਗੀਤ ਗਾਉਣ ਦਾ ਸ਼ੌਂਕ ਹੁਣ ਰੋਜ਼ਗਾਰ
ਸਾਧੂ ਦਾ ਇੱਕ ਅਹਿਮ ਗੁਣ ਹੈ ਉਨ੍ਹਾਂ ਦੀ ਗਾਇਕੀ। ਉਨ੍ਹਾਂ ਨੂੰ ਪੜ੍ਹਾਈ ਤਾਂ ਛੱਡਣੀ ਪਈ ਪਰ ਉਨ੍ਹਾਂ ਨੇ ਆਪਣੇ ਗਾਉਣ ਦੇ ਸ਼ੌਂਕ ਨੂੰ ਛੱਡਿਆ ਨਹੀਂ।
ਉਹ ਦਸਦੇ ਹਨ, "ਸਕੂਲ ਦੇ ਛੋਟੇ ਛੋਟੇ ਸਮਾਗਮਾਂ 'ਚ ਗਾਉਣ ਦਾ ਸ਼ੌਂਕ ਮਨ 'ਚ ਪਾਲਿਆ ਅਤੇ ਪੜਾਈ ਚਾਹੇ ਛੱਡ ਦਿਤੀ ਲੇਕਿਨ ਗਾਉਣਾ ਨਹੀਂ। ਦੋਸਤਾਂ ਦੀ ਸੱਥ 'ਚ ਕਦੇ ਗਾਉਣਾ ਅਤੇ ਕਦੇ ਪਿੰਡ ਦੇ ਮੰਦਿਰ ਗੁਰਦੁਆਰਾ ਸਾਹਿਬ ਜਾਕੇ ਧਾਰਮਿਕ ਗੀਤ ਗਾਉਣੇ। ਫਿਰ ਇਹੀ ਸ਼ੌਕ ਰੋਜ਼ਗਾਰ ਬਣ ਗਿਆ।"
ਸਾਧੂ ਹੁਣ ਆਪਣੇ ਪਿੰਡ ਦੇ ਨੇੜੇ ਵੱਖ ਵੱਖ ਪਿੰਡਾਂ 'ਚ ਲੱਗਣ ਵਾਲੇ ਸਭਿਆਚਾਰਕ ਮੇਲਿਆਂ, ਧਾਰਮਿਕ ਸਮਾਗਮਾਂ, ਜਗਰਾਤਿਆਂ 'ਚ ਆਪਣੇ ਆਪਣੀ ਗਾਇਕੀ ਦਾ ਮੁਜ਼ਾਹਰਾ ਕਰਦੇ ਹਨ।
"ਮੇਰੇ ਦੋਸਤ ਮੈਨੂੰ ਮੋਟਰ ਸਾਈਕਲ 'ਤੇ ਨਾਲ ਲੈ ਜਾਂਦੇ ਹਨ। ਕਦੇ ਤਾਂ ਇਨ੍ਹਾਂ ਸਮਾਗਮਾਂ 'ਚ ਸਮਾਂ ਮਿਲ ਜਾਂਦਾ ਹੈ ਅਤੇ ਕਦੇ ਪ੍ਰਬੰਧਕ ਸਮਾਂ ਵੀ ਨਹੀਂ ਦਿੰਦੇ।"
ਸਾਧੂ ਮੁਤਾਬਿਕ ਚਾਹੇ ਉਹ ਇਸ 'ਚੋਂ ਪੈਸੇ ਕਮਾਉਣਾ 'ਚ ਤਾਂ ਸਫ਼ਲ ਨਹੀਂ ਹਨ ਪਰ ਮਸ਼ਹੂਰ ਹੋ ਗਏ ਹਨ ਅਤੇ ਪਰਿਵਾਰ ਲਈ ਥੋੜ੍ਹਾ ਬਹੁਤ ਕਮਾ ਲੈਂਦੇ ਹਨ।
ਸਾਧੂ ਸਿੰਘ ਮੁਤਾਬਕ ਬਹੁਤ ਸਾਰੇ ਮਸ਼ਹੂਰ ਗਇਕ ਉਨ੍ਹਾਂ ਨੂੰ ਬਹੁਤ ਪਿਆਰ ਦਿੰਦੇ ਹਨ ਅਤੇ ਖੁਦ ਆਪਣੇ ਮੰਚ 'ਤੇ ਗਾਉਣ ਦਾ ਮੌਕਾ ਦਿੰਦੇ ਹਨ।
ਕਈ ਮੇਲਿਆਂ ਵਿੱਚ ਉਨ੍ਹਾਂ ਨੇ ਨਾਮਵਾਰ ਪੰਜਾਬੀ ਗਾਇਕਾਂ ਨਾਲ ਆਪਣੀ ਗਾਇਕੀ ਦੀਆਂ ਪੇਸ਼ਕਾਰੀਆਂ ਕੀਤੀਆਂ ਹਨ।
ਹੁਣ ਤੱਕ ਉਹ ਪੰਜਾਬੀ ਗਇਕ ਕੰਵਰ ਗਰੇਵਾਲ, ਰਣਜੀਤ ਬਾਵਾ, ਗੁਰਦਾਸ ਮਾਨ, ਆਦਿ ਨੂੰ ਮਿਲ ਚੁੱਕੇ ਹਨ ਅਤੇ ਪੰਜਾਬੀ ਗਾਇੱਕ ਬੱਬੂ ਮਾਨ ਨੂੰ ਵੀ ਮਿਲਣਾ ਚਾਹੁੰਦੇ ਹਨ।
ਸਾਧੂ ਦੀ ਜੀਵਨ ਸਾਥੀ
ਸਾਧੂ ਦੀ ਸ਼ਾਦੀ ਉਨ੍ਹਾਂ ਦੇ ਨਾਨਕੇ ਪਿੰਡ ਦੀ ਲੜਕੀ ਸੁਮਨ ਨਾਲ ਹੋਈ ਹੈ। ਸਾਧੂ ਦਾ ਕਹਿਣਾ ਹੈ ਕਿ ਇਹ ਇੱਕ ਪ੍ਰੇਮ ਵਿਆਹ ਹੈ।
ਸਾਧੂ ਨੇ ਆਪਣੇ ਪ੍ਰੇਮ ਬਾਰੇ ਦੱਸਿਆ ਕਿ ਉਹ ਆਪਣੇ ਨਾਨਕੇ ਪਿੰਡ ਗਏ ਹੋਏ ਸਨ ਅਤੇ ਜਿੱਥੇ ਇੱਕ ਮੇਲੇ 'ਚ ਜਦੋਂ ਉਨ੍ਹਾਂ ਨੇ ਆਪਣੀ ਪੇਸ਼ਕਾਰੀ ਕੀਤੀ ਤਾ ਉਸਦੀ ਦੂਰ ਦੀ ਰਿਸ਼ਤੇਦਾਰ ਸੁਮਨ ਨੇ ਉਨ੍ਹਾਂ ਨੂੰ ਦੋਸਤੀ ਦਾ ਸੱਦਾ ਦਿਤਾ।
ਆਪਣੀ ਡਿਸੇਬਿਲੀਟੀ 'ਚੋਂ ਉਭਰਨ ਵਾਲਿਆਂ ਦੀਆਂ ਹੋਰ ਕਹਾਣੀਆਂ:
ਇਸ ਤੋਂ ਬਾਅਦ ਦੋਹਾਂ ਦੀ ਦੋਸਤੀ ਗੂੜ੍ਹੀ ਹੁੰਦੀ ਗਈ ਅਤੇ ਫੋਨ 'ਤੇ ਵੀ ਗੱਲਬਾਤ ਕਰਦੇ ਰਹੇ। ਸਮਾਂ ਪਾ ਕੇ ਦੋਵਾਂ ਨੂੰ ਪਿਆਰ ਹੋ ਗਿਆ ਪਰ ਦੋਵਾਂ ਦੇ ਪਰਿਵਾਰ ਇਸ ਰਿਸ਼ਤੇ ਦੇ ਖਿਲਾਫ ਸਨ।
ਸਾਧੂ ਅਤੇ ਉਨ੍ਹਾਂ ਦੀ ਪਤਨੀ ਸੁਮਨ ਕੌਰ ਦਸਦੇ ਹਨ ਕਿ ਉਹਨਾਂ ਦੋਵਾਂ ਦੀ ਜਿੱਦ ਕਾਰਨ ਉਹਨਾਂ ਦੇ ਪਰਿਵਾਰ ਆਖੀਰ ਵਿਆਹ ਲਈ ਮਨ ਗਏ ਅਤੇ ਅੱਜ ਉਹ ਇੱਕ ਵਿਆਹੁਤਾ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਦਾ 7 ਸਾਲ ਦਾ ਤੰਦੁਰਸਤ ਬੇਟਾ ਵੀ ਹੈ ਜੋ ਸਕੂਲ ਜਾਂਦਾ ਹੈ ਅਤੇ ਪਹਿਲੀ ਜਮਾਤ 'ਚ ਪੜਦਾ ਹੈ।
ਸੁਮਨ ਨੇ ਦੱਸਿਆ, "ਵਿਆਹ ਮਗਰੋਂ ਮੇਰਾ ਪੇਕਾ ਪਰਿਵਾਰ ਮੈਨੂੰ ਨਹੀਂ ਮਿਲਦਾ ਸੀ ਪਰ ਇਹ ਨਾਰਾਜ਼ਗੀ ਕੁਝ ਮਹੀਨਿਆਂ ਦੀ ਸੀ ਅਤੇ ਹੁਣ ਤਾਂ ਦੋਵੇਂ ਪਰਿਵਾਰ ਆਪਸ 'ਚ ਚੰਗੇ ਢੰਗ ਨਾਲ ਮਿਲਦੇ ਵਰਤੇਦੇ ਹਨ।"
ਸਾਧੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਨੀ ਵੀ ਉਨ੍ਹਾਂ ਦੇ ਗਾਉਣ ਦੇ ਸ਼ੌਂਕ ਨਾਲ ਹੀ ਮਿਲੀ ਅਤੇ ਉਹ ਹਰ ਤਰ੍ਹਾਂ ਨਾਲ ਉਸਦਾ ਸਹਿਯੋਗ ਕਰਦੀ ਹੈ। ਜੋ ਕੰਮ ਉਹ ਖੁਦ ਨਹੀਂ ਕਰ ਸਕਦੇ ਪਹਿਲਾਂ ਉਹ ਕੰਮ ਉਨ੍ਹਾਂ ਦੀ ਦਾਦੀ ਅਤੇ ਮਾਂ ਕਰਦੇ ਸਨ ਪਰ ਹੁਣ ਉਨ੍ਹਾਂ ਦੀ ਪਤਨੀ ਕਰਦੀ ਹੈ।
ਸਾਧੂ ਦੇ ਜਨਮ ’ਤੇ ਪਰਿਵਾਰ ਦਾ ਵਿਰਲਾਪ
ਸਾਧੂ ਸਿੰਘ ਦੇ ਪਿਤਾ ਮਨਜੀਤ ਸਿੰਘ ਦਾਣਾ ਮੰਡੀ ਵਿੱਚ ਪਲੇਦਾਰੀ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦ ਉਹਨਾਂ ਦੇ ਘਰ ਸਾਲ 1986 'ਚ ਸਾਧੂ ਨੇ ਜਨਮ ਲਿਆ ਤਾਂ ਇੱਕ ਅਪੰਗ ਬੱਚਾ ਦੇਖ ਕੇ ਉਨ੍ਹਾਂ ਨੇ ਬਹੁਤ ਵਿਰਲਾਪ ਕੀਤਾ।
ਭਾਵੁਕ ਹੁੰਦੇ ਪਿਤਾ ਆਖਦੇ ਹਨ, "ਸਾਧੂ ਦੇ ਜਨਮ ਤੋਂ ਬਾਅਦ ਨਾਲ ਲੱਗਦੇ ਪਿੰਡਾਂ ਤੋਂ ਲੋਕ ਉਹਨਾਂ ਦੇ ਬੇਟੇ ਨੂੰ ਦੇਖਣ ਆਉਂਦੇ ਅਤੇ ਦੁੱਖ ਪਰਗਟ ਕਰਦੇ ਸਨ।"
"ਇੱਥੋਂ ਤਕ ਕਿ ਪਿੰਡ ਦੇ ਇੱਕ ਹਕੀਮ ਪਰਲਾਧ ਸਿੰਘ ਨੇ ਉਦੋਂ ਆਖਿਆ ਸੀ ਕਿ 'ਇਹ ਤੁਹਾਡੇ ਘਰ ਬਸ ਵਖਾਲੀ ਦੇਣ ਆਇਆ ਹੈ ਅਤੇ ਕੁਝ ਦਿਨਾਂ 'ਚ ਇਹਨੇ ਪੂਰਾ ਹੋ ਜਾਣਾ ਹੈ। ਅੱਜ ਉਸ ਹਕੀਮ ਦਾ ਦੇਹਾਂਤ ਹੋ ਚੁੱਕਾ ਹੈ। ਸਾਧੂ ਅੱਜ ਵੀ ਜਿੰਦਾ ਹੈ ਅਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ।"
ਸਾਧੂ ਦੇ ਮਾਤਾ -ਪਿਤਾ ਮਨਜੀਤ ਸਿੰਘ ਅਤੇ ਗੁਰਮੀਤ ਕੌਰ ਭਾਵੁਕ ਹੁੰਦੇ ਆਖਦੇ ਹਨ, "ਚਾਹੇ ਉਹਨਾਂ ਦਾ ਬੱਚਾ ਅੱਜ ਆਪਣੇ ਪਰਿਵਾਰ ਲਈ ਥੋੜ੍ਹਾ ਬਹੁਤ ਕੁਝ ਕਰ ਰਿਹਾ ਹੈ ਪਰ ਉਹ ਮਾਂ ਪਿਉ ਹਨ ਅਤੇ ਇਸ ਗੱਲ ਦੀ ਚਿੰਤਾ ਉਨ੍ਹਾਂ ਨੂੰ ਅੱਜ ਵੀ ਹੈ ਕਿ ਇਸ ਦਾ ਭਵਿਖ 'ਚ ਕਿਵੇਂ ਗੁਜਾਰਾ ਹੋਵੇਗਾ।"
ਮਨਜੀਤ ਸਿੰਘ ਮੁਤਾਬਕ ਉਹਨਾਂ ਬਹੁਤ ਕੋਸ਼ਿਸ਼ ਕੀਤੀ ਕਿ ਸੂਬਾ ਸਰਕਾਰ ਕੋਲੋਂ ਕੁਝ ਮਦਦ ਮਿਲੇ ਜਾਂ ਫਿਰ ਕੋਈ ਸਰਕਾਰੀ ਨੌਕਰੀ ਤਰਸ ਦੇ ਅਧਾਰ 'ਤੇ ਮਿਲੇ ਜਿਸ ਨਾਲ ਸਾਧੂ ਨੂੰ ਕੁਝ ਆਸਰਾ ਹੋਵੇ। ਪਰ ਉਹ ਉਸ ਕੋਸ਼ਿਸ਼ 'ਚ ਸਫਲ ਨਹੀਂ ਹੋਏ ਅਤੇ ਸਰਕਾਰ ਨੇ ਮਹਿਜ ਇੱਕ ਪੈਨਸ਼ਨ ਦੇਣ ਤੋਂ ਇਲਾਵਾ ਹੋਰ ਕੋਈ ਮਦਦ ਨਹੀਂ ਦਿੱਤੀ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: