#DifferentlyAbled: ਪਰਾਂ ਬਿਨ ਪਰਵਾਜ਼ (5): 'ਦਸਮੇਸ਼ ਦੀ ਤਸਵੀਰ ਨੇ ਮੈਨੂੰ ਉੱਥੇ ਪਹੁੰਚਾ ਦਿੱਤਾ ਜਿੱਥੇ ਸੰਘਰਸ਼ ਸੀ ਪਰ ਹਾਰ ਨਹੀਂ'

    • ਲੇਖਕ, ਗੁਰਕਿਰਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਇਹ ਸਤਰਾਂ ਲਿਖਣ ਸਮੇਂ ਮੈਨੂੰ ਮਾਰਟਿਨ ਲੂਥਰ ਕਿੰਗ ਦਾ ਉਹ ਸੁਪਨਾ ਯਾਦ ਆ ਰਿਹਾ ਹੈ ਕਿ ਕੀ ਕਦੇ ਕਾਲੇ ਲੋਕਾਂ ਨੂੰ ਵੀ ਉਨ੍ਹਾਂ ਦੇ ਰੰਗ ਕਰਕੇ ਨਹੀਂ ਸਗੋਂ ਕਿਰਦਾਰ ਕਰਕੇ ਪਹਿਚਾਣਿਆ ਜਾਵੇਗਾ?

ਇਸ ਵਿੱਚ ਮੈਂ ਇੱਕ ਵਾਧਾ ਕਰਨਾ ਚਾਹੁੰਦਾ ਹਾਂ ਕਿ ਕਦੋਂ ਸਰੀਰਕ ਤੇ ਮਾਨਸਿਕ ਕਮਜ਼ੋਰੀਆਂ ਵਾਲਿਆਂ ਨੂੰ ਉਨ੍ਹਾਂ ਦੀਆਂ ਕਮੀਆਂ ਕਰਕੇ ਨਹੀਂ ਸਗੋਂ ਕਿਰਦਾਰ ਕਰਕੇ ਪਹਿਚਾਣਿਆ ਜਾਵੇਗਾ?

ਕਿਸੇ ਦੀ ਸਫ਼ਲਤਾ ਦਾ ਸਿਹਰਾ ਉਸ ਨੂੰ ਦੇ ਸਕਦੇ ਹਾਂ ਪਰ ਪਿੱਛੇ ਰਹਿ ਜਾਣ ਲਈ ਕਸੂਰਵਾਰ ਉਸ ਨੂੰ ਨਹੀਂ ਕਿਹਾ ਜਾ ਸਕਦਾ। ਕਸੂਰ ਪਿੱਛੇ ਛੱਡ ਜਾਣ ਵਾਲਿਆਂ ਦਾ ਹੁੰਦਾ ਹੈ।

ਸਾਨੂੰ ਤਾਂ ਸਮਾਜ ਸ਼ਿਕਾਰੀ ਯੁੱਗ ਦੇ ਸਮੇਂ ਤੋਂ ਹੀ ਪਿੱਛੇ ਛੱਡਦਾ ਆਇਆ ਹੈ, ਜਦੋਂ ਹਾਲੇ ਨਸਲੀ ਤੇ ਲਿੰਗਕ ਵਖਰੇਵੇਂ ਤੇ ਵਿਤਕਰੇ ਵੀ ਨਹੀਂ ਸਨ।

ਡਿਸਏਬਿਲਟੀ ਸਮਾਜਿਕ ਧਾਰਨਾ

ਲਿੰਗਵਾਦ ਅਤੇ ਨਸਲਵਾਦ ਵਾਂਗ ਡਿਸਏਬਿਲਟੀ ਵੀ ਇੱਕ ਧਾਰਨਾ ਹੈ। ਡਿਸੇਬਲਡ ਲੋਕਾਂ ਨਾਲ ਹੁੰਦੇ ਵਿਤਕਰੇ ਬਹੁਪਰਤੀ ਅਤੇ ਬਹੁਪ੍ਰਸੰਗਕ ਹਨ।

ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਪੰਗਾਂ ਦੀ ਸਮਾਜਿਕ ਹਿੱਸੇਦਾਰੀ ਵਧਾ ਕੇ ਉਨ੍ਹਾਂ ਵਿੱਚ ਆਪਣੇ ਸਰੀਰ ਨੂੰ ਲੈ ਕੇ ਹੀਣ ਭਾਵਨਾ ਘੱਟ ਪੈਦਾ ਹੋਣ ਦਿੱਤੀ ਜਾਵੇ।

ਡਿਸਏਬਲਡ ਲੋਕਾਂ ਨੂੰ ਨਕਾਰੇਪਣ ਜਾਂ ਸਰੀਰਕ ਕਮੀ ਨਾਲ ਜੋੜ ਕੇ ਹੀ ਨਾ ਦੇਖਿਆ ਜਾਵੇ। ਅਸੀਂ ਕੋਈ ਪਿਛਲੇ ਕਰਮਾਂ ਦੀ ਸਜ਼ਾ ਭੋਗਣ ਆਏ ਪਾਪੀ ਜਾਂ ਭਗਤ ਨਹੀਂ, ਇਨਸਾਨ ਹਾਂ।

ਮੇਰੀ ਨਿੱਜੀ ਸਚਾਈ ਤੇ ਸਮਾਜਿਕ ਵਰਤਾਰਾ

ਇਹ ਸਤਰਾਂ ਲਿਖਣ ਤੱਕ ਪਹੁੰਚਣ ਦਾ ਮੇਰਾ ਸਫ਼ਰ ਭਾਵੇਂ ਅੱਤ ਔਕੜਾਂ ਵਾਲਾ ਨਹੀਂ ਰਿਹਾ ਪਰ ਸਰੀਰਕ ਕਮਜ਼ੋਰੀ ਇੱਕ ਕੁਦਰਤੀ ਵਰਜਣਾ ਰਹੀ ਹੈ।

ਸਾਨੂੰ ਦੂਹਰੇ ਮੋਰਚਿਆਂ 'ਤੇ ਸੰਘਰਸ਼ ਕਰਨਾ ਪੈਂਦਾ ਹੈ। ਪਹਿਲਾ ਆਪਣੇ ਸਰੀਰ ਨਾਲ ਤੇ ਦੂਜਾ ਸਮਾਜਿਕ ਨਜ਼ਰੀਏ ਨਾਲ।

ਜਦੋਂ ਕਿਸੇ ਦੇ ਘਰ ਮੇਰੇ ਵਰਗਾ ਬੱਚਾ ਪੈਦਾ ਹੁੰਦਾ ਹੈ ਤਾਂ, ਮਾਂ ਬਾਪ ਦੇ ਸਮਝ ਨਹੀਂ ਆਉਂਦਾ ਕਿ ਉਹ ਕੀ ਕਰਨ।

ਰੱਬ ਨੇ ਕਿਹੜੇ ਮਾੜੇ ਕਰਮ ਉਨ੍ਹਾਂ ਦੇ ਸਾਹਮਣੇ ਲਿਆ ਧਰੇ ਹਨ ਜਾਂ ਕਿਹੜੇ ਪੁੰਨਾਂ ਕਰਕੇ ਉਨ੍ਹਾਂ ਨੂੰ ਅਜਿਹੇ ਬੱਚੇ ਦੀ ਸੇਵਾ ਲਈ ਚੁਣਿਆ ਗਿਆ ਹੈ?

ਕੋਈ ਅਪੰਗ ਜਮਾਂਦਰੂ ਡਿਸਏਬਲਡ ਨਹੀਂ ਹੁੰਦਾ ਸਗੋਂ ਚੁਗਿਰਦੇ, ਸਰੀਰ ਅਤੇ ਮਾਨਸਿਕਤਾ ਦਾ ਤ੍ਰਿਕੋਣ, ਉਸ ਨੂੰ ਪਿੱਛੇ ਬਿਠਾ ਦਿੰਦਾ ਹੈ।

ਜਦੋਂ ਉਸ ਤੋਂ ਮੇਲਿਆਂ ਦਾ ਚਾਅ, ਸਕੂਲ ਅਤੇ ਫੇਰ ਪੜ੍ਹਿਆ ਨਾ ਹੋਣ ਕਰਕੇ ਬਹੁਤ ਕੁਝ ਖੋਹ ਲਿਆ ਜਾਂਦਾ ਹੈ।

ਇੱਕ ਵਾਰ ਮੈਂ ਵੀ ਜਦੋਂ ਆਪਣੇ ਪਿਤਾ ਨਾਲ ਆਪਣੀ ਹਾਲਤ ਕਰਕੇ ਖਿੱਝ ਕੇ ਆਪਣਾ ਕਸੂਰ ਪੁੱਛਿਆ ਤਾਂ ਉਨ੍ਹਾਂ ਰੁਆਂਸੀ ਆਵਾਜ਼ ਕਿਹਾ ਸਾਡਾ ਵੀ ਕਿਹੜਾ ਹੈ?

ਕਿਵੇਂ ਲੱਗਦਾ ਹੋਵੇਗਾ ਉਨ੍ਹਾਂ ਮਾਪਿਆਂ ਨੂੰ ਜੋ ਆਪਣੀ ਇੱਕ ਔਲਾਦ ਨੂੰ ਚੰਗੀ ਤਰ੍ਹਾਂ ਗਿਣ ਹੀ ਨਹੀਂ ਸਕਦੇ ਤੇ ਉਸ ਔਲਾਦ ਨੂੰ ਜਿਸ 'ਤੇ ਪਹੁੰਚਣ ਤੋਂ ਪਹਿਲਾਂ ਹੀ ਗਿਣਤੀ ਮੁੱਕ ਜਾਵੇ?

ਇਹ ਗੱਲਾਂ ਮੈਂ ਆਪਣੇ ਤਜਰਬੇ ਨਾਲ ਕਹਿ ਰਿਹਾ ਹਾਂ ਪਰ ਜੇ ਇਹ ਗੱਲਾਂ ਇੱਕ ਲੜਕੀ ਦੇ ਪੱਖ ਤੋਂ ਸੋਚਾਂ ਤਾਂ ਸਿਰ ਚਕਰਾਉਣ ਲੱਗਦਾ ਹੈ।

ਲੜਕੀਆਂ ਨੂੰ ਹੌਲੀ ਤੁਰਨ, ਟਿਕ ਕੇ ਬੈਠਣ ਦੀਆਂ ਸਲਾਹਾਂ ਤੇ ਝਿੜਕਾਂ ਪਿੱਛੇ ਉਨ੍ਹਾਂ ਨੂੰ 'ਸੱਟ-ਫੇਟ' ਤੋਂ ਬਚਾ ਕੇ ਰੱਖਣ ਦਾ ਫ਼ਿਕਰ ਵੀ ਹੁੰਦਾ ਹੈ।

ਆਖ਼ਰਕਾਰ ਉਨ੍ਹਾਂ ਨੇ ਇਸ 'ਤੰਦਰੁਸਤੀ' ਨਾਲ ਹੀ ਤਾਂ ਸਹੁਰੇ ਘਰ ਜਾ ਕੇ ਹਰ ਕਿਸਮ ਦੀ ਸੇਵਾ ਨਿਭਾਉਣੀ ਹੈ।

ਕੁੜੀ ਡਿਸਏਬਲ ਹੋਵੇ ਤਾਂ..

ਕਿਸੇ ਡਿਸਏਬਲਡ ਲੜਕੀ ਲਈ ਪਹਿਲੀ ਸਮੱਸਿਆ ਤਾਂ ਲੜਕੀ ਹੋਣਾ ਹੈ ਅਤੇ ਫੇਰ ਅਪੰਗ ਲੜਕੀ ਹੋਣਾ।

ਸਿਹਤ ਕਰਕੇ, ਉਸ ਨੂੰ ਮਿਲਣ ਵਾਲੇ ਪਹਿਲਾਂ ਤੋਂ ਹੀ ਸੀਮਤ ਮੌਕੇ ਹੋਰ ਸੁੰਗੜ ਜਾਂਦੇ ਹਨ।

ਮੈਂ ਆਪ ਲੋਕਾਂ ਨੂੰ ਮੇਰੇ ਵੱਲ ਦੇਖ ਕੇ ਅਤੇ ਉੱਪਰ ਵੱਲ ਹੱਥ ਜੋੜ ਕੇ ਵਾਹਿਗੁਰੂ ਕਹਿੰਦਿਆਂ ਸੁਣਿਆ ਹੈ। ਕਦੇ ਇਹ ਉਨ੍ਹਾਂ ਦਾ ਮੇਰੇ ਪ੍ਰਤੀ ਤਰਸ ਹੁੰਦਾ ਸੀ ਤਾਂ ਕਦੇ ਆਪਣੀ ਤੰਦਰੁਸਤੀ ਲਈ "ਉਸ ਦਾ" ਧੰਨਵਾਦ।

ਪੀਐੱਚਡੀ ਦੌਰਾਨ ਤੇ ਉਸ ਤੋਂ ਪਹਿਲਾਂ ਵੀ ਸੌਖੇ ਵਿਸ਼ੇ ਲੈਣ ਦੀ ਸਲਾਹ, ਮੈਨੂੰ ਕਈ ਵਾਰ ਮਿਲੀ। ਮੈਨੂੰ ਸਲਾਹ ਦਿੱਤੀ ਗਈ ਕਿ ਮੈਂ 'ਟੇਬਲ ਵਰਕ' ਵਾਲਾ ਵਿਸ਼ਾ ਲਵਾਂ।

ਇੱਕ ਪਾਸੇ ਕਹਿੰਦੇ ਹਨ ਉਡਾਣ ਹੌਂਸਲੇ ਨਾਲ ਹੁੰਦੀ ਹੈ ਦੂਜੇ ਪਾਸੇ ਕਹਿੰਦੇ ਹਨ ਕਿ ਮੱਤ ਗਿੱਟਿਆਂ ਵਿੱਚ ਹੁੰਦੀ ਹੈ। ਕੀ ਵਿਰੋਧਾਭਾਸ ਹੈ?

ਬਚਪਨ ਵਿੱਚ ਮੈਂ ਵਧੇਰੇ ਸਮਾਂ ਘਰੇ ਰਿਹਾ ਪਰ ਮੇਰੀਆਂ ਬਹੁਤੀਆਂ ਯਾਦਾਂ ਹਸਪਤਾਲ ਨਾਲ ਜੁੜੀਆਂ ਹਨ। ਉੱਥੋਂ ਦੀਆਂ ਦਵਾਈਆਂ ਦੀ ਮਹਿਕ ਘਰ ਨਾਲੋਂ ਵੱਖਰੀ ਹੁੰਦੀ ਸੀ।

ਮੈਨੂੰ ਨਹੀਂ ਪਤਾ ਬੱਚੇ ਪਾਰਕ ਜਾਣ ਲਈ ਕਿਵੇਂ ਤਿਆਰ ਹੁੰਦੇ ਹਨ ਸ਼ਾਇਦ ਉਵੇਂ ਹੀ ਜਿਵੇਂ ਮੈ ਹਸਪਤਾਲ ਲਈ ਹੁੰਦਾ ਸੀ!

ਸਾਨੂੰ ਕਦੇ ਪੁੱਛਿਆ ਹੀ ਨਹੀਂ ਜਾਂਦਾ ਕਿ ਵੱਡਾ ਹੋ ਕੇ ਕੀ ਬਣੇਗਾ ਜਾਂ ਬਣੇਗੀ?

ਮੇਰੇ ਸੁਪਨੇ ਛਾਂਗ ਦਿੱਤੇ

ਪਰ ਡਾਕਟਰਾਂ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਚਿੱਟੇ ਐਪਰਨ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ। ਮੈਨੂੰ ਲੱਗਦਾ ਇਹ ਮੈਨੂੰ ਤੁਰਨ ਲਾ ਦੇਣਗੇ ਫੇਰ ਮੈਂ ਵੀ ਚਿੱਟਾ ਐਪਰਨ ਪਾ ਕੇ ਫਿਰਿਆ ਕਰਾਂਗਾ।

ਇੱਕ ਦਿਨ ਮੈਂ ਕਿਸੇ ਡਿਸਏਬਲਡ ਵਿਦਿਆਰਥੀ ਦੇ ਮੈਡੀਕਲ ਕਾਲਜ ਵਿੱਚ ਦਾਖਲੇ ਬਾਰੇ ਦੋ ਮੈਡੀਕਲ ਦੇ ਵਿਦਿਆਰਥੀਆਂ ਨੂੰ ਗੱਲਾਂ ਕਰਦੇ ਸੁਣਿਆ ਕਿ 'ਉਹ' ਭੱਜ ਕੇ ਐਮਰਜੈਂਸੀ ਕਿਵੇਂ ਦੇਖੇਗਾ?

ਇਸ ਕੰਨਸੋਅ ਨੇ ਮੇਰੇ ਸੁਪਨੇ ਛਾਂਗ ਦਿੱਤੇ।

ਕਿਤਾਬਾਂ ਨੇ ਕਦੇ ਮੈਨੂੰ ਲੱਗਣ ਨਹੀਂ ਦਿੱਤਾ ਕਿ ਮੈਂ ਭੱਜ ਨਹੀਂ ਸਕਦਾ ਜਾਂ ਉਨ੍ਹਾਂ ਨੇ ਕਿਤੇ ਜਾਣਾ ਹੈ ਜਿੱਥੇ ਮੈਂ ਨਹੀਂ ਜਾ ਸਕਦਾ।

ਕਿਤਾਬਾਂ ਮੈਨੂੰ ਬਲਰਾਜ ਸਾਹਨੀ ਨਾਲ ਪਾਕਿਸਤਾਨ ਵੀ ਲੈ ਕੇ ਗਈਆਂ ਅਤੇ ਰੂਸ ਵੀ।

ਉਨ੍ਹਾਂ ਮੈਨੂੰ ਮਿਲਟਨ ਨਾਲ ਵੀ ਮਿਲਾਇਆ ਜੋ ਰੱਬ ਦਾ ਤੋਹਫ਼ਾ ਦੁਨੀਆਂ ਨੂੰ ਦਿੱਤੇ ਬਿਨਾਂ ਮਰਨ ਤੋਂ ਘਬਰਾਉਂਦਾ ਸੀ ਅਤੇ ਬਾਬੇ ਨਾਲ ਵੀ ਜੋ ਇਹ ਤੋਹਫ਼ਾ ਵੰਡਣ ਘਰ-ਬਾਰ ਛੱਡ ਕੇ ਯਾਤਰੀ ਹੋ ਗਿਆ।

ਕਿਤਾਬਾਂ ਨੇ ਮੈਨੂੰ ਸੌਣ ਤੋਂ ਪਹਿਲਾਂ ਮੀਲਾਂ ਦੇ ਪੰਧ ਦੀ ਗੱਲ ਕਰਨ ਵਾਲੇ ਰੌਬਰਟ ਫਰੌਸਟ ਨਾਲ ਵੀ ਮਿਲਾਇਆ ਅਤੇ ਕੀਟਸ ਦੀਆਂ ਸਹੇਲੀਆਂ ਨਾਲ ਵੀ।

ਇੱਕ ਦਿਨ ਮੇਰੇ ਦੋਸਤ ਨੇ ਮੈਨੂੰ ਕਥਾਵਾਚਕ ਬਣਨ ਦੀ ਸਲਾਹ ਦਿੱਤੀ। ਮੈਂ ਸੋਚਣ ਮਗਰੋਂ ਇੱਕੋ ਜੁਆਬ ਦੇ ਸਕਿਆ, "ਸਾਡੇ ਵਰਗੇ ਲੋਕਾਂ ਨਾਲ ਕੁਝ ਪੇਸ਼ੇ ਟੈਗ ਹੋ ਚੁੱਕੇ ਹਨ।

ਪੇਸ਼ਿਆਂ ਦਾ ਟੈਗ

ਮੈਂ ਭਾਵੇਂ ਕਥਾ ਸੁਣਾ ਕੇ ਸੰਗਤ ਰੁਆ ਦਿਆਂ ਪਰ ਸਟੇਜ ਤੋਂ ਘਿਸੜ ਕੇ ਉਤਰਨ ਸਮੇਂ, ਇਹੀ ਕਹਿਣਗੇ, ਆਰ੍ਹੀ ਹੈ, ਪੜ੍ਹਦਾ ਰਹਿੰਦਾ ਹੈ ਬੈਠਾ, ਹੋਰ ਕਰੇ ਵੀ ਕੀ?

ਹਾਲੇ ਵੀ ਮੈਨੂੰ ਪੁੱਛ ਲਿਆ ਜਾਂਦਾ ਹੈ, ਭਾਅ ਜੀ! ਨੌਕਰੀ ਕਰਦੇ ਹੋ ਜਾਂ ਆਪਣਾ ਕੰਮ ਹੈ?

ਨੌਕਰੀ ਬਾਰੇ ਕਹਿਣਗੇ, ਮਾਸਟਰ ਹੋ ਜਾਂ ਬੈਂਕ ਵਿੱਚ ਜੌਬ ਕਰਦੇ ਹੋ?

ਉਨ੍ਹਾਂ ਲਈ ਆਪਣੇ ਕੰਮ ਵਿੱਚ ਤਾਂ ਬੰਦੇ ਨੇ ਗੱਲੇ 'ਤੇ ਹੀ ਬੈਠਣਾ ਹੁੰਦਾ ਹੈ।

ਮੈਂ ਕਿਹਾ ਨਹੀਂ ਮੈਂ ਉਹ ਕੰਮ ਕਰਾਂਗਾ ਕਿ ਕੋਈ ਇਹ ਨਾ ਕਹੇ ਕਿ ਇਹ ਹੋਰ ਕੁਝ ਨਹੀਂ ਕਰ ਸਕਦਾ।

ਇਹ ਉਹ ਦਿਨ ਸਨ ਜਦੋਂ ਮੈਂ ਆਪਣੀ ਜਿੰਦਗੀ ਦੇ ਧੁਰੇ, ਬੈੱਡ 'ਤੇ ਬੈਠਾ ਅਕਸਰ ਕਿਤਾਬਾਂ ਤੋਂ ਨਿਗ੍ਹਾ ਚੁੱਕ ਕੇ ਰੌਸ਼ਨਦਾਨ ਦੇਖ ਕੇ ਉਸ ਵਿੱਚੋਂ ਰੰਗ ਵਟਾਉਂਦੇ ਆਕਾਸ਼ ਦੇ ਟੁਕੜੇ ਨਾਲ ਗੱਲਾਂ ਕਰਦਾ ਸੀ।

ਅਕਸਰ ਮੇਰੇ ਸਾਹਮਣੇ ਲੱਗੇ ਦਸਮ ਪਿਤਾ ਦੇ ਪੋਰਟਰੇਟ ਦੀਆਂ ਅੱਖਾਂ ਦੀ ਚਮਕ, ਮੈਨੂੰ ਉੱਥੇ ਲੈ ਜਾਂਦੀ ਜਿੱਥੇ ਸੰਘਰਸ਼ ਸੀ ਪਰ ਹਾਰ ਨਹੀਂ ਸੀ।

ਜਿੱਥੇ ਜੀਅ ਦੀ ਬਿਰਥਾ, 'ਹਾਲ ਮੁਰੀਦਾਂ' ਦਾ ਬਣਾ ਕੇ ਸਿਰਫ 'ਗੁਰ ਪਹਿ' ਆਖੀ ਜਾਂਦੀ ਹੈ।

ਸਾਡੀ ਸਫ਼ਲਤਾ ਸਿਰਫ ਸਰੀਰਕ ਰੁਕਾਵਟਾਂ ਨਾਲ ਜੂਝਣ ਦੀ ਹੀ ਕਹਾਣੀ ਨਹੀਂ ਸਗੋਂ ਸਮਾਜਿਕ ਨਜ਼ਰਾਂ ਤੇ ਨਜ਼ਰੀਏ ਦੀ ਦਲਦਲ ਵਿਚੋਂ ਉਭਰਨ ਦੀ ਕਹਾਣੀ ਹੈ।

ਕੁਝ ਦਿਨ ਪਹਿਲਾਂ ਇੱਕ ਸੱਜਣ ਨੇ ਮੇਰੇ ਨਾਲ ਕੁਝ ਗੱਲਾਂ ਕਰਨ ਮਗਰੋਂ ਕਹਿ ਹੀ ਦਿੱਤਾ, "ਇਹ ਤੁਹਾਡੇ ਲਈ ਠੀਕ ਵੀ ਹੈ।"

ਉਸ ਦਿਨ ਮੈਨੂੰ ਸਮਝ ਆ ਗਈ ਕਿ ਕੁਝ ਲੋਕ ਸਮਝਣ ਲਈ ਕਦੇ ਨਹੀਂ ਸੁਣਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)