'ਉਹ ਮੇਰੀ ਪੈਨਸ਼ਨ ਰੋਕ ਸਕਦੇ ਨੇ, ਖਾਣਾ ਖਾਣ ਤੋਂ ਨਹੀਂ' : ਜਸਟਿਸ ਚੇਲਾਮੇਸ਼ਵਰ

    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ

ਸੁਪਰੀਮ ਕੋਰਟ ਦੇ ਸੇਵਾ-ਮੁਕਤ ਜੱਜ ਜਸਤੀ ਚੇਲਾਮੇਸ਼ਵਰ ਦਾ ਕਹਿਣਾ ਹੈ ਕਿ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਭਾਰਤ ਸਰਕਾਰ ਠੀਕ ਕੰਮ ਕਰ ਰਹੀ ਹੈ ਜਾਂ ਸੁਪਰੀਮ ਕੋਰਟ ਠੀਕ ਕੰਮ ਕਰ ਰਹੀ ਹੈ ਜਾਂ ਨਹੀਂ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਆਂਧਰ ਪ੍ਰਦੇਸ਼ ਦੇ ਕ੍ਰਿਸ਼ਣਾ ਜਿਲ੍ਹੇ ਵਿੱਚ ਆਬਾਦ ਆਪਣੇ ਜੱਦੀ ਪਿੰਡ ਵਿੱਚ ਇੱਕ ਪੁਰਸਕੂਨ ਜ਼ਿੰਦਗੀ ਜਿਊਂ ਰਹੇ ਹਨ।

ਪਿਛਲੇ ਸਾਲ 12 ਜਨਵਰੀ ਨੂੰ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਕੁਝ ਅਣਕਿਆਸਿਆ ਵਾਪਰਿਆ।

ਜਸਟਿਸ ਚੇਲਾਮੇਸ਼ਵਰ ਤੋਂ ਇਲਾਵਾ ਸੁਪਰੀਮ ਕੋਰਟ ਦੇ ਤਿੰਨ ਹੋਰ ਜੱਜਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਭਾਰਤ ਦੇ ਤਤਕਾਲ ਚੀਫ਼-ਜਸਟਿਸ ਦੀਪਕ ਮਿਸ਼ਰਾ ਦੇ ਕੰਮ ਕਰਨ ਦੇ ਤਰੀਕੇ ਉੱਪਰ ਸਵਾਲ ਖੜ੍ਹੇ ਕੀਤੇ।

ਇਹ ਵੀ ਪੜ੍ਹੋ:

ਇਸ ਪ੍ਰੈੱਸ ਕਾਨਫਰੰਸ ਵਿੱਚ ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਤੋਂ ਇਲਾਵਾ ਜਸਟਿਸ ਕੁਰੀਅਨ ਜੋਸਫ਼ ਅਤੇ ਜਸਟਿਸ ਐਮ.ਬੀ. ਲੋਕੁਰ ਸ਼ਾਮਲ ਸਨ।

ਇਹ ਭਾਰਤ ਦੀ ਨਿਆਂ ਪਾਲਿਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਚੀਫ਼ ਜਸਟਿਸ ਦੇ ਖ਼ਿਲਾਫ਼ ਜਨਤਕ ਮੋਰਚਾ ਖੋਲ੍ਹਿਆ ਹੋਵੇ।

ਖੇਤੀ ਕਰ ਰਹੇ ਹਨ ਜਸਟਿਸ ਚੇਲਾਮੇਸ਼ਵਰ

ਉਸ ਪ੍ਰੈੱਸ ਕਾਨਫਰੰਸ ਤੋਂ ਬਾਅਦ ਜਸਟਿਸ ਚੇਲਾਮੇਸ਼ਵਰ ਇੱਕ ਵਾਰ ਫਿਰ ਚਰਚਾ ਵਿੱਚ ਆਏ। ਇਸ ਵਾਰ ਉਹ ਆਪਣੀ ਰਿਟਾਇਰਮੈਂਟ ਮੌਕੇ ਬਾਰ ਕਾਊਂਸਲ ਦੀ ਵਿਦਾਇਗੀ ਪਾਰਟੀ ਵਿੱਚ ਨਹੀਂ ਗਏ ਸਨ ਅਤੇ ਸਿੱਧੇ ਆਪਣੇ ਪਿੰਡ ਚਲੇ ਗਏ ਸਨ।

ਚੇਲਾਮੇਸ਼ਵਰ ਦਾ ਕਹਿਣਾ ਹੈ ਕਿ ਫਿਲਹਾਲ ਉਹ ਆਪਣੇ ਜੱਦੀ ਪਿੰਡ ਵਿੱਚ ਖੇਤੀ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਸੀ, "ਮੇਰੇ ਲਈ ਭੋਜਨ ਸਮੱਸਿਆ ਨਹੀਂ ਹੈ। ਖੇਤੀ ਕਰਕੇ ਉਨਾ ਕੁ ਉਗਾ ਲੈਂਦੇ ਹਾਂ। ਜੇ ਉਹ ਮੇਰੀ ਪੈਨਸ਼ਨ ਰੋਕ ਵੀ ਲੈਂਦੇ ਹਨ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ।"

ਹਾਂ, ਉਨ੍ਹਾਂ ਨੂੰ ਅਫ਼ਸੋਸ ਹੈ ਕਿ ਜਿਨ੍ਹਾਂ ਮੁੱਦਿਆਂ ਕਰਕੇ ਉਨ੍ਹਾਂ ਨੇ ਆਵਾਜ਼ ਚੁੱਕੀ ਅਤੇ ਉਨ੍ਹਾਂ 'ਤੇ 'ਬਗਾਵਤੀ' ਹੋਣ ਦੇ ਇਲਜ਼ਾਮ ਲੱਗੇ, ਉਹ ਮੁੱਦੇ ਜਿਉਂ ਦੇ ਤਿਉਂ ਪਏ ਹਨ।

ਮਿਸਾਲ ਵਜੋਂ ਉਨ੍ਹਾਂ ਨੇ ਸਵਾਲ ਕੀਤਾ ਸੀ ਕਿ 'ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਉੱਪਰ ਰਹਿ ਚੁੱਕਿਆ ਇੱਕ ਵਿਅਕਤੀ ਸ਼ਰੇਆਮ ਕਹਿੰਦਾ ਫਿਰ ਰਿਹਾ ਹੈ ਕਿ ਉਹ ਸੁਪਰੀਮ ਕੋਰਟ ਤੋਂ ਮਨ ਮੁਤਾਬਕ ਫੈਸਲਾ ਲਿਆ ਸਕਦਾ ਹੈ।'

ਜੱਜਾਂ ਦੀ ਚੋਣ ਬਾਰੇ ਰਾਇ

"ਉਸ ਸਾਬਕਾ ਚੀਫ਼ ਜਸਟਿਸ ਨੂੰ ਸੀਬੀਆਈ ਫੜਦੀ ਹੈ। ਐਫਆਈਆਰ ਦਰਜ ਕਰਦੀ ਹੈ ਅਤੇ ਉਸ ਨੂੰ ਅਗਲੇ ਦਿਨ ਜ਼ਮਾਨਤ ਮਿਲ ਜਾਂਦੀ ਹੈ। ਜਦਕਿ ਭਾਰਤ ਵਿੱਚ ਹਜ਼ਾਰਾਂ ਲੋਕ ਜੇਲ੍ਹਾਂ ਵਿੱਚ ਹਨ ਅਤੇ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ। ਮੇਰਾ ਸਵਾਲ ਹੈ ਕਿ ਮੈਨੂੰ ਬਾਗ਼ੀ ਕਹਿੰਦੇ ਹਨ। ਕੁਝ ਇੱਕ ਨੇ ਤਾਂ ਮੈਨੂੰ ਦੇਸ਼-ਧਰੋਹੀ ਤੱਕ ਕਹਿ ਦਿੱਤਾ।"

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ ਕਿ ਸੀਬੀਆਈ ਨੇ ਹਾਲੇ ਤੱਕ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਉਸ ਵਿਅਕਤੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ।

ਸੇਵਾ ਵਿੱਚ ਰਹਿੰਦਿਆਂ ਜਸਟਿਸ ਚੇਲਾਮੇਸ਼ਵਰ ਨੇ ਜੱਜਾਂ ਦੀ ਚੋਣ ਲਈ ਬਣੇ ਸੁਪਰੀਮ ਕੋਰਟ ਦੀ ਕੋਲੀਜੀਅਮ ਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਸਨ।

ਉਹ ਚਾਹੁੰਦੇ ਸਨ ਕਿ ਜੱਜਾਂ ਦੀ ਨਿਯੁਕਤੀ ਵਿੱਚ ਪਾਰਦਰਸ਼ਿਤਾ ਰਹਿਣੀ ਚਾਹੀਦੀ ਹੈ।

ਉਨ੍ਹਾਂ ਦਾ ਕਹਿਣਾ ਸੀ, "ਅਜਿਹਾ ਨਹੀਂ ਹੈ ਕਿ ਮੇਰੀ ਕਹੀ ਹਰੇਕ ਗੱਲ ਸਹੀ ਹੋਵੇ ਪਰ ਮੇਰਾ ਇਹ ਫਰਜ਼ ਹੈ ਕਿ ਮੈਂ ਦੱਸਾਂ ਕਿ ਕੀ ਗਲਤ ਹੈ। ਮੈਂ ਅਜਿਹਾ ਹੀ ਕੀਤਾ। ਰਾਸ਼ਟਰਪਤੀ, ਪ੍ਰਧਾਨ ਮੰਤਰੀ— ਇਨ੍ਹਾਂ ਸਾਰਿਆਂ ਅਹੁਦਿਆਂ ਨਾਲ ਜਵਾਬਦੇਹੀ ਜੁੜੀ ਹੋਈ ਹੈ ਤਾਂ ਫਿਰ ਚੀਫ਼ ਜਸਟਿਸ ਦੇ ਅਹੁਦੇ ਨਾਲ ਅਜਿਹਾ ਕਿਉਂ ਨਹੀਂ ਹੈ?"

ਕੀ ਹੁਣ ਤੁਸੀਂ ਚੁੱਪ ਕਰਕੇ ਬੈਠ ਗਏ ਹੋ? ਇਸ ਬਾਰੇ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਰਾਬਤਾ ਕਰਨ ਦੇ ਮੌਕੇ ਮਿਲਦੇ ਹਨ।

ਕਾਨੂੰਨ ਦੀਆਂ ਯੂਨੀਵਰਸਿਟੀਆਂ ਤੋਂ ਇਲਾਵਾ ਹੋਰ ਯੂਨੀਵਰਸਿਟੀਆਂ ਤੋਂ ਸੱਦੇ ਆਉਂਦੇ ਹਨ ਜਿੱਥੇ ਉਹ ਵਿਦਿਆਰਥੀਆਂ ਨਾਲ ਆਪਣੇ ਦਿਲ ਦੀ ਗੱਲ ਕਰਦੇ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)